#ਅੱਜ_ਬਰਸੀ_ਮੌਕੇ_ਸ਼ਰਧਾਂਜਲੀ
ਸਿਰਦਾਰ ਕਪੂਰ ਸਿੰਘ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਇੱਕ ਮਹਾਨ ਅਲੰਬਰਦਾਰ ਸੀ ਜਿਸ ਨੇ ਆਪਣੀਆਂ ਲਿਖਤਾਂ, ਭਾਸ਼ਣਾਂ ਅਤੇ ਕੰਮਾਂ ਦੁਆਰਾ ਪੰਜਾਬ ਅਤੇ ਸਿੱਖ ਕੌਮ ਦੀ ਸੇਵਾ ਕੀਤੀ। ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਮਾਹਰ ਹੋਣ ਦੇ ਬਾਵਜੂਦ ਉਨ੍ਹਾਂ ਆਪਣੀਆਂ ਵਧੇਰੇ ਪੁਸਤਕਾਂ ਪੰਜਾਬੀ ਵਿੱਚ ਲਿਖ ਕੇ ਪੰਜਾਬੀ ਸਾਹਿਤ ਅਤੇ ਚਿੰਤਨ ਨੂੰ ਅਮੀਰ ਕੀਤਾ।
ਜਨਮ
ਸਿਰਦਾਰ ਕਪੂਰ ਸਿੰਘ (2 ਮਾਰਚ 1909-13 ਅਗਸਤ, 1986) ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਇਸ ਮਹਾਨ ਬੁੱਧੀਜੀਵੀ ਦਾ ਜਨਮ ਜਿਲ੍ਹਾ ਲੁਧਿਆਣਾ ਦੇ ਇਕ ਨੇਡ਼ਲੇ ਪਿੰਡ ਚੱਕ ਕਲਾਂ ਸਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋਡ਼੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿਚ ਜਾ ਵਸਿਆ।
ਮੁਢਲੀ ਸਿੱਖਿਆ:
ਸਿਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਆਪ ਨੇ ਉਚੇਰੀ ਵਿੱਦਿਆ ਐਮ ਏ ਫਿਲਾਸਫੀ ਗੌਰਮਿੰਟ ਕਾਲਜ ਲਾਹੌਰ ਤੋਂ 1931 ਵਿੱਚ ਕੀਤੀ। ਉਚੇਰੀ ਸਿਖਿਆ ਲਈ ਆਪ ਨੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ ਅਤੇ ਮਾਰਲ ਸਾਇੰਸਜ ਦੀ ਡਿਗਰੀ ਪ੍ਰਾਪਤ ਕੀਤੀ। ਯੂਨੀਵਰਸਿਟੀ ਨੇ ਆਪ ਦੀ ਲਿਆਕਤ ਨੂੰ ਵੇਖਦਿਆਂ ਆਪਨੂੰ ਉਥੇ ਲੈਕਚਰਾਰ ਰੱਖ ਲਿਆ। ਇਹ ਆਪਦੀ ਪਹਿਲੀ ਨੌਕਰੀ ਸੀ। ਦਿਹਾਤੀ ਪਿਛੋਕਡ਼ ਵਾਲੇ ਵਿਅਕਤੀ ਦਾ ਏਨਾ ਹੁਸ਼ਿਆਰ ਹੋਣਾ ਇੱਕ ਵਿਲੱਖਣ ਗੱਲ ਸੀ। ਇਸ ਪਡ਼੍ਹਾਈ ਤੋਂ ਬਾਅਦ ਆਪਨੇ 1933 ਵਿੱਚ ਆਈ ਸੀ ਐਸ ਦੀ ਪ੍ਰੀਖਿਆ ਪਾਸ ਕਰ ਲਈ।
ਨੌਕਰੀ
ਇਸ ਤੋਂ ਬਾਅਦ ਆਪ ਨੂੰ ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਲਗਾਇਆ ਗਿਆ। ਆਪਣੀ ਪ੍ਰਬੰਧਕੀ ਕਾਰਜ ਕੁਸ਼ਲਤਾ ਕਰਕੇ ਆਪ ਇੱਕ ਸਫਲ ਪ੍ਰਬੰਧਕ ਸਾਬਤ ਹੋਏ। ਪ੍ਰਬੰਧ ਵਿਚ ਹਰ ਮੁਸ਼ਕਲ ਦਾ ਹਲ ਉਹ ਆਪਣੀ ਲਿਆਕਤ ਨਾਲ ਕਰ ਲੈਂਦੇ ਸਨ। ਆਪ ਮਨੁਖੀ ਹੱਕਾਂ ਦੇ ਰਖਵਾਲੇ ਸਨ। ਆਪ ਕਿਸੇ ਵੀ ਵਿਅਕਤੀ ਨਾਲ ਨਾਂ ਤਾਂ ਜਿਆਦਤੀ ਕਰਦੇ ਸਨ ਅਤੇ ਨਾ ਹੀ ਜਿਆਦਤੀ ਹੋਣ ਦਿੰਦੇ ਸਨ।
ਸਿੱਖਾਂ ਪ੍ਰਤੀ ਪੱਖਪਾਤ ਤੋਂ ਵਿਦਰੋਹ:
ਦੇਸ਼ ਦੀ ਆਜ਼ਾਦੀ ਪਿੱਛੋਂ ਹਿੰਦੁਸਤਾਨ ਦੀ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਪੱਖਪਾਤੀ ਰਵੱਈਏ ਤੋਂ ਆਪ ਹਮੇਸ਼ਾ ਚਿੰਤਤ ਰਹਿੰਦੇ ਸਨ। ਆਪ ਅੰਗਰੇਜੀ, ਪੰਜਾਬੀ,ਉਰਦੂ,ਸੰਸਕ੍ਰਿਤ, ਪਰਸੀਅਨ ਅਤੇ ਅਰਬੀ ਭਾਸ਼ਾਵਾਂ ਦੇ ਮਾਹਿਰ ਸਨ।
– ਜਦੋਂ ਆਪ ਡਿਪਟੀ ਕਮਿਸ਼ਨਰ ਸਨ ਤਾਂ ਪੰਜਾਬ ਦੀ ਬ੍ਰਿਟਿਸ਼ ਸਰਕਾਰ ਵਲੋਂ ਚੰਦੂ ਲਾਲ ਤ੍ਰਿਵੇਦੀ ਰਾਜਪਾਲ ਨੇ ਇੱਕ ਸਰਕੂਲਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਭੇਜਿਆ ਗਿਆ, ਜਿਸ ਵਿੱਚ ਸਿੱਖਾਂ ਨੂੰ ਜਰਾਇਮ ਪੇਸ਼ਾ ਕਿਹਾ ਗਿਆ ਸੀ । ਇਸ ਹੁਕਮ ਨੂੰ ਵੇਖਕੇ ਸਿਰਦਾਰ ਕਪੂਰ ਸਿੰਘ ਦੇ ਮਨ ਨੂੰ ਵੱਡੀ ਠੇਸ ਲੱਗੀ। ਇਸ ਲਈ ਆਪਨੇ ਇਸਦਾ ਡੱਟਕੇ ਵਿਰੋਧ ਕੀਤਾ ਤੇ ਇਸ ਸੰਬੰਧੀ ਇੱਕ ਸਖਤ ਜਿਹਾ ਪੱਤਰ ਸਰਕਾਰ ਨੂੰ ਭੇਜਿਆ, ਜਿਸ ਵਿੱਚ ਇਸ ਪੱਤਰ ਨੂੰ ਵਾਪਸ ਲੈਣ ਲਈ ਕਿਹਾ ਗਿਆ। ਸਰਕਾਰ ਨੇ ਉਹ ਪੱਤਰ ਤਾਂ ਵਾਪਸ ਕੀ ਲੈਣਾ ਸੀ ਸਗੋਂ ਸਿਰਦਾਰ ਕਪੂਰ ਸਿੰਘ ਨੂੰ ਨੌਕਰੀ ਅਤੇ ਆਈ ਸੀ ਐਸ ਵਿੱਚੋਂ ਹੀ ਬਰਖਾਸਤ ਕਰ ਦਿੱਤਾ।