Home » ਧਾਰਮਿਕ » ਇਤਿਹਾਸ » ਸਾਡੇ ਗਾਤਰੇ ਪਵਾ ਦਿਓ ਬਾਜ਼ਾਂ ਵਾਲ਼ਿਓ!

ਸਾਡੇ ਗਾਤਰੇ ਪਵਾ ਦਿਓ ਬਾਜ਼ਾਂ ਵਾਲ਼ਿਓ!

70 Views

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਸ਼ੰਭੂ ਮੋਰਚੇ ’ਚ ਆਪਣੇ ਪ੍ਰਭਾਵਸ਼ਾਲੀ ਬੋਲਾਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਐਸਾ ਹਲੂਣਾ ਦਿੱਤਾ ਕਿ ਨੌਜਵਾਨੀ ਘਰਾਂ ’ਚੋਂ ਬਾਹਰ ਹੋ ਕੇ ਸੰਘਰਸ਼ਸ਼ੀਲ ਹੋ ਤੁਰੀ। ਜੇ ਕਹੀਏ ਕਿ ਦੀਪ ਸਿੱਧੂ ਨੇ ਵਗਦੇ ਦਰਿਆ ਦਾ ਵਹਿਣ ਮੋੜ ਦਿੱਤਾ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਵਰਤਾਰਾ ਪੰਜਾਬ ਨੇ ਕਾਫ਼ੀ ਚਿਰਾਂ ਮਗਰੋਂ ਵੇਖਿਆ ਜਦੋਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੋਂ ਬਾਅਦ ਪੰਜਾਬ ਦੀ ਨੌਜਵਾਨੀ ਕਿਸੇ ਆਗੂ ਨੂੰ ਸਮਝਣ ਲੱਗੀ, ਸੁਣਨ ਲੱਗੀ, ਉਸ ਦੇ ਬੋਲਾਂ ’ਤੇ ਪਹਿਰਾ ਦਿੰਦਿਆਂ ਸਰਕਾਰ ਵਿਰੁੱਧ ਡਟ ਗਈ। ਨੌਜਵਾਨਾਂ ਨੂੰ ਦੀਪ ਸਿੱਧੂ ਵਿੱਚੋਂ ਅਪਣੱਤ ਮਹਿਸੂਸ ਹੋਈ, ਉਹਨਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ, ਵੱਡੀਆਂ ਆਸਾਂ ਲਾਈਆਂ ਜਿਨ੍ਹਾਂ ’ਤੇ ਦੀਪ ਸਿੱਧੂ ਖਰਾ ਉੱਤਰਿਆ ਪਰ ਇਹ ਸਫ਼ਰ ਲੰਬਾ ਨਹੀਂ ਚਲ ਸਕਿਆ ਕਿਉਂਕਿ ਦੀਪ ਸਿੱਧੂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਸੰਸਾਰ ਤੋਂ ਵਿਦਾ ਹੋ ਗਿਆ।
