ਲੁਧਿਆਣਾਃ 23 ਅਗਸਤ ( ਜਗਦੀਪ ਸਿੰਘ ਈਸ਼ਰ ਨਗਰ ) ਵਿਸ਼ਵ ਪ੍ਰਸਿੱਧ ਢਾਡੀ , ਇਤਿਹਾਸਕਾਰ ਤੇ ਕਵੀ ਗਿਆਨੀ ਤਰਲੋਚਨ ਸਿੰਘ ਭਮੱਦੀ ਵੱਲੋਂ ਰਚਿਤ ਪੁਸਤਕ ਦਾਸਤਾਨਿ ਸਿੱਖ ਸਲਤਨਤ ਨੂੰ ਲੋਕ ਅਰਪਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਪੁਸਤਕ ਸਿਰਫ਼ ਇਤਿਹਾਸ ਨਹੀਂ ਹੈ ਸਗੋਂ ਉਸ ਨੂੰ ਸਮਝਣ ਲਈ ਸਹਿਜ ਸੁਖੈਨ ਕੁੰਜੀ ਹੈ। ਇਸ ਵਿੱਚ ਸ਼ਾਮਿਲ ਵਾਰਤਕ ਤੇ ਸ਼ਾਇਰੀ ਸਾਨੂੰ ਵਰਤਮਾਨ ਤੋਂ ਵਿਰਸੇ ਵੱਲ ਰਸਵੰਤੀ ਯਾਤਰਾ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਵਾਂਗ ਗਿਆਨੀ ਤਰਲੋਚਨ ਸਿੰਘ ਭਮੱਦੀ ਨੇ ਵੀ ਸਾਨੂੰ ਇਤਿਹਾਸਕ ਪ੍ਰਸੰਗ ਕਵਿਤਾ ਵਿੱਚ ਘੋਲ਼ ਕੇ ਪਿਆਏ ਹਨ।
ਪ੍ਰੋਃ ਗਿੱਲ ਨੇ ਕਿਹਾ ਕਿ ਗਿਆਨੀ ਤਰਲੋਚਨ ਸਿੰਘ ਭਮੱਦੀ ਨੇ ਇਤਿਹਾਸ ਦੀ ਰੂਪ ਰੇਖਾ ਉਲੀਕਦਿਆਂ ਇਤਿਹਾਸ ਦੀਆਂ ਮੁੱਲਵਾਨ ਪੁਸਤਕਾਂ ਵਿੱਚੋਂ ਹਵਾਲੇ ਦਿੱਤੇ ਹਨ ਤਾਂ ਜੋ ਪਾਠਕ ਗੁਮਰਾਹ ਨਾ ਹੋਵੇ। ਇਹ ਪੁਸਤਕ ਉਨ੍ਹਾਂ ਵੱਲੋਂ ਲਿਖੀ ਜਾ ਰਹੀ ਵੱਡ ਆਕਾਰੀ ਪੁਸਤਕ ਦਾ ਪਹਿਲਾ ਭਾਗ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਏ ਇਤਿਹਾਸਕ ਮਿਲਾਪ ਤੋਂ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੀਕ ਦਾ ਜੀਵੰਤ ਪ੍ਰਮਾਣ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕਰਵਾਈ ਇਸ ਇਕੱਤਰਤਾ ਵਿੱਚ ਬੋਲਦਿਆਂ ਕਿਹਾ ਕਿ ਸਿੱਖ ਮਾਨਸਿਕਤਾ ਵਿੱਚ ਰਾਜ ਦਾ ਸੰਕਲਪ ਤਾਂ ਹੈ ਪਰ ਉਸ ਬਾਰੇ ਸਹੀ ਗਿਆਨ ਪੇਤਲਾ ਹੈ। ਇਹ ਪੁਸਤਕ ਜਨ ਮਾਣਸ ਦੀ ਭਾਸ਼ਾ ਵਿੱਚ ਲਿਖੀ ਹੋਣ ਕਰਕੇ ਇਤਿਹਾਸ ਦੀਆਂ ਗਲੀਆਂ ਵਿੱਚ ਸਾਨੂੰ ਘੁੰਮਾਵੇਗੀ। ਸ਼ਾਇਰੀ ਵਿਚ ਵਰਤੇ ਪਿੰਗਲ ਆਧਾਰਿਤ ਛੰਦ ਤੇ ਅਲੰਕਾਰ ਸਾਨੂੰ ਕਵਿਤਾ ਦੀ ਰੂਹ ਦੇ ਨੇੜੇ ਲੈ ਜਾਂਦੇ ਹਨ।
