ਨਿਰਾਸ਼ ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰੇਗੀ ਪੰਜਾਬੀ ਫ਼ਿਲਮ ‘ਬੈਚ 2013’

23

ਫ਼ਿਲਮ ‘ਤੁਣਕਾ ਤੁਣਕਾ’ ਨਾਲ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਹਰਦੀਪ ਗਰੇਵਾਲ ਦੀ ਸੋਚ ਆਮ ਸਿਨਮੇ ਤੋਂ ਹਟਕੇ ਰਹੀ ਹੈ। ਉਸਦੀਆਂ ਫ਼ਿਲਮਾਂ ਵਿਆਹ ਕਲਚਰ ਜਾਂ ਹਾਸੇ ਮਜ਼ਾਕ ਵਾਲੀਆਂ ਨਹੀਂ ਹੁੰਦੀਆਂ ਬਲਕਿ ਜਿੰਦਗੀ ਤੋਂ ਉੱਖ਼ੜੇ ਮਨੁੱਖ ‘ਚ ਹੌਸਲਾ, ਜ਼ਜ਼ਬਾ ਤੇ ਮਨੋਬਲ ਭਰਨ ਵਾਲੀਆਂ ਹੁੰਦੀਆਂ ਹਨ। ਉਸਦੀ ਪਹਿਲੀ ਫ਼ਿਲਮ ‘ਤੁਣਕਾ ਤੁਣਕਾ’ ਨੇ ਕਰੋਨਾ ਦੇ ਸਾਏ ਕਰਕੇ ਸਿਨੇਮਿਆ ਵਿੱਚ ਪਸਰੀ ਚੁੱਪ ਨੂੰ ਤੋੜ ਕੇ ਦਰਸ਼ਕਾਂ ਨੂੰ ਪੰਜਾਬੀ ਸਿਨਮੇ ਨਾਲ ਮੁੜ ਜੋੜਿਆ ਸੀ। ਬਦਲਵੇਂ ਹਾਲਾਤਾਂ ‘ਚ ਆਈ ਇਸ ਫ਼ਿਲਮ ਨੂੰ ਮਿਲੇ ਹੁੰਗਾਰੇ ਨੇ ਹਰਦੀਪ ਗਰੇਵਾਲ ਦੇ ਹੌਸਲੇ ਨੂੰ ਮਜਬੂਤ ਕੀਤਾ ਸੀ। ਇੰਨ੍ਹੀਂ ਦਿਨੀਂ ਹੁਣ ਉਹ ਆਪਣੀ ਨਵੀਂ ਫ਼ਿਲਮ ‘ਬੈਚ 2013 ’ ਨਾਲ ਮੁੜ ਸਰਗਰਮ ਹੋਇਆ ਹੈ। 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਇੱਕ ਅਜਿਹੇ ਨੌਜਵਾਨ ਅਧਾਰਤ ਹੈ ਜਿਸਦੀ ਜਿੰਦਗੀ ਵਿੱਚ ਅਜਿਹੀਆ ਬਹੁਤ ਘਟਨਾਵਾਂ ਵਾਪਰਦੀਆਂ ਹਨ ਜਿਸ ਕਰਕੇ ਉਹ ਵਾਰ ਵਾਰ ਹਾਰਦਾ ਹੈ, ਫ਼ਿਰ ਉੱਠਦਾ ਹੈ ਫ਼ਿਰ ਹਾਰਦਾ ਹੈ ਫ਼ਿਰ ਉਠਦਾ ਹੈ। ਨੌਜਵਾਨਾਂ ਦੇ ਜ਼ਜ਼ਬੇ, ਹੌਸ਼ਲੇ ਤੇ ਮਨੋਬਲ ਨੂੰ ਮਜਬੂਤ ਕਰਦੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ਇਸ ਗੱਲ ਦਾ ਸਬੂਤ ਫ਼ਿਲਮ ਦਾ ਟ੍ਰੇਲਰ ਦੇ ਚੁੱਕਾ ਹੈ।
ਫ਼ਿਲਮ ਬੈਚ 2013 ਦੀ ਕਹਾਣੀ ਇੱਕ ਅਜਿਹੇ ਨੌਜਵਾਨ ਦੀ ਹੈ ਜਿਸਨੂੰ ਆਪਣੀ ਜਵਾਨੀ ਵਿੱਚ ਇਹ ਨਹੀਂ ਪਤਾ ਕਿ ਉਸਦੀ ਜਿੰਦਗੀ ਦਾ ਟਾਰਗੇਟ ਕੀ ਹੈ, ਉਸਨੇ ਕਿਹੜੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣਾ ਹੈ? ਉਸਨੇ ਆਪਣੀ ਜਿੰਦਗੀ ਬਾਰੇ ਕਦੇ ਫੋਕਸ ਨਹੀਂ ਕੀਤਾ। ਉਸਦਾ ਪਿਤਾ ਪੁਲਸ ਅਫ਼ਸਰ ਹੈ ਪਰ ਉਸਦਾ ਪੁਲਸ ਮਹਿਕਮੇ ‘ਚ ਜਾਣ ਦਾ ਕੋਈ ਮਨ ਨਹੀਂ ਪ੍ਰੰਤੂ ਅਚਾਨਕ ਹਾਲਾਤ ਅਜਿਹੇ ਬਣਦੇ ਹਨ ਕਿ ਨਾ ਸਿਰਫ਼ ਉਹ ਆਪਣੇ ਦਮ ਤੇ ਪੁਲਸ ਵਿੱਚ ਭਰਤੀ ਹੁੰਦਾ ਹੈ ਬਲਕਿ ਉਸਨੂੰ ਇੱਕ ਐਸੀ ਸਪੈਸ਼ਲ ਟੀਮ ਦੀ ਜੁੰਮੇਵਾਰੀ ਸੌਂਪੀ ਜਾਂਦੀ ਹੈ ਜੋ ਕਿਸੇ ਵੀ ਅਣਸੁਖਾਵੇਂ ਹਾਲਤਾਂ ਨੂੰ ਕੰਟਰੋਲ ਕਰ ਸਕੇ। ਜਿਸ ਦਾ ਨਾਂ ਬੈਚ 2013 ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਇਹ ਇੱਕ ਨੌਜਵਾਨ ਦੀ ਪ੍ਰੇਰਣਾਦਾਇਕ ਸਫ਼ਰ ਦੀ ਕਹਾਣੀ ਹੈ।
