ਅੰਮ੍ਰਿਤਸਰ, 27 ਸਤੰਬਰ ( ਹਰਮੇਲ ਸਿੰਘ ਹੁੰਦਲ ) ਆਰ ਐੱਸ ਐੱਸ ਦੇ ਮੁਖੀ ਮੋਹਨ ਭਾਗਵਤ ਦਾ ਬਿਆਨ ਕਿ “ਭਾਰਤ ਵਿੱਚ ਰਹਿਣ ਵਾਲੇ ਸਾਰੇ ਹਿੰਦੂ ਹਨ” ਦਾ ਮੋੜਵਾਂ ਜਵਾਬ ਦਿੰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਨਾ ਤਾਂ ਹਿੰਦੂ ਹਾਂ ਅਤੇ ਨਾ ਹੀ ਭਾਰਤੀ। ਅਸੀਂ ਸਿੱਖ ਹਾਂ, ਖ਼ਾਲਿਸਤਾਨੀ ਹਾਂ। ਅਸੀਂ ਨਾ ਤਾਂ ਹਿੰਦੂਆਂ ਦਾ ਹਿੱਸਾ ਹਾਂ ਤੇ ਨਾ ਹੀ ਹਿੰਦੂਆਂ ‘ਚੋਂ ਨਿਕਲੇ ਹਾਂ। ਸਿੱਖ ਇੱਕ ਵੱਖਰੀ ਅਤੇ ਸੰਪੂਰਨ ਕੌਮ ਹੈ, ਜੋ ਅਕਾਲ ਪੁਰਖ ਦੇ ਹੁਕਮ ‘ਚ ਪ੍ਰਗਟ ਹੋਈ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜਿਵੇਂ ਪਾਕਿਸਤਾਨ ਜਾਂ ਅਰਬ ਦੇਸ਼ਾਂ ‘ਚ ਰਹਿਣ ਨਾਲ ਕੋਈ ਮੁਸਲਮਾਨ ਨਹੀਂ ਬਣ ਜਾਂਦਾ, ਇੰਗਲੈਂਡ-ਅਮਰੀਕਾ-ਕੈਨੇਡਾ ਜਾਂ ਯੂਰਪ ਦੇਸ਼ਾਂ ‘ਚ ਰਹਿਣ ਨਾਲ ਸਾਰੇ ਈਸਾਈ ਨਹੀਂ ਬਣ ਜਾਂਦੇ, ਇਜ਼ਰਾਈਲ ‘ਚ ਰਹਿਣ ਨਾਲ ਕੋਈ ਯਹੂਦੀ ਨਹੀਂ ਬਣ ਜਾਂਦਾ ਇਵੇਂ ਹੀ ਭਾਰਤ ‘ਚ ਰਹਿਣ ਕਰਕੇ ਕੋਈ ਹਿੰਦੂ ਨਹੀਂ ਬਣ ਜਾਂਦਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੋਹਨ ਭਾਗਵਤ ਨੇ ਇਹ ਕੋਈ ਪਹਿਲੀ ਵਾਰ ਗੱਲ ਨਹੀਂ ਕੀਤੀ, ਪਹਿਲਾਂ ਵੀ ਆਰ ਐਸ ਐਸ ਦੇ ਆਗੂ ਅਜਿਹੇ ਬਿਆਨ ਦਿੰਦੇ ਰਹਿੰਦੇ ਹਨ, ਇਹ ਉਹਨਾਂ ਦੀ ਲਿਖਤੀ ਨੀਤੀ ਦਾ ਹਿੱਸਾ ਹੈ ਤਾਂ ਜੋ ਦੂਜੀਆਂ ਕੌਮਾਂ ਦੀ ਪਛਾਣ ਨੂੰ ਹੜੱਪਿਆ ਜਾ ਸਕੇ। ਆਰ ਐੱਸ ਐੱਸ ਦੇ ਕਹਿਣ ਨਾਲ ਸਿੱਖ, ਮੁਸਲਮਾਨ, ਇਸਾਈ, ਬੋਧੀ ਜਾਂ ਜੈਨੀ ਕੋਈ ਵੀ ਹਿੰਦੂ ਨਹੀਂ ਬਣ ਗਿਆ। ਇਹੋ ਜਿਹੇ ਬਿਆਨ ਦੇ ਕੇ ਮੋਹਨ ਭਾਗਵਤ ਨੇ ਸਿਰਫ ਆਪਣੇ ਅੰਦਰ ਦੀ ਜ਼ਹਿਰ ਦਾ ਇੱਕ ਵਾਰ ਫੇਰ ਛੱਟਾ ਮਾਰਿਆ ਹੈ। ਉਹਨਾਂ ਕਿਹਾ ਕਿ ਅਜਿਹੇ ਬਿਆਨ ਤਾਂ ਦਿੱਤੇ ਜਾ ਰਹੇ ਹਨ ਕਿਉਂਕਿ ਆਰ ਐੱਸ ਐੱਸ ਭਾਰਤ ਨੂੰ ਹਿੰਦੂ ਰਾਸ਼ਟਰ ‘ਚ ਬਦਲਣਾ ਚਾਹੁੰਦੀ ਹੈ ਪਰ ਦੇਸ਼ ਪੰਜਾਬ ਕਦੇ ਵੀ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ ਅਤੇ ਅਸੀਂ ਭਾਰਤ ਤੋਂ ਅਜ਼ਾਦੀ ਲੈ ਕੇ ਹੀ ਦਮ ਲਵਾਂਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਾਬ ਇੱਕ ਅਲੱਗ ਦੇਸ਼ ਸੀ ਜਿਸ ‘ਤੇ ਭਾਰਤ ਨੇ ਕਬਜਾ ਕੀਤਾ ਹੋਇਆ ਹੈ, ਪੰਜਾਬ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਰਿਹਾ। ਉਹਨਾਂ ਕਿਹਾ ਕਿ ਖ਼ਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੂਰਨ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਹੋਣ ਦੀ ਲੋੜ ਹੈ ਅਤੇ ਖ਼ਾਲਿਸਤਾਨ ਦੇ ਵਿੱਚ ਕਿਸੇ ਕੌਮ ਤੇ ਧਰਮ ਦੀ ਪਛਾਣ ਨੂੰ ਖੋਹਿਆ ਨਹੀਂ ਜਾਵੇਗਾ, ਖ਼ਾਲਿਸਤਾਨ ‘ਚ ਸਿੱਖ, ਮੁਸਲਮਾਨ, ਹਿੰਦੂ, ਈਸਾਈ, ਜੈਨੀ, ਬੋਧੀ, ਪਾਰਸੀ, ਕਾਮਰੇਡ ਸਾਰੇ ਸੁਖੀ ਵੱਸਣਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਸਿੱਖ-ਹਿੰਦ ਜੰਗ ਸੀ, ਭਾਰਤ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਮਗਰੋਂ ਸਿੱਖਾਂ ਅਤੇ ਪੰਜਾਬੀਆਂ ਨੇ ਭਾਰਤ ਵਿਰੁੱਧ ਦਸ ਸਾਲ ਹਥਿਆਰਬੰਦ ਹੋ ਕੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਜੰਗ ਲੜੀ ਹੈ ਜੋ ਅੱਜ ਵੀ ਜ਼ਮਹੂਰੀਅਤ, ਰਾਜਨੀਤਕ, ਸ਼ਾਂਤਮਈ ਢੰਗ ਨਾਲ ਅਤੇ ਸਿਧਾਂਤਕ ਪੱਖੋਂ ਜਾਰੀ ਹੈ, ਅਸੀਂ ਨਾ ਤਾਂ ਹਿੰਦੂ ਹਾਂ ਅਤੇ ਨਾ ਭਾਰਤੀ, ਸਾਡੀ ਕੌਮ ਵੱਖਰੀ ਹੈ ਤੇ ਸਾਡਾ ਦੇਸ਼ ਵੱਖਰਾ ਹੈ, ਧਰਮ ਵੱਖਰਾ ਹੈ, ਗ੍ਰੰਥ ਵੱਖਰਾ ਹੈ, ਸੱਭਿਆਚਾਰ, ਇਤਿਹਾਸ, ਖਾਣ-ਪੀਣ, ਪਹਿਰਾਵਾ, ਬੋਲੀ ਸਭ ਕੁਝ ਹਿੰਦੂਆਂ ਅਤੇ ਭਾਰਤੀਆਂ ਨਾਲੋਂ ਵੱਖਰਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਰ ਐੱਸ ਐੱਸ ਅਤੇ ਮੋਹਨ ਭਾਗਵਤ ਨੂੰ ਕਿਸੇ ਵੀ ਟੀ.ਵੀ. ਚੈੱਨਲ ‘ਤੇ ਖੁੱਲ੍ਹੀ ਬਹਿਸ ਲਈ ਵੰਗਾਰਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