ਸ਼ਹੀਦਾਂ ਨੂੰ ਜਨਮ ਦੇਣ ਵਾਲੀਆਂ ਮਾਂਵਾਂ ਦੀਆਂ ਕੁੱਖਾਂ ਸਫ਼ਲੀਆਂ ਹੁੰਦੀਆਂ ਹਨ : ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 8 ਸਤੰਬਰ ( ਹਰਮੇਲ ਸਿੰਘ ਹੁੰਦਲ ) ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਹਥਿਆਰਬੰਦ ਸਿੱਖ ਸੰਘਰਸ਼ ‘ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਿੰਡਰਾਂਵਾਲਾ ਟਾਈਗਰ ਫ਼ੋਰਸ ਆਫ਼ ਖ਼ਾਲਿਸਤਾਨ ਦੇ ਜੁਝਾਰੂ ਸ਼ਹੀਦ ਭਾਈ ਗੁਰਮੁਖ ਸਿੰਘ ਤਰਨ ਤਾਰਨ ਦੇ ਭਾਣਜੇ ਭਾਈ ਗੁਰਭੇਜ ਸਿੰਘ ਹਰੀਕੇ ਦਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸ਼ਹੀਦ ਭਾਈ ਗੁਰਮੁਖ ਸਿੰਘ ਦੇ ਮਾਤਾ ਜੀ ਬੀਬੀ ਪ੍ਰੀਤਮ ਕੌਰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਅੰਤਿਮ ਅਰਦਾਸ ਸਮਾਗਮ ‘ਚ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਦੇ ਇਤਿਹਾਸਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਪੁੱਜੇ ਫ਼ੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਦੋਂ ਇਸਤਰੀ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦੀ ਕੁੱਖ ਹਰੀ ਹੋ ਜਾਂਦੀ ਹੈ ਤੇ ਜਦ ਉਹ ਬੱਚਾ ਵੱਡਾ ਹੋ ਕੇ ਪੰਥ, ਕੌਮ, ਧਰਮ, ਦੇਸ਼, ਮਨੁੱਖੀ ਹੱਕਾਂ ਦੀ ਰਾਖੀ ਅਤੇ ਸਰਬੱਤ ਦੇ ਭਲੇ ਲਈ ਸੇਵਾ ਕਰਦਾ ਹੈ ਜਾਂ ਧਰਮ ਯੁੱਧ ‘ਚ ਜੂਝ ਕੇ ਸ਼ਹੀਦੀ ਪਾਉਂਦਾ ਹੈ ਤਾਂ ਉਸ ਮਾਂ ਦੀ ਕੁੱਖ ਸਫ਼ਲੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਿਹਾ ਕਰਦੇ ਸਨ ਕਿ ਜਿੱਥੇ ਅਸੀਂ ਗੁਰੂ ਤੋਂ ਦੁੱਧ ਪੁੱਤ ਦੀਆਂ ਦਾਤਾਂ ਮੰਗਦੇ ਹਾਂ, ਓਥੇ ਸ਼ਹੀਦੀ ਦੀ ਦਾਤ ਵੀ ਮੰਗਿਆ ਕਰੀਏ, ਗੁਰੂ ਸਾਹਿਬਾਨਾਂ ਤੋਂ ਬਾਅਦ ਅਗਲੀ ਪਦਵੀ ਸ਼ਹੀਦਾਂ ਦੀ ਹੀ ਹੈ। ਉਹਨਾਂ ਬੀਬੀ ਪ੍ਰੀਤਮ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਦੱਸਿਆ ਕਿ ਮਾਤਾ ਜੀ ਕਿਹਾ ਕਰਦੇ ਸਨ “ਮੇਰਾ ਪੁੱਤ ਵੀ ਸਾਹਿਬਜ਼ਾਦਿਆਂ ਵਾਂਗ ਜੂਝ ਕੇ ਸ਼ਹੀਦ ਹੋਇਆ ਹੈ ਤੇ ਦਸਮੇਸ਼ ਪਿਤਾ ਦੀ ਗੋਦ ‘ਚ ਜਾ ਬਿਰਾਜਿਆ ਹੈ।” ਉਹਨਾਂ ਆਪਣੇ ਪੁੱਤ ਦੀ ਕਿਰਪਾਨ ਅਤੇ ਗੇਂਦ ਨਿਸ਼ਾਨੀ ਵਜੋਂ ਸਾਂਭ ਕੇ ਰੱਖੀ ਸੀ। ਮਾਤਾ ਜੀ ਛਾਤੀ ਨਾਲ ਫ਼ਤਹਿਨਾਮਾ ਰਸਾਲਾ ਲਾ ਕੇ ਕਹਿੰਦੇ ਹੁੰਦੇ ਸਨ ਕਿ “ਇੰਝ ਜਾਪਦਾ ਜਿਵੇਂ ਮੇਰਾ ਪੁੱਤ ਹੀ ਵਾਪਸ ਆ ਗਿਆ ਹੋਵੇ, ਰਸਾਲੇ ‘ਚ ਮੈਨੂੰ ਮੇਰਾ ਪੁੱਤ ਦਿਸ ਰਿਹਾ ਹੈ।” ਇਸ ਮੌਕੇ ਫ਼ੈਡਰੇਸ਼ਨ ਆਗੂ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਦਲ ਖ਼ਾਲਸਾ ਦੇ ਆਗੂ ਭਾਈ ਅੰਗਦ ਸਿੰਘ ਕਸ਼ਮੀਰ, ਕਥਾਵਾਚਕ ਭਾਈ ਹਰਜੀਤ ਸਿੰਘ ਸੁਲਾਤਨਪੁਰ ਲੋਧੀ, ਢਾਡੀ ਨਰਿੰਦਰ ਸਿੰਘ ਖਾਲਸਾ, ਰਾਗੀ ਭਾਈ ਬਲਜੀਤ ਸਿੰਘ, ਢਾਡੀ ਸੁਖਦੇਵ ਸਿੰਘ ਬੂਹ, ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਕੁਲਵੰਤ ਸਿੰਘ, ਸੁਰਜੀਤ ਸਿੰਘ, ਸੂਬਾ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ, ਅੰਗਰੇਜ ਸਿੰਘ, ਸੁਖਦੇਵ ਸਿੰਘ ਸਭਰਾਅ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