ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਕਰਨ ਲਈ ਪੰਜਾਬ ਭਰ ਵਿੱਚ ਅੰਮ੍ਰਿਤ ਸੰਚਾਰ ਮੁਹਿੰਮ ਚਲਾਈ ਜਾਵੇਗੀ – ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ
ਸਮਾਲਸਰ, 29 ਸਤੰਬਰ ( ਰਾਜਿੰਦਰ ਸਿੰਘ ਕੋਟਲਾ ) ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਪਿੰਡ ਰੋਡੇ (ਮੋਗਾ) ਵਿਖੇ ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਸਾਲਾਨਾ ਵਰ੍ਹੇਗੰਢ ਮਨਾਈ ਗਈ , ਉੱਥੇ ਇਸ ਜਥੇਬੰਦੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਦਸਤਾਰਬੰਦੀ ਵੀ ਕੀਤੀ ਗਈ । ਇੱਥੇ ਇਹ ਦੱਸਣਯੋਗ ਹੈ ਕਿ ਇਹ ਵਾਰਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਵੱਡੇ ਇਕੱਠ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਸਮੇ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕੀਤਾ ਤਾਂ ਉਸ ਦਿਨ ਤੋਂ ਖਾਲਸਤਾਨ ਦੀ ਨੀਂਹ ਰੱਖੀ ਜਾਵੇਗੀ।ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਸੋਚ ਅਤੇ ਵਿਚਾਰਧਾਰਾ ਅਪਣਾ ਕੇ ਅਤੇ ਉਨ੍ਹਾਂ ਵੱਲੋਂ ਦਰਸਾਏ ਗਏ ਮਾਰਗ ਤੇ ਚਲਦਿਆਂ ਸਿੱਖ ਕੌਮ ਦੀ ਆਜ਼ਾਦੀ ਅਤੇ ਪੰਜਾਬ ਸੂਬੇ ਦੀ ਖੁਸ਼ਹਾਲੀ ਲਈ ਕੰਮ ਕਰਾਂਗੇ । ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਮੁਤਾਬਕ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਬਾਣੀ ਅਤੇ ਬਾਣੇ ਨਾਲ ਜੋੜਾਂਗੇ । ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਸਾਰੇ ਪਿੰਡਾਂ ਵਿਚ ਅੰਮ੍ਰਿਤ ਸੰਚਾਰ ਮੁਹਿੰਮ ਚਲਾਵਾਂਗੇ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੇਸਾਧਾਰੀ ਬਣਾ ਕੇ, ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਮਾਰੂ ਨਸ਼ੇ ਚਿੱਟਾ ਆਦਿ ਨੂੰ ਖ਼ਤਮ ਕਰਨ ਚ ਵੀ ਅਸੀਂ ਆਪਣਾ ਰੋਲ ਅਦਾ ਕਰਾਂਗੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ: ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤਸਾਨੂੰ ਸਿੱਖ ਕੌਮ ਦੀ ਆਜ਼ਾਦੀ ਲਈ ਇਕਮੁੱਠ ਹੋ ਕੇ ਯਤਨ ਕਰਨੇ ਚਾਹੀਦੇ ਹਨ, ਇਹ ਯਤਨ ਤਾਂ ਹੀ ਸਫ਼ਲ ਹੋ ਸਕਦੇ ਹਨ ਜੇਕਰ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਪਣਾਈਏ । ਉਨ੍ਹਾਂ ਕਿਹਾ ਕਿ ਇਹ ਬਹੁ ਗਿਣਤੀ ਹਿੰਦੂ ਹਕੂਮਤਾਂ ਸ਼ੁਰੂ ਤੋਂ ਹੀ ਘੱਟ ਗਿਣਤੀਆਂ ਖਾਸਕਰ ਸਿੱਖਾਂ ਨਾਲ ਵਧੀਕੀਆਂ ਕਰਦੀਆਂ ਆਈਆਂ ਹਨ ਇਹ ਵਧੀਕੀਆਂ ਤਾਂ ਹੀ ਰੋਕੀਆਂ ਜਾ ਸਕਦੀਆਂ ਹਨ ਜੇਕਰ ਸਿੱਖ ਕੌਮ ਪੂਰੀ ਤਰ੍ਹਾਂ ਇਕਮੁੱਠ ਹੋਵੇ । ਉਨ੍ਹਾਂ ਕਿਹਾ ਕਿ ਏਜੰਸੀਆਂ ਦੀ ਸ਼ਹਿ ਤੇ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਨੂੰ ਇਕ ਸਾਜ਼ਿਸ਼ ਤਹਿਤ ਸ਼ਹੀਦ ਕੀਤਾ ਗਿਆ। ਸਿਮਰਨਜੀਤ ਸਿੰਘ ਮਾਨ ਨੇ ਫਿਰ ਦੁਹਰਾਇਆ ਕਿ ਸਾਨੂੰ ਸਿੱਖ ਕੌਮ ਨੂੰ ਇਕੱਤਰ ਹੋ ਕੇ ਆਪਣੀ ਆਜ਼ਾਦੀ ਖਾਲਸਤਾਨ ਲਈ ਲੜਾਈ ਲੜਨੀ ਚਾਹੀਦੀ ਹੈ । ਨਹੀਂ ਤਾਂ ਏਹ ਹਿੰਦੂ ਆਦਿ ਹਕੂਮਤਾਂ ਸਾਡੀ ਕੌਮ ਨੂੰ ਖ਼ਤਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ । ਉਨ੍ਹਾਂ ਅੰਮ੍ਰਿਤਪਾਲ ਸਿੰਘ ਖਾਲਸਾ ਨੁੂੰ ਦਸਤਾਰਬੰਦੀ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਸਿੱਖ ਕੌਮ ਤੇ ਸਿੱਖ ਨੌਜਵਾਨਾਂ ਦੀ ਅਗਵਾਈ ਕਰਨ , ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਨ੍ਹਾਂ ਦਾ ਡਟ ਕੇ ਸਾਥ ਦੇਵੇਗੀ। ਇਸ ਮੌਕੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਅਜੋਕੇ ਹਾਲਾਤਾਂ ਵਿੱਚ ਬਹੁਤ ਚੁਣੌਤੀਆਂ ਦਰਪੇਸ਼ ਹਨ , ਇਸ ਲਈ ਸਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਹਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਉੱਚੀ ਸੁੱਚੀ ਸੋਚ ਨੂੰ ਅਪਣਾ ਕੇ, ਉਨ੍ਹਾਂ ਨੂੰ ਆਦਰਸ਼ ਮੰਨ ਕੇ ਚੱਲਣਾ ਹੋਵੇਗਾ ਤਾਂ ਹੀ ਅਸੀਂ ਸਿੱਖ ਕੌਮ ਨੂੰ ਬੁਲੰਦੀਆਂ ਤੇ ਲਿਜਾ ਸਕਾਂਗੇ । ਇਸ ਮੌਕੇ ਹੋਰ ਵੀ ਬਹੁਤ ਸਾਰੇ ਸਿੱਖ ਬੁਲਾਰਿਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ । ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ , ਭਾਈ ਜਸਬੀਰ ਸਿੰਘ ਰੋਡੇ, ਵੱਖ ਵੱਖ ਨਿਹੰਗ ਜਥੇਬੰਦੀਆਂ, ਸੰਤ ਮਹਾਪੁਰਸ਼ਾਂ ਅਤੇ ਹੋਰ ਸਿੱਖ ਆਗੂਆਂ ਨੇ ਸਾਂਝੇ ਰੂਪ ਵਿਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਦੇ ਤੌਰ ‘ਤੇ ਦਸਤਾਰਬੰਦੀ ਵੀ ਕੀਤੀ। ਇਸ ਮੌਕੇ ਵੱਖ ਵੱਖ ਤਰ੍ਹਾਂ ਦੇ ਅਠਾਰਾਂ ਦੇ ਕਰੀਬ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਸਬੰਧੀ, ਬਹਿਬਲ ਗੋਲੀ ਕਾਂਡ ਦੇ ਦੋਸ਼ੀਅਾਂ ਨੂੰ ਸਜਾ ਦਿਵਾਉਣ ਸਬੰਧੀ ਵਿਸ਼ੇਸ਼ ਹਨ । ਇਸ ਮੌਕੇ ਸੋ੍: ਅ: ਦ: ਅੰਮਿ੍ਤਸਰ ਕਿਸਾਨ ਵਿੰਗ ਦੇ ਪਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਭਾਈ ਜਗਤਾਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ , ਭਾਈ ਅਮਨਪ੍ਰੀਤ ਸਿੰਘ ਖ਼ਾਲਸਾ ਰੋਡੇ, ਭਾਈ ਹਰਪ੍ਰੀਤ ਸਿੰਘ , ਜਸਵੰਤ ਸਿੰਘ ਦੁਬਈ , ਮਾਤਾ ਰਣਜੀਤ ਕੌਰ ਸਮਾਲਸਰ , ਭਾਈ ਗੁਰਜੰਟ ਸਿੰਘ ਸਮਾਲਸਰ , ਜਗਸੀਰ ਸਿੰਘ ਰੋਡੇ , ਭਾਈ ਰਣਜੀਤ ਸਿੰਘ ਲੰਗੇਆਣਾ , ਬਾਬਾ ਗੁਰਦਿਆਲ ਸਿੰਘ ਲੰਗੇਆਣਾ , ਭਾਈ ਮਨਜੀਤ ਸਿੰਘ ਮੱਲਾ , ਭਾਈ ਰਣਜੀਤ ਸਿੰਘ ਵਾਂਦਰ , ਗਿਆਨੀ ਦਰਸਨ ਸਿੰਘ ਰੋਡੇ , ਗੁਰਪ੍ਰੀਤ ਸਿੰਘ, ਤੋਂ ਇਲਾਵਾ ਜ਼ਿਲ੍ਹਾ ਮੋਗਾ ਦੇ ਆਸ ਪਾਸ ਪਿੰਡਾਂ ਅਤੇ ਪੰਜਾਬ ਭਰ ਦੇ ਵੱਖ ਵੱਖ ਕੋਨਿਆਂ ਤੋਂ ਵੱਡੀ ਗਿਣਤੀ ਚ ਨੌਜਵਾਨ ਅਤੇ ਬੀਬੀਆਂ ਹਾਜ਼ਰ ਸਨ । ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਜਿੱਥੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਦਸਤਾਰਾਂ ਦਿੱਤੀਆਂ ਗਈਆਂ , ਉੱਥੇ ਹੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਭੈਣ ਰਾਜਿੰਦਰ ਕੌਰ ਅਤੇ ਸ਼ਹੀਦ ਭਾਈ ਜੁਗਰਾਜ ਸਿੰਘ ਸਮਾਲਸਰ ਦੀ ਮਾਤਾ ਰਣਜੀਤ ਕੌਰ ਸਮਾਲਸਰ ਵੱਲੋਂ ਦਸਤਾਰਾਂ ਭੇਟ ਕੀਤੀਆਂ ਗਈਆਂ । ਇਸ ਮੌਕੇ ਵਿਲੱਖਣ ਗੱਲ ਇਹ ਰਹੀ ਕਿ ਇਸ ਸਮਾਗਮ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੂੰਜਾਉਂ ਨਾਅਰੇ ਵੀ ਲਗਦੇ ਰਹੇ ।
Author: Gurbhej Singh Anandpuri
ਮੁੱਖ ਸੰਪਾਦਕ