Home » Uncategorized » ਸ਼ਹਾਦਤ ਭਾਈ ਰਤਨ ਸਿੰਘ ਰਕੜ ਬੱਬਰ ਅਕਾਲੀ (15 ਜੁਲਾਈ 1932)

ਸ਼ਹਾਦਤ ਭਾਈ ਰਤਨ ਸਿੰਘ ਰਕੜ ਬੱਬਰ ਅਕਾਲੀ (15 ਜੁਲਾਈ 1932)

90 Views

ਬੱਬਰ ਅਕਾਲੀ ਲਹਿਰ ਦੇ ਰੁਕਨ ਭਾਈ ਰਤਨ ਸਿੰਘ ਰੱਕੜ ਦਾ ਜਨਮ 1899 ਈਸਵੀ ਵਿਚ ਪਿੰਡ ਰੱਕੜ ਬੇਟ, ਤਹਿਸੀਲ ਬਲਾਚੌਰ ਵਿਚ ਨੰਬਰਦਾਰ ਸ੍ਰਦਾਰ ਜਵਾਹਰ ਸਿੰਘ ਦੇ ਘਰ ਹੋਇਆ। ਕਰਮ ਸਿੰਘ ਦੌਲਤਪੁਰ ਤੋਂ ਪ੍ਰਭਾਵਿਤ ਹੋ ਕੇ ਭਾਈ ਰਤਨ ਸਿੰਘ ਬੱਬਰਾਂ ਵਿਚ ਸ਼ਾਮਿਲ ਹੋਏ । ਵੱਡੇ ਘੋਲ ਵਾਸਤੇ ਹਥਿਆਰਾਂ ਦੀ ਅਹਿਮੀਅਤ ਨੂੰ ਸਮਝਦਿਆਂ ਹਥਿਆਰਾਂ ਨੂੰ ‘ਕੱਠਾ ਕਰਨਾ ਸ਼ੁਰੂ ਕਰ ਦਿੱਤਾ।ਮਹਿਤਪੁਰ ਪਿੰਡ ਦੇ ਟਾਊਟ ਸਿਕੰਦਰ ਦੀ ਮੁਖਬਰੀ ਤੇ ਭਾਈ ਰਤਨ ਸਿੰਘ ਪੁਲਿਸ ਅੜ੍ਹਿਕੇ ਆ ਗਏ। ਉਹਨਾਂ ਨੂੰ ਗ਼ੈਰ ਕਨੂੰਨੀ ਅਸਲਾ ਐਕਟ ਅਧੀਨ ਪੰਜ ਸਾਲ ਕੈਦ ਬੋਲ ਗਈ। ਰਿਹਾਈ ਪਿੱਛੋਂ ਉਹਨਾਂ ਨੇ ਫਿਰ ਬੰਬ ਬਣਾਉਣੇ ਤੇ ਹਥਿਆਰ ਕੱਠੇ ਕਰਨੇ ਸ਼ੁਰੂ ਕੀਤੇ। ਬਲਾਚੌਰ ਤੇ ਗੜ੍ਹਸ਼ੰਕਰ ਦੇ ਠਾਣਿਆਂ ਤੇ ਬੰਬ ਸੁਟੇ ਵੀ । ਇਹਨਾਂ ਘਟਨਾਵਾਂ ਪਿਛੋਂ ਪੁਲਿਸ ਭਾਈ ਰਤਨ ਸਿੰਘ ਹੁਣਾ ਸੂਹ ਕੱਢਦੀ , ਮੁਖਬਰਾਂ ਦੀ ਬਦੌਲਤ ਭਾਈ ਸਾਹਿਬ ਨੂੰ ਮੁੜ ਗ੍ਰਿਫ਼ਤਾਰ ਕਰਨ ਵਿਚ ਸਫਲ ਹੋ ਗਈ।ਭਾਈ ਸਾਹਿਬ ਨੂੰ 20 ਸਾਲੀ ਕੈਦ ਬੋਲੀ ।ਕਾਲਾ ਪਾਣੀ ਭੇਜ ਦਿੱਤਾ ਗਿਆ ।

