ਜਲੰਧਰ 3 ਅਕਤੂਬਰ ( ਗੁਰਦੇਵ ਸਿੰਘ ਅੰਬਰਸਰੀਆ ) ਸਿੱਧੂ ਮੂਸੇਵਾਲਾ ਦੇ ਕਤਲਕਾਂਡ ’ਚ ਸ਼ਾਮਲ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੁੱਖ ਗੈਂਗਸਟਰਾਂ ਸ਼ਾਰਪ ਸ਼ੂਟਰ ਪ੍ਰਿਯਵਰਤ ਫ਼ੌਜੀ, ਕਸ਼ਿਸ਼ ਅਤੇ ਦੀਪਕ ਕੋਲ ਜੇਲ੍ਹਾਂ ’ਚ ਮੋਬਾਈਲ ਫ਼ੋਨ ਕਿਵੇਂ ਪਹੁੰਚੇ ਅਤੇ ਉਨ੍ਹਾਂ ਨੇ ਕਿਹੜੇ-ਕਿਹੜੇ ਲੋਕਾਂ ਨਾਲ ਗੱਲਬਾਤ ਕੀਤੀ, ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਦਾ ਕੰਮ ਲੱਗਭਗ ਪੂਰਾ ਹੋ ਗਿਆ ਹੈ। ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ’ਚ ਗੈਂਗਸਟਰ ਜੇਲ੍ਹ ’ਚ ਬੈਠ ਕੇ ਪਿੱਜ਼ਾ ਖਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਜੇਲ੍ਹਾਂ ’ਚ ਕੁਸਕਣ ਨਹੀਂ ਦਿੱਤਾ ਜਾਵੇਗਾ।
ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ’ਚ ਮੁਲਜ਼ਮ ਅਤੇ ਗੈਂਗਸਟਰ ਸ਼ਾਰਪ ਸ਼ੂਟਰ ਪ੍ਰਿਯਵਰਤ ਫ਼ੌਜੀ, ਕਸ਼ਿਸ਼ ਅਤੇ ਦੀਪਕ ਟੀਨੂੰ ਦੇ ਜੇਲ੍ਹ ’ਚ ਆਉਣ ਤੋਂ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਲਈ ਮੋਬਾਈਲ ਜੇਲ੍ਹ ’ਚ ਪਹੁੰਚ ਗਏ ਸਨ। ਤਿੰਨੋਂ ਗੈਂਗਸਟਰ ਕਥਿਤ ਤੌਰ ’ਤੇ ਜੇਲ੍ਹ ’ਚੋਂ ਹੀ ਕਥਿਤ ਤੌਰ ’ਤੇ ਲੋਕਾਂ ਨਾਲ ਗੱਲਬਾਤ ਕਰਦੇ ਰਹੇ।
ਪੰਜਾਬ ਦੇ ਤਰਨਤਾਰਨ ਦੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਪਿਛਲੇ ਦਿਨੀਂ ਅਚਨਚੇਤ ਚੈਕਿੰਗ ਦੌਰਾਨ ਤਿੰਨਾਂ ਕੋਲੋਂ ਮੋਬਾਈਲ ਫ਼ੋਨ ਅਤੇ ਦੋ ਸਿਮ ਕਾਰਡ ਵੀ ਬਰਾਮਦ ਹੋਏ ਸਨ। ਗੈਂਗਸਟਰ ਦੀਪਕ ਟੀਨੂੰ ਮਾਨਸਾ ਲਿਆਉਣ ਤੋਂ ਬਾਅਦ ਪੁਲਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਟੀਨੂੰ ਤਾਂ ਜੇਲ੍ਹ ’ਚ ਰਹਿੰਦਿਆਂ ਵੀ ਉਥੋਂ ਫਰਾਰ ਹੋਣ ਦੀ ਯੋਜਨਾ ਬਣਾ ਰਿਹਾ ਸੀ। ਉਹ ਹਰ ਰੋਜ਼ ਜੇਲ੍ਹ ’ਚ ਲੜਾਈ-ਝਗੜਾ ਵੀ ਕਰਦਾ ਸੀ ਤਾਂ ਜੋ ਉਸ ਨੂੰ ਸੱਟ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਜਾ ਸਕੇ ਅਤੇ ਉਸ ਨੂੰ ਭੱਜਣ ਦਾ ਮੌਕਾ ਮਿਲ ਸਕੇ। ਸੂਤਰਾਂ ਅਨੁਸਾਰ ਤਿੰਨੋਂ ਗੈਂਗਸਟਰ ਆਪਣੇ ਫਰਾਰ ਹੋਣ ਦੀ ਯੋਜਨਾ ਬਣਾਉਣ ਅਤੇ ਹੋਰ ਸਾਥੀਆਂ ਨਾਲ ਸੰਪਰਕ ਬਣਾਉਣ ਲਈ ਜੇਲ੍ਹ ’ਚ ਮੋਬਾਈਲਾਂ ਦੀ ਵਰਤੋਂ ਕਰਦੇ ਰਹੇ । ਹੁਣ ਪੁਲਸ ਤਿੰਨਾਂ ਕਤਲ ਦੇ ਮੁਲਜ਼ਮਾਂ ਕੋਲੋਂ ਬਰਾਮਦ ਹੋਏ ਮੋਬਾਈਲਾਂ ਤੋਂ ਕੀਤੀਆਂ ਕਾਲਜ਼ ਦਾ ਡੰਪ ਡਾਟਾ ਇਕੱਠਾ ਕਰ ਰਹੀ ਹੈ ਤਾਂ ਜੋ ਗੱਲਬਾਤ ਕਰਨ ਵਾਲੇ ਲੋਕਾਂ ਦੀ ਲੋਕੇਸ਼ਨ ਦਾ ਪਤਾ ਲੱਗ ਸਕੇ।
