ਧਰਤੀ ਉੱਤੇ ਜੀਵਨ ਪਾਣੀ ਨਾਲ ਹੀ ਸੰਭਵ ਹੈ। ਦੁਨੀਆਂ ਵਿੱਚ ਮੁੱਢ-ਕਦੀਮ ਤੋਂ ਮਨੁੱਖੀ ਵਸੋਂ ਜਲ ਸਰੋਤਾਂ ਨੇੜੇ ਹੀ ਆਬਾਦ ਰਹੀ ਹੈ। ਮਨੁੱਖ ਦੀ ਲੋੜ ਤੋਂ ਵੱਧ ਵਰਤੋਂ, ਫਸਲੀ ਚੱਕਰ ਵਿੱਚ ਬਦਲਾਅ, ਵਾਤਾਵਰਣ ਤਬਦੀਲੀ ਆਦਿ ਕਾਰਨਾਂ ਕਰਕੇ ਜਮੀਨ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ।
ਸੂਬਾ ਪੱਧਰ ਉੱਤੇ ਪੰਜਾਬ ਦੇ ਜਲ ਸੰਕਟ ਦਾ ਅੰਦਾਜ਼ਾ ਅੰਕੜਿਆਂ ਤੋਂ ਲਗਾ ਸਕਦੇ ਹਾਂ। ਪੰਜਾਬ ਦੇ 150 ਬਲਾਕਾਂ ਵਿੱਚੋਂ 117 ਬਲਾਕ “ਅਤਿ ਸ਼ੋਸ਼ਿਤ” ਸਥਿਤੀ ਵਿਚ ਹਨ ਭਾਵ ਕਿ ਪਾਣੀ ਕੱਢਣ ਦੀ ਦਰ ਧਰਤੀ ਹੇਠਾਂ ਪਾਣੀ ਦੀ ਭਰਪਾਈ (ਰੀਚਾਰਜ) ਹੋਣ ਦੀ ਦਰ ਤੋਂ ਘੱਟ ਹੈ।
ਕਪੂਰਥਲਾ ਜਿਲ੍ਹੇ ਦੀ ਸਥਿਤੀ:
ਕਪੂਰਥਲਾ ਜਿਲ੍ਹੇ ਵਿਚ ਜਲ ਸੰਕਟ ਦੀ ਬਹੁਤ ਗੰਭੀਰ ਹੈ। ਜ਼ਿਲੇ ਦੇ ਅੰਕੜੇ ਦੇਖੀਏ ਤਾਂ ਇਸ ਦੇ ਸਾਰੇ ਪੰਜ ਬਲਾਕ “ਅਤਿ-ਸ਼ੋਸ਼ਿਤ” ਸਥਿਤੀ ਵਿਚ ਹਨ। ਕਪੂਰਥਲਾ ਜਿਲ੍ਹੇ ਦੇ ਬਲਾਕਾਂ ਵਿਚ ਧਰਤੀ ਹੇਠੋਂ ਪਾਣੀ ਕੱਢਣ ਦੀ ਦਰ ਉੱਤੇ ਨਜ਼ਰ ਪਾ ਲਈਏ :-
2017 2020
1. ਕਪੂਰਥਲਾ 201% 261%
2.ਸੁਲਤਾਨਪੁਰ ਲੋਧੀ 223% 229%
3. ਢਿੱਲਵਾਂ 217% 189%
4. ਨਡਾਲਾ 198% 167%
5. ਫਗਵਾੜਾ 281% 280%
ਉਪਰੋਕਤ ਅੰਕੜਿਆਂ ਤੋਂ ਸਾਫ ਹੈ ਕਿ ਕਪੂਰਥਲਾ ਜਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਜਿੰਨ੍ਹਾਂ ਪਾਣੀ ਕੁਦਰਤੀ ਤੌਰ ਤੇ ਧਰਤੀ ਹੇਠਾਂ ਜਾਂਦਾ ਹੈ ਉਸ ਤੋਂ ਦੁੱਗੁਣੇ ਤੋਂ ਵੱਧ ਪਾਣੀ ਜਮੀਨ ਵਿੱਚੋਂ ਕੱਢਿਆ ਜਾ ਰਿਹਾ ਹੈ। ਭਾਂਵੇਂ ਕਿ ਸਾਲ 2020 ਵਿੱਚ ਢਿੱਲਵਾਂ ਅਤੇ ਨਡਾਲਾ ਬਲਾਕ ਵਿੱਚ ਜਮੀਨ ਹੇਠੋਂ ਪਾਣੀ ਕੱਢਣ ਦੀ ਦਰ 2017 ਦੇ ਅੰਕੜਿਆਂ ਦੇ ਮੁਕਾਬਲੇ ਘਟੀ ਹੈ, ਪਰ ਫਿਰ ਵੀ ਉਹ ਦਰ ਬਹੁਤ ਜਿਆਦਾ ਹੈ । ਇਹ ਅੰਕੜੇ ਭਵਿੱਖ ਵਿੱਚ ਬਹੁਤ ਗੰਭੀਰ ਹਾਲਾਤਾਂ ਵੱਲ ਇਸ਼ਾਰਾ ਕਰ ਰਹੇ ਹਨ ।
