ਸਿਵਲ,ਪੁਲਿਸ ਪ੍ਰਸਾਸ਼ਨ ਅਤੇ ਸੱਤਾਧਾਰੀ ਰਾਜਸੀ ਧਿਰ ਦੀਆਂ ਲੋਕਤੰਤਰ ਦੇ ਚੌਥੇ ਥੰਮ ਨੂੰ ਦਬਾਉਣ ਦੀਆਂ ਕੋਸਿਸ਼ਾਂ ਕਾਮਯਾਬ ਨਹੀਂ ਹੋਣ ਦੇਵਾਂਗੇ-ਜੱਥੇਬੰਦੀਆਂ ਦੇ ਆਗੂ
ਬਾਘਾ ਪੁਰਾਣਾ, 17 ਸਤੰਬਰ (ਰਾਜਿੰਦਰ ਸਿੰਘ ਕੋਟਲਾ)- ਬਾਘਾ ਪੁਰਾਣਾ ਸ਼ਹਿਰ ਦੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧਤ ਸਾਰੇ ਪੱਤਰਕਾਰਾਂ ਦੀਆਂ ਸਮੂਹ ਪ੍ਰੈੱਸ ਕਲੱਬਾਂ ਦੀ ਜ਼ਰੂਰੀ ਮੀਟਿੰਗ ਸਮੂਹ ਪ੍ਰੈੱਸ ਕਲੱਬਾਂ ਦੇ ਆਗੂ ਸਾਹਿਬਾਨਾਂ ਦੀ ਪ੍ਰਧਾਨਗੀ ਹੇਠ ਬਾਬਾ ਰੋਡੂ ਮੰਦਰ ਬਾਘਾ ਪੁਰਾਣਾ ਵਿਖੇ ਹੋਈ। ਇਸ ਮੀਟਿੰਗ ਵਿਚ ਸ਼ਹਿਰ ਦੇ ਸਮੂਹ ਪੱਤਰਕਾਰਾਂ ਤੋਂ ਇਲਾਵਾ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਮੀਟਿੰਗ ਦੌਰਾਨ ਸਮੂਹ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪੱਤਰਕਾਰਾਂ ਵਲੋਂ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਦੀਆਂ ਲੋਕਾਂ ਵਲੋ ਮਿਲ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਵੇਂ ਦਫਤਰ ਵਿੱਚ ਸਾਫ ਸਫਾਈ, ਦਫਤਰੀ ਅਮਲੇ ਦੀ ਘਾਟ, ਲੋਕਾਂ ਦੀ ਖੱਜਲ-ਖੁਆਰੀ ਅਤੇ ਦਫ਼ਤਰੀ ਅਮਲੇ ਵਲੋਂ ਕਥਿਤ ਤੌਰ ‘ਤੇ ਪੈਸਿਆਂ ਦੇ ਲੈਣ ਦੇਣ ਸਬੰਧੀ ਦੌਰਾ ਕਰਦਿਆਂ ਨਿਰੀਖਣ ਕੀਤਾ ਗਿਆ ਸੀ ਅਤੇ ਮੌਕੇ ‘ਤੇ ਮੌਜੂਦ ਤਹਿਸੀਲਦਾਰ ਸ੍ਰੀ ਪਵਨ ਕੁਮਾਰ ਗੁਲਾਟੀ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਵੀ ਜਾਣਿਆ ਗਿਆ ਸੀ। ਜਿਸ ਦੇ ਸਬੰਧ ਵਿਚ ਵੱਖ-ਵੱਖ ਅਖਬਾਰਾਂ ਅਤੇ ਚੈਨਲਾ ‘ਚ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਪਰ ਪ੍ਰੈਸ ਦੀ ਇਹ ਕਾਰਵਾਈ ਪ੍ਰਸਾਸ਼ਨ ਨੂੰ ਹਜਮ ਨਹੀਂ ਆਈ। ਸਿਵਲ ਅਧਿਕਾਰੀਆਂ ਦੇ ਆਦੇਸ਼ਾਂ ‘ਤੇ ਥਾਣਾ ਬਾਘਾ ਪੁਰਾਣਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਪੱਤਰਕਾਰ ਤਰਲੋਚਨ ਸਿੰਘ ਬਰਾੜ ਅਤੇ 15-20 ਅਣਪਛਾਤਿਆ ਖਿਲਾਫ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਗਾ ਕੇ ਝੂਠਾ ਪਰਚਾ ਦਰਜ ਕਰ ਦਿੱਤਾ। ਪੱਤਰਕਾਰਾਂ ਖਿਲਾਫ ਹੋਏ ਝੂਠੇ ਪਰਚੇ ਦੀ ਸੰਘਰਸ਼ਸ਼ੀਲ ਜੱਥੇਬੰਦੀਆਂ ਅਤੇ ਪ੍ਰੈਸ ਕਲੱਬਾਂ ਦੇ ਨੁਮਾਇੰਦਿਆਂ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਮੀਟਿੰਗ ਦੌਰਾਨ ਸਿਵਲ ਪ੍ਰਸ਼ਾਸਨ,ਪੁਲੀਸ ਪ੍ਰਸ਼ਾਸਨ ਅਤੇ ਸੱਤਾਧਾਰੀ ਰਾਜਸੀ ਧਿਰ ਵਲੋਂ ਪੱਤਰਕਾਰਾਂ ਖ਼ਿਲਾਫ ਕਾਰਵਾਈ ਕਰਨ ਲਈ ਦਿਖਾਈ ਗਈ ਇਕਜੁੱਟਤਾ ‘ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਸ਼ਹਿਰ ਦੀਆਂ ਸਮੁੱਚੀਆਂ ਪ੍ਰੈੱਸ ਕਲੱਬਾਂ ਨੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਰਾਜਸੀ ਧਿਰ ਦੀ ਮੁਕੰਮਲ ਕਵਰੇਜ ਦੇ ਬਾਈਕਾਟ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦ ਤੱਕ ਤਰਲੋਚਨ ਸਿੰਘ ਬਰਾੜ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਤੇ ਉਸ ਸਮੇਂ ਤੱਕ ਇਨ੍ਹਾਂ ਵਲੋਂ ਆਉਣ ਵਾਲੀਆਂ ਖਬਰਾਂ ਦਾ ਬਾਈਕਾਟ ਹੀ ਰਹੇਗਾ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਤਾਧਾਰੀ ਰਾਜਸੀ ਧਿਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੀ ਤਿੱਕੜੀ ਵਲੋਂ ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈਸ ‘ਤੇ ਕੀਤੇ ਹਮਲੇ ਦੀ ਜ਼ੋਰਦਾਰ ਸ਼ਬਦਾਂ ਨਾਲ ਸਮੁੱਚੇ ਇਲਾਕੇ ਨੂੰ ਨਿੰਦਾ ਕਰਨੀ ਚਾਹੀਦੀ ਹੈ ਅਤੇ ਜੇਕਰ ਅਸੀਂ ਬੇਇਨਸਾਫ਼ੀਆਂ ਖ਼ਿਲਾਫ਼ ਲੜਨਾ ਹੈ ਤਾਂ ਸਾਨੂੰ ਚੌਥੇ ਥੰਮ੍ਹ ਦੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਪਵੇਗਾ। ਉਨ੍ਹਾਂ ਵੱਡੇ ਸੰਘਰਸ਼ ਲੜਨ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਲੋਕਤੰਤਰ ਦਾ ਕਤਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਪੁੱਜੀਆਂ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਪੱਤਰਕਾਰਾਂ ਦੀ ਹਮਾਇਤ ਦਾ ਐਲਾਨ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