ਗੁਰਦਾਸਪੁਰ 3 ਅਕਤੂਬਰ ( ਹਰਚੇਤ ਸਿੰਘ ਸਰਾਂ ) ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿਚ ਇਕ ਵਿਅਕਤੀ ਨੇ ਥਾਣੇ ਅੰਦਰ ਵੜ ਕੇ ਪੁਲਸ ਮੁਲਾਜ਼ਮ ਤੋਂ ਨਾ ਸਿਰਫ SLR ਹੀ ਖੋਹੀ ਸਗੋਂ SLR ਰਾਈਫਲ ਖੋਹ ਕੇ ਫਰਾਰ ਹੋਇਆ ਵਿਅਕਤੀ ਫੇਸਬੁੱਕ ’ਤੇ ਲਾਈਵ ਵੀ ਹੋ ਗਿਆ। ਵੀਡੀਓ ਵਿਚ ਉਕਤ ਵਿਅਕਤੀ ਆਖ ਰਿਹਾ ਹੈ ਕਿ ਇਕ ਝਗੜੇ ਦੇ ਮਾਮਲੇ ਵਿਚ ਉਸ ਵਲੋਂ ਵਾਰ-ਵਾਰ ਪੁਲਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਸ ਨੇ ਕਾਰਵਾਈ ਨਹੀਂ ਕੀਤੀ ਸਗੋਂ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਉਸ ’ਤੇ ਵੀ ਪਰਚਾ ਦਰਜ ਕਰਨ ਦਾ ਡਰਾਵਾ ਦਿੱਤਾ।
ਅਸਾਲਟ ਖੋਹਣ ਵਾਲਾ ਸ਼ਖਸ ਵੀਡੀਓ ’ਚ ਆਖ ਰਿਹਾ ਹੈ ਕਿ ਡੇਢ ਮਹੀਨਾ ਪਹਿਲਾਂ ਕੁੱਝ ਵਿਅਕਤੀਆਂ ਨੇ ਉਸ ਦੇ ਘਰ ’ਤੇ ਹਮਲਾ ਕਰਕੇ ਇੱਟਾਂ-ਰੋੜੇ ਚਲਾਏ ਸਨ, ਉਹ ਪਿਛਲੇ ਡੇਢ ਮਹੀਨੇ ਤੋਂ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਲਈ ਥਾਣੇ ਦੇ ਚੱਕਰ ਕੱਢ ਰਿਹਾ ਹੈ ਜਦਕਿ ਐੱਸ. ਐੱਚ. ਓ. ਸਰਬਜੀਤ ਸਿੰਘ ਉਸ ਖਿਲਾਫ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜਿਸ ਦੇ ਚੱਲਦੇ ਉਸ ਨੇ ਹਾਰ ਕੇ ਸੰਤਰੀ ਦੀ SLR ਰਾਈਫਲ ਖੋਹ ਲਈ ਹੈ ਅਤੇ ਹੁਣ ਉਹ ਦੋਵਾਂ ਵਿਅਕਤੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦੇਵੇਗਾ, ਇਸ ਦੀ ਜ਼ਿੰਮੇਵਾਰੀ ਐੱਸ. ਐੱਚ. ਓ. ਸਰਬੀਜਤ ਸਿੰਘ ਦੀ ਹੋਵੇਗੀ।
ਅਸਾਲਟ ਖੋਹਣ ਵਾਲੇ ਵਿਅਕਤੀ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ। ਜਸਵਿੰਦਰ ਨੇ ਫੇਸਬੁੱਕ ’ਤੇ ਖੁਦ ਲਾਈਵ ਹੋ ਕੇ ਆਖਿਆ ਹੈ ਕਿ ਉਸ ਨੇ ਹੀ ਪੁਲਸ ਦੀ ਅਸਾਲਟ ਖੋਹੀ ਹੈ ਅਤੇ ਹੁਣ ਉਹ ਇਸ ਰਾਈਫਲ ਨਾਲ ਦੋ ਵਿਅਕਤੀਆਂ ਦਾ ਕਤਲ ਕਰੇਗਾ, ਜਿਸ ਲਈ ਪੁਲਸ ਜ਼ਿੰਮੇਵਾਰ ਹੋਵੇਗੀ। ਇਥੇ ਹੀ ਬਸ ਨਹੀਂ ਜਸਵਿੰਦਰ ਨੇ ਲਾਈਵ ਹੋ ਕਿ ਕਿਹਾ ਕਿ ਉਹ SLR
ਵਾਪਸ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਪੁਲਸ ਉਨ੍ਹਾਂ ’ਤੇ ਵੀ ਪਰਚਾ ਦਰਜ ਕਰੇ (ਜਿਨ੍ਹਾਂ ਨਾਲ ਉਸਦਾ ਝਗੜਾ ਹੈ)। ਉਸਨੇ ਕਿਹਾ ਕਿ ਜੇਕਰ ਇਕੱਲੇ ਉਸ ਉਪਰ ਹੀ ਕਾਰਵਾਈ ਹੁੰਦੀ ਹੈ ਅਤੇ ਪੁਲਸ ਉਸਨੂੰ ਘੇਰਾ ਪਾਉਂਦੀ ਹੈ ਤਾਂ ਉਹ ਪੁਲਸ ਨਾਲ ਮੁਕਾਬਲਾ ਵੀ ਕਰੇਗਾ। ਇਸ ਤੋਂ ਬਾਅਦ ਪੁਲਸ ਨੇ ਜਸਵਿੰਦਰ ਨੂੰ ਘੇਰਾ ਪਾ ਲਿਆ ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਗ੍ਰਿਫ਼ਤਾਰੀ ਦੇ ਦਿੱਤੀ। ਇਸ ਤਰ੍ਹਾਂ ਥਾਣੇ ਵਿਚ ਦਾਖਲ ਹੋ ਕੇ ਇਕ ਵਿਅਕਤੀ ਵਲੋਂ ਪੁਲਸ ਦਾ ਅਸਲਾ ਖੋਹ ਕੇ ਫਰਾਰ ਹੋ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਪੰਜਾਬ ਪੁਲਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ।
Author: Gurbhej Singh Anandpuri
ਮੁੱਖ ਸੰਪਾਦਕ