ਪਿੰਡ ਕਾਲੇ੍ ਕੇ ਦਾ ਰਹਿਣ ਵਾਲਾ ਭਾਈ ਪ੍ਰਿਥੀ ਦਮਦਮਾ ਸਾਹਿਬ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ।ਗੁਰੂ ਸਾਹਿਬ ਦੀ ਸੰਗਤ ਨੇ ਇਸ ਨੂੰ ਫੋਕਟ ਕਰਮਕਾਂਡਾਂ ਵਿੱਚੋਂ ਬਾਹਰ ਕੱਢ ਗੁਰਮਤਿ ਗਾਡੀ ਰਾਹ ਦਾ ਪਾਂਧੀ ਬਣਾਇਆ।ਪਾਤਸ਼ਾਹ ਜਦ ਦੱਖਣ ਵੱਲ ਜਾਣ ਲੱਗੇ ਤਾਂ ਉਹਨਾਂ ਭਾਈ ਪ੍ਰਿਥੀ ਨੂੰ ਹੁਕਮ ਕੀਤਾ ਕਿ ਮਾਝੇ ਦੇ ਇਲਾਕੇ ਵਿੱਚ ਜਾ ਕੇ ਗੁਰੂ ਕੇ ਲੰਗਰ ਦੀ ਸੇਵਾ ਕਰੋ।ਨਾਲ ਹੀ ਗੁਰੂ ਸਾਹਿਬ ਨੇ ਆਪਣੇ ਸੀਸ ਦੀ ਸ਼ਾਲ , ਆਪਣੇ ਹਥ ਦਾ ਆਸਾ ਬਖਸ਼ਿਸ਼ ਕਰਦਿਆਂ ਕਿਹਾ ,” ਸਾਡੇ ਸੇਵਕ ਭਾਈ ਫੇਰੂ ਜੀ ਵੀ ਉਸ ਇਲਾਕੇ ਵਿੱਚ ਸੇਵਾ ਕਰ ਰਹੇ ਹਨ , ਤੁਹਾਡੀ ਉਹ ਹਰ ਕਾਜ ਵਿੱਚ ਸਹਾਇਤਾ ਕਰਨਗੇ।”
ਕੁਝ ਸਮਾਂ ਅੰਮ੍ਰਿਤਸਰ ਰਹਿ ਕੇ, ਫਿਰ ਭਾਈ ਪ੍ਰਿਥੀ ਜੀ ਨੇ ਲੋਪੋਕੇ ਪਿੰਡ ਡੇਰਾ ਲਾਇਆ।ਇਥੇ ਸੰਗਤ ਪੰਗਤ ਦੇ ਪ੍ਰਤਾਪ ਸਦਕਾ ਤੇ ਭਾਈ ਪ੍ਰਿਥੀ ਜੀ ਦੀ ਗੁਰੂ ਬਚਨਾਂ ਪ੍ਰਤੀ ਨਿਹਚਾ ਸਦਕਾ ਗੁਰਸਿਖੀ ਦਾ ਫੈਲਾਅ ਹੋਣ ਲੱਗਾ।ਇਥੋਂ ਭਾਈ ਸਾਹਿਬ ਜੀ ਲਾਹੌਰ ਆ ਗਏ।ਲਾਹੌਰ ਵਿੱਚ ਵੀ ਆਪ ਨੇ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਸੰਗਤ ਪੰਗਤ ਨਾਲ , ਆਤਮਿਕ ਤੇ ਸਰੀਰਿਕ ਭੁੱਖ ਨਾਲ ਤਪਦੇ ਹਿਰਦਿਆਂ ਨੂੰ ਠੰਢ ਪਾਈ।
ਲਾਹੌਰ ਵਿੱਚ ਮੁਜੰਗਾਂ ਵਾਲੇ ਪਾਸੇ ਇਕ ਦਿਨ ਭਾਈ ਸਾਹਿਬ ਸੰਗਤ ਸਜਾ ਕੇ ਬੈਠੇ ਸਨ ਕਿ ਦੋ ਸਕੇ ਭਰਾ ਜਿਨ੍ਹਾਂ ਦੇ ਕਦਮ ਜਵਾਨੀ ਵੱਲ ਵੱਧ ਰਹੇ ਸਨ , ਸਿਰਾਂ ਤੇ ਘੰਘਣੀਆਂ ਦੀਆਂ ਛਾਬੜੀਆਂ ਚੁੱਕੀ ਇਥੇ ਆਣ ਪੁੱਜੇ।ਭਾਈ ਪ੍ਰਿਥੀ ਜੀ ਇਹਨਾਂ ਨੂੰ ਆਵਾਜ਼ ਮਾਰ ਕੇ ਕਹਿਣ ਲੱਗੇ, “ਬਾਲੜਿਓ ! ਕੀ ਹੈ ਤੁਹਾਡੇ ਕੋਲ , ਸਾਨੂੰ ਵੀ ਛਕਾਉਗੇ? “ਦੋਨਾਂ ਨੇ ਛਾਬੜੀਆਂ ਅੱਗੇ ਰੱਖ ਦਿੱਤੀਆਂ ਤੇ ਕਹਿਣ ਲੱਗੇ , ਬਾਬਾ ਜੀ ! ਛਕੋ। ਭਾਈ ਸਾਹਿਬ ਕਹਿਣ ਲੱਗੇ ਕਿ , ਸਾਡੇ ਕੋਲ ਮਾਇਆ ਕੋਈ ਨਹੀਂ ? ਇਹ ਦੋਨੋਂ ਭਰਾ ਕਹਿਣ ਲੱਗੇ ਕੋਈ ਨ ਜੀ।ਤੁਸੀਂ ਬੱਸ ਛੱਕੋ।
ਭਾਈ ਪ੍ਰਿਥੀ ਜੀ ਨੇ ਥੋੜ੍ਹੀਆਂ ਜਿਹੀਆਂ ਘੁੰਘਣੀਆਂ ਆਪ ਲੈ ਬਾਕੀ ਬੱਚੀਆਂ ਘੁੰਘਣੀਆਂ ਸੰਗਤ ਵਿੱਚ ਵਰਤਾਉਣ ਦਾ ਹੁਕਮ ਦਿੱਤਾ। ਇਹਨਾਂ ਦੋਹਾਂ ਭਰਾਵਾਂ ਨੇ ਖਿੜੇ ਮੱਥੇ ਹੁਕਮ ਦੀ ਤਾਮੀਲ ਕੀਤੀ। ਭਾਈ ਸਾਹਿਬ ਇਹਨਾਂ ਤੇ ਬਹੁਤ ਖੁਸ਼ ਹੋਏ ਤੇ ਆਸੀਸ ਦਿੰਦਿਆਂ ਕਿਹਾ ਕੇ ” ਤੁਸੀਂ ਦੋਵੇਂ ਬੜੇ ਬੀਬੇ ਰਾਣੇ ਹੋ!ਤੁਹਾਨੂੰ ਸਰਕਾਰੇ ਦਰਬਾਰੇ ਦੀਵਾਨੀਆਂ ਮਿਲਣ । ਇਹਨਾਂ ਦੋਵਾਂ ਭਰਾਵਾਂ ਦਾ ਭਾਈ ਸਾਹਿਬ ਨਾਲ ਖਾਸਾ ਪਿਆਰ ਪੈ ਗਿਆ ਸੀ।
