ਬਰਗਾੜੀ ਤੇ ਬਹਿਬਲ ਕਾਂਡ ਦਾ ਨਾਂਅ ਲੈਣ ਵਾਲਿਆਂ ਨੂੰ ਬਾਦਲਕੇ ਆਪਣੇ ਨਿੱਜੀ ਦੁਸ਼ਮਣ ਮੰਨਦੇ ਹਨ। ਰੱਬ ਨਾ ਕਰੇ ਜੇ ਭਵਿੱਖ ਵਿੱਚ ਕਦੇ ਬਾਦਲਕਿਆਂ ਦਾ ਰਾਜ-ਭਾਗ ਆ ਗਿਆ ਤਾਂ ਇਹਨਾਂ ਕਾਂਡਾਂ ਦਾ ਜ਼ਿਕਰ ਕਰਨ ਵਾਲਿਆਂ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖਤਮ ਕਰਵਾ ਕੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਗਾਇਬ ਕਰ ਦਿੱਤਾ ਜਾਵੇਗਾ। ਬੇਅਦਬੀਆਂ ਦੇ ਮਸਲੇ ਦੀ ਗੱਲ ਛੇੜਨ ਸਾਰ ਬਾਦਲਕਿਆਂ ਦੇ ਹੱਥ-ਠੋਕੇ ਦੋਹੀਂ ਹੱਥੀਂ ਪਿੱਟਣ ਬਹਿ ਜਾਂਦੇ ਨੇ ਕਿ ਇਉਂ ਤਾਂ ਬਰਗਾੜੀ ਤੇ ਬਹਿਬਲ ਕਾਂਡ ਲੋਕਾਂ ਨੂੰ ਚੇਤੇ ਆ ਜਾਂਦੇ ਨੇ।
ਬਾਦਲਕਿਆਂ ਨੂੰ ਜਦ ਪਤਾ ਲਗਦਾ ਕਿ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮੁੱਦੇ ‘ਤੇ ਸਰਗਰਮ ਹੋਣਗੀਆਂ ਤਾਂ ਇਹਨਾਂ ਨੂੰ ਡਰ ਪੈ ਜਾਂਦਾ ਕਿ ‘ਫਸਣਗੇ ਤਾਂ ਸਾਡੇ ਡੇਰੇ ਸਿਰਸੇ ਵਾਲੇ।’ ਬਰਗਾੜੀ ਤੇ ਬਹਿਬਲ ਕਾਂਡ ਨੂੰ ਭੁਲਾ ਸਕਣ ਵਾਲੇ ਲੋਕ, ਵਰਤਾਰੇ ਤੇ ਬੰਦੇ ਬਾਦਲਕਿਆਂ ਨੂੰ ਬੜੇ ਪਿਆਰੇ ਲਗਦੇ ਹਨ। ਇਹੋ ਜਿਹਾ ਹੀ ਇੱਕ ਮੁੱਦਾ ਹੈ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦਾ ਮਸਲਾ, ਬੰਦੀ ਸਿੰਘਾਂ ਦਾ ਮੁੱਦਾ। ਇਹ ਬੇਹੱਦ ਗੰਭੀਰ ਤੇ ਸੰਵੇਦਨਸ਼ੀਲ ਮਸਲਾ ਹੈ। ਬਾਦਲਕਿਆਂ ਦੀ ਰੀਝ ਹੈ ਕਿ ਸਿੱਖ ਜਗਤ ਵਿੱਚ ਇਸ ਮਸਲੇ ਉੱਤੇ ਪੂਰੀ ਸਰਗਰਮੀ ਹੋਵੇ ਤੇ ਹਾਲਾਤ ਐਹੋ ਜਿਹੇ ਬਣ ਜਾਣ ਕਿ ਬਰਗਾੜੀ ਤੇ ਬਹਿਬਲ ਕਾਂਡ ਦੀ ਗੱਲ ਛੇੜਨ ਵਾਲੇ ਖੁਦ ਹੀ ਖਾਮੋਸ਼ ਹੋ ਜਾਣ।
ਸੋ ਸਿੱਖ ਜਗਤ ਦੇ ਇਸ਼ਟ ਦੀ ਬੇਅਦਬੀ ਵਾਲ਼ੇ ਮਸਲੇ ਨਾਲੋਂ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦਾ ਮਸਲਾ ਬਾਦਲ ਦਲ ਨੂੰ ਸੂਤ ਬਹਿੰਦਾ ਹੈ। ਜਿਉਂ ਹੀ ਬਾਦਲ ਦਲ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਵਿੱਚ ਹਾਰਿਆ, ਓਸ ਮਗਰੋਂ ਇਸ ਮਸਲੇ ਉੱਤੇ ਸਰਗਰਮੀ ਸ਼ੁਰੂ ਕਰ ਦਿੱਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਰਾਹੀਂ ਹਰ ਹਰਬਾ ਵਰਤਿਆ ਜਾ ਰਿਹਾ ਹੈ ਕਿ ਬਰਗਾੜੀ ਤੇ ਬਹਿਬਲ ਕਾਂਡ ਦੀ ਥਾਂ ਸਿੱਖਾਂ ਤੇ ਮੀਡੀਆ ਵਿੱਚ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦਾ ਮਸਲਾ ਕੇਂਦਰ-ਬਿੰਦੂ ਬਣ ਜਾਵੇ।
