ਪੰਜਾਬ ਦੀ ਵਿਰਾਸਤ, ਇਸ ਦੀ ਆਤਮਾ, ਰੌਸ਼ਨ ਇਤਿਹਾਸ ਅਤੇ ਭਾਈਚਾਰਕ ਸਾਂਝ ਨੂੰ ਪਿਆਰ ਕਰਨ ਵਾਲਾ, ਇਸ ਦੇ ਉਜਵੱਲ ਭਵਿੱਖ ਲਈ ਚਿੰਤਾਤੁਰ ਅਤੇ ਇਸ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲਾ ਹਰ ਪੰਜਾਬੀ ਇਸ ਦਾ ਵਾਰਿਸ ਹੈ। ਪਰ ਹੁਣ ਜਦੋਂ ‘ਵਾਰਿਸ ਪੰਜਾਬ ਦੇ’ ਨਾਂ ਦੀ ਜਥੇਬੰਦੀ ਪਿਛਲੇ ਕੁਝ ਸਮੇਂ ਤੋਂ ਅਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਇਕ ਨਵੇਂ ਅਕੀਦੇ ਅਤੇ ਜੋਸ਼ ਨਾਲ ਪੰਜਾਬ ਦੇ ਰਾਜਸੀ ਦ੍ਰਿਸ਼ ਵਿਚ ਆਪਣੀ ਸਪੇਸ ਬਣਾ ਚੁੱਕੀ ਹੈ, ਤਾਂ ਸਾਨੂੰ ਇਸ ਜਥੇਬੰਦੀ ਦਾ ਵਿਚਾਰ ਵਿਸ਼ਲੇਸ਼ਣ ਇਸੇ ਰੌਸ਼ਨੀ ਵਿਚ ਹੀ ਕਰਨਾ ਹੋਵੇਗਾ। ਅੱਜ ਪੰਜਾਬ ਦੇ ਧਾਰਮਿਕ, ਵਿਚਾਰਧਾਰਕ, ਇਤਿਹਾਸ ਨਾਲ ਜੁੜੇ ਘਟਨਾਕ੍ਰਮਾਂ ਦੇ ਰਾਜਸੀ ਅਤੇ ਸੱਤਧਾਰੀ ਗਲਿਆਰਿਆਂ ਵਿਚ ਇਸ ਦੇ ਨਵੇਂ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਪਿੰਡ ਰੋਡੇ, ਜਿਲ੍ਹਾ ਮੋਗਾ ਵਿਖੇ ਹੋਈ ਪ੍ਰਧਾਨਗੀ ਦੀ ਤਾਜਪੋਸ਼ੀ ਤੋਂ ਬਾਅਦ, ਕਈ ਵਿਦਵਾਨ, ਰਾਜਸੀ ਵਿਸ਼ਲੇਸ਼ਕ, ਵੱਖ-ਵੱਖ ਜਥੇਬੰਦੀਆਂ ਦੇ ਕਾਰਕੁੰਨ, ਸ਼ੋਸ਼ਲ ਮੀਡੀਆ, ਪੱਤਰਕਾਰ ਅਤੇ ਹਰ ਤਰਜ਼ ਦੇ ਰਾਜਸੀ ਆਗੂਆਂ ਵੱਲੋਂ ਆਪੋ-ਆਪਣੇ ਦ੍ਰਿਸ਼ਟੀਕੋਣਾਂ ਤੋਂ ਚਰਚਾ ਕੀਤੀ ਜਾ ਰਹੀ ਹੈ। ਮਾਝੇ ਦੇ ਵਸਨੀਕ ਅਤੇ ਦੁਬਈ ਤੋਂ ਪਰਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਏ ਅਚਾਨਕ ਉਭਾਰ ਨੂੰ ਸ਼ੱਕ, ਸ਼ਰਧਾ, ਪੰਥਕ ਪਿਆਰ ਅਤੇ ਸਿੱਖ ਪੰਥ ਦੇ ਭਵਿੱਖ ਦੀ ਉੱਜਵਲ ਦਿਸ਼ਾ ਆਦਿ ਦ੍ਰਿਸ਼ਟੀਕੋਣਾਂ ਤੋਂ ਵੀ ਵੇਖਿਆ ਜਾ ਰਿਹਾ ਹੈ।