ਜਿਲ੍ਹਾ ਕਪੂਰਥਲਾ : ਪਾਣੀ ਦੀ ਡੂੰਘਾਈ
ਕਪੂਰਥਲਾ ਜਿਲ੍ਹੇ ਦੀ ਪੱਛਮੀ ਹੱਦ ਕੁਦਰਤੀ ਤੌਰ ਤੇ ਬਿਆਸ ਦਰਿਆ ਵੱਲੋਂ ਬਣਾਈ ਜਾਂਦੀ ਹੈ । ਜਿਲ੍ਹੇ ਦੇ ਪੰਜ ਬਲਾਕਾਂ ਵਿੱਚੋਂ ਤਿੰਨ ਬਲਾਕਾਂ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਵਿੱਚ ਬਿਆਸ ਦਰਿਆ ਦੇ ਨਾਲ਼ ਲੱਗਦੇ ਇਲਾਕਿਆਂ ਵਿੱਚ ਜਮੀਨੀ ਪਾਣੀ ਦੀ ਸਥਿਤੀ ਬਿਹਤਰ ਹੈ । ਇੱਥੇ ਪਹਿਲੇ ਪੱਤਣ ਦਾ ਪਾਣੀ 40 ਤੋਂ 50 ਫੁੱਟ ਤੱਕ ਮੌਜੂਦ ਹੈ । ਪਰ ਇਹਨਾਂ ਇਲਾਕਿਆਂ ਵਿੱਚ ਪਾਣੀ ਦੀ ਕੁਦਰਤੀ ਨਿਕਾਸੀ ਦੇ ਸਾਧਨ ਖਤਮ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਖੇਤਾਂ ਵਿੱਚ ਪਾਣੀ ਜਮਾਂ ਹੋ ਜਾਂਦਾ ਹੈ, ਜਿਸ ਨੂੰ ਕਈ ਕਿਸਾਨਾਂ ਵੱਲੋਂ ਬੋਰ ਕਰਕੇ ਜਮੀਨ ਵਿੱਚ ਪਾਇਆ ਜਾਂਦਾ ਹੈ । ਕਈ ਕਾਰਖਾਨੇਦਾਰਾਂ ਵੱਲੋਂ ਵੀ ਕਾਰਖਾਨਿਆਂ ਦਾ ਗੰਦਾ ਪਾਣੀ ਬੋਰ ਰਾਹੀਂ ਜਮੀਨ ਵਿੱਚ ਪਾ ਦਿੱਤਾ ਜਾਂਦਾ ਹੈ । ਇਸ ਨਾਲ਼ ਸੁਲਤਾਨਪੁਰ ਲੋਧੀ, ਢਿੱਲਵਾਂ ਅਤੇ ਨਡਾਲਾ ਬਲਾਕ ਦੇ ਇਨ੍ਹਾਂ ਇਲਾਕਿਆਂ ਦੇ ਪਹਿਲੇ ਪੱਤਣ ਦੇ ਪਾਣੀ ਦੀ ਗੁਣਵੱਤਾ ਤੇ ਅਸਰ ਪਾਇਆ ਹੈ । ਪੀਣ-ਯੋਗ ਪਾਣੀ 200 ਫੁੱਟ ਤੋਂ ਹੇਠਾਂ ਤੋਂ ਕੱਢਿਆ ਜਾਂਦਾ ਹੈ।