ਪਰ ਮੋਦੀ ਸਰਕਾਰ ਤੇ ਕੇਜਰੀਵਾਲ ਸਰਕਾਰ ਨੇ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੇ ਮਸਲੇ ਉੱਤੇ ਜਦ ਮਨਭਾਉਂਦੀ ਪ੍ਰਤੀਕਿਰਿਆ ਨਹੀਂ ਕੀਤੀ ਤਾਂ ਨਿਰਾਸ਼ ਹੋਏ ਬਾਦਲਕਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਹੱਥ-ਪੱਲਾ ਮਾਰਨਾ ਸ਼ੁਰੂ ਕੀਤਾ ਹੈ। ਬਾਦਲਕੇ ਨਿਰਾਸ਼ ਹਨ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਹਦਾਇਤ ਅਨੁਸਾਰ ਗੁਰਦੁਆਰਿਆਂ ਮੂਹਰੇ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀਆਂ ਫ਼ੋਟੋਆਂ ਵਾਲ਼ੇ ਬੋਰਡ ਲਾ ਰਹੇ ਹਾਂ ਪਰ ਸਿੱਖ ਕੋਈ ਧਿਆਨ ਹੀ ਨਹੀਂ ਦਿੰਦੇ।
ਚੇਤੇ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀਆ ਫੋਟੋਆਂ ਵਾਲ਼ੇ ਬੋਰਡ ਹਰ ਗੁਰਦੁਆਰਾ ਸਾਹਿਬ ਕੋਲ਼ ਲਾਉਣ ਦੀ ਹਦਾਇਤ ਕੀਤੀ ਹੈ।
ਸੰਗਤਾਂ ਦੀ ਰੀਝ ਤਾਂ ਇਹ ਹੈ ਕਿ ਜਿਸ ਵੀ ਗੁਰਦੁਆਰੇ ਸਾਹਿਬ ਦੇ ਬਾਹਰ ਬੰਦੀ ਸਿੰਘਾਂ ਦੀ ਫ਼ੋਟੋ ਵਾਲ਼ੀ ਫਲੈਕਸ ਲੱਗੇ, ਓਸ ਉੱਤੇ ਲਿਖਿਆ ਜਾਵੇ ਕਿ ਬਾਦਲਕਿਆਂ ਦੀ ਭਾਜਪਾ ਨਾਲ਼ ਸਾਂਝ ਮੌਕੇ ਇਹ ਸ਼ਰਤ ਸੀ ਕਿ ਇਹ ਸਿੰਘ ਰਿਹਾਅ ਨਹੀਂ ਕਰਨੇ। ਲਿਖਿਆ ਜਾਵੇ ਕਿ 1997 ਦੀਆਂ ਵੋਟਾਂ ਬਾਦਲਕਿਆਂ ਨੇ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਲਾਰਾ ਲਾ ਕੇ ਜਿੱਤੀਆਂ ਤੇ ਫੇਰ ਸ਼ਰੇਆਮ ਮੁੱਕਰੇ। ਵਾਜਪਾਈ ਸਰਕਾਰ ਨੇ ਤਿੰਨ ਸੌ ਸਾਲਾਂ ਸਮਾਗਮਾਂ ਮੌਕੇ ਜੁਝਾਰੂ ਸਿੰਘਾਂ ਦੀ ਰਿਹਾਈ ਲਈ ਐਲਾਨ ਕਰਨਾ ਸੀ, ਜੋ ਬਾਦਲਕਿਆਂ ਨੇ ਰੁਕਵਾਇਆ। ਭਾਈ ਗੁਰਬਖਸ਼ ਸਿੰਘ ਖ਼ਾਲਸਾ ਤੇ ਬਾਪੂ ਸੂਰਤ ਸਿੰਘ ਦੇ ਮੋਰਚਿਆਂ ਖ਼ਿਲਾਫ਼ ਪੁਲੀਸ ਦਾ ਹਮਲਾ ਕਰਵਾਇਆ। ਆਪਣੇ ਰਾਜ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦੀ ਗੱਲ ਕਰਨ ਵਾਲ਼ਿਆਂ ਉੱਤੇ ਜ਼ੁਲਮ ਕਰਵਾਏ। ਹੁਣ ਜਦ ਖਾਲਸਾ ਪੰਥ ਨੇ ਸੱਤਾ ਤੋਂ ਲਾਂਭੇ ਕਰ ਦਿੱਤੇ ਤਾਂ ਬਾਦਲਕਿਆਂ ਨੇ ਇਹਨਾਂ ਸਿੰਘਾਂ ਦੇ ਬਹਾਨੇ ਸਿਆਸਤ ਵਿੱਚ ਉਖੜੇ ਪੈਰ ਲਾਉਣ ਲਈ ਵਿਉਂਤਬੰਦੀ ਸ਼ੁਰੂ ਕੀਤੀ ਹੈ। ਇਹ ਓਹੀ ਬਾਦਲਕੇ ਨੇ ਜਿਹੜੇ ਕਹਿੰਦੇ ਰਹੇ ਕਿ ਅਸੀਂ ਬੰਦੀ ਸਿੰਘਾਂ ਲਈ ਕੱਖ ਨਹੀਂ ਕਰ ਸਕਦੇ। ਇਹ ਓਹੀ ਬਾਦਲਕੇ ਨੇ ਜਿਹੜੇ ਭਾਜਪਾ ਲੀਡਰਸ਼ਿਪ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਨੁਕਸਾਨ ਗਿਣਾਉਂਦੇ ਰਹੇ। ਇਹ ਓਹੀ ਬਾਦਲਕੇ ਨੇ ਜਿਨ੍ਹਾਂ ਨੇ ‘ਸਾਡਾ ਕੱਖ ਨਾ ਰਹੇ’ ਵਾਲ਼ੀ ਅਰਦਾਸ ਕੀਤੀ ਹੋਈ ਹੈ।
ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜੇਕਰ ਅਜ਼ਾਦ ਜਥੇਦਾਰ ਹੁੰਦੇ ਤਾਂ ਹੁਣ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹੁਕਮ ਹੋ ਚੁੱਕਾ ਹੋਣਾ ਸੀ ਕਿ ਹਰ ਗੁਰਦੁਆਰੇ ਦੇ ਬਾਹਰ ਬੇਅਦਬੀ ਕਰਨ ਵਾਲਿਆਂ ਪਾਪੀਆਂ ਦੀਆਂ ਫੋਟੋਆਂ ਫਲੈਕਸਾਂ ਲਾਓ ਤਾਂ ਕਿ ਜੇ ਓਹ ਦੁਸ਼ਟ ਕਿਸੇ ਗੁਰਦੁਆਰੇ ‘ਚ ਦਾਖਲ ਹੋਣ ਤਾਂ ਸੰਗਤਾਂ ਨੂੰ ਪਤਾ ਲੱਗ ਜਾਵੇ ਕਿ ਇਹ ਪਾਪੀ ਬੇਅਦਬੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹੋਇਆ ਸੀ ਪਰ ਸਰਕਾਰ ਨੇ ਇਸ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਇਹ ਲਾਜ਼ਮੀ ਬਰੀ ਵੀ ਹੋਵੇਗਾ। ਇਹੋ ਜਿਹੇ ਪਾਪੀਆਂ ਦੀਆਂ ਫਲੈਕਸਾਂ ਲਾਉਣ ਦੀ ਗੱਲ ਛੇੜ ਕੇ ਵੇਖੋ ਕਿਵੇਂ ਬਾਦਲਕਿਆਂ ਦਾ ਆਈ.ਟੀ. ਸੈੱਲ ਤੁਹਾਡਾ ਜਲੂਸ ਕੱਢਦਾ। ਜਿੱਦਣ ਸੰਗਤਾਂ ਸਮਝ ਗਈਆਂ ਕਿ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦਾ ਮਸਲਾ ਉਭਾਰਨ ਪਿੱਛੇ ਬਾਦਲਕਿਆਂ ਦੀ ਮਨਸਾ ਬੇਅਦਬੀਆਂ ਦਾ ਮੁੱਦਾ ਧੱਕ ਕੇ ਖੁੰਝੇ ਲਾਉਣਾ ਹੈ, ਇਹਨਾਂ ਦੇ ਹੱਥ-ਠੋਕੇ ਗੁਰਸਿੱਖਾਂ ਨੂੰ ਬਦਨਾਮ ਕਰਨਗੇ ।
ਬਾਦਲ ਦਲ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਲਈ ਧਰਨਾ ਲਾਉਣਾ ਚਾਹੁੰਦਾ ਹੈ ਕਿ ਕੀ ਪਤਾ ਲੋਕ ਮਗਰ ਲੱਗ ਹੀ ਜਾਣ ਕਿੱਡੇ ਚਾਤਰ ਬਣਦੇ ਆ, ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਨੂੰ ਫਿਰਦੇ ਆ। ਇਹਨਾਂ ਨੂੰ ਪਤਾ ਕਿ ਸਾਨੂੰ ਤਾਂ ਕੋਈ ਪੁਤਲਾ ਫੂਕਣ ਲਈ ਪਰਾਲੀ ਨਹੀਂ ਦਿੰਦਾ। ਸੋ ਜੇਲ੍ਹ ਨਜਰਬੰਦ ਸਿੰਘਾਂ ਦਾ ਜਜ਼ਬਾਤੀ ਮੁੱਦਾ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਨਾਂਅ ਤੇ ਬਿਆਨਬਾਜੀ ਕਰ ਕੇ ਸਿੱਖਾਂ ਨੂੰ ਭਰਮਾਈਏ ਤੇ ਫਿਰ ਸ਼ਾਇਦ ਸਾਡੀ ਗੱਲ ਬਣ ਹੀ ਜਾਵੇ। ਪਰ ਦੁਨੀਆਂ ਸਭ ਸਮਝਦੀ ਹੈ ਕਿ ਇਹ ਓਹੀ ਨੇ ਜਿਨ੍ਹਾਂ ਦੇ ਰਾਜ ਵਿੱਚ ਜੇਲ੍ਹ ਵਿੱਚ ਨਜਰਬੰਦ ਸਿੰਘਾਂ ਦੀ ਗੱਲ ਕਰਨ ਵਾਲਿਆਂ ਦੀ ਜ਼ੁਲਮ ਤਸ਼ੱਦਦ ਹੁੰਦਾ ਰਿਹਾ ਹੈ।