ਇਧਰ ਭਾਈ ਪ੍ਰਿਥੀ ਜੀ , ਲਾਹੌਰ ਤੋਂ ਦੱਖਣ ਵੱਲ 12 ਕੋਹ ਤੇ ਇੱਕ ਪਿੰਡ ‘ਮਾਣਕ’ ਆ ਬਿਰਾਜੇ। ਇਥੇ ਇਹਨਾਂ ਨੇ ਗੁਰੂ ਕੇ ਲੰਗਰਾਂ ਦੇ ਅਤੁੱਟ ਭੰਡਾਰੇ ਖੋਲ ਦਿੱਤੇ।ਦੂਰੋਂ ਨੇੜਿਉਂ ਆਉਣ ਵਾਲੇ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ । ਹਰ ਵਕਤ 100 ਦੇ ਕਰੀਬ ਸਾਧੂ ਸੰਤ ਇਸ ਧਰਮਸ਼ਾਲਾ ਵਿੱਚ ਜੁੜੇ ਰਹਿੰਦੇ।ਮਾਘੀ ਤੇ ਸੱਤ ਦਿਨ ਦਾ ਭਾਰੀ ਮੇਲਾ ਭਰਦਾ ਸੀ।ਭਾਈ ਫੇਰੂ ਜੀ ਇਕ ਦਿਨ ਆਪ ਪਾਸ ਬੈਠੇ ਸਨ ਤਾਂ ਉਹਨਾਂ ਕਿਹਾ ਕਿ ਭਾਈ ਪ੍ਰਿਥੀ ਜੀ , ਸਾਨੂੰ ਤੁਹਾਡੇ ਸੇਵਕ ਭਾਈ ਜਗਤ ਵਿੱਚ ਆਹਲਾ ਦਰਜੇ ਦੀ ਭਗਤੀ ਦੇ ਚਿਨ੍ਹ ਨਜ਼ਰ ਆਉਂਦੇ ਹਨ , ਇਹ ਹੀ ਅਸਲ ਵਿੱਚ ਤੁਹਾਡੇ ਵਾਰਸ ਹੈਨ।
ਇਹ ਸੁਣਦਿਆਂ ਸਾਰ ਭਾਈ ਪ੍ਰਿਥੀ ਜੀ ਨੇ , ਭਾਈ ਫੇਰੂ ਜੀ ਨੂੰ ਕਿਹਾ ਕਿ , ਤੁਸੀਂ ਖ਼ੁਦ ਇਸ ਮੇਰੇ ਬੱਚੇ ਨੂੰ ਇਸ ਧਰਮਸ਼ਾਲਾ ਦੀ ਜ਼ਿੰਮੇਵਾਰੀ ਬਖ਼ਸ਼ਿਸ਼ ਕਰੋ ਤੇ ਨਾਲੇ ਅਸੀਸ ਦੇਉ ਇਸ ਦੀ ਨਿਭ ਜਾਵੇ।ਭਾਈ ਪ੍ਰਿਥੀ ਜੀ ਤਕਰੀਬਨ 1742-43 ਈਸਵੀ ਵਿੱਚ ਭਾਈ ਜਗਤ ਭਗਤ ਨੂੰ ਮਹੰਤ ਥਾਪ ਕੇ ਸੰਸਾਰਕ ਚੋਲਾ ਛੱਡ ਗਏ।ਭਾਈ ਜਗਤ ਭਗਤ ਜੀ ਰੂਪੀ ਅਦੁੱਤੀ ਸੇਵਾ ਸਿਮਰਨ ਵਾਲੀ ਸ਼ਖਸੀਅਤ ਦਾ ਨਾਮਣਾ ਸਾਰੇ ਇਲਾਕੇ ਵਿੱਚ ਦਿਨ ਦੁੱਗਣਾ ਰਾਤ ਚੌਗਣਾ ਫੈਲ ਰਿਹਾ ਸੀ।ਇਹ ਵੀ ਮੰਨਿਆ ਜਾਂਦਾ ਹੈ ਕਿ ਲਾਹੌਰ ਸਰਕਾਰ ਵੱਲੋਂ ਪੰਜ ਪਿੰਡ (ਮਾਣਕ, ਜੀਆ ਬੱਗਾ, ਭਾਈ ਕੋਟ, ਕਿੰਗਰਾ ਕੰਡਿਆਲਾ ਤੇ ਕੋਠਾ) ਧਰਮ ਅਰਥ ਲੱਗੇ ਸਨ।
ਉਧਰ ਜਿੰਨ੍ਹਾਂ ਦੋਵਾਂ ਭਰਾਵਾਂ ਨੂੰ ਕਿਸੇ ਸਮੇਂ ਭਾਈ ਪ੍ਰਿਥੀ ਨੇ ਦੀਵਾਨੀਆਂ ਭੋਗਣ ਦੀ ਆਸੀਸ ਦਿੱਤੀ ਸੀ , ਉਹ ਦੋਵੇਂ ਅਬਦੁਸਮੱਦ ਖ਼ਾਨ ਦੇ ਵਕਤ ਲਾਹੌਰ ਸਰਕਾਰ ਵਿੱਚ ਨੌਕਰ ਹੋਏ ਸਨ ਤੇ ਜ਼ਕਰੀਆ ਖ਼ਾਨ ਦੇ ਸਮੇਂ ਵਿੱਚ ਇਹ ਫੌਜਦਾਰੀਆਂ ਤੇ ਦੀਵਾਨੀਆਂ ਦੇ ਮਾਲਕ ਬਣੇ।ਇਹਨਾਂ ਦੇ ਨਾਮ ਸਨ ,’ ਜਸਪਤ ਰਾਏ’ ਤੇ ‘ਲੱਖਪਤ ਰਾਏ’ ।ਇਹ ਮਹਿਸੂਸ ਕਰਦੇ ਸਨ , ਕਿ ਏਡੇ ਮਰਤਬਿਆਂ ਤਕ ਇਹ ਭਾਈ ਪ੍ਰਿਥੀ ਦੀ ਮਿਹਰ ਸਦਕਾ ਪੁੱਜੇ ਹਨ। ਇਸੇ ਲਈ ਇਹ ਭਾਈ ਪ੍ਰਿਥੀ ਜੀ ਦੇ ਹਰ ਹੁਕਮ ਦੀ ਤਾਮੀਲ ਕਰਦੇ ਸਨ।ਭਾਈ ਸਾਹਿਬ ਦੇ ਭੇਜੇ ਹਰ ਇੱਕ ਜ਼ਰੂਰਤ ਮੰਦ ਦੀ ਲੋੜ ਪੂਰੀ ਕਰਨਾ ਇਹ ਆਪਣਾ ਧਾਰਮਿਕ ਫ਼ਰਜ਼ ਸਮਝਦੇ ਸਨ।
ਭਾਈ ਪ੍ਰਿਥੀ ਜੀ ਜਦ ਮਾਣਕ ਪਿੰਡ ਵਿੱਚ ਪੂਰੇ ਹੋਏ ਤਾਂ ਉਹਨਾਂ ਦੀ ਸਮਾਧ ਵੀ ਇਹਨ੍ਹਾਂ ਹੀ ਬਣਵਾਈ ਸੀ।ਭਾਈ ਸਾਹਿਬ ਸਿੱਖਾਂ ਦੀ ਉਦਾਸੀ ਸੰਪਰਦਾ ਨਾਲ ਸਬੰਧਿਤ ਸਨ।ਮੰਨਿਆ ਜਾਂਦਾ ਹੈ ਕਿ ਲੱਖੂ ਤੇ ਜੱਸੂ ਦੀ ਭੇਟ ਕੀਤੀ ਮਾਇਆ ਨਾਲ ਦੋ ਹੋਰ ਅਸਥਾਨਾਂ , ਭਾਈ ਫੇਰੂ ਜੀ ਦੀ ਸਮਾਧ ਤੇ ਲਾਹੌਰ ਵਿੱਚ ਸੂਦਾਂਵਾਲੀ ਧਰਮਸ਼ਾਲਾ ਵੀ ਬਣਵਾਈ।
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ।। (ਮ;੧)
