ਅੰਮ੍ਰਿਤਸਰ, 29 ਸਤੰਬਰ ( ਹਰਮੇਲ ਸਿੰਘ ਹੁੰਦਲ ) ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ‘ਤੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਪਿੰਡ ਰੋਡੇ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਦਸਤਾਰਬੰਦੀ ਸਮਾਗਮ ‘ਤੇ ਪੁੱਜੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ , ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਸਾਂਝੇ ਤੌਰ ‘ਤੇ ਕਿਹਾ ਕਿ ਗੁਰਸਿੱਖੀ ਦੇ ਪ੍ਰਚਾਰ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਵੇਂ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਹਰ ਪੱਖ ਤੋਂ ਸਾਥ ਦੇਵਾਂਗੇ । ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਮਾਗਮ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਦਸਤਾਰ ਅਤੇ ਸਿਰੋੋਪੇ ਭੇਂਟ ਕੀਤੇ ਗਏ । ਮੀਡੀਆ ਨਾਲ ਗੱਲਬਾਤ ਦੌਰਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੋਂ ਸਿੱਖ ਨੌਜਵਾਨੀ ਨੂੰ ਵੱਡੀਆਂ ਆਸਾਂ ਹਨ । ਭਾਈ ਅੰਮ੍ਰਿਤਪਾਲ ਸਿੰਘ ਦੇ ਮੋਢਿਆ ’ਤੇ ਵੱਡੀ ਜ਼ਿੰਮੇਵਾਰੀ ਆਣ ਪਈ ਹੈ , ਖ਼ੁਸ਼ੀ ਹੈ ਕਿ ਉਹ ਮੈਦਾਨ ’ਚ ਨਿੱਤਰ ਆਇਆ ਹੈ। ਉਹਨਾਂ ਕਿਹਾ ਕਿ ਹੁਣ ਸੰਘਰਸ਼ ਦੀ ਵਾਂਗਡੋਰ ਸਿੱਖ ਨੌਜਵਾਨੀ ਨੇ ਆਪਣੇ ਹੱਥਾਂ ’ਚ ਲੈ ਲਈ ਹੈ , ਨਵੇਂ ਨੌਜਵਾਨ ਆਗੂ ਚਿਹਰੇ ਉਭਰਨ ਨਾਲ ਸੰਘਰਸ਼ ਨੂੰ ਬੁਲੰਦੀਆਂ ਮਿਲਣਗੀਆਂ ਤੇ ਖੜੋਤ ਟੁੱਟੇਗੀ। ਉਹਨਾਂ ਕਿਹਾ ਕਿ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਹਮੇਸ਼ਾਂ ਸੰਘਰਸ਼ਸ਼ੀਲ ਰਹੇਗੀ ਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੌਮ ਦਾ ਸੁਨਹਿਰੀ ਭਵਿੱਖ ਸਿਰਜਣ ਲਈ ਏਕਤਾ ਦਾ ਸਬੂਤ ਦੇਵੇਗੀ । ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਚਾਰ ਸੁਣ ਕੇ ਹਰ ਕੋਈ ਕਹਿ ਰਿਹਾ ਹੈ ਕਿ ਉਹ ਪੜ੍ਹਿਆ – ਲਿਖਿਆ , ਸੂਝਵਾਨ , ਰੌਸ਼ਨ ਦਿਮਾਗ ਤੇ ਹਾਜ਼ਰ-ਜਵਾਬ ਆਗੂ ਹੈ , ਤੇ ਕੌਮ ਨੂੰ ਅੱਜ ਅਜਿਹੇ ਨੌਜਵਾਨਾਂ ਦੀ ਹੀ ਲੋੜ ਹੈ। ਦੀਪ ਸਿੱਧੂ ਨੇ ਆਪਣੇ ਬੋਲਾਂ ਰਾਹੀਂ ਨੌਜਵਾਨੀ ’ਚ ਵੱਡੀ ਜਾਗ੍ਰਿਤੀ ਲਿਆਂਦੀ ਸੀ ਜਿਸ ਮਗਰੋਂ ਸਿੱਖਾਂ ਵਿੱਚ ਰਾਜਸੀ ਚੇਤਨਾ ਜ਼ੋਰ ਫੜ ਰਹੀ ਹੈ ਤੇ ਸਿਆਸੀ ਜਾਗਰੂਕਤਾ ਦੇ ਇਸ ਵੇਗ ਨੇ ਪੰਥ ਦੋੋਖੀ ਤਾਕਤਾਂ ਦੇ ਮੁੜਕੇ ਚੁਆ ਛੱਡੇ ਹਨ । ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਮਹਿਸੂਸ ਹੋ ਰਿਹਾ ਹੈ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਤੋਂ ਸੇਧ ਲੈਂਦਿਆਂ ਸਿੱਖ ਨੌਜਵਾਨੀ ਆਪਣੇ ਧਰਮ ਅਤੇ ਅਸਲ ਧੁਰੇ ਨਾਲ਼ ਜੁੜੇਗੀ , ਪਤਿਤਪੁਣੇ ਨੂੰ ਤਿਆਗ ਕੇ ਨੌਜਵਾਨ ਸਿੱਖੀ ਸਰੂਪ ’ਤੇ ਮਾਣ ਮਹਿਸੂਸ ਕਰਨਗੇ ਤੇ ਸਟੇਟ ਵੱਲੋਂ ਸਿਰਜੇ ਬਿਰਤਾਂਤ ਨੂੰ ਤੋੜਨ ’ਚ ਸਫ਼ਲ ਹੋਣਗੇ । ਉਹਨਾਂ ਕਿਹਾ ਕਿ ਦੀਪ ਸਿੱਧੂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਸ ਵੱਲੋਂ ਅਰੰਭੀ ‘ਹੋਂਦ ਦੀ ਲੜਾਈ’ ਨੂੰ ਜਾਰੀ ਰੱਖਿਆ ਜਾਵੇ । ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ , ਭਾਈ ਮਨਪ੍ਰੀਤ ਸਿੰਘ ਮੰਨਾ , ਭਾਈ ਹਰਪ੍ਰੀਤ ਸਿੰਘ ਬੰਟੀ , ਭਾਈ ਗੁਰਭੇਜ ਸਿੰਘ ਹਰੀਕੇ ਆਦਿ ਫ਼ੈਡਰੇਸ਼ਨ ਦੇ ਨੌਜਵਾਨ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