24 ਜੁਲਾਈ 1994 ਦੇ ਦਿਨ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਹਿੱਤ ਬਾਦਲ ਦਲ ਵੱਲੋਂ ਮੋਗੇ ਵਿਖੇ ਆਪਣੇ ਧੜੇ ਦੀ ਮੀਟਿੰਗ ਸੱਦ ਕੇ ਐਲਾਨ ਕੀਤਾ ਕਿ ਕੋਈ ਵੀ ਗੈਰ-ਸਿੱਖ ਇਸ ਪਾਰਟੀ ਦਾ ਮੈਂਬਰ ਬਣ ਸਕਦਾ ਹੈ। ਇਸ ਐਲਾਨ ਨੇ ਸ਼ਹੀਦਾਂ ਦੀ ਜਥੇਬੰਦੀ ਨੂੰ ਪੰਜਾਬੀ ਪਾਰਟੀ ਅਤੇ ਪਰਿਵਾਰਕ ਪਾਰਟੀ ਵਿੱਚ ਤਬਦੀਲ ਕਰ ਦਿੱਤਾ, ਜਿਸ ਕਰਕੇ ਇਹ ਪਾਰਟੀ ਸਿੱਖ ਪੰਥ ਤੋਂ ਦੂਰ ਹੁੰਦੀ ਚੱਲੀ ਗਈ ਅਤੇ ਜਿਨ੍ਹਾਂ ਪੁਲੀਸ ਅਫਸਰਾਂ ਨੇ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡੀ, ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉੱਚ ਅਹੁਦਿਆਂ ਨਾਲ਼ ਨਿਵਾਜਿਆ। ਫਿਰ ਸਿਰਸੇ ਵਾਲੇ ਬਲਾਤਕਾਰੀ ਸਾਧ ਨਾਲ਼ ਯਾਰੀ ਨਿਭਾਉਂਦਿਆਂ ਉਸ ਦੇ ਫ਼ਿਲਮੀ ਪੋਸਟਰਾਂ ਤਕ ਨੂੰ ਸੁਰੱਖਿਆ ਦੇਣ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਪਿੱਠ ਪੂਰਨ, ਬੇਅਦਬੀ ਦਾ ਇਨਸਾਫ ਮੰਗਦੀਆਂ ਸਿੱਖ ਸੰਗਤਾਂ ‘ਤੇ ਗੋਲੀਬਾਰੀ ਕਰਨ ਤਕ ਜਾ ਪਹੁੰਚੀ, ਜਿਸ ਦਾ ਖਮਿਆਜ਼ਾ ਭੁਗਤਦਿਆਂ ਅੱਜ ਇਹ ਪਾਰਟੀ ਪੰਜਾਬ ਦੀ ਸਿਆਸਤ ਤੋਂ ਬਾਹਰ ਹੋਣ ਤਕ ਜਾ ਪਹੁੰਚੀ, ਸਿੱਖ ਅਵਾਮ ਹੁਣ ਕਦੇ ਵੀ ਬਾਦਲ ਲਾਣੇ ਅਤੇ ਉਹਨਾਂ ਨਾਲ਼ ਬਰਾਬਰ ਦੇ ਸ਼ਰੀਕ ਸਿਆਸੀ ਲੁਟੇਰਿਆਂ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ, ਭਾਵੇਂ ਕਿ ਹੁਣ ਇਹ ਫ਼ਿਲਮੀ ਐਕਟਰਾਂ ਦੀ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਆਪਣੇ ਆਪ ਨੂੰ ਪੰਥਕ ਸਿੱਧ ਕਰਨ ਲਈ ਯਤਨਸ਼ੀਲ ਹਨ ਪਰ ਹੁਣ ਇਹ ਨਾ-ਮੁਮਕਿਨ ਹੈ।
ਬਾਦਲਕਿਆਂ ਨੇ ਹਮੇਸ਼ਾਂ ਪੰਥ ਤੇ ਪੰਜਾਬ ਤੋਂ ਸਿਆਸੀ ਤਾਕਤ ਲਈ ਤੇ ਹਮੇਸ਼ਾਂ ਪੰਥ ਤੇ ਪੰਜਾਬ ਦੇ ਖਿਲਾਫ਼ ਭੁਗਤੇ। ਜਦ ਤੋਂ ਸੁਖਬੀਰ ਸਿੰਘ ਬਾਦਲ ਦੇ ਹੱਥ ਤਾਕਤ ਆਈ ਹੈ, ਉਸ ਤੋਂ ਬਾਅਦ ਤਾਂ ਬਿਲਕੁਲ ਹੀ ਹਾਲਾਤ ਨਿੱਘਰ ਗਏ। ਪੰਥ, ਕੌਮ, ਧਰਮ, ਸਿੱਖੀ ਵਰਗੇ ਸ਼ਬਦ ਬਿਲਕੁਲ ਤਿਆਗ ਦਿੱਤੇ ਗਏ। ਸਿੱਖੀ ਨੂੰ ਪ੍ਰਣਾਏ ਪੰਥ-ਪੁਸਤ ਲੋਕਾਂ ਦੀ ਥਾਂ ਪੈਸੇ-ਧੇਲੇ ਵੱਲੋਂ ਰੱਜੇ-ਪੁੱਜੇ ਲੋਕ ਅਕਾਲੀ ਆਗੂ ਬਣ ਬੈਠੇ ਜਿਨ੍ਹਾਂ ਨੇ ਅਸਲ ਅਕਾਲੀਆਂ ਨੂੰ ਧੱਕ ਕੇ ਖੁੰਝੇ ਹੀ ਲਾ ਦਿੱਤਾ। ਕਾਂਗਰਸ ਦੇ ਸਤਾਏ ਸਿੱਖਾਂ ਨੇ ਬਾਦਲਕਿਆਂ ਨੂੰ ਵਾਰ-ਵਾਰ ਮੌਕਾ ਦਿੱਤਾ ਪਰ ਇਹਨਾਂ ਨੇ ਇਹ ਸੋਚ ਲਿਆ ਕਿ ਸਿੱਖ ਤਾਂ ਸਾਡੇ ਮੁਹਥਾਜ ਨੇ ਤੇ ਸਾਡੇ ਬਗੈਰ ਇਹਨਾਂ ਨੇ ਕਿਸੇ ਪਾਸੇ ਨਹੀਂ ਜਾਣਾ। ਇਸੇ ਗਲਤਫਹਿਮੀ ਵਿੱਚ ਬਾਦਲਕਿਆਂ ਨੇ ਸਿੱਖੀ ਦੇ ਦੁਸ਼ਮਣ ਡੇਰਿਆਂ, ਧਿਰਾਂ ਤੇ ਸੰਸਥਾਵਾਂ ਦੀ ਪੁਸ਼ਤਪਨਾਹੀ ਸ਼ੁਰੂ ਕਰ ਦਿੱਤੀ।