ਟਾਂਵੇਂ ਬੰਦੇ ਹੁੰਦੇ ਹਨ ਜੋ ਜੀਵਨ ਵਿੱਚ ਧਨ ਜਾਂ ਤਰੱੱਕੀ ਦੇ ਵਾਧੇ ਵਿਚੋਂ ਪੈਦਾ ਹੋਣ ਵਾਲੇ ਹੰਕਾਰ ਤੇ ਤਮਾ ਤੇ ਕਾਬੂ ਪਾਂਦੇ ਹਨ।ਸਰਮਾਇਆ ਤੇ ਤਾਕਤ ਬੰਦੇ ਦੀ ਅਕਲ ਮਾਰ ਦਿੰਦੇ ਹਨ ।ਇਹਨਾਂ ਚੀਜ਼ਾਂ ਵਿੱਚ ਫਸਿਆ ਬੰਦਾ ਇਨਸਾਨ ਤੋ ਹੈਵਾਨ ਬਣਦਿਆਂ ਬਹੁਤਾ ਸਮਾਂ ਨਹੀਂ ਲਾਉਂਦਾ।ਇਹੋ ਗੱਲ ਇਹਨਾਂ ਦੋਨਾਂ ਭਰਾਵਾਂ ਨਾਲ ਵਾਪਰੀ।ਇਹ ਸੱਤਾ ਦੀ ਤਾਕਤ ਨਾਲ ਇਹੋ ਜਿਹੇ। ਅੰਨ੍ਹੇ ਹੋਏ ਕਿ ਜਿਸ ਘਰ ਵਿੱਚੋਂ ਇਹਨਾਂ ਨੂੰ ਦੀਵਾਨੀਆਂ ਦੀ ਆਸੀਸ ਮਿਲੀ ਓਸੇ ਨਾਲ ਮੱਥਾ ਲਾ ਬੈਠੇ।
ਜ਼ਕਰੀਆ ਖ਼ਾਨ ਦੀ ਵਾਹ ਵਾਹ ਹਾਸਲ ਕਰਨ ਦੇ ਚੱਕਰਾਂ ਵਿੱਚ ਜੱਸੂ ਤੇ ਲੱਖੂ ਨੇ ਵੀ ਸਿੰਘਾਂ ਦੇ ਖ਼ੂਨ ਦੀ ਹੋਲੀ ਖੇਡਣੀ ਸ਼ੁਰੂ ਕੀਤੀ।ਸਿੰਘਾਂ ਦੇ ਸਿਰਾਂ ਦੇ ਇਨਾਮ ਮੁਕੱਰਰ ਕਰ ਦਿੱਤੇ ਗਏ।ਇਸ ਸਮੇਂ ਵਿੱਚ ਜਦ ਜੱਸੂ ਏਮਨਾਬਾਦ ਦਾ ਫੌਜਦਾਰ ਸੀ ਤਾਂ ਇਸ ਨੇ ਮਾਝੇ ਵੱਲੋਂ ਜੋ ਸਿੰਘਾਂ ਦਾ ਜੱਥਾ ਇਸ ਦੇ ਇਲਾਕੇ ਵਿੱਚ ਆ ਗਿਆ ਸੀ ਨਾਲ ਬਹੁਤ ਬੁਰਾ ਵਰਤਾਉ ਕੀਤਾ।ਗੱਲ ਵਧੀ ਤਾਂ ਬਦੋ ਕੀ ਗੁਸਾਂਈਆਂ ਦੀ ਝਿੜੀ ਵਿੱਚ ਦੋਵਾਂ ਪਾਸੇ ਖੰਡਾ ਖੜਕ ਗਿਆ।ਭਾਈ ਨਿਬਾਹੂ ਸਿੰਘ ਨੇ ਹਾਥੀ ਤੇ ਬੈਠੇ ਜਸਪਤ ਦਾ ਸਿਰ ਵੱਢ ਲਿਆ।