ਦੀਪ ਸਿੱਧੂ ਦੀ ਥਾਂ ’ਤੇ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਅਗਲਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੁਣਿਆ ਗਿਆ ਜੋ ਉਸ ਸਮੇਂ ਡੁਬਈ ਵਿੱਚ ਸਨ। ਵੱਡੀ ਗਿਣਤੀ ’ਚ ਨੌਜਵਾਨੀ ਨੇ ਦੀਪ ਸਿੱਧੂ ਮਗਰੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਤੇ ਜਥੇਬੰਦੀ ਨੂੰ ਦੁਬਾਰਾ ਇੱਕ ਆਸ ਦੀ ਕਿਰਨ ਦਿਸੀ। ਭਾਵੇਂ ਕਿ ਭਾਈ ਅੰਮ੍ਰਿਤਪਾਲ ਸਿੰਘ ਖ਼ੁਦ ਇਸ ਗੱਲ ਨੂੰ ਮੰਨਦੇ ਹਨ ਕਿ ਕੋਈ ਜਥੇਬੰਦੀ ਜਾਂ ਇਨਸਾਨ ਦੀਪ ਸਿੱਧੂ ਦਾ ਬਦਲ ਨਹੀਂ ਹੋ ਸਕਦਾ ਪਰ ਦੀਪ ਸਿੱਧੂ ਦੇ ਪੈੜ-ਚਿਨ੍ਹਾਂ ’ਤੇ ਚੱਲ ਕੇ ਇਸ ਗੱਲ ਦਾ ਮਾਣ ਤਾਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਅਸੀਂ ਵੀ ਦੀਪ ਸਿੱਧੂ ਵਾਂਗ ਪੰਥ ਦਾ ਮਿਹਣਾ ਨਹੀਂ ਲਿਆ।
ਕੁਝ ਸਮਾਂ ਪਹਿਲਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੋ ਡੁਬਈ ਤੋਂ ਵਾਪਸ ਪੰਜਾਬ ਪਰਤ ਆਏ ਹਨ ਤੇ ਸਿੱਖ ਨੌਜਵਾਨੀ ਵਿੱਚ ਉਹਨਾਂ ਦੀ ਕਾਫ਼ੀ ਚਰਚਾ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਕੇਸ ਕਤਲ ਕਰਾਏ ਹੋਏ ਸਨ ਪਰ ਜਦ ਕਿਸਾਨੀ ਸੰਘਰਸ਼ ਦੌਰਾਨ ਉਹਨਾਂ ਨੇ ਸੋਸ਼ਲ ਮੀਡੀਆ ’ਤੇ ਕਾਮਰੇਡ ਲਾਣੇ ਨੂੰ ਘੇਰਿਆ, ਪੰਥਕ ਭਾਵਨਾਵਾਂ ਦੀ ਪਹਿਰੇਦਾਰੀ ਕੀਤੀ ਅਤੇ ਦੀਪ ਸਿੱਧੂ ਵੱਲੋਂ ‘ਪੰਥ ਵਸੈ ਮੈਂ ਉੱਜੜਾਂ’ ਦੇ ਅਕਾਲੀ ਬੋਲਾਂ ਨੂੰ ਮੁੜ ਸੁਰਜੀਤ ਕਰਨ ਪਿੱਛੋਂ ਜਦੋਂ ਦੀਪ ਵੀਰ ਚਲ ਵਸੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਵੀ ਓਨਾ ਚਿਰ ਤਕ ਸਿੱਖੀ ਸਰੂਪ ’ਚ ਆ ਗਏ ਸਨ। ਗੱਲ ਕੋਈ ਗੁੰਝਲਦਾਰ ਨਹੀਂ, ਬਸ ਏਨੀ ਕੁ ਹੈ ਕਿ ਜਦ ਸਿੱਖ ਨੂੰ ਇਹ ਸਮਝ ਆ ਜਾਵੇ ਕਿ ਸਟੇਟ ਵੱਲੋਂ ਸਾਡੇ ਧਰਮ, ਬੋਲੀ ਅਤੇ ਸੱਭਿਅਤਾ ਨੂੰ ਖ਼ਤਮ ਕਰਨ ਦੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਤਾਂ ਮੁੜ ਅਸਲ ਸਰੂਪ ’ਚ ਆਉਂਦਿਆਂ ਚਿਰ ਨਹੀਂ ਲਗਦਾ।
ਖ਼ਾਲਿਸਤਾਨੀ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਕਰਨ ਸਮੇਂ ਦੀਪ ਸਿੱਧੂ ਵੀ ਤਾਂ ਸਿੱਖੀ ਸਰੂਪ ਧਾਰਨ ਕਰਨ ਵੱਲ ਵਧ ਰਿਹਾ ਸੀ। ਦੀਪ ਸਿੱਧੂ ਨੇ ਤਾਂ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲ਼ਿਆਂ ਨਾਲ਼ ਵਾਅਦਾ ਵੀ ਕੀਤਾ ਸੀ ਕਿ ਮੈਂ ਅਗਲੇ ਸਾਲ ਤੁਹਾਨੂੰ ਸਿੱਖੀ ਸਰੂਪ ’ਚ ਮਿਲ਼ਾਂਗਾ। ਮਹਿਸੂਸ ਹੋ ਰਿਹਾ ਹੈ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਤੋਂ ਸੇਧ ਲੈਂਦਿਆਂ ਸਿੱਖ ਨੌਜਵਾਨੀ ਆਪਣੇ ਧਰਮ ਅਤੇ ਅਸਲ ਧੁਰੇ ਨਾਲ਼ ਜੁੜੇਗੀ, ਪਤਿਤਪੁਣੇ ਨੂੰ ਤਿਆਗ ਕੇ ਨੌਜਵਾਨ ਸਿੱਖੀ ਸਰੂਪ ’ਤੇ ਮਾਣ ਮਹਿਸੂਸ ਕਰਨਗੇ ਤੇ ਸਟੇਟ ਵੱਲੋਂ ਸਿਰਜੇ ਬਿਰਤਾਂਤ ਨੂੰ ਤੋੜਨ ’ਚ ਸਫ਼ਲ ਹੋਣਗੇ। ਦੀਪ ਸਿੱਧੂ ਨੇ ਵੀ ਤਾਂ ਭਾਰਤੀ ਬਿਰਤਾਂਤ ਦੇ ਬਰਾਬਰ ਸਿੱਖ ਬਿਰਤਾਂਤ ਖੜ੍ਹਾ ਕੀਤਾ ਸੀ, ਅੱਜ ਲੜਾਈ ਬਿਰਤਾਂਤ ਦੀ, ਵਿਚਾਰਾਂ ਦੀ ਬਣਦੀ ਜਾ ਰਹੀ ਹੈ। ਦੀਪ ਸਿੱਧੂ ਨੇ ਕਿਹਾ ਕਿ ਸੀ ਕਿ ਤਿੰਨ ਕਾਲ਼ੇ ਖੇਤੀ ਕਨੂੰਨ ਕੇਵਲ ਆਰਥਿਕ ਮਸਲਾ ਨਹੀਂ, ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ। ਦੀਪ ਸਿੱਧੂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਸ ਵੱਲੋਂ ਅਰੰਭੀ ‘ਹੋਂਦ ਦੀ ਲੜਾਈ’ ਨੂੰ ਜਾਰੀ ਰੱਖਿਆ ਜਾਵੇ, ਉਸ ਵੱਲੋਂ ਪੈਦਾ ਕੀਤੀ ਹਲਚਲ ’ਚੋਂ ਤੁਫ਼ਾਨ ਖੜ੍ਹਾ ਕੀਤਾ ਜਾਵੇ।