ਬਾਕੀ ਡੇਰਿਆਂ ਨਾਲੋਂ ਡੇਰਾ ਸਿਰਸਾ ਨੇ ਸਿੱਖਾਂ ਨੂੰ ਬੇਹੱਦ ਸਤਾਇਆ। ਜਦੋਂ ਗੱਲ ਇਸ਼ਟ ਤਕ ਪਹੁੰਚ ਗਈ ਤਾਂ ਸਿੱਖਾਂ ਨੇ ਬੇਅਦਬੀ ਦੇ ਦੋਸ਼ੀਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪਰ ਬਾਦਲਕਿਆਂ ਨੇ ਡੇਰੇ ਸਿਰਸੇ ਵਾਲ਼ਿਆਂ ਨੂੰ ਬਚਾਉਣ ਲਈ ਸਿੱਖਾਂ ਉੱਤੇ ਕਹਿਰ ਢਾਹਿਆ। ਅੱਕੇ ਹੋਏ ਸਿੱਖਾਂ ਨੇ ਹੋਰ ਪਾਰਟੀਆਂ ਵੱਲ ਦੇਖਣਾ ਸ਼ੁਰੂ ਕਰ ਦਿੱਤਾ।
ਇਹ ਸੱਚ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਿੱਖ ਜਗਤ ਦੀਆਂ ਸਿਰਮੌਰ ਸੰਸਥਾਵਾਂ ਹਨ। ਇਹ ਵੀ ਸੱਚ ਹੈ ਕਿ ਸਿੱਖ ਕੌਮ ਦੇ ਦੁਸ਼ਮਣ ਸਦਾ ਹੀ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਯਤਨਸ਼ੀਲ ਰਹੇ ਹਨ। ਪਰ ਜਦ 1984 ਵਿੱਚ ਹਕੂਮਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕੀਤਾ ਤਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਕੁਝ ਨਹੀਂ ਵਿਗੜਿਆ। ਪਵਿੱਤਰ ਇਮਾਰਤ ਵੀ ਸ਼ੋਭਦੀ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫਲਸਫਾ ਵੀ ਬਰਕਰਾਰ ਹੈ। ਪਰ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਮੋਢਾ ਵਰਤ ਕੇ ਓਹ ਕੁਝ ਕੀਤਾ ਕਿ ਸਿੱਖੀ ਦੇ ਸਾਰੇ ਦੁਸ਼ਮਣ ਹੱਕੇ ਬੱਕੇ ਹੋ ਗਏ ਕਿ ਅਸੀਂ ਤਾਂ ਐਵੇਂ ਟੱਕਰਾਂ ਮਾਰੀ ਗਏ, ਸ੍ਰੀ ਅਕਾਲ ਤਖਤ ਸਾਹਿਬ ਦਾ ਅਸਲ ਨੁਕਸਾਨ ਤਾਂ ਇਉਂ ਹੁੰਦਾ ਹੈ।
1994 ਤੋਂ ਪਹਿਲਾਂ ਬੜੀ ਵਾਰ ਅਕਾਲੀ ਦਲ ਟੁੱਟਿਆ, ਜੁੜਿਆ ਪਰ ਜਦ ਬਾਦਲ ਪਰਿਵਾਰ ਨੇ ਇਸ ਨੂੰ ਪੰਜਾਬੀ ਪਾਰਟੀ ਬਣਾਇਆ ਤਾਂ ਓਹ ਨੁਕਸਾਨ ਹੋਇਆ, ਜੋ ਪਹਿਲਾਂ ਕਦੇ ਕਿਸੇ ਦੁਸ਼ਮਣ ਤੋਂ ਵੀ ਨਹੀਂ ਸੀ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਕੌਮ ਦੀ ਪਾਰਲੀਮੈਂਟ ਕਿਹਾ ਜਾਂਦਾ ਰਿਹਾ ਹੈ ਤੇ ਕੁਰਬਾਨੀਆਂ ਨਾਲ਼ ਸਿਰਜੀ ਇਸ ਸੰਸਥਾ ਦੇ ਪ੍ਰਧਾਨ ਨੂੰ ਸਿੱਖ ਜਗਤ ਦੇ ਪੋਪ ਵਾਂਗ ਅਦਬ ਸਤਿਕਾਰ ਮਿਲਦਾ ਰਿਹਾ ਹੈ ਪਰ ਬਾਦਲਕਿਆਂ ਨੇ ਐਨੇ ਛੋਟੇ ਕੱਦ ਕਿਰਦਾਰ ਤੇ ਸਮਝ ਵਾਲ਼ੇ ਬੰਦੇ ਇਸ ਸੰਸਥਾ ਤੇ ਬਿਠਾਏ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਸਵਾਰਥਾਂ ਲਈ ਇਉਂ ਵਰਤਿਆ ਕਿ ਇਸ ਸੰਸਥਾ ਦੀ ਚੜ੍ਹਤ, ਰੜਕ, ਬੜਕ ਤੇ ਸ਼ਾਨ ਹੀ ਮਾਰ ਦਿੱਤੀ। ਸਾਡੀ ਕੌਮ ਦੀਆਂ ਸੰਸਥਾਵਾਂ ਦਾ ਭੋਗ ਪਾਉਣ ਵਾਲ਼ਾ ਬਾਦਲ ਪਰਿਵਾਰ ਹੈ ਤੇ ਅੱਜ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਜਦ ਕੌਮੀ ਮਸਲਿਆਂ ਦੀ ਗੱਲ ਕਰਦੇ ਹਨ ਤਾਂ ਸੰਗਤਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਤਾਂ ਬਾਦਲਕਿਆਂ ਦੇ ਸਿਆਸਤ ਵਿੱਚ ਉਖੜੇ ਪੈਰ ਦੁਬਾਰਾ ਲਾਉਣ ਦੀ ਵਿਉਂਤਬੰਦੀ ਹੈ। ਗਿਆਨੀ ਜੀ ਜਦ ਵੀ ਕੋਈ ਪੰਥਕ ਕਾਰਵਾਈ ਨਾਲ਼ ਸੰਗਤਾਂ ਵਿੱਚ ਪ੍ਰਵਾਨਿਤ ਹੋ ਕੇ ਸਤਿਕਾਰ ਹਾਸਲ ਕਰਨ ਵੱਲ ਵਧਦੇ ਹਨ ਤਾਂ ਤੁਰੰਤ ਬਾਦਲਕਿਆਂ ਕਰਕੇ ਓਹ ਖੁਦ ਵੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਨੇ। ਇਹ ਹਕੀਕਤ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਇਤਿਹਾਸ ਵਿੱਚ ਬਾਦਲਕਿਆਂ ਦਾ ਜ਼ਿਕਰ ਸਿੱਖ ਕੌਮ ਦੇ ਹਿੱਤਾਂ ਦਾ ਨੁਕਸਾਨ ਕਰਨ ਵਾਲ਼ਿਆਂ ਵਿੱਚ ਆਉਣਾ ਹੈ। ਜੇ ਕੋਈ ਇਹਨਾਂ ਦਾ ਪੱਖ ਪੂਰਦਾ ਹੈ ਤਾਂ ਉਸ ਨੂੰ ਵੀ ਸੇਕ ਲਾਜ਼ਮੀ ਲੱਗੇਗਾ।
ਬਾਦਲਕਿਆਂ ਨੂੰ ਬੇਸ਼ੱਕ ਦੁਬਾਰਾ ਵੋਟਾਂ ਵਿੱਚ ਜਿੱਤ ਵੀ ਮਿਲ ਜਾਵੇ ਤਾਂ ਵੀ ਉਹ ਸੁਰਖੁਰ ਨਹੀਂ ਹੋ ਸਕਦੇ। ਬਾਦਲ ਪਰਿਵਾਰ ਨੇ ਸਧਾਰਨ ਜੁਰਮ ਨਹੀਂ, ਗੁਨਾਹ ਕੀਤੇ ਨੇ, ਪਾਪ ਕੀਤੇ ਨੇ। ਇਸ ਪਰਿਵਾਰ ਨੂੰ ਵੀ ਅਹਿਸਾਸ ਹੈ ਕਿ ਸਿੱਖ ਸੰਗਤਾਂ ਸਾਡੇ ਪਾਪ ਕਰਮ ਤੋਂ ਦੁਖੀ ਹਨ। ਪਰ ਸੱਜਣ ਠੱਗ, ਭਾਈ ਬਿਧੀ ਚੰਦ ਵਾਂਗ ਪਛਤਾਵਾ ਕਰ ਕੇ, ਜੀਵਨ ਦਾ ਸੁਧਾਰ ਕਰਨ ਦੀ ਥਾਂ ਰੱਬ ਤੇ ਜੱਗ ਨਾਲ਼ ਠੱਗੀ ਮਾਰ ਰਹੇ ਨੇ।
‘ਸਾਡਾ ਕੱਖ ਨਾ ਰਹੇ’ ਵਰਗੀਆਂ ਅਰਦਾਸਾਂ ਨੇ ਸਿੱਖ ਜਗਤ ਨੂੰ ਹੋਰ ਦੁਖੀ ਹੀ ਕੀਤਾ ਹੈ। ਜਦ ਤਕ ਬਾਦਲ ਪਰਿਵਾਰ ਦਾ ਕਾਲਾ ਪਰਛਾਵਾਂ ਰਹੇਗਾ, ਓਦੋਂ ਤਕ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤੇ ਸਿੱਖ ਜਗਤ ਦਾ ਸੰਤਾਪ ਨਹੀਂ ਮੁੱਕੇਗਾ। ਜੀਹਨੇ-ਜੀਹਨੇ ਬਾਦਲਕਿਆਂ ਦਾ ਪੱਖ ਪੂਰਦੇ ਕੋਲਿਆਂ ਦੀ ਦਲਾਲੀ ਕਰਨੀ ਹੋਵੇ, ਆਪਣਾ ਮੂੰਹ ਸਿਰ ਕਾਲ਼ਾ ਕਰਵਾ ਸਕਦਾ ਹੈ ਕਿਉਂਕਿ ਬਾਦਲਾਂ ਨੇ ਜੋ ਕੁਝ ਇਕੱਠਾ ਕੀਤਾ ਹੋਇਆ ਹੈ, ਉਹਦੇ ਵਿੱਚੋਂ ਬਖਸ਼ੀਸ਼ ਦੇ ਕੇ ਓਹ ਲੋਕਾਂ ਤੋਂ ਆਪਦੇ ਹੱਕ ਵਿੱਚ ਹੁਣ ਵੀ ਲਿਖਵਾ ਤੇ ਬੁਲਵਾ ਸਕਦੇ ਹਨ। ਬਾਦਲਕਿਆਂ ਦੀ ਕਾਰੂ ਬਾਦਸ਼ਾਹ ਜਿੰਨੀ ਦੌਲਤ ਹੋਵੇਗੀ ਪਰ ਸਿੱਖ ਇਤਿਹਾਸ ਵਿੱਚ ਬਾਦਲਕਿਆਂ ਨਾਲ਼ੋਂ ਆਮ ਸਧਾਰਨ ਗੁਰਸਿੱਖ ਦਾ ਥਾਂ ਕਿਤੇ ਉੱਚਾ ਹੈ। ਜਿਹੜੇ ਕਿਰਤੀ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬਾਦਲਕਿਆਂ ਦੇ ਲੰਘਣ ਮੌਕੇ ਸਕਿਓਰਿਟੀ ਵਾਲ਼ੇ ਧੱਕੇ ਮਾਰਦੇ ਨੇ ਤੇ ਟਾਸਕ ਫੋਰਸ ਵਾਲੇ ਦਸਤਾਰਾਂ ਲਾਹੁੰਦੇ ਨੇ, ਓਹ ਸਿੱਖ ਸਤਿਗੁਰੂ ਨੂੰ ਪ੍ਰਵਾਨ ਹਨ। ਬਾਦਲਕਿਆਂ ਦਾ ਸੰਗ ਸਾਥ ਮਾਨਣ ਵਾਲ਼ੇ ਅੰਤ ਪਛਤਾਉਣਗੇ।
ਸਿਰਸੇ ਵਾਲ਼ੇ ਇਹ ਕਹਿੰਦੇ ਹੁੰਦੇ ਸੀ ਕਿ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’। ਉਸ ਮੱਕੜ-ਜਾਲ਼ ਵਿੱਚ ਉਲ਼ਝੇ ਸਿਰਸੇ ਵਾਲ਼ੇ ਸਮਝਦੇ ਰਹੇ ਕਿ ਸਾਨੂੰ ਡੇਰਾ ਮੁਖੀ ਦਾ ਇਹ ਆਸਰਾ ਹੈ, ਜੇ ਓਹ ਨਾ ਹੋਵੇ ਤਾਂ ਅਸੀਂ ਖਤਮ। ਪਰ ਆਖਰ ਅਕਾਲ ਪੁਰਖ ਦਾ ਹੁਕਮ ਹੋਇਆ ਤੇ ਡੇਰਾ ਮੁਖੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ। ਲੋਕਾਂ ਦਾ ਆਸਰਾ ਆਪ ਆਸਰੇ ਭਾਲਦਾ ਫਿਰਦਾ। ਹੁਣ ਕੁਝ ਲੋਕਾਂ ਨੂੰ ਭਰਮ ਹੈ ਕਿ ਜੇ ਬਾਦਲਕੇ ਨਾ ਰਹੇ ਤਾਂ ਪਰਲੋ ਆ ਜਾਣੀ ਆ। ਉਹ ‘ਧੰਨ ਧੰਨ ਬਾਦਲ ਸਾਹਬ, ਤੇਰਾ ਈ ਆਸਰਾ’ ਤਾਂ ਨਹੀਂ ਕਹਿੰਦੇ ਪਰ ਅਹਿਸਾਸ ਇਹੋ ਕਰਵਾਉਂਦੇ ਨੇ ਕਿ ਬਾਦਲਕਿਆਂ ਬਗੈਰ ਸਿੱਖ ਜਗਤ ਦਾ ਕੰਮ ਖ਼ਤਮ ਆ ਤੇ ਕੋਈ ਵੀ ਮਸਲਾ ਹੱਲ ਨਹੀਂ ਹੋ ਸਕਦਾ। ਬਾਦਲਕਿਆਂ ਨੂੰ ਸਰਬ ਸ਼ਕਤੀਮਾਨ ਦਰਸਾਉਣ ਵਾਲ਼ੇ ਚਾਪਲੂਸਾਂ, ਖੁਦਗਰਜ਼ ਤੇ ਵਿਕਾਊ ਲੋਕਾਂ ਨੂੰ ਵੇਖ ਕੇ ਪੁਰਾਤਨ ਯੁੱਗ ਦੇ ਓਹ ਲੋਕ ਚੇਤੇ ਆ ਰਹੇ ਨੇ ਜਿਹੜੇ ਧਾਰਮਿਕ ਬੁਰਕੇ ਪਹਿਨ ਕੇ ਸੋਨੇ-ਚਾਂਦੀ ਬਦਲੇ ਰਾਜਿਆਂ ਮਹਾਰਾਜਿਆਂ ਨੂੰ ਰੱਬੀ ਸ਼ਕਤੀਆਂ ਨਾਲ ਲੈਸ ਦਰਸਾ ਦਿੰਦੇ ਸੀ ਤੇ ਆਮ ਲੋਕਾਂ ਨੂੰ ਉਹਨਾਂ ਸਾਮ੍ਹਣੇ ਝੁਕਣ ਦੀ ਆਦਤ ਪਾ ਦਿੰਦੇ ਸੀ।
ਖਾਲਸਾ ਪੰਥ ਕਿਸੇ ਬੰਦੇ ਜਾਂ ਧਿਰ ਦਾ ਕਦੇ ਮੁਥਾਜ ਨਹੀਂ ਹੋ ਸਕਦਾ। ਪੰਜ ਸਦੀਆਂ ਦੇ ਇਤਿਹਾਸ ਵਿੱਚ ਬੜੇ ਰੰਗ ਢੰਗ ਵੇਖੇ, ਬੜੀਆਂ ਸ਼ਖਸੀਅਤਾਂ ਚਰਚਾ ਵਿੱਚ ਰਹੀਆਂ ਪਰ ਖਾਲਸਾ ਪੰਥ ਨੇ ਕਦੇ ਕਿਸੇ ਦੀ ਮੁਥਾਜਗੀ ਨਹੀਂ ਝੱਲੀ। ਪਰ ਹੁਣ ਕਹਿੰਦੇ ਕਿ ਬਾਦਲਕਿਆਂ ਬਗੈਰ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਨਾ-ਮੁਮਕਿਨ ਹੈ। ਇਉਂ ਸਿੱਖ ਕੌਮ ਨੂੰ ਬਲੈਕਮੇਲ ਕਰ ਕੇ ਬਾਦਲਕਿਆਂ ਦੀ ਈਨ ਮਨਾਉਣ ਲਈ ਏਜੰਟ ਸਰਗਰਮ ਨੇ ਜੋ ਪੰਥਕ ਸੋਚ ਵਾਲਿਆਂ ਨੂੰ ਲੋਕਾਂ ਤੋਂ ਗਾਲਾਂ ਕਢਵਾਉਣ ਲਈ ਕਿਸੇ ਵੀ ਹੱਦ ਤਕ ਗਿਰ ਸਕਦੇ ਨੇ ਕਿ ਇਹ ਬਾਦਲਕਿਆਂ ਦੀਆਂ ਕਰਤੂਤਾਂ ਫਰੋਲਦੇ ਨੇ।