ਭਾਈ ਰਤਨ ਸਿੰਘ ਵਾਹਿਦ ਇਕੱਲਾ ਕੈਦੀ ਆ ਕਾਲਾ ਪਾਣੀ ਜੇਲ ਦਾ , ਜਿਸ ਤੋਂ ਉਥੋਂ ਦੇ ਜੇਲਰ ਵੀ ਤ੍ਰਬਕਦੇ ਸਨ।ਅੰਡੇਮਾਨ ਟਾਪੂ ਤੇ ਬਣੀ ਇਹ ਸੈਲੂਲਰ ਜੇਲ ਤਸ਼ੱਦਦ ਨੇ ਕਹਿੰਦੇ ਕਹਾਉਂਦੇ ਬੰਦਿਆਂ ਦੀਆਂ ਚੀਕਾਂ ਪਵਾ ਦਿੱਤੀਆਂ ਸਨ , ਪਰ ਵੇਖੋ ਗੁਰੂ ਕੇ ਲਾਲ ਭਾਈ ਰਤਨ ਸਿੰਘ ਰਕੜ ਨੇ ਜੇਲ ਵਾਲਿਆਂ ਦੀਆਂ ਚੀਕਾਂ ਕਢਾ ਦਿੱਤੀਆਂ । ਸਾਵਰਕਰ ਵਰਗੇ ਇਸ ਇਸ ਕਾਲੇ ਪਾਣੀ ਦੀ  ਕੈਦ ਵਿਚੋਂ ਬਾਹਰ ਨਿਕਲਣ ਲਈ ਮੁਆਫ਼ੀ ਨਾਮੇ ਲਿਖਦੇ ਫਿਰਦੇ ਸਨ , ਪਰ ਇੱਧਰ ਭਾਈ ਰਤਨ ਸਿੰਘ ਨੇ ਜੇਲਰ ਦੀ ਇਹੋ ਜਿਹੀ ਘੰਡੀ ਨੱਪੀ ਕਿ ਉਹ ਆਪਣੇ ਉਪਰਲੇ ਅਫ਼ਸਰਾਂ ਅੱਗੇ ਲੇਲੜੀਆਂ ਕੱਢ ਰਿਹਾ ਸੀ , ਰੱਬ ਦਾ ਵਾਸਤਾ ਇਸ ਬੰਦੇ ਨੂੰ ਮੇਰੀ ਜੇਲ ਵਿਚੋਂ ਬਾਹਰ ਕੱਢ ਕਿਸੇ ਹੋਰ ਜੇਲ ਵਿਚ ਭੇਜਦੋ ,ਮੈਂ ਇਸ ਨੂੰ ਨਹੀਂ ਸੰਭਾਲ ਸਕਦਾ , ਇਹ ਤੇ ਜੇਲ ਵਿਚ ਹੀ ਬਗਾਵਤ ਕਰਵਾਉਣ ਨੂੰ ਫਿਰਦਾ ਹੈ। ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਅੰਗਰੇਜ਼ੀ ਸਰਕਾਰ ਨੇ ਰਤਨ ਸਿੰਘ ਮੁੜ ਪੰਜਾਬ ਕਿਸੇ ਜੇਲ ਵਿਚ ਬਦਲਣ ਲਈ ਰੇਲ ਜਰੀਏ ਲਿਆਏ ਤਾਂ 23 ਅਪ੍ਰੈਲ 1932 ਨੂੰ ਬਠਿੰਡੇ ਨੇੜੇ ਨਰੂਆਣਾ ਰੇਲਵੇ ਸਟੇਸ਼ਨ ਤੇ, ਭਾਈ ਰਤਨ ਸਿੰਘ ,ਦਸ ਹੋਰ ਕੈਦੀਆਂ ਸਮੇਤ ਪੁਲਿਸ ਪਾਰਟੀ ਤੇ ਹਮਲਾ ਕਰ ਫ਼ਰਾਰ ਹੋ ਗਿਆ।ਪੁਲਿਸ ਪਾਰਟੀ ਇੰਚਾਰਜ ਤੇ ਮੁਨਸ਼ੀ ਦਾ ਮੌਕੇ ਤੇ ਹੀ ਰਾਮ ਨਾਮ ਸਤਿ ਹੋ ਗਿਆ। 

ਗਿਆਰਾਂ ਕੁ ਦਿਨਾਂ ਬਾਅਦ ਭਾਈ ਰਤਨ ਸਿੰਘ ਆਪਣੇ ਪਿੰਡ ਪੁਜਾ। ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਇਹ ਚਕ੍ਰਵਰਤੀ ਬਣ ਚੁਕਾ ਸੀ। ਥਾਂ ਟਿਕਾਣੇ ਬਦਲਦਾ ਰਹਿੰਦਾ ਸੀ। ਭਾਈ ਰਤਨ ਸਿੰਘ ਪਿੰਡ ਜਮਾਲਪੁਰ ਘੇਰਾ ਪਿਆ । ਇਹਨਾਂ ਨੇ ਆਪਣੇ ਪਿੱਛੇ ਲੱਗੇ ਬੰਦੇ ਨੂੰ ਜਖ਼ਮੀ ਕਰਕੇ ਗੁਰਨੇ ਪਿੰਡ ਦੇ ਗੁਰੂ ਘਰ ਜਾ ਟਿਕਾਣਾ ਮੱਲ੍ਹਿਆ। ਛੇ ਦੇ ਕਰੀਬ ਭਾਈ ਸਾਹਿਬ ਦੇ ਪੁਲਿਸ ਨਾਲ ਮੁਕਾਬਲੇ ਹੋਏ। ਕਈ ਥਾਵਾਂ ਤੇ ਵੇਖੇ ਜਾਣ ਦੀ ਕਨਸੋਅ ਪੁਲਿਸ ਨੂੰ ਮਿਲਦੀ ਪਰ ਜਦ ਪੁਜਦੀ ਹਥ ਪੱਲੇ ਕੁਝ ਨ ਪੈਂਦਾ। ਪੁਲਿਸ ਭਾਈ ਰਤਨ ਸਿੰਘ ਤੇ ਪਹਿਲਾਂ ਤਿੰਨ ਹਜਾਰ ਦਾ ਇਨਾਮ ਰੱਖਿਆ।ਫਿਰ ਇਹ ਰਕਮ ਵਧਾ ਕਿ 10 ਹਜ਼ਾਰ ਕੀਤੀ ਗਈ ਤੇ ਨਾਲ 10 ਮੁਰੱਬੇ ਜ਼ਮੀਨ ਦਾ ਇਨਾਮ ਵਿਚ ਵਾਧਾ ਕੀਤਾ ਗਿਆ ।