ਇਸ ਸਬੰਧੀ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੇਸ਼ੱਕ ਜੇਲ੍ਹਾਂ ’ਚ ਮੋਬਾਈਲ ਫ਼ੋਨ ਪਹੁੰਚ ਰਹੇ ਹਨ ਪਰ ਮੋਬਾਈਲ ਫ਼ੋਨ ਚੱਲਣ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨਿਆਂ ’ਚ ਸੂਬੇ ਦੀਆਂ ਜੇਲ੍ਹਾਂ ’ਚੋਂ 3500 ਮੋਬਾਈਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੇ ਕੈਦੀਆਂ ਦੀ ਦਿਨ ’ਚ ਦੋ ਤੋਂ ਤਿੰਨ ਵਾਰ ਤਲਾਸ਼ੀ ਲਈ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਲ੍ਹਾਂ ’ਚ ਮੋਬਾਈਲ ਫੋਨਾਂ ਦੀ ਵਰਤੋਂ ’ਚ ਕਮੀ ਆਈ ਹੈ। ਪਹਿਲੀਆਂ ਸਰਕਾਰਾਂ ’ਚ ਗੈਂਗਸਟਰ ਜੇਲ੍ਹਾਂ ’ਚ ਪਿੱਜ਼ੇ ਖਾਂਦੇ ਸਨ ਅਤੇ ਅੱਜ ਜਿਹੜੇ ਕਾਂਗਰਸੀ ਆਗੂ ਗੈਂਗਸਟਰਾਂ ਦੀ ਗੱਲ ਕਰ ਰਹੇ ਹਨ, ਉਹ ਜਦੋਂ ਵੀ ਮੰਤਰੀ ਸਨ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਗੈਂਗਸਟਰਾਂ ਨੂੰ ਸਪੈਸ਼ਲ ਜੇਲ੍ਹਾਂ ’ਚ ਰੱਖਣ ਦੀ ਹਦਾਇਤ ਕਰਦੇ ਸਨ ਪਰ ਹੁਣ ਪੂਰੀ ਸਖ਼ਤੀ ਹੈ, ਇਸ ਲਈ ਗੈਂਗਸਟਰ ਜੇਲ੍ਹ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ। ਜੇਲ੍ਹ ’ਚ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਤਿੰਨ ਮੁੱਖ ਮੁਲਜ਼ਮ ਗੈਂਗਸਟਰਾਂ ਸ਼ਾਰਪ ਸ਼ੂਟਰਾਂ ਪ੍ਰਿਯਵਰਤ ਫ਼ੌਜੀ, ਕਸ਼ਿਸ਼ ਅਤੇ ਦੀਪਕ ਤੱਕ ਜੇਲ੍ਹ ’ਚ ਮੋਬਾਇਲ ਫੋਨ ਪਹੁੰਚਣ ਦੇ ਮਾਮਲੇ ਦੀ ਗੱਲ ’ਤੇ ਮੰਤਰੀ ਬੈਂਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਬੰਦ ਗੈਂਗਸਟਰਾਂ ਨੇ ਕਿਹੜੇ ਕਿਹੜੇ ਲੋਕਾਂ ਨਾਲ ਗੱਲ ਕੀਤੀ ਸੀ, ਉਨ੍ਹਾਂ ਦੀਆਂ ਲੋਕੇਸ਼ਨਜ਼ ਦੀ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ, ਜਲਦ ਹੀ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Author: Gurbhej Singh Anandpuri
ਮੁੱਖ ਸੰਪਾਦਕ