ਇਸ ਪੁਸਤਕ ਬਾਰੇ ਟਿਪਣੀ ਕਰਦਿਆਂ ਉੱਘੇ ਵਾਰਤਕ ਲੇਖਕ ਤੇ ਸੇਵਾ ਮੁਕਤ ਆਈ ਪੀ ਐੱਸ ਅਧਿਕਾਰੀ ਸਃ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਸਾਨੂੰ ਪਾਠਕ ਵਰਗ ਦਾ ਦਾਇਰਾ ਵਿਸ਼ਾਲ ਕਰਨ ਲਈ ਇਹੋ ਜਹੀਆਂ ਸੁਖੈਨ ਭਾਸ਼ਾ ਦੀ ਆਂ ਮੁੱਲਵਾਨ ਕਿਰਤਾਂ ਦੀ ਬਹੁਤ ਜ਼ਿਆਦਾ ਲੋੜ ਹੈ। ਚੰਗੀ ਵਾਰਤਕ ਤੇ ਕਵਿਤਾ ਦਾ ਸੁਮੇਲ ਇਸ ਕਿਤਾਬ ਦੀ ਸ਼ਕਤੀ ਹੈ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਗਿਆਨ ਦੇ ਲੜ ਲਾਵੇਗੀ। ਉਨ੍ਹਾਂ ਲਾਹੌਰ ਬੁੱਕ ਸ਼ਾਪ ਨੂੰ ਇਸ ਸ਼ਾਨਦਾਰ ਕਿਤਾਬ ਦੇ ਪ੍ਰਕਾਸ਼ਨ ਤੇ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ ਨੂੰ ਪੁਸਤਕ ਦੀਆਂ ਪਹਿਲੀਆਂ ਪੰਜਾਹ ਕਿਤਾਬਾਂ ਖ਼ਰੀਦ ਕੇ ਪਿੰਡਾਂ ਦੇ ਨੌਜਵਾਨਾਂ ਵਿੱਚ ਵੰਡਣ ਲਈ ਮੁਬਾਰਕ ਦਿੱਤੀ।
ਸਃ ਭਮੱਦੀ ਦੇ ਸ਼ਾਗਿਰਦ ਅਤੇ ਉੱਘੇ ਲੇਖਕ ਕੁਲਦੀਪ ਸਿੰਘ ਬਰਮਾਲੀਪੁਰ ਸਰਪੰਚ ਤੇ ਸਃ ਪਵਿੱਤਰ ਸਿੰਘ ਪ੍ਰਧਾਨ ਨੇ ਵੀ ਸਃ ਤਰਲੋਚਨ ਸਿੰਘ ਭਮੱਦੀ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪੁਸਤਕ ਦੇ ਪ੍ਰਕਾਸ਼ਕ ਸਃ ਗੁਰਮੰਨਤ ਸਿੰਘ ਲਾਹੌਰ ਬੁੱਕ ਸ਼ਾਪ ਵੀ ਹਾਜ਼ਰ ਸਨ।
ਧੰਨਵਾਦ ਦੇ ਸ਼ਬਦ ਬੋਲਦਿਆਂ ਸਃ ਤਰਲੋਚਨ ਸਿੰਘ ਭਮੱਦੀ ਨੇ ਕਿਹਾ ਕਿ ਮੇਰੀ ਪਹਿਲੀ ਕਾਵਿ ਪੁਸਤਕ ਦਰ ਤੇਰੇ ਤੇ ਖੜ੍ਹੇ ਸਵਾਲੀ ਅਤੇ ਢਾਡੀਆਂ ਦੇ ਅੰਗ ਸੰਗ ਦੀ ਘੁੰਡ ਚੁਕਾਈ ਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਹੱਥੋਂ ਹੀ ਹੋਈ ਸੀ। ਉਨ੍ਹਾਂ ਦਾ ਸਾਥ ਤੇ ਸਹਿਯੋਗ ਹੀ ਹੈ ਜਿਸ ਸਦਕਾ ਮੈਂ ਇਹ ਚੌਥੀ ਕਿਤਾਬ ਲਿਖਣ ਦੇ ਸਮਰੱਥ ਹੋ ਸਕਿਆ ਹਾਂ। ਉਨ੍ਹਾਂ ਇਸ ਮੌਕੇ ਸਾਰੇ ਹਾਜ਼ਰ ਦੋਸਤਾਂ ਦਾ ਧੰਨਵਾਦ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