  ਲਾਲਚ ਬੰਦੇ ਦੀ ਜਦ ਮਤ ਮਾਰਦਾ ਤਾਂ ਖੂਨ , ਧਰਮ , ਸਮਾਜ ਦੇ ਰਿਸ਼ਤੇ ਪੇਤਲੇ ਪੈ ਜਾਂਦੇ ਹਨ। ਇਹੋ ਭਾਣਾ ਭਾਈ ਰਤਨ ਸਿੰਘ ਹੁਣਾ ਨਾਲ ਵੀ ਵਾਪਰਿਆ ।ਇਹਨਾਂ ਦੀ ਮਾਸੀ ਦਾ ਜਵਾਈ ਰੁੜਕੀ ਸੈਣੀਆਂ (ਰੁੜਕੀ ਖ਼ਾਸ)ਵਿਚ ਰਹਿੰਦਾ ਸੀ , ਉਹ ਪੁਲਿਸ ਦਾ ਟੋਡੀ ਬਣ ਗਿਆ, ਇਨਾਮ ਦੇ ਲਾਲਚ ਵਿਚ ਹੀ।ਇਸਨੇ ਭਾਈ ਸਾਹਿਬ ਦਾ ਅਸਲਾ ਸੱਜੇ ਖੱਬੇ ਕਰ ਪੁਲਿਸ ਨੂੰ ਇਤਲਾਹ ਦੇ ਦਿੱਤੀ।ਪੁਲਿਸ ਟੋਲੀ ਦੇ ਪਿੰਡ ਆ ਧਮਕਣ ਤੇ ਭਾਈ ਰਤਨ ਸਿੰਘ ਨੇ ਗੇਂਦਾ ਸਿੰਘ ਦੇ ਘਰ ਪਨਾਹ ਲੈ ਲਈ। ਪੁਲਿਸ ਪਾਰਟੀ ਨੇ ਸਾਰੇ ਘਰ ਨੂੰ ਬਾਹਰੋਂ ਅੱਗ ਲਾ ਘੇਰਾ ਪਾ ਲਿਆ। ਭਾਈ ਰਤਨ ਸਿੰਘ ਨੇ ਇਸ ਮਨੁਸ਼ੀ ਅਬਦੁਲ ਰਹੀਮ, ਭਗਤ ਸਿੰਘ , ਊਧਮ ਸਿੰਘ ਆਦਿ ਫੁੰਡ ਸੁੱਟੇ।ਇਸ ਕਾਰਵਾਈ ਵਿਚ ਪਿੰਡ ਦਾ ਇਕ ਬੰਦਾ ਹਜਾਰਾ ਸਿੰਘ ਵੀ ਮਾਰਿਆ ਗਿਆ । ਭਾਈ ਰਤਨ ਸਿੰਘ ਜੀ ਅਖ਼ੀਰ ਜੂਝਦਿਆਂ 15 ਜੁਲਾਈ 1932 ਨੂੰ ਇਸ ਮੁਕਾਬਲੇ ਵਿੱਚ ਸ਼ਹੀਦ ਹੋ ਗਏ।

ਈਸ਼ਰ ਸਿੰਘ, ਗੇਂਦਾ ਸਿੰਘ ਤੇ ਪ੍ਰੀਤਮ ਕੌਰ ਨੂੰ ਭਾਈ ਸਾਹਿਬ ਨੂੰ ਪਨਾਹ ਦੇਣ ਦੇ ਦੋਸ਼ ਵਿਚ ਤਿੰਨ ਤਿੰਨ ਸਾਲ ਕੈਦ ਬੋਲੀ।ਸਾਰੇ ਪਿੰਡ ਤੇ 8000 ਰੁਪਏ ਦਾ ਜੁਰਮਾਨਾ ਲਾਇਆ ਗਿਆ । ਪੈਨਸ਼ਨਰਾਂ ਦੀਆਂ ਪੈਨਸ਼ਨਾਂ ਤੱਕ ਬੰਦ ਕਰ ਦਿੱਤੀਆਂ।ਇਥੋਂ ਅੰਦਾਜ਼ਾ ਲਗਾ ਕਿ ਦੇਖੋ ਅੰਗਰੇਜ਼ ਸਰਕਾਰ ਲਈ ਭਾਈ ਰਤਨ ਸਿੰਘ ਕਿੱਡਾ ਵੱਡਾ ਬਾਗੀ ਸੀ ।

ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਿਜਦਾ !

ਬਲਦੀਪ ਸਿੰਘ ਰਾਮੂੰਵਾਲੀਆ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?