ਅੰਮ੍ਰਿਤਸਰ, 31 ਅਗਸਤ ( ਹਰਮੇਲ ਸਿੰਘ ਹੁੰਦਲ ) ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੇ ਸੰਘਰਸ਼ਮਈ ਜੀਵਨ ਉੱਤੇ ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਲਿਖੀ ਹੋਂਦ ਦਾ ਨਗਾਰਚੀ ਕਿਤਾਬ ਖ਼ਾਲਿਸਤਾਨ ਅਫੇਅਰਜ਼ ਸੈੰਟਰ ਅਤੇ ਟੀ.ਵੀ. 84 ਦੇ ਸੰਚਾਲਕ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਵੱਲੋਂ ਕੈਨੇਡਾ ਦੇ ਦੌਰੇ ਦੌਰਾਨ ਮੌਂਟਰੀਅਲ ਸ਼ਹਿਰ ‘ਚ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਰਿਲੀਜ਼ ਕੀਤੀ ਗਈ ਹੈ। ਇਸ ਮੌਕੇ ਖ਼ਾਲਿਸਤਾਨੀ ਆਗੂ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਅਣਖ਼ੀ ਤੇ ਪ੍ਰਭਾਵਸ਼ਾਲੀ ਬੋਲਾਂ ਰਾਹੀਂ ਘਰਾਂ ‘ਚੋਂ ਕੱਢ ਲਿਆਂਦਾ ਤੇ ਇਸ ਸੰਘਰਸ਼ ਨੂੰ ਵੱਖਰੇ ਢੰਗ ਨਾਲ ਪ੍ਰਭਾਸ਼ਿਤ ਕੀਤਾ ਕਿ ਇਹ ਸਾਡੀ ਹੋਂਦ ਦੀ ਲੜਾਈ ਹੈ। ਉਹਨਾਂ ਕਿਹਾ ਕਿ ਦੀਪ ਸਿੱਧੂ ਜਾਣ ਚੁੱਕਾ ਸੀ ਇਹ ਭਾਰਤੀ ਸਟੇਟ ਦਾ ਪੰਜਾਬ ਉੱਤੇ ਹੁਣ ਤਕ ਦਾ ਸਭ ਤੋਂ ਵੱਡਾ ਹਮਲਾ ਹੈ ਜੋ ਮਹਿਜ਼ ਆਰਥਿਕ ਹੀ ਨਹੀਂ ਬਲਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਤਬਾਹ ਕਰਕੇ ਰੱਖ ਦੇਵੇਗਾ। ਦੀਪ ਸਿੱਧੂ ਨੇ ਸ਼ੰਭੂ ਬਾਰਡਰ ਤੋਂ ਸਿੱਖ ਜਵਾਨੀ ਨਾਲ ਸਫ਼ਰ ਸ਼ੁਰੂ ਕਰਦਿਆਂ ਦਿੱਲੀ ਉੱਤੇ ਚੜ੍ਹਾਈ ਕੀਤੀ ਤੇ ਉਹ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਖ਼ਾਲਸਾਈ ਝੰਡਾ ਝੁੱਲਣ ਦੇ ਇਤਿਹਾਸਕ ਪਲਾਂ ਦਾ ਗਵਾਹ ਬਣਿਆ। ਜੇਲ੍ਹ ਦੀਆਂ ਸਲਾਖਾਂ ਵੀ ਉਸ ਨੂੰ ਡੁਲਾਅ ਨਾ ਸਕੀਆਂ।
ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਅਰੰਭੇ ਸੰਘਰਸ਼ ਨੂੰ ਅੱਗੇ ਤੋਰਨ ਲਈ ਜੱਦੋ-ਜਹਿਦ ਵਿੱਚ ਜੁੱਟ ਪਿਆ ਸੀ, ਉਸ ਨੇ ਥੋੜੇ ਸਮੇਂ ਵਿੱਚ ਹੀ ਵੱਡੀ ਹਲਚਲ ਪੈਦਾ ਕਰ ਦਿੱਤੀ ਜੋ ਵਿਰੋਧੀਆਂ ਲਈ ਮੁਸੀਬਤ ਬਣ ਗਈ। ਉਸ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਪਰ ਉਹ ਚੱਟਾਨ ਵਾਂਗ ਅਡੋਲ ਰਿਹਾ ਤੇ ਖ਼ਾਲਿਸਤਾਨ ਦੀਆਂ ਗੂੰਜਾਂ ਪਾਉਂਦਾ ਰਿਹਾ। ਉਹਨਾਂ ਕਿਹਾ ਕਿ ਦੀਪ ਸਿੱਧੂ ਦੇ ਵਿਛੋੜੇ ਮਗਰੋਂ ਸਿੱਖ ਜਵਾਨੀ ਨੂੰ ਉਸ ਦੀ ਸੰਘਰਸ਼ੀ ਸੋਚ ਤੇ ਖ਼ਾਲਿਸਤਾਨੀ ਵਿਚਾਰਧਾਰਾ ‘ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ। ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੇ ਹੋਂਦ ਦਾ ਨਗਾਰਚੀ ਕਿਤਾਬ ਦੀ ਭਰਪੂਰ ਸ਼ਲਾਘਾ ਕੀਤੀ ਤੇ ਸਿੱਖ ਸੰਗਤਾਂ ਨੂੰ ਪੜ੍ਹਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ 7 ਮਈ 2022 ਨੂੰ ਸ੍ਰੀ ਅੰਮ੍ਰਿਤਸਰ ਦੇ ਗੁਰੂ ਨਾਨਕ ਭਵਨ ‘ਚ ਇਹ ਕਿਤਾਬ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਖ਼ਾਲਿਸਤਾਨੀ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਰਿਲੀਜ਼ ਕੀਤੀ ਗਈ ਸੀ। ਇਸ ਕਿਤਾਬ ‘ਚ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਦੀਪ ਸਿੱਧੂ ਦੇ ਜੀਵਨ ਅਤੇ ਸੰਘਰਸ਼ਮਈ ਘਟਨਾਵਾਂ, ਯਾਦਾਂ, ਸਰਗਰਮੀਆਂ, ਕਾਰਵਾਈਆਂ ਅਤੇ ਤਕਰੀਰਾਂ ਨੂੰ ਲਿਖਤੀ ਰੂਪ ‘ਚ ਸਾਂਭਿਆ ਗਿਆ ਹੈ ਤਾਂ ਜੋ ਦੀਪ ਦੀਆਂ ਯਾਦਾਂ ਸੰਗਤਾਂ ਦੇ ਦਿਲਾਂ ‘ਚ ਹਮੇਸ਼ਾਂ ਤਾਜਾ ਰਹਿਣ। ਇਸ ਕਿਤਾਬ ‘ਚ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਖ਼ਾਲਿਸਤਾਨੀ ਚਿੰਤਕ ਸ. ਸਰਬਜੀਤ ਸਿੰਘ ਘੁਮਾਣ, ਡਾਇਰੈਕਟਰ ਅਮਰਦੀਪ ਸਿੰਘ ਗਿੱਲ, ਸ. ਕਰਮਜੀਤ ਸਿੰਘ ਚੰਡੀਗੜ੍ਹ ਅਤੇ ਸਿੱਖ ਵਿਦਵਾਨ ਅਜਮੇਰ ਸਿੰਘ ਆਦਿ ਦੇ ਲੇਖ ਵੀ ਸ਼ਾਮਲ ਹਨ।
Author: Gurbhej Singh Anandpuri
ਮੁੱਖ ਸੰਪਾਦਕ