ਬੱਦੋ ਕੀ ਗੁਸਾਂਈਆਂ ਦੇ ਬਾਵੇ ਕਿਰਪਾ ਰਾਮ ਨੇ 500 ਰੁਪਏ ਸਿੰਘਾਂ ਨੂੰ ਭੇਟ ਕਰਕੇ ਜੱਸੂ ਦਾ ਸਿਰ ਲੈ ਲਿਆ।ਇਥੇ ਹੀ ਇਹਦਾ ਸਸਕਾਰ ਹੋਇਆ।ਲਖਪਤ ਨੇ ਆਪਣੇ ਭਾਈ ਦੀ ਸਮਾਧ ਵੀ ਬਣਵਾਈ ।ਇਸ ਸਮਾਧ ਦੇ ਨਾਲ ਹੀ ਇਕ ਖੂਹ ਵੀ ਲਵਾਇਆ।ਭਰਾ ਦੀ ਮੌਤ ਨੇ ਲਖਪਤ ਰਾਏ ਉਰਫ ਲੱਖੂ ਨੂੰ ਬਉਰਾ ਕਰ ਦਿੱਤਾ।ਉਸ ਨੇ ਆਪਣੀ ਪੱਗ ਯਾਹੀਆ ਖ਼ਾਨ ਦੇ ਪੈਰਾਂ ਵਿੱਚ ਰੱਖ ਸੁੰਹ ਖਾਧੀ ਕਿ ਮੈਂ ਸਿੱਖਾਂ ਦਾ ਖੋਰਾ ਖੋਜ ਮਿਟਾ ਦਿਆਂਗਾ।ਇਸ ਨੇ ਪੋਥੀਆਂ ਦੀ ਬੇ ਅਦਬੀ ਕੀਤੀ। ਚਕਰੈਲ ਤੇ ਗੁਰਮੁਖ ਸਿੱਖਾਂ ਨੂੰ ਵੀ ਕਤਲ ਕਰਨ ਦਾ ਹੁਕਮ ਦਿੱਤਾ। ਛੋਟੇ ਘੱਲੂਘਾਰੇ ਵਿੱਚ ਇਸਨੇ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਸ਼ਹੀਦ ਕੀਤਾ।
ਜਿਹੜੇ ਭਲੇ ਸੱਜਣ ਜਾਣਦੇ ਸਨ ਕਿ ਇਹ ਲੱਖੂ ਮਾਣਕ ਵਾਲੇ ਗੁਰਮੁਖ ਭਾਈ ਜਗਤ ਭਗਤ ਹੁਣਾ ਨੂੰ ਗੁਰੂ ਮੰਨਦਾ ਤਾਂ ਉਹਨਾਂ ਸੱਜਣਾਂ ਨੇ ਭਾਈ ਸਾਹਬ ਤੱਕ ਪਹੁੰਚ ਕੀਤੀ।ਭਾਈ ਸਾਹਿਬ ਜਦ ਇਸਨੂੰ ਸਮਝਾਉਣ ਲਾਹੌਰ ਆਏ ਤਾਂ ਇਸ ਨੇ ਕਿਹਾ ,’ ਤੁਸੀਂ ਤਾਂ ਕੀ ਜੇ ਰੱਬ ਵੀ ਆਪ ਚੱਲ ਕੇ ਆ ਜਾਵੇ ਤਾਂ ਉਹ ਵੀ ਮੈਨੂੰ ਨਹੀਂ ਰੋਕ ਸਕਦਾ।ਮੈਂ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ।’ ਨਾਲ ਦੇ ਸੱਜਣ ਕਹਿਣ ਲੱਗੇ ” ਵੇਖੋ ਜੀ! ਇਹ ਕਿਨ੍ਹਾਂ ਹੰਕਾਰਿਆ ਇ;ਆਪ ਦਾ ਵੀ ਅਦਬ ਸਤਿਕਾਰ ਨਹੀਂ ਕਰ ਸਕਿਆ।” ਭਾਈ ਸਾਹਿਬ ਬੋਲੇ; “ਵਾਹਗੁਰੂ ਗਰਬ ਪਰਹਾਰੀ ਹੈ, ਇਸਦਾ ਹੰਕਾਰ ਭੀ ਜ਼ਰੂਰ ਤੋੜੇਗਾ।” ਇਹ ਸੁਣ ਲੱਖੂ ਹੋਰ ਮੱਚ ਗਿਆ ਤੇ ਭਾਈ ਸਾਹਿਬ ਨੂੰ ਕਹਿਣ ਲੱਗਾ ਕਿ , “ਤੁਸੀਂ ਜਾ ਕੇ ਆਪਣੇ ਡੇਰੇ ਨੂੰ ਸੰਭਾਲੋ, ਮੇਰੇ ਕੰਮਾਂ ਵਿੱਚ ਨ ਹੀ ਪਉ ਤਾਂ ਚੰਗਾ ਹੈ।ਭਾਈ ਜਗਤ ਭਗਤ ਜੀ ਪਿੱਛਲ ਪੈਰੀਂ ਮੁੜਦਿਆਂ ਕਿਹਾ ਕਿ ” ਚੰਗਾ! ਜਿਸ ਪਾਣੀਓਂ ਉੱਗੀ ਹੈ , ਓਸੇ ਪਾਣੀਓਂ ਮਾਰਾਂਗੇ।ਪੰਥ ਦੀਆਂ ਜੜ੍ਹਾਂ ਤੇ ਹੋਰ ਡੂੰਘੀਆਂ ਲੱਗਣਗੀਆਂ ਐਪਰ ਤੇਰੀ ਜੜ੍ਹ ਨਹੀਂ ਰਹਿਣੀ।
ਅਖ਼ੀਰ ਸਿੱਖਾਂ ਦੀ ਅਲਖ ਮੁਕਾਉਣ ਦੇ ਮਨਸੂਬੇ ਘੜ੍ਹਦਾ , ਹਜ਼ਾਰਾਂ ਸਿੱਖਾਂ ਦਾ ਕਾਤਲ ਲਖਪਤ ਰਾਏ , ਮੀਰ ਮੰਨੂ ਦੇ ਵਕਤ ਦੀਵਾਨ ਕੌੜਾ ਮੱਲ (ਸਿੰਘ ਇਸ ਨੂੰ ਪਿਆਰ ਨਾਲ ਮਿੱਠਾ ਮੱਲ ਆਖਦੇ ਸਨ) ਦੀ ਬਦੌਲਤ ਸਿੰਘਾਂ ਹੱਥ ਚੜ੍ਹ ਗਿਆ ।ਇਸ ਦੀ ਚੰਗੀ ਭੁਗਤ ਸਵਾਰ ਕੇ ਇਸ ਦੀਆਂ ਮਸ਼ਕਾਂ ਬੰਨ੍ਹ ਕੇ ਇਸ ਨੂੰ ਪੁੱਟੇ ਹੋਏ ਕੱਚੇ ਟੋਏ ਵਿੱਚ ਸੁਟ ਦਿੱਤਾ ਗਿਆ,ਇਕ ਸੰਗਲ ਇਸ ਦੇ ਲੱਕ ਦੁਆਲੇ ਮਾਰ ਕੇ ਬਾਹਰ ਬੱਧਾ ਹੋਇਆ ਸੀ।ਸਭ ਸਿੰਘਾਂ ਨੂੰ ਹੁਕਮ ਸੀ ਕਿ ਇਸ ਟੋਏ ਵਿੱਚ ਹੀ ਪਿਸ਼ਾਬ ਕੀਤਾ ਜਾਵੇ ਤੇ ਮੈਦਾਨ ਮਾਰਿਆ ਜਾਵੇ।ਇਸ ਨੂੰ ‘ਕੁੰਭੀ ਨਰਕ’ ਦੀ ਸਜਾ ਕਿਹਾ ਜਾਂਦਾ ਹੈ । ਇਸ ਤਰ੍ਹਾਂ ਇਸ ਅਕਿਰਤਘਣ ਦਾ ਕੀੜੇ ਪੈ ਪੈ ਅੰਤ ਹੋਇਆ।
ਬਲਦੀਪ ਸਿੰਘ ਰਾਮੂੰਵਾਲੀਆ