ਅੰਮ੍ਰਿਤਸਰ, 23 ਸਤੰਬਰ (ਨਜ਼ਰਾਨਾ ਨਿਊਜ਼ ਨੈਟਵਰਕ): ਬੀਤੇ ਕੱਲ੍ਹ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਟੀਸ਼ਨ ਰੱਦ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2014 ਦੀ ਹੋਂਦ ਬਰਕਰਾਰ ਰੱਖਦਿਆਂ ਮਾਨਤਾ ਦਿੱਤੀ ਗਈ ਹੈ ਜਿਸ ਪਿੱਛੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ ਅਤੇ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਨ ਦਾ ਅਸਲ ਦੋਸ਼ੀ ਬਾਦਲ ਪਰਿਵਾਰ ਹੈ ਜਿਨ੍ਹਾਂ ਦੇ ਗੁਨਾਹਾਂ ਨੂੰ ਖ਼ਾਲਸਾ ਪੰਥ ਕਦੇ ਬਖ਼ਸ਼ੇਗਾ ਨਹੀਂ। ਉਹਨਾਂ ਕਿਹਾ ਕਿ ਜਦ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਾਦਲਾਂ ਦੇ ਲਿਫਾਫੇ ‘ਚੋਂ ਨਿਕਲਣਗੇ ਤਾਂ ਅਜਿਹੇ ਹਾਲਤ ਤਾਂ ਇੱਕ ਦਿਨ ਬਣਨੇ ਹੀ ਸੀ। ਇਹਨਾਂ ਹਾਲਾਤਾਂ ਲਈ ਪੂਰਨ ਤੌਰ ‘ਤੇ ਬਾਦਲ ਪਰਿਵਾਰ ਜਿੰਮੇਵਾਰ ਹੈ। ਬਾਦਲਕਿਆਂ ਨੇ ਜਿਸ ਤਰ੍ਹਾਂ ਗੁਰਧਾਮਾਂ ਅਤੇ ਸਿੱਖ ਸੰਸਥਾਵਾਂ ‘ਤੇ ਕਬਜਾ ਜਮਾਇਆ ਹੋਇਆ ਸੀ ਅਤੇ ਪੰਥਕ ਸਿਧਾਂਤਾਂ ਦਾ ਘਾਣ ਤੇ ਗੋਲਕਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ ਉਸ ਤੋਂ ਹਰਿਆਣੇ ਦੇ ਸਿੱਖ ਕਾਫ਼ੀ ਖ਼ਫ਼ਾ ਸਨ। ਉਹਨਾਂ ਕਿਹਾ ਕਿ ਇਸ ਫ਼ੈਸਲੇ ਨਾਲ ਬਾਦਲਾਂ ਦੀ ਗ਼ਲਤ ਨੀਤੀ ਦੀ ਇਤਿਹਾਸਕ ਹਾਰ ਤਾਂ ਜ਼ਰੂਰੀ ਹੋਈ ਹੈ ਪਰ ਗੁਰਧਾਮਾਂ ‘ਚ ਭਾਜਪਾ ਅਤੇ ਆਰ ਐੱਸ ਐੱਸ ਦੀ ਦਖਲ-ਅੰਦਾਜ਼ੀ ਕਰਵਾਉਣ ‘ਚ ਬਾਦਲਕੇ ਸਫ਼ਲ ਵੀ ਹੋ ਚੁੱਕੇ ਹਨ ਜਿਸ ਦੇ ਭਵਿੱਖ ‘ਚ ਬੇਹੱਦ ਮਾੜੇ ਸਿੱਟੇ ਨਿਕਲਣਗੇ|
ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਕਿਆਂ ਦਾ ਗ੍ਰਹਿਣ ਲੱਗ ਗਿਆ ਹੈ। ਬਾਦਲਕਿਆਂ ਦੀ ਮੇਹਰਬਾਨੀ ਸਦਕਾ ਸ਼੍ਰੋਮਣੀ ਕਮੇਟੀ ਹੁਣ ‘ਸ਼੍ਰੋਮਣੀ’ ਨਹੀਂ ਰਹੀ, ਇਹ ਪੰਜਾਬ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸ਼੍ਰੋਮਣੀ ਕਮੇਟੀ ਦੀ ਤਾਕਤ ਨੂੰ ਆਪਣੀ ਸਿਆਸਤ ਲਈ ਵਰਤਣ ਦਾ ਗੁਨਾਹ ਕਰਨ ਦੇ ਨਾਲ-ਨਾਲ ਬਾਦਲਕਿਆਂ ਨੇ ਉਹ ਨੀਤੀ ਅਪਣਾਈ ਜਿਹੜੀ ਪੰਥਕ ਹਿੱਤਾਂ ਲਈ ਘਾਤਕ ਸਾਬਿਤ ਹੋਈ ਹੈ। ਇੱਕ ਪਾਸੇ ਬਾਦਲਕਿਆਂ ਨੇ ਸ਼੍ਰੋਮਣੀ ਕਮੇਟੀ ਉੱਤੇ ਕਬਜਾ ਕਰਕੇ ਇਸ ਕਮੇਟੀ ਨੂੰ ਧਰਮ ਪ੍ਰਚਾਰ ਨਹੀਂ ਕਰਨ ਦਿੱਤਾ, ਦੂਜੇ ਪਾਸੇ ਸਿੱਖੀ ਦੇ ਦੁਸ਼ਮਣ ਡੇਰਿਆਂ ਨਾਲ ਹੱਥ ਮਿਲਾ ਕੇ ਉਹਨਾਂ ਨੂੰ ਪੰਜਾਬ ਵਿੱਚ ਸਿੱਖਾਂ ਨੂੰ ਸਿੱਖੀ ਤੋਂ ਤੋੜਨ ਦੀ ਖੁੱਲ੍ਹ ਦੇ ਦਿੱਤੀ। ਸ਼੍ਰੋਮਣੀ ਕਮੇਟੀ ਵਿੱਚ ਪੰਜਾਬ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਕੋਈ ਸੁਣਵਾਈ ਨਹੀਂ, ਬਾਕੀ ਸੂਬਿਆਂ ਦੇ ਮੈਂਬਰਾਂ ਦੀ ਕੀ ਸੁਣਵਾਈ ਹੋਣੀ ਸੀ। ਬਾਦਲ ਪਰਿਵਾਰ ਦੇ ਪਿੱਠੂ ਹੀ ਸ਼੍ਰੋਮਣੀ ਕਮੇਟੀ ਵਿੱਚ ਕੋਈ ਅਰਥ ਰੱਖਦੇ ਨੇ, ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਕਿਸੇ ਸਿੱਖ ਦੇ ਜਜ਼ਬਾਤਾਂ ਦੀ ਕੱਖ ਪ੍ਰਵਾਹ ਨਹੀਂ ਕਰਦੇ।
ਟਾਸਕ ਫੋਰਸ ਨਾਮੀ ਗੁੰਡਾ ਫੋਰਸ ਜੋ ਪੰਥਕ ਅਤੇ ਖ਼ਾਲਿਸਤਾਨੀ ਸਿੰਘਾਂ ਦੇ ਕੇਸਾਂ, ਦਸਤਾਰਾਂ ਤੇ ਕਕਾਰਾਂ ਦੀ ਬੇਅਦਬੀ ਕਰਦੀ ਹੈ ਤੇ ਸੰਗਤਾਂ ਦੇ ਡਾਂਗਾਂ ਮਾਰਨ ਨੂੰ ਹੀ ਸੇਵਾ ਸਮਝਦੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਮੌਕੇ ਜਦ ਸਾਰਾ ਸਿੱਖ ਜਗਤ ਸੰਤਾਪ ਹੰਢਾਅ ਰਿਹਾ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੱਕੜ-ਬਾਦਲ ਦੇ ਗਧੀਗੇੜ ਵਿੱਚ ਫਸੇ ਰਹੇ ਤੇ ਸੰਗਤ ਨਾਲ ਨਹੀਂ ਖੜ੍ਹੇ। ਸ਼੍ਰੋਮਣੀ ਕਮੇਟੀ ਦਾ ਮੌਜੂਦਾ ਲੁੰਗਲਾਣਾ ਜੋ ਨਰੈਣੂ ਮਹੰਤ ਦਾ ਹੀ ਵਾਰਸ ਹੈ। ਜੇ ਬਾਦਲਕਿਆਂ ਮਗਰ ਲੱਗ ਕੇ ਸ਼੍ਰੋਮਣੀ ਕਮੇਟੀ ਨੇ ਸਿੱਖ ਜਜ਼ਬਾਤਾਂ ਨੂੰ ਨਾ ਰੋਲਿਆ ਹੁੰਦਾ ਤਾਂ ਅੱਜ ਸਮੁੱਚੇ ਪੰਥ ਨੇ ਇੱਕਜੁੱਟ ਹੋ ਕੇ ਇਸ ਮਸਲੇ ਖਿਲਾਫ ਡਟ ਜਾਣਾ ਸੀ, ਪਰ ਹੁਣ ਜਦ ਕੋਈ ਹਰਿਆਣਾ ਕਮੇਟੀ ਦਾ ਵਿਰੋਧ ਕਰਦਾ ਹੈ ਤਾਂ ਸਾਫ ਦਿਸਦਾ ਹੈ ਕਿ ਉਹ ਪੰਥਕ ਹਿੱਤ ਵਿੱਚ ਨਹੀਂ, ਬਾਦਲ ਪਰਿਵਾਰ ਦੇ ਹਿੱਤਾਂ ਲਈ ਬੋਲ ਰਿਹਾ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੇ ਸਾਧਨਾਂ ਤੇ ਸਰਮਾਏ ਨੂੰ ਆਪਣੇ ਸੌੜੇ ਸਿਆਸੀ ਸਵਾਰਥਾਂ ਲਈ ਵਰਤਣ ਵਾਲੇ ਬਾਦਲਕਿਆਂ ਦੇ ਪਿੱਠੂ ਕਲਪ ਰਹੇ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲਕੇ ਪੰਥ ਅਤੇ ਪੰਜਾਬ ਦੇ ਗ਼ਦਾਰ ਹਨ। ਬਾਦਲਕਿਆਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਫ਼ੈਡਰੇਸ਼ਨ ਨੂੰ ਕਈ ਧੜਿਆਂ ‘ਚ ਵੰਡਿਆ, ਬਾਦਲਾਂ ਕਾਰਨ ਹੀ ਅਕਾਲੀ ਦਲ ਦੇ ਵੀ ਕਈ ਧੜੇ ਬਣ ਗਏ ਤੇ ਹੁਣ ਸ਼੍ਰੋਮਣੀ ਕਮੇਟੀ ਵੀ ਵੰਡੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਆਲ ਇੰਡੀਆ ਗੁਰਦਵਾਰਾ ਐਕਟ ਬਣਾਉਣ ਲਈ ਬਾਦਲਕਿਆਂ ਨੇ ਭਾਜਪਾ ਉੱਤੇ ਕਦਟ ਦਬਾਅ ਨਹੀਂ ਸੀ ਪਾਇਆ। ਜੇ ਪਾਰਲੀਮੈਂਟ ਵਿੱਚ ਕਾਨੂੰਨ ਬਣਾ ਕੇ ਸਾਰੇ ਭਾਰਤ ਦੇ ਗੁਰਦੁਵਾਰਿਆਂ ਦਾ ਪ੍ਰਬੰਧ ਕਰਨ ਵਾਲੀ ਇੱਕ ਕਮੇਟੀ ਬਣ ਜਾਂਦੀ ਤਾਂ ਇਹ ਸਿੱਖ ਸ਼ਕਤੀ ਦਾ ਇੱਕ ਮਜਬੂਤ ਥੰਮ ਹੋਣਾ ਸੀ। ਪਰ ਆਰ ਐਸ ਐਸ ਦੇ ਕਹਿਣ ਤੇ ਬਾਦਲਕਿਆਂ ਨੇ ਖਾਲਸਾ ਪੰਥ ਨਾਲ ਧ੍ਰਹ ਕਮਾਇਆ। ਪੰਥ ਦੀ ਸ਼ਕਤੀ ਦੇ ਟੁਕੜੇ-ਟੁਕੜੇ ਕਰਨ ਅਤੇ ਆਰ ਐਸ ਐਸ ਦੇ ਏਜੰਡੇ ਨੂੰ ਲਗਾਤਾਰ ਲਾਗੂ ਕਰਨ ਵਾਲੇ ਬਾਦਲਕੇ ਹੁਣ ਸਰਟੀਫਿਕੇਟ ਵੰਡ ਰਹੇ ਨੇ ਕਿ ਫਲਾਨਾ ਆਰ ਐਸ ਐਸ ਦਾ ਏਜੰਟ ਹੈ। ਜਦ ਕਿ ਸਿੱਖਾਂ ਨੂੰ ਭਾਜਪਾ ਕਦੇ ਚੰਗੀ ਨਹੀਂ ਸੀ ਲੱਗੀ ਪਰ ਬਾਦਲਕਿਆਂ ਨੇ ਭਾਜਪਾ ਨਾਲ ਸਿੱਖਾਂ ਨੂੰ ਜੋੜਿਆ ਤੇ ਅੱਜ ਜਿੰਨੇ ਵੀ ਸਿੱਖ ਭਾਜਪਾ ਵਿੱਚ ਜਾਂ ਸਾਂਝ ਰੱਖਦੇ ਹਨ, ਇਸ ਸਥਿਤੀ ਲਈ ਅਸਲ ਦੋਸ਼ੀ ਅਤੇ ਜ਼ਿੰਮੇਵਾਰ ਬਾਦਲ ਪਰਿਵਾਰ ਹੈ।
Author: Gurbhej Singh Anandpuri
ਮੁੱਖ ਸੰਪਾਦਕ