ਭਾਈ ਅੰਮ੍ਰਿਤਪਾਲ ਸਿੰਘ ਦੇ ਮੋਢਿਆ ’ਤੇ ਵੱਡੀ ਜ਼ਿੰਮੇਵਾਰੀ ਆਣ ਪਈ ਹੈ, ਖ਼ੁਸ਼ੀ ਹੈ ਕਿ ਉਹ ਮੈਦਾਨ ’ਚ ਨਿੱਤਰ ਆਇਆ ਹੈ। ਵੱਖ-ਵੱਖ ਚੈੱਨਲਾਂ ਵੱਲੋਂ ਉਸ ਨਾਲ਼ ਕੀਤੀ ਗੱਲਬਾਤ ਸੁਣ ਕੇ ਮਹਿਸੂਸ ਹੋਇਆ ਹੈ ਕਿ ਸੱਚਮੁੱਚ ਉਹ ਦੀਪ ਸਿੱਧੂ ਦਾ ਵਾਰਸ ਬਣਨ ਦੇ ਕਾਬਲ ਹੈ। ਜੇਕਰ ਅੰਮ੍ਰਿਤਪਾਲ ਸਿੰਘ ਸੌ ਪ੍ਰਤੀਸ਼ਤ ’ਚੋਂ ਪੰਜਾਹ ਪ੍ਰਤੀਸ਼ਤ ਵੀ ਕੰਮ ਕਰ ਜਾਵੇ ਤਾਂ ਉਹ ਇਤਿਹਾਸ ਰਚ ਸਕਦਾ ਹੈ। ਸੋਸ਼ਲ ਮੀਡੀਆ ਇੱਕ ਵਧੀਆ ਪਲੈਟਫਾਰਮ ਹੈ ਪਰ ਜ਼ਮੀਨੀ ਪੱਧਰ ’ਤੇ ਸਰਗਰਮੀ ਤੋਂ ਬਿਨਾਂ ਇਸ ਦਾ ਲਾਭ ਅਧੂਰਾ ਹੈ। ਦੀਪ ਸਿੱਧੂ ਫੇਸਬੁੱਕ ’ਤੇ ਲਾਈਵ ਹੋਣ ਦੇ ਨਾਲ਼-ਨਾਲ਼ ਮੈਦਾਨ ’ਚ ਡਟਿਆ ਸੀ ਤੇ ਉਹ ਸਿੱਧਾ ਦਿੱਲੀ ਦੀ ਹਿੱਕ ’ਚ ਜਾ ਵੱਜਾ। ਭਾਈ ਅੰਮ੍ਰਿਤਪਾਲ ਸਿੰਘ ਵੱਧ ਤੋਂ ਵੱਧ ਸਿੱਖ ਨੌਜਵਾਨੀ ਨੂੰ ਆਪਣੇ ਨਾਲ਼ ਜੋੜ ਕੇ ਪੰਥ ਅਤੇ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਜਣ ਲਈ ਸੰਘਰਸ਼ ਦੀ ਰੂਪ-ਰੇਪਾ ਤਿਆਰ ਕਰਨ, ਨਵੇਂ ਪ੍ਰੋਗਰਾਮ ਅਤੇ ਨਵੀਆਂ ਸਰਗਰਮੀਆਂ ਉਲੀਕਣ।
ਭਾਵੇਂ ਕਿ ਇਸ ਸਮੇਂ ਕਾਫ਼ੀ ਪੰਥਕ ਜਥੇਬੰਦੀਆਂ ਸਰਗਰਮ ਅਤੇ ਸੰਘਰਸ਼ਸ਼ੀਲ ਹਨ ਜਿਨ੍ਹਾਂ ਦੀ ਕੁਰਬਾਨੀ, ਸੰਘਰਸ਼ ਅਤੇ ਦਿੜ੍ਹਤਾ ਨੂੰ ਕੋਈ ਵੀ ਅਣਗੋਲ਼ਿਆ ਨਹੀਂ ਕਰ ਸਕਦਾ, ਜਿਨ੍ਹਾਂ ਨੇ ਮਾਣਮੱਤਾ ਇਤਿਹਾਸ ਸਿਰਜਿਆ ਹੈ ਤੇ ਉਹਨਾਂ ਦੇ ਆਗੂ ਅੱਜ ਵੀ ਮੈਦਾਨ ’ਚ ਡਟੇ ਹੋਏ ਹਨ। ਇਹ ਵੀ ਸੱਚ ਹੈ ਕਿ ਕਈ ਜਥੇਬੰਦੀਆਂ ਦਾ ਢਾਂਚਾਂ ਅਤੇ ਉਹਨਾਂ ਦੀਆਂ ਸਰਗਰਮੀਆਂ ਸੀਮਤ ਜਿਹੇ ਦਾਇਰੇ ’ਚ ਹਨ ਜਿਸ ਤੋਂ ਪੰਥ ਨੂੰ ਹੁਣ ਸੰਤੁਸ਼ਟੀ ਨਹੀਂ। ਸਮੇਂ ਦੀ ਮੰਗ ਹੈ ਕਿ ਇਹਨਾਂ ਜਥੇਬੰਦੀਆਂ ਦੇ ਨਾਲ਼-ਨਾਲ਼ ਹੁਣ ਸੰਘਰਸ਼ ਦੀ ਵਾਂਗਡੋਰ ਸਿੱਖ ਨੌਜਵਾਨੀ ਆਪਣੇ ਹੱਥਾਂ ’ਚ ਲਵੇ, ਨਵੇਂ ਨੌਜਵਾਨ ਆਗੂ ਚਿਹਰੇ ਉਭਰਨ ਜੋ ਸੰਘਰਸ਼ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਕਿਉਂਕਿ ਸੰਘਰਸ਼ ’ਚ ਆਈ ਖੜੋਤ ਟੁੱਟਣੀ ਚਾਹੀਦੀ ਹੈ, ਲੜਾਈ ਆਰ-ਪਾਰ ਦੀ ਹੋਣੀ ਚਾਹੀਦੀ ਹੈ, ਲਕੀਰ ਖਿੱਚਣੀ ਬਹੁਤ ਜ਼ਰੂਰੀ ਹੈ। ਕਿਸਾਨੀ ਸੰਘਰਸ਼ ’ਚੋਂ ਕਾਫ਼ੀ ਚਿਹਰੇ ਉਭਰੇ ਹਨ ਪਰ ਜੇਕਰ ਉਹਨਾਂ ਨੂੰ ਜਥੇਬੰਦ ਨਾ ਕੀਤਾ ਗਿਆ, ਨਵੇਂ ਪ੍ਰੋਗਰਾਮ ਨਾ ਦਿੱਤੇ ਗਏ ਤਾਂ ਉਹ ਹੌਲ਼ੀ-ਹੌਲ਼ੀ ਘਰਾਂ ’ਚ ਬਹਿ ਜਾਣਗੇ। ਜਿਸ ਨੌਜਵਾਨੀ ਨੂੰ ਦੀਪ ਸਿੱਧੂ ਨੇ ਘਰਾਂ ’ਚੋਂ ਕੱਢਿਆ ਤੇ ਸੰਘਰਸ਼ ਲਈ ਤਿਆਰ ਕੀਤਾ ਉਸ ਨੌਜਵਾਨੀ ਨੂੰ ਅੰਮ੍ਰਿਤਪਾਲ ਸਿੰਘ ਆਪਣੇ ਨਾਲ਼ ਲੈ ਕੇ ਚੱਲਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਸਮੇਤ ਹੋਰ ਹਮ-ਖਿਆਲੀ ਜਥੇਬੰਦੀਆਂ ਨਾਲ਼ ਇਕੱਠੇ ਹੋ ਕੇ ਪੰਥਕ ਮੁੱਦਿਆਂ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਜੱਦੋ-ਜਹਿਦ ਜਾਰੀ ਰੱਖਣ ਤੇ ਖ਼ਾਸ ਕਰਕੇ ਪੰਥਕ ਨੌਜਵਾਨ ਜਥੇਬੰਦੀਆਂ ਨਾਲ਼ ਰਾਬਤਾ ਕਾਇਮ ਕਰਨ ਤੇ ਸਿੱਖ ਨੌਜਵਾਨੀ ਨੂੰ ਇੱਕ ਪਲੈਟਫਾਰਮ ’ਤੇ ਸਿਰ ਜੋੜ ਕੇ ਬੈਠਣ ਦਾ ਸੱਦਾ ਦੇਣ ਕਿਉਂਕਿ ਇਸ ਵਕਤ ਜਥੇਬੰਦੀਆਂ ਦਾ ਆਪਸ ’ਚ ਤਾਲਮੇਲ ਨਹੀਂ ਰਿਹਾ, ਸਭ ਕੁਝ ਖਿੰਡ-ਪਿੰਡ ਚੁੱਕਾ ਹੈ।
ਭਾਈ ਅੰਮ੍ਰਿਤਪਾਲ ਸਿੰਘ ਇਹ ਗੱਲ ਆਪਣੇ ਮਨ ’ਚ ਵਸਾ ਕੇ ਰੱਖਣ ਕਿ ਦੀਪ ਸਿੱਧੂ ਨੂੰ ਭਾਵੇਂ ਥੋੜਾ ਸਮਾਂ ਮਿਲ਼ਿਆ ਪਰ ਉਸ ਨੇ ਪੰਜਾਬ ਦੀ ਨੌਜਵਾਨੀ ਦੇ ਇੱਕ ਵੱਡੇ ਵਰਗ ਨੂੰ ਅਹਿਸਾਸ ਕਰਵਾਇਆ ਕਿ ਅਸੀਂ ਗ਼ੁਲਾਮ ਹਾਂ। ਉਸ ਨੇ ਰਾਜ ਦੀ ਗੱਲ ਕਰਨ ਨੂੰ ਪਵਿੱਤਰ ਜਜ਼ਬੇ ਦਾ ਦਰਜਾ ਦਿੱਤਾ। ਅੱਜ ਅਨੇਕਾਂ ਨੌਜਵਾਨ ਦੀਪ ਸਿੱਧੂ ਦੇ ਉਸ ਸੁੱਚੇ ਪ੍ਰਗਟਾਵੇ ਨਾਲ਼ ਸਾਂਝ ਰੱਖਦੇ ਮਹਿਸੂਸ ਕਰਦੇ ਹਨ ਕਿ ਸਿੱਖ ਭਾਰਤ ’ਚ ਗ਼ੁਲਾਮ ਹਨ ਅਤੇ ਦੂਜੇ ਦਰਜੇ ਦੇ ਸ਼ਹਿਰੀ ਦੀ ਜ਼ਿੰਦਗੀ ਜੀਅ ਰਹੇ ਹਨ। ਦੀਪ ਦਾ ਸਰਲ ਮੁਹਾਵਰਾ, ਮਲੂਕ ਬੋਲ ਤੇ ਸਿੱਕੇਬੰਦ ਦਲੀਲ ਹਰ ਬੰਦੇ ਅੰਦਰ ਘਰ ਕਰ ਜਾਂਦੀ ਸੀ। ਭਾਈ ਅੰਮ੍ਰਿਤਪਾਲ ਸਿੰਘ ਦੇ ਵਿਚਾਰ ਸੁਣ ਕੇ ਹਰ ਕੋਈ ਕਹਿ ਰਿਹਾ ਹੈ ਕਿ ਉਹ ਪੜ੍ਹਿਆ-ਲਿਿਖਆ, ਸੂਝਵਾਨ, ਰੌਸ਼ਨ ਦਿਮਾਗ ਤੇ ਹਾਜ਼ਰ-ਜਵਾਬ ਆਗੂ ਹੈ, ਤੇ ਕੌਮ ਨੂੰ ਅੱਜ ਅਜਿਹੇ ਨੌਜਵਾਨਾਂ ਦੀ ਹੀ ਲੋੜ ਹੈ। ਦੀਪ ਸਿੱਧੂ ਨੇ ਆਪਣੇ ਬੋਲਾਂ ਰਾਹੀਂ ਨੌਜਵਾਨੀ ’ਚ ਵੱਡੀ ਜਾਗ੍ਰਿਤੀ ਲਿਆਂਦੀ ਸੀ ਜਿਸ ਮਗਰੋਂ ਸਿੱਖਾਂ ਵਿੱਚ ਰਾਜਸੀ ਚੇਤਨਾ ਜ਼ੋਰ ਫੜ ਰਹੀ ਹੈ ਤੇ ਸਿਆਸੀ ਜਾਗਰੂਕਤਾ ਦੇ ਇਸ ਵੇਗ ਨੇ ਪੰਥ ਦੋੋਖੀ ਤਾਕਤਾਂ ਦੇ ਮੁੜਕੇ ਚੁਆ ਛੱਡੇ ਹਨ। ਦੀਪ ਸਿੱਧੂ ਨੇ ਪੰਜਾਬ ਦੀ ਨੌਜਵਾਨੀ ਨੂੰ ਇੱਕ ਨਵਾਂ ਮੁਹਾਵਰਾ ਦਿੱਤਾ ਸੀ। ਉਸ ਨੇ ਅਜ਼ਾਦੀ, ਸਟੇਟਹੁੱਡ ਤੇ ਖ਼ਾਲਿਸਤਾਨ ਦੀ ਗੱਲ ਨੂੰ ਸਹਿਜ ਕੀਤਾ ਹੈ। ਭਾਈ ਅੰਮ੍ਰਿਤਪਾਲ ਸਿੰਘ ਵੀ ਖ਼ਾਲਿਸਤਾਨ ਦੀ ਸੋਹਣੀ ਵਿਆਖਿਆ ਕਰ ਰਹੇ ਹਨ। ਜਿਸ ਖ਼ਾਲਿਸਤਾਨ ਨੂੰ ਸਟੇਟ ਨੇ ਹਊਆ ਬਣਾਇਆ ਹੈ, ਉਸ ਬਿਰਤਾਂਤ ਨੂੰ ਤੋੜਨ ਲਈ ਸਾਡੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਵਾਰਿਸ ਪੰਜਾਬ ਦੇ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ‘ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ 29 ਸਤੰਬਰ ਨੂੰ ਕਾਫ਼ੀ ਵੱਡਾ ਇਕੱਠ ਹੋ ਰਿਹਾ ਹੈ, ਗੁਰੂ ਸਾਹਿਬ ਇਸ ਜਥੇਬੰਦੀ ਪਾਸੋਂ ਵੱਡੀਆਂ ਸੇਵਾਵਾਂ ਲੈਣ ਅਰਦਾਸ ਹੈ।
ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਪਰਤਦਿਆਂ ਸਾਰ ਸਿੱਖ ਨੌਜਵਾਨਾਂ ਨੂੰ ਘਰ ਪਰਤਣ ਦਾ ਸੱਦਾ ਦਿੰਦਿਆਂ ਕਿਹਾ ਕਿ “ਆਓ ਵੀਰੋ, ਇਹ ਸਿਰ ਗੁਰੂ ਚਰਨਾਂ ’ਚ ਭੇਟ ਕਰੀਏ, ਉਸ ਦਾ ਬਖ਼ਸ਼ਿਆ ਜੀਵਨ ਉਸੇ ਦੇ ਲੇਖੇ ਲਾਈਏ, ਸੱਚੇ ਧਰਮ ਦਾ ਯੁੱਧ ਲੜੀਏ। ਆਓ ਪਿਆਰਿਓ, ਘਰਾਂ-ਪਰਿਵਾਰਾਂ ਦਾ ਮੋਹ ਤਿਆਗ ਕੇ ਆਪਣਾ ਸਭ ਕੁਝ ਇਸ ਸੋਹਣੀ ਕੌਮ ਤੋਂ ਵਾਰੀਏ। ਆਓ, ਸ੍ਰੀ ਅਨੰਦਪੁਰ ਸਾਹਿਬ ਤਿਆਰ-ਬਰ-ਤਿਆਰ ਹੋ ਕੇ ਮਾਛੀਵਾੜੇ ਦੇ ਰਾਹ ਤੁਰੀਏ, ਅਸੀਂ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਚਿਖ਼ਾ ’ਤੇ ਖੜ੍ਹ ਕੇ ਤਰਲਾ ਕੀਤਾ ਸੀ ਕਿ ਕਲਗੀਆਂ ਵਾਲ਼ੇ ਪਾਤਸ਼ਾਹ ਸਾਡੇ ਵੀ ਗਾਤਰੇ ਪਵਾ ਦਿਓ, ਉਸ ਚੋਜੀ ਪ੍ਰੀਤਮ ਦਾ ਸੱਦਾ ਹੈ, ਮੁੜ ਆਓ।” ਪਤਿਤਪੁਣੇ ਅਤੇ ਨਸ਼ਿਆਂ ਵਿੱਚ ਗਲਤਾਨ ਨੌਜਵਾਨ ਵੀਰੋ! ਕੌਮ ਨੂੰ ਤੁਹਾਡੀ ਲੋੜ ਹੈ, ਤੁਸੀਂ ਚਿੰਬੜੇ ਹੋਏ ਕੋਹੜ ਨੂੰ ਆਪਣੇ ਤਨੋਂ ਲਾਹ ਕੇ ਦਸਮੇਸ਼ ਪਿਤਾ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਕਮਰਕੱਸੇ ਕਰ ਲਵੋ। ਇੱਕ ਪੰਥ ਦਰਦੀ ਨੌਜਵਾਨ ਵੀਰ ਭਾਈ ਅੰਮ੍ਰਿਤਪਾਲ ਸਿੰਘ ਨੇ ਤੁਹਾਨੂੰ ਹਲੂਣਦਿਆਂ ਹੋਇਆਂ ਹੋਕਾ ਦਿੱੱਤਾ ਹੈ ਕਿ ਆਪਾਂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ‘ਚ ਆਪਣਾ ਸਿਰ ਭੇਟਾ ਕਰੀਏ ਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਬਾਣੀ-ਬਾਣੇ ਦੇ ਧਾਰਨੀ ਤੇ ਸ਼ਸਤਰਧਾਰੀ ਹੋਈਏ। ਹਿੰਦੁਸਤਾਨ ਦੇ ਹਿੰਦੂ ਹਾਕਮ ਨਸ਼ਿਆਂ ਰਾਹੀਂ ਸਾਡੀ ਨਸਲਕੁਸ਼ੀ ਕਰ ਰਹੇ ਹਨ, ਸਾਡੀ ਕੌਮ ‘ਤੇ ਨਿੱਤ ਨਵੇਂ ਹਮਲੇ ਹੋ ਰਹੇ ਨੇ, ਦੁਸ਼ਮਣ ਨੇ ਸਾਨੂੰ ਚੌਹਾਂ ਪਾਸਿਆਂ ਤੋਂ ਘੇਰਿਆ ਹੋਇਆ ਹੈ। ਆਓ, ਦੁਸ਼ਮਣ ਦੇ ਹਰ ਹੱਲੇ ਦਾ ਜਵਾਬ ਦੇਣ ਲਈ ਇੱਕਜੁੱਟ ਹੋ ਕੇ ਸੰਘਰਸ਼ਸ਼ੀਲ ਹੋਈਏ ਤੇ ਗ਼ੁਲਾਮੀ ਦਾ ਜੂਲਾ ਲਾਹ ਕੇ ਕੌਮੀ ਘਰ ਖ਼ਾਲਿਸਤਾਨ ਨੂੰ ਆਜ਼ਾਦ ਕਰਵਾਈਏ। 25 ਸਤੰਬਰ ਨੂੰ ਹਜ਼ਾਰਾਂ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਅੰਮ੍ਰਿਤ ਛਕਣ ਅਤੇ ‘ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ’ ਤੇ ‘ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ’ ਗਾਉਂਦਿਆਂ ਗੁਰਮਤਿ ਸਿਧਾਂਤਾਂ ‘ਚ ਪ੍ਰਪੱਕ ਹੋਵੋ, ਕਲਗੀਆਂ ਵਾਲੇ ਪਾਤਸ਼ਾਹ ਜੀ ਹਰ ਥਾਂ ਸਹਾਈ ਹੋਣਗੇ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?