ਬਿਆਸ ਦਰਿਆ ਤੋਂ ਦੂਰ ਦੇ ਇਲਾਕਿਆਂ (ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਬਲਾਕ ਦਾ ‘ਦੋਨਾ’ ਇਲਾਕਾ ਅਤੇ ਫਗਵਾੜਾ ਬਲਾਕ) ਵਿੱਚ ਪਾਣੀ ਡੂੰਘੇ ਹੋ ਚੁੱਕੇ ਹਨ। ਇਥੇ ਪੀਣ-ਯੋਗ ਅਤੇ ਖੇਤੀ ਲਈ 200 ਤੋਂ 220 ਫੁੱਟ ਤੋਂ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਇਹ ਵੀ ਤੇਜੀ ਨਾਲ਼ ਘਟ ਰਿਹਾ ਹੈ । ਨਵੇਂ ਬੋਰ 400 ਤੋਂ 450 ਫੁੱਟ ਤੱਕ ਕੀਤੇ ਜਾ ਰਹੇ ਹਨ ।
ਧਰਤੀ ਹੇਠਲੇ ਜਲ ਭੰਡਾਰ ਦੀ ਸਥਿਤੀ:
ਕਪੂਰਥਲਾ ਜ਼ਿਲੇ ਵਿਚ ਪਾਣੀ ਤਿੰਨਾਂ ਪੱਤਣਾ ਵਿੱਚ ਮੌਜੂਦ ਹੈ ਪਰ ਇਸਦੀ ਵੰਡ ਇਕਸਾਰ ਨਹੀਂ ਹੈ । ਬਿਆਸ ਦਰਿਆ ਨਾਲ਼ ਲੱਗਦੇ ਇਲਾਕਿਆਂ ਵਿੱਚ ਪਹਿਲੇ ਪੱਤਣ ਵਿੱਚ 30 ਤੋਂ 40 ਫੁੱਟ ਤੇ ਪਾਣੀ ਮੌਜੂਦ ਹੈ । ਦਰਿਆ ਤੋਂ ਦੂਰ ਵਾਲ਼ੇ ਇਲਾਕਿਆਂ ‘ਚ ਪਹਿਲੇ ਪੱਤਣ ਵਿੱਚ ਪਾਣੀ ਦੀ ਡੂੰਘਾਈ 80 ਤੋਂ 90 ਫੁੱਟ ਹੋ ਜਾਂਦੀ ਹੈ। ਪਹਿਲੇ ਪੱਤਣ ਵਿੱਚ ਪਾਣੀ ਦੀ ਮਾਤਰਾ 57.43 ਲੱਖ ਏਕੜ ਫੁੱਟ ਹੈ । ਪੂਰੇ ਕਪੂਰਥਲਾ ਜਿਲ੍ਹੇ ਦੇ ਦੂਜੇ ਪੱਤਣ ਵਿੱਚ 46.3 ਲੱਖ ਏਕੜ ਫੁੱਟ ਅਤੇ ਤੀਜੇ ਪੱਤਣ ਵਿੱਚ 43 ਲੱਖ ਏਕੜ ਫੁੱਟ ਪਾਣੀ ਹੈ ।
ਜੰਗਲਾਤ ਹੇਠ ਰਕਬਾ:
ਕਪੂਰਥਲਾ ਜ਼ਿਲੇ ਵਿੱਚ ਜੰਗਲਾਤ ਹੇਠ ਰਕਬਾ ਸਿਰਫ 0.61% ਹੈ, ਜੋ ਕਿ ਪੰਜਾਬ ਦੀ ਔਸਤ ਤੋਂ ਵੀ ਬਹੁਤ ਘੱਟ ਹੈ। ਜੰਗਲਾਤ ਦਾ ਜਿਆਦਾਤਰ ਰਕਬਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਬਲਾਕ ਵਿੱਚ ਹੀ ਹੈ। ਬਾਕੀ ਬਲਾਕਾਂ ਵਿੱਚ ਹਾਲਤ ਹੋਰ ਵੀ ਚਿੰਤਾਜਨਕ ਹਨ।
ਝੋਨੇ ਹੇਠ ਰਕਬਾ
ਕਪੂਰਥਲਾ ਜਿਲ੍ਹੇ ਵਿੱਚ ਝੋਨੇ ਹੇਠ ਰਕਬਾ 91 ਫੀਸਦੀ ਹੈ ਜਿਸਨੂੰ ਫੌਰੀ ਤੌਰ ਤੇ ਘੱਟ ਕਰਨ ਦੀ ਲੋੜ ਹੈ। ਸੁਲਤਾਨਪੁਰ ਲੋਧੀ ਬਲਾਕ ਵਿੱਚ ਬੀਜੀ ਜਾਂਦੀ ਵਾਧੂ ਹਾੜੀ ਦੀ ਮੱਕੀ ਨੇ ਜਮੀਨੀ ਪਾਣੀ ਦੀ ਵਰਤੋਂ ਖਤਰਨਾਕ ਪੱਧਰ ਤੱਕ ਵਧਾ ਦਿੱਤਾ ਹੈ।
ਕੀ ਕੀਤਾ ਜਾ ਸਕਦਾ ਹੈ ?
ਜਿਲ੍ਹੇ ਵਿਚ ਤਿੰਨ ਫਸਲੀ ਚੱਕਰ ਨੂੰ ਤੋੜ ਕੇ ਖੇਤੀਬਾੜੀ ਵਿੱਚ ਵਿੰਭਿੰਨਤਾ ਲਿਆਉਣੀ ਬਹੁਤ ਜਰੂਰੀ ਹੈ।
ਝੋਨੇ ਹੇਠ ਰਕਬਾ ਘਟਾਉਣ ਲਈ ਵਿਦੇਸ਼ਾਂ ਵਿਚ ਰਹਿੰਦੇ ਜੀਅ ਆਪਣੀ ਜਮੀਨ ਦਾ ਠੇਕਾ ਝੋਨਾ ਨਾ ਲਾਉਣ ਦੀ ਸ਼ਰਤ ਉੱਤੇ ਘਟਾ ਕੇ ਆਪਣੇ ਜਿਲ੍ਹੇ ਦੀ ਸਥਿਤੀ ਵਿਚ ਸੁਧਾਰ ਲਈ ਉੱਦਮ ਕਰ ਸਕਦੇ ਹਨ।
ਨਿਜੀ ਪੱਧਰ ਤੇ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਯੋਗ ਵਰਤੋਂ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਖਾਸ ਕਰਕੇ ਸ਼ਹਿਰੀ ਖੇਤਰਾਂ ਵਿੱਚ ਮੀਂਹ ਦੇ ਪਾਣੀ ਨੂੰ ਵਰਤਣ ਦੇ ਯੋਗ ਢੰਗ ਅਪਨਾਉਣੇ ਚਾਹੀਦੇ ਹਨ।
ਜੰਗਲਾਤ ਹੇਠ ਰਕਬਾ ਵਧਾਇਆ ਜਾਣਾ ਚਾਹੀਦਾ ਹੈ। ਇਸ ਵਾਸਤੇ ਨਿਜੀ ਅਤੇ ਸਮਾਜਿਕ ਪੱਧਰ ਤੇ ਛੋਟੇ ਜੰਗਲ ਲਗਾਏ ਜਾ ਸਕਦੇ ਹਨ।
ਪੰਚਾਇਤੀ ਅਤੇ ਹੋਰ ਸਾਂਝੀਆਂ ਜਮੀਨਾਂ ਦੀ ਵਰਤੋਂ ਇਸ ਮਕਸਦ ਲਈ ਕੀਤੀ ਜਾ ਸਕਦੀ ਹੈ।
ਇੱਥੇ ਇਹ ਦੱਸਣ ਯੋਗ ਹੈ ਕਿ ਕਾਰਸੇਵਾ ਖਡੂਰ ਸਾਹਿਬ ਵੱਲੋਂ “ਗੁਰੂ ਨਾਨਕ ਯਾਦਗਾਰੀ ਜੰਗਲ” (ਝਿੜੀ) ਲਗਾਏ ਜਾਂਦੇ ਹਨ। ਇਹ ਛੋਟਾ ਜੰਗਲ ਲਾਉਣ ਲਈ ਘੱਟੋ-ਘੱਟ ਦਸ ਮਰਲੇ ਥਾਂ ਲੋੜੀਂਦੀ ਹੁੰਦੀ ਹੈ। ਇਹ ਜੰਗਲ ਕਾਰਸੇਵਾ ਖਡੂਰ ਸਾਹਬ ਵੱਲੋਂ ਬਿਨਾ ਕੋਈ ਖਰਚ ਲਏ ਲਗਾਈ ਜਾਂਦੀ ਹੈ। ਇਸ ਵਾਸਤੇ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਨਾਲ ਜਾਂ ਸਿੱਧੇ ਤੌਰ ਉੱਤੇ ਕਾਰਸੇਵਾ ਖਡੂਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
#ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ
ਸੰਪਰਕ : 09056684184
Author: Gurbhej Singh Anandpuri
ਮੁੱਖ ਸੰਪਾਦਕ