ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਸ਼ਹੀਦ ਜਟਾਣਾ ਤੇ ਚੰਨਾ ਦੇ ਪਰਿਵਾਰ ਨੂੰ ਫ਼ਤਹਿਨਾਮਾ ਰਸਾਲੇ ਭੇਂਟ ਕੀਤੇ
ਅੰਮ੍ਰਿਤਸਰ, 7 ਸਤੰਬਰ ( ਹਰਮੇਲ ਸਿੰਘ ਹੁੰਦਲ ) ਪੰਜਾਬ ਦੇ ਪਾਣੀਆਂ ਲਈ ਖ਼ੂਨ ਡੋਲ੍ਹਣ ਵਾਲੇ ਬੱਬਰ ਖ਼ਾਲਸਾ ਦੇ ਮਾਲਵਾ ਜ਼ੋਨ ਦੇ ਕਮਾਂਡਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਭਰਾ ਪਵਨ ਸਿੰਘ, ਭਤੀਜਾ ਦਲਵੀਰ ਸਿੰਘ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੇ ਭਰਾ ਦਰਸ਼ਨ ਸਿੰਘ ਤੇ ਸਤਪਾਲ ਸਿੰਘ ਨੂੰ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਖ਼ਾਲਸਾ ਫ਼ਤਹਿਨਾਮਾ ਰਸਾਲੇ ਸਤਿਕਾਰ ਸਹਿਤ ਭੇਂਟ ਕੀਤੇ ਗਏ, ਜਿਨ੍ਹਾਂ ਵਿੱਚ ਦੋਵੇਂ ਜੁਝਾਰੂ ਜਰਨੈਲਾਂ ਦੀ ਜੀਵਨੀਆਂ ਛਪੀਆਂ ਹੋਈਆਂ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਅਸਲ ਰਾਖੇ ਸਾਡੇ ਖ਼ਾਲਿਸਤਾਨੀ ਜੁਝਾਰੂ ਸਿੰਘ ਹੀ ਸਨ ਜਿਨ੍ਹਾਂ ਨੇ ਆਪਣਾ ਖ਼ੂਨ ਡੋਲ੍ਹ ਕੇ ਸਤਲੁਜ ਯਮੁਨਾ ਲਿੰਕ ਨਹਿਰ ਨੂੰ ਹਮੇਸ਼ਾਂ ਲਈ ਬੰਦ ਕਰ ਦਿੱਤਾ। ਉਹਨਾਂ ਕਿਹਾ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਵਰਗੇ ਸੂਰਮੇ ਜੇ ਉਸ ਸਮੇਂ ਐਕਸ਼ਨ ਕਰਕੇ ਦਿੱਲੀ ਤਖ਼ਤ ਨੂੰ ਨਾ ਹਿਲਾਉਂਦੇ ਤਾਂ ਅੱਜ ਪੰਜਾਬ ਰੇਗਿਸਤਾਨ ਬਣ ਜਾਣਾ ਸੀ। ਉਹਨਾਂ ਕਿਹਾ ਕਿ ਅਸੀਂ ਹਿੱਕ ਠੋਕ ਕੇ ਕਹਿੰਦੇ ਹਾਂ ਕਿ ਜੁਝਾਰੂਆਂ ਨੇ ਜੋ ਕੀਤਾ, ਸਹੀ ਕੀਤਾ, ਇਸ ਬਿਨਾਂ ਦੂਜਾ ਹੋਰ ਕੋਈ ਰਾਹ ਨਹੀਂ ਸੀ। ਉਹਨਾਂ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ‘ਤੇ ਪਹਿਰਾ ਦਿੰਦਿਆਂ ਪੂਰਨ ਪ੍ਰਭੂਸੱਤਾ ਸੰਪੰਨ ਆਜ਼ਾਦ ਖ਼ਾਲਸਾ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਾਂਗੇ, ਏਹੀ ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਰਚੰਦ ਸਿਹੁੰ ਲੌਂਗੋਵਾਲ, ਸੁਰਜੀਤ ਸਿਹੁੰ ਬਰਨਾਲਾ, ਪ੍ਰਕਾਸ਼ ਸਿਹੁੰ ਬਾਦਲ, ਸੁਖਬੀਰ ਸਿਹੁੰ ਬਾਦਲ ਅਤੇ ਕੈਪਟਨ ਅਮਰਿੰਦਰ ਸਿਹੁੰ ਭਾਰਤੀ ਸਟੇਟ ਦੇ ਪਿਆਦੇ ਅਤੇ ਪੰਥ ਤੇ ਪੰਜਾਬ ਦੇ ਗ਼ਦਾਰ ਹਨ ਤੇ ਖ਼ਾਲਿਸਤਾਨੀ ਜੁਝਾਰੂ ਸਾਡੇ ਕੌਮੀ ਨਾਇਕ ਹਨ ਜਿਨ੍ਹਾਂ ‘ਤੇ ਸਾਨੂੰ ਹਮੇਸ਼ਾਂ ਮਾਣ ਰਹੇਗਾ। ਉਹਨਾਂ ਦੱਸਿਆ ਕਿ ਖ਼ਾਲਿਸਤਾਨ ਦੀ ਜੰਗ-ਏ-ਅਜ਼ਾਦੀ ‘ਚ ਜੂਝਦਿਆਂ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ 4 ਸਤੰਬਰ 1991 ਨੂੰ ਪੁਲਿਸ ਮੁਕਾਬਲੇ ‘ਚ ਸ਼ਹਾਦਤ ਪ੍ਰਾਪਤ ਕਰ ਗਏ ਸਨ। ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਮਨਪ੍ਰੀਤ ਸਿੰਘ ਮੰਨਾ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਲ ਖ਼ਾਲਸਾ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਗੁਰਦੁਆਰਾ ਝੰਡਾ ਬੁੰਗਾ ਵਿਖੇ ਇਹਨਾਂ ਦੋਵਾਂ ਜੁਝਾਰੂ ਸਿੰਘਾਂ ਦੀ ਯਾਦ ‘ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਵਾਏ ਗਏ ਤੇ ਸਮਾਗਮ ‘ਚ ਸਿੰਘ ਸਾਹਿਬ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਮੁੱਚੀਆਂ ਪੰਥਕ ਜਥੇਬੰਦੀਆਂ ਤੇ ਖ਼ਾਲਿਸਤਾਨੀ ਧਿਰਾਂ ਨੇ ਸ਼ਮੂਲੀਅਤ ਕੀਤੀ ਸੀ।