ਇਸ ਗੱਲ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਭਾਜਪਾ ਵਾਲ਼ੇ ਸਿੱਖ ਜਗਤ ਵਿੱਚ ਬਾਦਲਕਿਆਂ ਦੇ ਪੈਰ ਲਵਾਉਣ ਲਈ ਇਹ ਪ੍ਰਭਾਵ ਦੇ ਸਕਦੇ ਨੇ, ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਚਾਹੀਦੀ ਹੈ ਤਾਂ ਸਾਰੇ ਸਿੱਖ ਆਗੂਆਂ ਨੂੰ ਬਾਦਲ ਪਰਿਵਾਰ ਦੀ ਅਗਵਾਈ ਵਿੱਚ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ। ਜਿਵੇਂ ਥਾਣੇ ਵਾਲ਼ੇ ਆਪਣੇ ਟਾਊਟ ਦੇ ਨੰਬਰ ਬਣਾਉਣ ਲਈ ਕਹਿੰਦੇ ਹੁੰਦੇ ਨੇ ਕਿ ਫਲਾਣੇ ਸਿੰਘ ਦੀ ਸਾਹਬ ਪੂਰੀ ਮੰਨਦਾ, ਓਹਨੂੰ ਲਿਆਓ, ਬੰਦੇ ਛੁਡਵਾਕੇ ਲੈ ਜੋ। ਪਰ ਜਿਸ ਕੈਟ ਟਾਊਟ ਦੀ ਲੋਕਾਂ ਵਿੱਚ ਕੋਈ ਸਾਖ ਨਾ ਹੋਵੇ, ਕੋਈ ਆਧਾਰ ਨਾ ਹੋਵੇ, ਜਿਹੜਾ ਕੰਮ ਦੇਣ ਜੋਗਾ ਨਾ ਰਹੇ, ਬਹੁਤੇ ਪੁਲੀਸ ਵਾਲ਼ੇ ਉਹਨੂੰ ਬੇਇਜ਼ਤੀ ਕਰ ਕੇ ਬਗੈਰ ਮਿਲਿਆਂ ਮੋੜ ਦਿੰਦੇ ਨੇ ਤੇ ਕਈ ਸੋਚਦੇ ਨੇ ਕਿ ਅੱਜ ਜੇ ਇਹਦਾ ਸਾਥ ਦੇ ਕੇ, ਇਹਦਾ ਆਧਾਰ ਬਣਾ ਦੇਈਏ ਤਾਂ ਭਵਿੱਖ ਵਿੱਚ ਕੀ ਪਤਾ ਕਿੰਨੇ ਕੰਮ ਦਾ ਸਾਬਤ ਹੋ ਜਾਵੇ। ਇਸ ਵੇਲ਼ੇ ਭਾਜਪਾ ਵਿੱਚ ਦੋਵੇਂ ਤਰਾਂ ਦੇ ਵਿਚਾਰ ਚੱਲਦੇ ਨੇ। ਕਦੇ ਭਾਜਪਾ ਵੱਲੋਂ ਜੇਲ੍ਹ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਤੇ ਹੋਰ ਮਸਲਿਆਂ ਲਈ ਬਾਦਲਕਿਆਂ ਤੋਂ ਨਿਰਾਸ਼ ਤੇ ਨਾਰਾਜ਼ ਸਿੱਖ ਆਗੂਆਂ ਤੇ ਜਥੇਬੰਦੀਆਂ ਨੂੰ ਦਾਣਾ ਪਾ ਦਿੱਤਾ ਜਾਂਦਾ ਹੈ ਕਿ ਬਾਦਲਕਿਆਂ ਦੇ ਬਦਲ ਵਜੋਂ ਤੁਹਾਨੂੰ ਉਭਾਰਨ ਲਈ ਇਹ ਮਸਲਾ ਵਰਤਣਾ ਹੈ। ਕਦੇ ਬਾਦਲਕਿਆਂ ਨੂੰ ਚੋਗਾ ਪਾ ਦਿੱਤਾ ਜਾਂਦਾ ਹੈ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਸਾਡਾ ਸਾਥ ਦਿਓ, ਫੇਰ ਚਾਰ ਧਰਨੇ ਮੁਜ਼ਾਹਰਿਆਂ ਵਿੱਚ ਬੇਸੁਰਾ ਗਾਣਾ ਸੁਣਾਓ, ਤੁਹਾਡੇ ਮਗਰ ਲੋਕਾਂ ਨੇ ਲੱਗ ਜਾਣਾ, ਫੇਰ ਸਿੰਘ ਰਿਹਾਅ ਕਰ ਦਿਆਂਗੇ। ਪਰ ਹਕੀਕਤ ਵਿੱਚ ਜੇਲ੍ਹ-ਨਜਰਬੰਦ ਸਿੰਘਾਂ ਦੇ ਬਹਾਨੇ ਪੰਥਕ ਅਤੇ ਖਾਲਿਸਤਾਨੀ ਸੋਚ ਨੂੰ ਨੀਵਾਂ ਵਿਖਾ ਕੇ ਭਾਰਤੀ ਹਕੂਮਤੀ ਸਿਸਟਮ ਦੀ ਈਨ ਮੰਨਣ ਵਾਲਿਆਂ ਨੂੰ ਉਭਾਰਿਆ ਜਾ ਰਿਹਾ ਹੈ। ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਕਿ ਬਾਦਲ ਪਰਿਵਾਰ ਬਗੈਰ ਗੁਜਾਰਾ ਨਹੀਂ। ਜਿਵੇਂ ਸਿੱਖ ਇਤਿਹਾਸ ਬਾਦਲਕਿਆਂ ਵਰਗਿਆਂ ਦਾ ਹੀ ਮੁਥਾਜ ਰਿਹਾ ਹੈ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