ਸਮਾਜ ਵਿਿਗਆਨ ਦੇ ਦ੍ਰਿਸ਼ਟੀਕੋਣ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਕਿਸੇ ਵੀ ਵਿਚਾਰ, ਜਥੇਬੰਦੀ ਜਾਂ ਵਿਅਕਤੀ-ਵਿਅਕਤੀਆਂ ਦੇ ਉਭਾਰ ਪਿੱਛੇ ਇਕ ਸਮਾਜ ਦੀਆਂ ਸਮੁੱਚੀਆਂ ਸਥਿਤੀਆਂ, ਲੋਕਾਂ ਦੇ ਅਰਮਾਨ ਅਤੇ ਚੇਤਨਾਵਾਂ ਆਦਿ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਹਨ। ਦੂਸਰਾ, ਇਨ੍ਹਾਂ ਦੀ ਸਤ੍ਹਾ ਦੇ ਹੇਠਾਂ ਦੀ ਹਲਚਲ ਅਤੇ ਜਵਾਲਾਮੁੱਖੀ ਵਾਂਗ ਅੰਕੁਰ ਦੇ ਫੁੱਟਣ ਦਾ ਪਹਿਲੂ ਵੀ ਮਹੱਤਵਪੂਰਨ ਹੁੰਦਾ ਹੈ। 1947, ਵਿਸ਼ੇਸ਼ ਕਰਕੇ 1984 ਤੋਂ ਬਾਅਦ ਦੀਆਂ ਸਥਿਤੀਆਂ ਵਿਚ ਪੰਜਾਬ-ਸਿੱਖ ਪੰਥ ਦੀ ਰਾਜਨੀਤੀ ਅਤੇ ਅਕਾਲੀ ਰਾਜਨੀਤੀ 2022 ਤੱਕ ਜਿਸ ਮੁਕਾਮ ‘ਤੇ ਪਹੁੰਚ ਚੁੱਕੀ ਹੈ, ਉਸ ਵਿਚ ਤਿੰਨ ਚਾਰ ਕਾਰਨ ਮਹੱਤਵਪੂਰਨ ਹਨ। ਸਿੱਖ ਪੰਥ ਦੇ ਅੰਦਰ ਉਦਾਰ ਅਤੇ ਪੰਥਕ ਮੂਲ ਜੜ੍ਹਾਂ ਨਾਲ ਜੁੜੇ ਹੋਏ ਸਿੱਖਾਂ ਵਿਚਕਾਰ ਵਿਸ਼ਵ ਦੀ ਹਰ ਕੌਮ ਵਾਂਗ ਵਿਚਾਰਧਾਰਕ ਟਕਰਾਅ ਤਾਂ ਚੱਲਦੇ ਹੀ ਆ ਰਹੇ ਹਨ। ਪਰ ਜਿਨ੍ਹਾਂ ਹਾਲਾਤ, ਸਥਿਤੀਆਂ ਅਤੇ 2007 ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ-ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈ, ਉਸ ਨਾਲ ਪੰਜਾਬ ਦੀ ਰਾਜਨੀਤੀ ਵਿਚ ਖਲਾਅ ਪੈਣਾ ਸੁਭਾਵਿਕ ਸੀ। ਪਰ ਪੰਥਕ ਮੂਲ ਆਤਮਾ ਨਾਲ ਜੁੜੇ ਅਕਾਲੀ ਦਲਾਂ, ਦਲ ਖਾਲਸਾ, ਸ਼੍ਰੋਮਣੀ ਖਾਲਸਾ ਦਲ, ਵਿਦਵਾਨ ਅਤੇ ਨੌਜਵਾਨ ਜਥੇਬੰਦੀਆਂ ਅਤੇ ਧਰਮ ਆਗੂਆਂ ਨੂੰ ਬਦਲਵੀਂ ਰਾਜਨੀਤੀ ਦੇਣ ਦੇ ਪੈਂਤੜੇ ਅਨੁਸਾਰ ਸਾਰਥਿਕ ਰਾਜਸੀ ਬਦਲ ਦੀ ਇਮਾਰਤ ਸਿਰਜਣੀ ਚਾਹੀਦੀ ਸੀ। ਜਿਸ ਵਿਚ ਉਹ ਅਸਫ਼ਲ ਰਹੇ ਹਨ। ਪਰ ਸਤ੍ਹਾ ਦੇ ਹੇਠਾਂ ਜਜ਼ਬਿਆਂ ਦਾ ਹੜ੍ਹ ਤਾਂ ਉਸੇ ਤਰ੍ਹਾਂ ਹੀ ਵੱਗਦਾ ਰਿਹਾ ਸੀ(ਹੈ)। ਨਤੀਜਾ, ਕਾਂਗਰਸ, ਅਕਾਲੀ ਦਲ ਅਤੇ ਅਕਾਲੀ ਦਲ ਮਾਨ ਨੂੰ ਨਕਾਰ ਕੇ ਪੰਜਾਬ ਦੇ ਲੋਕਾਂ ਨੇ ਮਜਬੂਰੀ ਵੱਸ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਉੱਤੇ ਬਿਠਾ ਦਿੱਤਾ। ਜਿਸ ਬਦਲਾਅ ਦੇ ਨਾਅਰੇ ਨਾਲ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ, ਉਹ ਆਸਾਂ ਉਮੀਦਾਂ ਪੂਰੀਆਂ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਅਜਿਹੇ ਹਾਲਾਤ ਵਿਚ ਰਾਜਸੀ ਸਪੇਸ ਤਾਂ ਉਸ ਤਰ੍ਹਾਂ ਬਣੀ ਹੋਈ ਹੈ।
‘ਵਾਰਿਸ ਪੰਜਾਬ ਦੇ’ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਦੋਂ ਪਿਛਲੇ ਸਮਿਆਂ ਵਿਚ ਜਿਸ ਵੀ ਤਰ੍ਹਾਂ ਜਿਨ੍ਹਾਂ ਅਕੀਦਿਆਂ ਅਨੁਸਾਰ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਸਨ, ਉਨ੍ਹਾਂ ਨੂੰ ਇਸ ਸਬੰਧੀ ਖਾਲੀ ਪਿੜ ਸੁੱਤੇਸਿੱਧ ਮਿਲ ਗਿਆ। ਪਰ ਅਜਿਹਾ ਨਹੀਂ ਕਿ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੀਆਂ ਉਪਰ ਬਿਆਨ ਕੀਤੀਆਂ ਜਥੇਬੰਦੀਆਂ ਬਦਲਾਅ ਲਈ ਯਤਨਸ਼ੀਲ ਨਹੀਂ ਸਨ। ਪਰ ਉਹ ਕਿਉਂ ਅਸਫ਼ਲ ਰਹੀਆਂ, ਇਹ ਵਿਚਾਰ ਦਾ ਵੱਖਰਾ ਵਿਸ਼ਾ ਹੈ।
ਭਾਈ ਅੰਮ੍ਰਿਤਪਾਲ ਸਿੰਘ ਵਰਤਾਰੇ ਦੇ ਉਭਰਨ ਦੇ ਮੁੱਖ ਤੌਰ ‘ਤੇ ਪੰਜ ਕਾਰਨ ਹਨ। ਇਕ, ਪਿਛਲੀਆਂ ਪੰਜ ਸਦੀਆਂ ਦੇ ਦਿੱਲੀ ਨਾਲ ਵੈਰ ਦੀ ਲਗਾਤਾਰਤਾ ਵਿਚ ਵਰਤਮਾਨ ਤੱਕ ਸਿੱਖ ਪੰਥ ਨੂੰ ਮਿਲ ਰਹੇ ਦਰਦ । ਦੋ, ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਵੱਲੋਂ ਕਿਸਾਨੀ ਮੋਰਚੇ ਨਾਲ ਜੁੜੇ ਅਤੇ ਹੋਰ ਮੌਕਿਆਂ ਉੱਤੇ ਦਿੱਤੇ ਗਏ ਪੰਜਾਬ ਅਤੇ ਸਿੱਖੀ ਸਬੰਧੀ ਵਿਚਾਰਾਂ ਨਾਲ ਪੰਜਾਬ ਦੀ ਨੌਜੁਆਨੀ ਵਿਚ ਬਣਿਆ ਉਸ ਦਾ ਅਕਸ, ਤਿੰਨ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਚਾਰਾਂ, ਸ਼ਖ਼ਸੀਅਤ ਅਤੇ ਵਿਰਾਸਤ ਦਾ ਹਾਲਾਤ ਵੱਸ ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸ਼ੀਅਤ ਦੁਆਰਾ, ਉਸ ਦੁਆਰਾ ਨਿਵੇਕਲੇ ਅੰਦਾਜ਼ ਵਿਚ ਪੰਥ-ਪੰਜਾਬ ਦੀ ਦੁਖਦੀ ਰੱਗ ਨੂੰ ਸ਼ਬਦ, ਬੋਲ ਅਤੇ ਅਰਥ ਦੇਣੇ ਅਤੇ ਪੰਜਵਾਂ ਸਿੱਖ ਸੰਗਤ, ਵਿਸ਼ੇਸ਼ ਕਰਕੇ ਪਿੰਡਾਂ ਵਿਚ ਵੱਸਦੇ ਪੰਜਾਬ ਦੇ ਲੋਕਾਂ ਵੱਲੋਂ ਧਾਰਮਿਕ ਮੁਹਾਵਰੇ ਵਿਚ ਵਿਚਰਦੇ ਹਰ ਸੰਘਰਸ਼ਸ਼ੀਲ ਆਗੂ ਨੂੰ ਸਨਮਾਨ ਦੇਣ ਦੀ ਬਿਰਤੀ। ਕੁਝ ਇਨ੍ਹਾਂ ਹਾਲਾਤ ਦੇ ਮਿਲਵੇਂ ਕਾਰਨਾਂ ਵਿਚੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨੂੰ ਸੁਤੇਸਿੱਧ ਸਮਰਥਨ ਮਿਲਣਾ ਆਪਣੇ ਆਪ ਵਿਚ ਹੀ ਨਿਵੇਕਲਾ ਘਟਨਾਕ੍ਰਮ ਹੈ, ਪਰ ਉਨ੍ਹਾਂ ਨੂੰ ਰਾਜਨੀਤਿਕਾਂ, ਸੱਤਾਧਾਰੀਆਂ, ਰਵਾਇਤੀ ਸੋਚ ਵਾਲੇ ਵਿਦਵਾਨਾਂ, ਪ੍ਰਸ਼ਾਸਨਿਕ ਹਲਕਿਆਂ ਅਤੇ ਸ਼ੋਸ਼ਲ ਮੀਡੀਆਂ ਵਿਚ ਹਿਮਾਇਤ ਦੇ ਨਾਲ-ਨਾਲ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਭਾਵੇਂ ਕਿ ਅਕਾਲ ਤਖ਼ਤ ਸਾਹਿਬ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬੁਝਾਰਤੀ ਚੁੱਪ ਧਾਰਨ ਕੀਤੀ ਹੋਈ ਹੈ।
ਵਿਰੋਧ ਅਤੇ ਹਿਮਾਇਤ ਦਾ ਵਿਿਗਆਨ ਕਿਸੇ ਵੀ ਵਿਚਾਰ, ਜਥੇਬੰਦੀ ਅਤੇ ਸ਼ਖ਼ਸ਼ੀਅਤ ਨੂੰ ਸਿੱਧੇ ਅਸਿੱਧੇ ਰੂਪ ਵਿਚ ਸਥਾਪਿਤ ਵੀ ਕਰ ਰਿਹਾ ਹੁੰਦਾ ਹੈ। ਇਸ ਨਾਲ ਸਬੰਧਿਤ ਸ਼ਖ਼ਸੀਅਤਾਂ ਅਤੇ ਜਥੇਬੰਦੀ ਦੀ ਮਜ਼ਬੂਤੀ ਵਿਚ ਨਿਕਲਣ ਨਾਲ ਨਵੀਆਂ ਕ੍ਰਾਂਤੀਆਂ ਦੇ ਰਾਹ ਵੀ ਪੱਧਰੇ ਹੁੰਦੇ ਜਾਂਦੇ ਹਨ। ਇਸ ਪਹਿਲੂ ਤੋਂ ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ ਫਿਲਹਾਲ ਸਫ਼ਲ ਸਾਬਤ ਹੋ ਰਿਹਾ ਹੈ। ਪਰ ਇਨ੍ਹਾਂ ਤਿੰਨ ਚਾਰ ਪਹਿਲੂਆਂ ‘ਤੇ ਕੰਮ ਕਰਦਿਆਂ ਸਿੱਖ ਪੰਥ ਅਤੇ ਪੰਜਾਬ ਦੀ ਨਵ-ਉਸਾਰੀ ਪ੍ਰਥਾਇ ਖੜ੍ਹੀਆਂ ਚੁਣੌਤੀਆਂ ਦਾ ਪਹਾੜ ਆਪਣੇ ਆਪ ਵਿਚ ਇੰਨਾ ਵੱਡਾ ਹੋ ਗਿਆ ਹੈ ਕਿ ਸਾਡੇ ਮਨਾਂ ਵਿਚ ਸੁਆਲ ਪੈਦਾ ਹੋਣਾ ਸੁਭਾਵਿਕ ਹੈ ਕਿ ਕੀ ਇਹ ਜਥੇਬੰਦੀ ਸੱਚਮੁੱਚ ਹੀ ਬਦਲਵੇਂ ਰੂਪ ਵਿਚ ਪੰਜਾਬ ਦੇ ਲੋਕਾਂ ਦੇ ਅਰਮਾਨਾਂ ਦੀ ਕੇਂਦਰ ਬਿੰਦੂ ਬਣ ਜਾਵੇਗੀ? ਕੀ ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ ਇਸ ਢੰਗ ਨਾਲ ਆਪਣਾ ਫੈਲਾਅ ਅਤੇ ਸਥਿਰਤਾ ਸਥਾਪਿਤ ਕਰ ਲਏਗਾ ਕਿ ਇਹ ਲੋਕ ਪੰਜਾਬ ਦੇ ਲੋਕਾਂ ਨੂੰ ਬਦਲਵੀਂ ਰਾਜਨੀਤੀ, ਬਦਲਵੇਂ ਆਗੂ, ਬਦਲਵੀਂ ਕੁਸ਼ਲ ਸ਼ਾਸਕੀ ਵਿਵਸਥਾ ਅਤੇ ਮੂਲ ਤੌਰ ‘ਤੇ ਇਕ ਵਿਸਮਾਦੀ ਰਾਜ ਵਿਵਸਥਾ ਦੇ ਸਕਣਗੇ? ਇਹ ਵਰਤਾਰਾ ਕੀ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੀਆਂ ਸਿੱਖ ਸੰਸਥਾਵਾਂ ਦੀ ਅਗਵਾਈ, ਲੀਡਰਸ਼ਿਪ ਅਤੇ ਬੌਧਿਕਤਾ ਦੇ ਸੰਕਟਾਂ ਦਾ ਕੋਈ ਸਦੀਵਕਾਲੀ ਹੱਲ ਦੇ ਸਕੇਗਾ? ਕੀ ‘ਵਾਰਿਸ ਪੰਜਾਬ ਦੇ’ ਜਥੇਬੰਦੀ ਸੱਚਮੁੱਚ ਰੂਪ ਵਿਚ ਪੰਜਾਬ ਦੀ ਭਾਈਚਾਰਕ ਸਾਂਝ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਸਿੱਖ ਰਾਜਸੀ ਅਧਿਕਾਰਾਂ ਅਤੇ ਅਜ਼ਾਦੀਆਂ ਦੀ ਪ੍ਰਾਪਤੀ ਕਰ ਸਕੇਗੀ? ਕੀ ਇਹ ਜਥੇਬੰਦੀ ਕੇਂਦਰ ਅਤੇ ਸੱਤਾਧਾਰੀ ਪੰਜਾਬ ਸਰਕਾਰ ਦੀਆਂ ਹਰ ਉੱਠਦੀ ਸਿੱਖ ਸ਼ਕਤੀ ਅਤੇ ਸ਼ਖ਼ਸੀਅਤ ਨੂੰ ਆਪਣੇ ਸ਼ਕਤੀ ਮਾਧਿਅਮਾਂ ਦੀ ਵਰਤੋਂ ਕਰਕੇ ਕਮਜ਼ੋਰ ਕਰਨ, ਬਦਨਾਮ ਕਰਨ ਅਤੇ ਸਰੀਰਕ ਤੌਰ ‘ਤੇ ਨੁਕਸਾਨ ਪਹੁੰਚਾੳਣ ਦੇ ਮਨਸੂਬਿਆਂ ਦਾ ਮੁਕਾਬਲਾ ਕਰ ਸਕੇਗੀ? ਕੀ ਇਸ ਜਥੇਬੰਦੀ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਆਪਣੇ ਰਾਜਨੀਤਿਕ ਲਾਭ ਖੁਦ ਸਮੇਟ ਸਕੇਗੀ ਜਾਂ ਜਾਂ ਇਨ੍ਹਾਂ ਤੋਂ ਬੀਜੇਪੀ ਸਮੇਤ ਹੋਰ ਪਾਰਟੀਆਂ 2024 ਜਾਂ 2027 ਵਿਚ ਆਪਣਾ ਰਾਜਨੀਤਿਕ ਲਾਭ ਲੈ ਜਾਣਗੀਆਂ?