ਉਹਨਾ ਇਸ ਹੁਕਮ ਨੂੰ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਚੈਲਜ ਕੀਤਾ ਅਤੇ ਆਪਣਾ ਕੇਸ ਹਰ ਥਾਂ ਤੇ ਆਪ ਹੀ ਲਡ਼ਿਆ ਪ੍ਰੰਤੂ ਸਰਕਾਰ ਨੇ ਆਪ ਨੂੰ ਦੇਸ਼ ਧਰੋਹੀ ਕਹਿਕੇ ਬਹਾਲ ਨਾ ਕੀਤਾ। ਕਚਹਿਰੀਆਂ ਨੇ ਵੀ ਆਪ ਦੀ ਸੁਣਵਾਈ ਨਾ ਕੀਤੀ। ਆਪ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵੀ ਥਿਡ਼੍ਹਕੇ ਨਹੀਂ ਸਗੋਂ ਹੋਰ ਸੰਜੀਦਗੀ ਨਾਲ ਸਿੱਖੀ ਵਿਚਾਰਧਾਰਾ ਦੀ ਪੈਰਵਾਈ ਕਰਦੇ ਰਹੇ।ਰਾਜਪਾਲ ਨੇ ਆਪਨੂੰ ਪੰਜਾਬੀ ਸੂਬੇ ਦਾ ਪੱਕਾ ਸਪੋਰਟਰ ਵੀ ਕਿਹਾ। ਆਪ ਆਸਟਰਾਲੋਜੀ, ਆਰਕੀਟੈਕਚਰ,ਸਪੇਸ ਸਾਇੰਸ ਅਤੇ ਸਿੱਖੀ ਵਿਚਾਰਧਾਰਾ ਦੇ ਮਾਹਿਰ ਗਿਣੇ ਜਾਂਦੇ ਸਨ। ਅੱਜ ਤੱਕ ਉਹਨਾ ਜਿੰਨਾ ਵਿਦਵਾਨ ਤੇ ਸਿੱਖੀ ਵਿਚਾਰਧਾਰਾ ਦਾ ਪਰਪੱਕ ਵਿਆਖਿਆਕਾਰ ਨਹੀਂ ਹੋਇਆ।
ਸਿੱਖਾਂ ਨੂੰ ਸਮਰਪਿਤ:
ਸਿੱਖੀ ਦੀ ਏਨੀ ਡੂੰਘੀ ਜਾਣਕਾਰੀ ਉਹਨਾ ਨੂੰ ਸੀ ਕਿ ਉਹ ਕਮਾਲ ਹੀ ਕਰ ਦਿੰਦੇ ਸਨ ਤੇ ਸੁਣਨ ਵਾਲਾ ਵਿਅਕਤੀ ਹੈਰਾਨ ਪ੍ਰੇਸ਼ਾਨ ਹੋ ਜਾਂਦਾ ਸੀ। ਉਹਨਾ ਦਾ ਭਾਸਣ ਸੁਣਕੇ ਇੱਕ ਆਮ ਵਿਅਕਤੀ ਤਾਂ ਕੀ ਹਰ ਪਡ਼੍ਹਿਆ ਲਿਖਿਆ ਵਿਅਕਤੀ ਹੈਰਾਨ ਹੋ ਜਾਂਦਾ ਸੀ। ਇਸੇ ਕਰਕੇ ਆਪਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੋਫੈਸਰ ਆਫ ਸਿਖਿਜਮ ਦਾ ਖਿਤਾਬ ਦਿੱਤਾ ਗਿਆ ਸੀ। ਉਹ ਦਬੰਗ, ਦ੍ਰਿਡ਼੍ਹ ਇਰਾਦੇ ਵਾਲੇ ਤੇ ਇਮਾਨਦਾਰ ਇਨਸਾਨ ਸਨ। ਲਾਲਚ, ਫਰੇਬ, ਧੋਖਾ ਤੇ ਹੋਰ ਕੋਈ ਮਾਡ਼ੀ ਗੱਲ ਬਾਰੇ ਉਹ ਸੋਚ ਹੀ ਨਹੀਂ ਸਕਦੇ ਸਨ।
ਆਪ ਨੂੰ ਅਕਾਲੀ ਦਲ ਨੇ ਮਜਬੂਰੀ ਵਸ 1962 ਵਿੱਚ ਲੁਧਿਆਣਾ ਤੋਂ ਲੋਕ ਸਭਾ ਦਾ ਟਿਕਟ ਦਿੱਤਾ ਤੇ ਆਪ ਉਹ ਚੋਣ ਜਿਤਕੇ ਲੋਕ ਸਭਾ ਦੇ ਮੈਂਬਰ ਬਣ ਗਏ। ਲੋਕ ਸਭਾ ਵਿੱਚ ਆਪਦੇ ਬਿਆਨ ਮੀਲ ਪੱਥਰ ਸਾਬਤ ਹੋਏ ਹਨ। ਆਪ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿਚ ਖੁਦ ਨੂੰ ਸਮਰਪਿਤ ਕਰ ਦਿੱਤਾ। 1973 ਈ: ਵਿਚ ਸਿਰਦਾਰ ਕਪੂਰ ਸਿੰਘ ਨੂੰ `ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ` ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ।
ਰਾਜਨੀਤਿਕ ਜੀਵਨ:
ਆਪ ਵਲੋਂ 6 ਸਤੰਬਰ 1969 ਨੂੰ ਲੋਕ ਸਭਾ ਵਿੱਚ ਸਿੱਖਾਂ ਨਾਲ ਧੋਖਾ ਬਾਰੇ ਦਿੱਤਾ ਗਿਆ ਬਿਆਨ ਉਹਨਾ ਦੀ ਲਿਆਕਤ,ਸਿਆਣਪ,ਵਿਦਵਤਾ, ਦ੍ਰਿਡ਼੍ਹਤਾ,ਸਿੱਖੀ ਪ੍ਰਤੀ ਪ੍ਰਤੀਬੱਧਤਾ ਦਾ ਸਬੂਤ ਹੈ ਜੋ ਅੱਜ ਤੱਕ ਵੀ ਸਾਰਥਕ ਹੈ। ਸਿਰਦਾਰ ਕਪੂਰ ਸਿੰਘ ਨੇ ਸਿਧੇ ਤੌਰ ਤੇ ਕਦੀ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਪ੍ਰੰਤੂ ਆਪਣੀ ਵਿਦਵਤਾ ਨਾਲ ਸਿੱਖ ਸਟੇਟ ਦੀ ਮੰਗ ਕੀਤੀ ਸੀ ,ਉਹ ਵੀ ਭਾਰਤੀ ਸੰਵਿਧਾਨ ਦੇ ਅੰਦਰ ਰਹਿੰਦਿਆਂ ਹੀ,ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਉਹਨਾ ਪ੍ਰਤੀ ਪ੍ਰਭਾਵ ਇਹੋ ਪਾਇਆ ਗਿਆ ਹੈ ਕਿ ਉਹ ਖਾਲਿਸਤਾਨ ਦਾ ਹਾਮੀ ਤੇ ਦੇਸ਼ ਧਰੋਹੀ ਸੀ। ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਗਲ ਕਰਨਾ ਅਤੇ ਜਿਆਦਤੀਆਂ ਦਾ ਵਿਰੋਧ ਕਰਨ ਨੂੰ ਦੇਸ਼ ਧਰੋਹੀ ਕਹਿਣਾ ਸਰਾਸਰ ਬੇਇਨਸਾਫੀ ਹੈ।
ਆਪ ਇੱਕ ਸੁਦ੍ਰਿਡ਼੍ਹ ਤੇ ਬੁਧੀਜੀਵੀ ਲੇਖਕ ਵੀ ਸਨ। ਆਪ ਦੀਆਂ ਪੁਸਤਕਾਂ ਵਿੱਚ ਵਾਰਤਕ ਰਚਨਾਵਾਂ, ਪੁੰਦਰੀਕ,ਬਹੁਵਿਸਤਾਰ,ਸਪਤ ਸ੍ਰਿੰਗ ਅਤੇ ਪ੍ਰਾਸ਼ਰ ਪ੍ਰਸ਼ਨਾਵਲੀ ਹਨ। ਇਹਨਾ ਵਿੱਚੋਂ ਸਪਤ ਸ੍ਰਿੰਗ ਜੀਵਨੀ ਲੇਖਾਂ ਦੇ ਰੂਪ ਵਿੱਚ ਹੈ। ਇਸਦੇ ਨਾਲ ਪੰਜਾਬੀ ਨਿਬੰਧ ਕਲਾ ਵਿੱਚ ਪ੍ਰੌਡ਼ ਰੂਪ ਦੀ ਬੌਧਿਕ ਤੇ ਵਿਗਿਆਨਕ ਸ਼ੈਲੀ ਦਾ ਵਾਧਾ ਹੋਇਆ ਹੈ। ਉਹਨਾ ਆਪਣੀਆਂ ਰਚਨਾਵਾਂ ਨੂੰ ਦਰਸ਼ਨ,ਵਿਗਿਆਨ ਅਤੇ ਸਾਹਿਤ ਦੇ ਵਿਸ਼ੇਸ਼ ਰੂਪ ਵਿੱਚ ਢਾਲਕੇ ਬੌਧਿਕ ਅਤੇ ਵਿਦਵਤਾ ਪੂਰਨ ਸ਼ੈਲੀ ਅਤੇ ਮੌਲਿਕ ਰੰਗ ਦਿੱਤਾ ਹੈ। ਆਪਦਾ ਦ੍ਰਿਸ਼ਟੀਕੋਣ ਸੰਪਰਦਾਈ ਅਤੇ ਸੰਕੀਰਨ ਨਾ ਹੋ ਕੇ ਵਿਸ਼ਾਲ ਤੇ ਪਰਪੱਕ ਸੀ। ਉਹਨਾ ਆਪਣੀ ਪੁਸਤਕ ਪ੍ਰਾਸ਼ਰ ਪ੍ਰਸ਼ਨਾਵਲੀ ਸਿੱਖ ਸਿਧਾਂਤਾਂ ਦੀ ਆਧੁਨਿਕ ਵਿਆਖਿਆ ਕੀਤੀ ਹੈ। ਸਿੱਖ ਮੱਤ ਸੰਬੰਧੀ ਆਪਦੇ ਵਿਚਾਰ ਬਡ਼ੇ ਪਰਪੱਕ,ਮੌਲਿਕ ਤੇ ਕਰਾਂਤੀਕਾਰੀ ਸਨ ਜਿਸ ਕਰਕੇ ਇਸਨੂੰ ਸਿੱਖ ਦਰਸ਼ਨ ਦਾ ਉਗਰਵਾਦੀ ਵਿਆਖਿਆਕਾਰ ਕਹਿਕੇ ਭੁਲੇਖੇ ਪਾਏ ਗਏ ਹਨ।
ਬਤੌਰ ਲੇਖਕ:
ਸਿਰਦਾਰ ਕਪੂਰ ਸਿੰਘ ਨੇ ਲੇਖਕ ਵਜੋਂ 1952 ਈ: ਵਿਚ `ਬਹੁ ਵਿਸਥਾਰ` ਅਤੇ `ਪੁੰਦਰੀਕ` ਨਾਂਅ ਦੇ ਲੇਖ ਸੰਗ੍ਰਹਿ ਪ੍ਰਕਾਸ਼ਿਤ ਕੀਤੇ। `ਸਪਤ ਸ੍ਰਿੰਗ` ਪੁਸਤਕ ਵਿਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ। ਅੰਗਰੇਜ਼ੀ ਪੁਸਤਕ `ਪਰਾਸਰ ਪ੍ਰਸ਼ਨਾ-ਵੈਸਾਖੀ ਆਫ ਗੁਰੂ ਗੋਬਿੰਦ ਸਿੰਘ` ਸਿੱਖ ਫਿਲਾਸਫੀ ਦੀ ਇਕ ਸ਼ਾਹਕਾਰ ਰਚਨਾ ਹੈ। ਸਿਰਦਾਰ ਕਪੂਰ ਸਿੰਘ ਪੂਰਨ ਗੁਰਸਿਖ ਅਤੇ ਐਨੀਆਂ ਦੁਸ਼ਾਵਰੀਆਂ ਅਤੇ ਸਿਆਸੀ ਸਿੱਖਾਂ ਵਲੋਂ ਅਣਡਿਠ ਕਰਨ ਦੇ ਬਾਵਜੂਦ ਉਹ ਹਮੇਸ਼ਾ ਚਡ਼੍ਹਦੀ ਕਲਾ ਵਿੱਚ ਰਹੇ ਅਤੇ ਜ਼ਿੰਦਗੀ ਤੋਂ ਪੂਰੇ ਸੰਤੁਸ਼ਟ ਸਨ।
ਆਖਰੀ ਸਮਾਂ
ਆਪਣਾ ਆਖਰੀ ਸਮਾਂ ਵੀ ਬਡ਼ੀ ਫਰਾਖਦਿਲੀ ਨਾਲ ਸਾਦਗੀ ਨਾਲ ਬਿਤਾਇਆ ।ਕਦੀ ਕੋਈ ਲਿਫਾਫੇਬਾਜੀ ਨਹੀਂ ਕੀਤੀ। ਆਪਣਾ ਸਾਰਾ ਜੀਵਨ ਆਨ ਅਤੇ ਸ਼ਾਨ ਨਾਲ ਗੁਜਾਰਿਆ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ। ਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਨੂੰ ਲੰਮੀ ਬੀਮਾਰੀ ਤੋਂ ਬਾਅਦ, 77 ਸਾਲ ਦੀ ਉਮਰ ਵਿੱਚ ਜਗਰਾਉਂ (ਲੁਧਿਆਣਾ) ਵਿੱਚ ਆਪਣੇ ਗ੍ਰਹਿ ਵਿਖੇ ਅਕਾਲ ਚਲਾਣਾ ਕਰ ਗਏ ਪਰ ਆਪਣੇ ਪਿੱਛੇ ਅਥਾਹ ਯਾਦਾਂ, ਲਿਖਤਾਂ ਅਤੇ ਸੁਨੇਹੇ ਛੱਡ ਗਏ।
—-