ਆਪਣੇ ਕਿਰਦਾਰ ਬਾਰੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਬੈਚ 2013 ਵਿੱਚ ਮੇਰੇ ਦੋ ਤਰ੍ਹਾਂ ਦੇ ਕਿਰਦਾਰ ਸੀ। ਪਹਿਲੇ ਵਿੱਚ ਮੈਨੂੰ ਆਪਣਾ ਵਜ਼ਨ 70 ਤੋਂ 90 ਤੱਕ ਵਧਾਉਣਾ ਪਿਆ ਜਦਕਿ ਦੂਜੇ ਕਿਰਦਾਰ ਲਈ 90 ਤੋਂ 80 ਤੱਕ ਘਟਾਉਣਾ ਪਿਆ। ਜਿਸ ਕਰਕੇ ਫ਼ਿਲਮ ਦੋ ਸੈਡਿਊਲ ਵਿੱਚ ਸੂਟ ਕਰਨੀ ਪਈ। ਤੁਣਕਾ ਤੁਣਕਾ ’ ਨਾਲੋਂ ਇਹ ਕਹਾਣੀ ਵਧੇਰੇ ਇਮੋਸ਼ਨਲ ਬਣਾਉਣ ਲਈ ਸਾਰੀ ਹੀ ਟੀਮ ਨੇ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਇਹ ਆਮ ਫ਼ਿਲਮਾਂ ਵਾਂਗ ਨਕਲੀ ਜਿਹਾ, ਹੀਰੋ ਸਟਾਇਲ ਨਹੀਂ ਹੈ। ਜੋ ਸਾਡੇ ਕਮਾਡੋ ਜਾਂ ਸਪੈਸ਼ਲ ਫੋਰਸ ਦੇ ਜੁਆਨ ਹਨ ਜਦ ਉਹ ਇਨਕਾਊਂਟਰ ਕਰਦੇ ਹਨ ਤਾਂ ਉਨ੍ਹਾਂ ਦਾ ਕਿਹੋ ਜਿਹਾ ਐਕਸ਼ਨ ਹੁੰਦਾ ਹੈ। ਇਸ ਲਈ ਅਸੀਂ ਅਜਿਹੇ ਐਕਸ਼ਨ ਡਾਇਰੈਕਟਰ ਨੂੰ ਚੁਣਿਆ ਜੋ ਸਪੈਸ਼ਲ ਫੋਰਸ ਜਾਂ ਆਰਮੀ ਨਾਲ ਜੁੜਿਆ ਹੋਇਆ ਸੀ। ਇਸ ਫ਼ਿਲਮ ਦਾ ਐਕਸ਼ਨ ਵੀ ਵੱਖਰਾ ਹੈ ਤੇ ਕਹਾਣੀ ਤਾਂ ਵੱਖਰੀ ਹੈ ਹੀ। ਹਰਦੀਪ ਗਰੇਵਾਲ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਹਰਦੀਪ ਗਰੇਵਾਲ,ਹਸ਼ਨੀਨ ਚੌਹਾਨ, ਡਾ ਸਾਹਿਬ ਸਿੰਘ, ਨੀਤਾ ਮਹਿੰਦਰਾ, ਮਨਜੀਤ ਸਿੰਘ, ਹਰਿੰਦਰ ਭੁੱਲਰ,ਪ੍ਰੀਤ ਭੁੱਲਰ, ਰਾਜਵਿੰਦਰ ਸਮਰਾਲਾ ਤੇ ਪਰਮਵੀਰ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਹਰਦੀਪ ਗਰੇਵਾਲ ਨੇ ਲਿਖੇ ਹਨ। ਫ਼ਿਲਮ ਦਾ ਨਿਰਮਾਤਾ ਹਰਦੀਪ ਗਰੇਵਾਲ ਹੈ ਅਤੇ ਨਿਰਦੇਸ਼ਕ ਗੈਰੀ ਖਟਰਾਓ ਹੈ। ਫ਼ਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। ਗੀਤ ਹਰਮਨਜੀਤ ਸਿੰਘ ਤੇ ਹਰਦੀਪ ਗਰੇਵਾਲ ਨੇ ਲਿਖੇ ਹਨ ਜਿੰਨ੍ਹਾ ਨੂੰ ਕੰਵਰ ਗਰੇਵਾਲ,ਦੇਵੀ, ਅਕਸ਼ ਤੇ ਹਰਦੀਪ ਗਰੇਵਾਲ ਨੇ ਗਾਇਆ ਹੈ। ਹਰਦੀਪ ਗਰੇਵਾਲ ਦੇ ਗੀਤਾਂ ਵਾਂਗ ਹੀ ਨਿਰਾਸ਼ ਤੇ ਉਦਾਸ ਨੌਜਵਾਨਾਂ ਨੂੰ ਮਿਹਨਤ ਅਤੇ ਜ਼ਿੰਦਗੀ ਪ੍ਰਤੀ ਉਤਸ਼ਾਹਿਤ ਕਰਦੀ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।

ਹਰਜਿੰਦਰ ਸਿੰਘ ਜਵੰਦਾ 9463828000

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?