ਜਦੋਂ ਇਕ ਪਾਸੇ ਅਕਾਲੀ ਦਲ ਵੀ ਅਗਲੇ ਸਾਲਾਂ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਕੇ ਇਕ ਵਾਰ ਫਿਰ ਉਭਰਨ ਦੀ ਕੋਸ਼ਿਸ਼ ਕਰੇਗਾ, ਉਥੇ ਸਿਮਰਨਜਨੀਤ ਸਿੰਘ ਮਾਨ, ਜਗਤਾਰ ਸਿੰਘ ਹਵਾਰਾ, ਭਾਈ ਰਣਜੀਤ ਸਿੰਘ, ਦਲ ਖਾਲਸਾ ਅਤੇ ਦਲਜੀਤ ਸਿੰਘ ਬਿੱਟੂ ਆਦਿ ਵਰਤਾਰੇ ਮੁਕਾਬਲੇ ਦੇ ਇਸ ਰਾਜਸੀ ਪਿੜ ਵਿਚ ਹੋਰ ਸਰਗਰਮ ਹੋਣਗੇ।ਇਹ ਅਤੇ ਹੋਰ ਚੁਣੌਤੀਆਂ ਆਪਣੇ ਆਪ ਵਿਚ ਵੱਡੀਆਂ ਹਨ ਜਿਨ੍ਹਾਂ ਦਾ ਸਾਹਮਣਾ ਇਸ ਜਥੇਬੰਦੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਰਨਾ ਪਵੇਗਾ। ਇਨ੍ਹਾਂ ਮੁੱਦਿਆਂ ਉਤੇ ਸਹਿਜ ਨਾਲ ਕੰਮ ਕਰਦਿਆਂ ਪੰਜਾਬ ਦੇ ਰਾਜਸੀ ਅਸਮਾਨ ‘ਤੇ ਉਭਰ ਰਹੀ ਨਵੀਂ ਜਥੇਬੰਦੀ ਤੋਂ ਸਿੱਖ ਪੰਥ ਨੂੰ ਵੱਡੀਆਂ ਉਮੀਦਾਂ ਹਨ।
ਮੈਂ ਮਹਿਸੂਸ ਕਰਦਾ ਹਾਂ ਕਿ ਪੰਥ ਦਾ ਦਰਦ ਰੱਖਣ ਵਾਲੇ ਵਿਦਵਾਨਾਂ, ਪਿਛਲੇਰੇ ਸਿੱਖ ਸੰਘਰਸ਼ ਦੇ ਕ੍ਰਮਸ਼ੀਲ ਵਾਰਿਸਾਂ, ਪੰਜਾਬ-ਪੰਥ ਦੀ ਆਤਮਾ ਨੂੰ ਪਿਆਰ ਕਰਨ ਵਾਲੇ ਸਿੱਖਾਂ ਨੂੰ ਇਸ ਨਵੇਂ ਵਰਾਤਾਰੇ ਨੂੰ ਹੋਰ ਮੌਲਣ ਅਤੇ ਆਪਣੀ ਸਿਰਜਣਾਤਮਕ ਕਾਰਗੁਜ਼ਾਰੀ ਦਰਸਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ। ਇਨ੍ਹਾਂ ਬਦਲਦੀਆਂ ਸਥਿਤੀਆਂ ਉੱਤੇ ਬਾਜ਼ ਵਰਗੀ ਅੱਖ ਰੱਖਦਿਆਂ ਨਵੇਂ ਹਾਲਾਤ ਦੇ ਅੰਗ-ਸੰਗ ਚੱਲਣਾ ਚਾਹੀਦਾ ਹੈ। ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਦੀਆਂ ਜਿਊਂਦੀਆਂ ਜਾਗਦੀਆਂ ਕੌਮਾਂ ਵਿਚ ਅਜਿਹੀਆਂ ਲਹਿਰਾਂ ਕਦੇ-ਕਦੇ ਹੀ ਉੱਠਦੀਆਂ ਹਨ। ਪਿਛਲੇ ਚਾਰ ਦਹਾਕਿਆਂ ਵਿਚ ਕੌਮ ਨਾਲ ਬੜੇ ਧੋਖੇ ਹੋ ਚੁੱਕੇ ਹਨ। ਸਿੱਖ ਸੰਗਤ ਨੇ ਤਾਂ ਹਰ ਮੌੜ ਉੱਤੇ ਸਿੱਖ ਆਗੂਆਂ ਦੀ ਹਰ ਆਵਾਜ਼ ਉੱਤੇ ਫੁੱਲ ਚੜ੍ਹਾਏ ਹਨ। ਇਹ ਆਗੂ ਹੀ ਸਨ ਜੋ ਸਮੇਂ ਦੀਆਂ ਉਮੀਦਾਂ ਅਤੇ ਲੋੜਾਂ ‘ਤੇ ਪੂਰਾ ਨਹੀਂ ਉੱਤਰੇ। ਕੁਝ ਇਨ੍ਹਾਂ ਖਾਧੇ ਜਾ ਚੁੱਕੇ ਧੋਖਿਆਂ ਦੀ ਜਕੜਨ ਵਿਚ ਆਈ ਤ੍ਰਬਕੀ ਹੋਈ ਸਿੱਖ ਸੰਗਤ ਭਾਈ ਅੰਮ੍ਰਿਤਪਾਲ ਸਿੰਘ ਵਰਤਾਰੇ ਨੂੰ ਹਮਇਤ ਦਿੰਦੀ ਹੋਈ ਵੀ ਸੋਚਵਾਨ ਹੈ। ‘ਵਾਰਿਸ ਪੰਥ ਦੇ’ ਜਥੇਬੰਦੀ ਪੰਥ ਦੀ ਰਾਜਨੀਤੀ ਨੂੰ ਨਵੇਂ ਪੰਥਕ ਦਿਸਹੱਦਿਆਂ ਵੱਲ ਕਿਵੇਂ ਲੈ ਕੇ ਜਾਂਦੀ ਹੈ, ਇਨ੍ਹਾਂ ਯਤਨਾਂ ਤੋਂ ਪਾਰ ਵੱਡੀਆਂ ਸੰਭਾਵਨਾਵਾਂ ਪਈਆਂ ਹਨ। ਯਕੀਨਨ ‘ਵਾਰਿਸ ਪੰਜਾਬ ਦੇ’ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਤਾਰੇ ਨੂੰ ਸਮਝਣ ਲਈ ਦ੍ਰਿਸ਼ਟੀਕੋਣ ਅਤੇ ਵਿਸ਼ਲੇਸ਼ਣ ਦੇ ਨਵੇਂ ਮਾਪਦੰਡ ਅਪਨਾਉਣੇ ਹੋਣਗੈ।
ਭਾਈ ਹਰਿਸਿਮਰਨ ਸਿੰਘ
ਡਾਇਰੈਕਟਰ, ਸੈਂਟਰ ਫਾਰ ਪੰਥਕ ਕ੍ਰਿਏਟੀਵਿਟੀ।
ਮੋ. 9872591713
Author: Gurbhej Singh Anandpuri
ਮੁੱਖ ਸੰਪਾਦਕ