ਸਿੱਖ ਜ਼ਜਬਾਤਾਂ ਨੂੰ ਠੇਸ ਪਹੁੰਚਾਉਣ ਦੀ ਕਾਰਵਾਈ ਨਾ ਕਰਨ ਸਰਕਾਰਾਂ- ਐਡਵੋਕੇਟ ਧਾਮੀ
ਅੰਮ੍ਰਿਤਸਰ, 14 ਅਗਸਤ ( ਹਰਮੇਲ ਸਿੰਘ ਹੁੰਦਲ ) ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਨੂੰ ਫਤਹਿ ਕਰਨ ਦੀ ਯਾਦ ਵਿਚ ਚੱਪੜਚਿੜੀ ਵਿਖੇ ਬਣੀ ਯਾਦਗਾਰ ਮੀਨਾਰ-ਏ-ਫਤਹਿ ਨੂੰ ਸਰਕਾਰ ਵੱਲੋਂ ਅਜ਼ਾਦੀ ਦਿਹਾੜੇ ਮੌਕੇ ਰੋਸ਼ਨੀਆਂ ਜਰੀਏ ਤਿਰੰਗਾ ਰੰਗ ਦੇਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਖੇਧੀ ਕੀਤੀ ਹੈ। ਓਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਹਰਕਤ ਸਿੱਖ ਜ਼ਜਬਾਤਾਂ ਨਾਲ ਖਿਲਵਾੜ ਹੈ। ਅਜਿਹਾ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਠੀਕ ਨਹੀਂ ਕੀਤਾ।
ਸ. ਧਾਮੀ ਨੇ ਕਿਹਾ ਕਿ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵਕਤ ਦੇ ਜ਼ਾਲਮ ਹਾਕਮ ਨੂੰ ਉਸ ਵੱਲੋਂ ਕੀਤੇ ਜ਼ੁਲਮਾਂ ਦੀ ਸਜਾ ਦਿੰਦਿਆਂ ਸਰਹਿੰਦ ਫਤਹਿ ਕਰਕੇ ਖ਼ਾਲਸਾਈ ਨਿਸ਼ਾਨ ਝੁਲਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਇਸੇ ਯਾਦ ਵਿਚ ਬਣੀ ਯਾਦਗਾਰ ਨੂੰ ਰੋਸ਼ਨੀਆਂ ਨਾਲ ਤਿਰੰਗੇ ਦਾ ਰੂਪ ਦੇ ਕੇ ਸਿੱਖ ਜ਼ਜਬਾਤਾਂ ਨੂੰ ਠੇਸ ਪਹੁੰਚਾਈ ਗਈ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਮਾਨਤਾਵਾਂ ਦਾ ਸਤਿਕਾਰ ਹੈ, ਪਰ ਧਰਮ ਦੀਆਂ ਮਾਨਤਾਵਾਂ ਇਸ ਤੋਂ ਵੱਖਰੀਆਂ ਹਨ, ਅਤੇ ਇਨ੍ਹਾਂ ਨੂੰ ਰਲਗਡ ਨਹੀਂ ਕੀਤਾ ਜਾ ਸਕਦਾ ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਨਾਮ ਤੇ ਵੱਸਣ ਵਾਲੇ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਨੇ ਗੁਰੂ ਸਾਹਿਬ ਦੇ ਫਲਸਫੇ ਅਤੇ ਸਿੱਖ ਭਾਵਨਾਵਾਂ ਵਿਰੁੱਧ ਹਰਕਤਾਂ ਨਾਲ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਦੇਸ਼ ਅੰਦਰ ਸਿੱਖ ਭਾਵਨਾਵਾਂ ਦੇ ਉਲਟ ਜਾਣ ਬੁਝ ਕੇ ਮਹੌਲ ਪੈਦਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਿੱਖਾਂ ਅੰਦਰ ਵੱਡਾ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਅੰਦਰ ਗੁਰਦੁਆਰਾ ਸਾਹਿਬਾਨ ਵਿਖੇ ਪ੍ਰੋਗਰਾਮ ਕਰਨ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੱਤਰ ਕੱਢਿਆ ਗਿਆ ਸੀ ਜਿਸ ਨੂੰ ਸੰਗਤਾਂ ਦੇ ਵਿਰੋਧ ਮਗਰੋਂ ਵਾਪਸ ਲਿਆ ਗਿਆ। ਇਸੇ ਤਰ੍ਹਾਂ ਬੀਤੇ ਕਲ ਹੀ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ, ਇੰਦੌਰ ਵਿਖੇ ਤਿਰੰਗਾਂ ਲਗਾ ਕੇ ਸਿੱਖ ਜ਼ਜਬਾਤਾਂ ਨਾਲ ਖੇਡਿਆ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਭ ਨੂੰ ਸਿੱਖ ਪ੍ਰੰਪਰਾਵਾਂ ਦਾ ਪਤਾ ਹੋਣ ਦੇ ਬਾਵਯੂਦ ਵੀ ਮਰਿਯਾਦਾ ਦੇ ਉਲਟ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਦੇ ਜ਼ਜਬਾਤਾਂ ਨੂੰ ਭੜਕਾਇਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਸਿੱਖ ਵਿਰੋਧੀ ਕਾਰਵਾਈਆਂ ਦਾ ਖੰਡਨ ਕਰਦੀ ਹੈ ਅਤੇ ਸਰਕਾਰਾਂ ਨੂੰ ਚਿਤਾਵਨੀ ਦਿੰਦੀ ਹੈ ਕਿ ਉਹ ਅਜਿਹੀਆਂ ਹਰਕਤਾਂ ਤੋਂ ਗੁਰੇਜ਼ ਕਰਨ।
Author: Gurbhej Singh Anandpuri
ਮੁੱਖ ਸੰਪਾਦਕ