ਖ਼ਾਲਿਸਤਾਨੀ ਜੁਝਾਰੂ ਅਤੇ ਖਾੜਕੂ ਸੰਘਰਸ਼ ਕਿਤਾਬ ਦੇ ਲੇਖਕ ਭਾਈ ਹਰਪ੍ਰੀਤ ਸਿੰਘ ਆਸਟਰੀਆ ਦਾ ਫ਼ੈਡਰੇਸ਼ਨ ਭਿੰਡਰਾਂਵਾਲਾ ਤੇ ਖ਼ਾਲਸਾ ਫ਼ਤਹਿਨਾਮਾ ਵੱਲੋਂ ਸਨਮਾਨ

13

ਅੰਮ੍ਰਿਤਸਰ, 6 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਸਿੱਖ ਸੰਘਰਸ਼ ਦੇ ਜੁਝਾਰੂ ਅਤੇ ਪੰਥਕ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਜੋ ਕਾਫ਼ੀ ਸਮੇਂ ਤੋਂ ਆਸਟਰੀਆ ‘ਚ ਰਹਿ ਰਹੇ ਹਨ, ਪਿਛਲੇ ਦਿਨੀਂ ਜਦ ਉਹ ਦੇਸ ਪੰਜਾਬ ਆਏ ਤਾਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਉਹਨਾਂ ਨਾਲ ਮੁਲਾਕਾਤ ਕਰਕੇ ਸਿੱਖ ਸੰਘਰਸ਼ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਹਨਾਂ ਨੂੰ ਖ਼ਾਲਸਾ ਫ਼ਤਹਿਨਾਮਾ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਅਤੇ ਦੀਪ ਸਿੱਧੂ ਉੱਤੇ ਲਿਖੀ ਹੋਂਦ ਦਾ ਨਗਾਰਚੀ ਕਿਤਾਬ ਵੀ ਭੇਟ ਕੀਤੀ ਗਈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਖਾੜਕੂ ਸੰਘਰਸ਼ ਕਿਤਾਬ ਦੇ ਲੇਖਕ ਭਾਈ ਹਰਪ੍ਰੀਤ ਸਿੰਘ ਪੰਮਾ ਦਾ ਨਾਂਅ ਉਹਨਾਂ ਗੁਰਸਿੱਖਾਂ ਦੀ ਮੋਹਰਲੀ ਕਤਾਰ ‘ਚ ਆਉਂਦਾ ਹੈ ਜੋ ਜੁਝਾਰੂ ਸਿੰਘਾਂ ਦੇ ਮਦਦਗਾਰ ਬਣੇ। ਜਿਨ੍ਹਾਂ ਨੇ ਅਠਾਰ੍ਹਵੀਂ ਸਦੀ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਵਾਂਗ ਜੁਝਾਰੂ ਸਿੰਘਾਂ ਦੀ ਸੇਵਾ ਨਿਭਾਈ ਤੇ ਸਰਕਾਰ ਦਾ ਜ਼ੁਲਮ-ਤਸ਼ੱਦਦ ਆਪਣੇ ਪਿੰਡੇ ‘ਤੇ ਝੱਲਿਆ। 1984 ਵਿੱਚ ਘੱਲੂਘਾਰੇ ਦੀ ਖ਼ਬਰ ਸੁਣ ਕੇ ਹਰ ਸਿੱਖ ਵਾਂਗ ਭਾਈ ਪੰਮਾ ਦਾ ਵੀ ਹਿਰਦਾ ਛਲਣੀ-ਛਲਣੀ ਹੋਇਆ ਤੇ ਹਿੰਦ ਹਕੂਮਤ ਵਿਰੁੱਧ ਵਿਦਰੋਹ ਪੈਦਾ ਹੋ ਗਿਆ। ਭਾਈ ਹਰਪ੍ਰੀਤ ਸਿੰਘ ਨੇ ਹਥਿਆਰਬੰਦ ਸੰਘਰਸ਼ ਨੂੰ ਜਿੱਥੇ ਅੱਖੀਂ ਵੇਖਿਆ ਤੇ ਕੰਨੀਂ ਸੁਣਿਆ ਹੈ, ਓਥੇ ਹੱਡੀਂ ਵੀ ਹੰਢਾਇਆ ਹੈ। 1986 ‘ਚ ਉਹਨਾਂ ਦੀ ਪਹਿਲੀ ਗ੍ਰਿਫ਼ਤਾਰੀ ਹੋਈ ਸੀ ਅਤੇ ਤਰੱਕੀਆਂ ਫੀਤੀਆਂ, ਸਟਾਰਾਂ ਤੇ ਇਨਾਮ ਦੇ ਭੁੱਖੇ ਬੁੱਚੜ ਪੁਲਸੀਆਂ ਨੇ ਉਹਨਾਂ ਉੱਤੇ ਜੋ ਕਹਿਰ ਕੀਤਾ, ਉਹ ਪੜ੍ਹ ਕੇ ਰੂਹ ਕੰਬਦੀ ਹੈ। ਪਰ ਓਦੋਂ ਬੇਹੱਦ ਫ਼ਖਰ ਵੀ ਮਹਿਸੂਸ ਹੁੰਦਾ ਹੈ ਕਿ ਇਹ ਨੌਜਵਾਨ ਐਨਾ ਜ਼ੁਲਮ ਸਹਿਣ ਦੇ ਬਾਵਜੂਦ ਵੀ ਆਪਣੇ ਅਕੀਦੇ ਤੋਂ ਨਹੀਂ ਡੋਲਿਆ ਅਤੇ ਜੁਝਾਰੂ ਸਿੰਘਾਂ ਦਾ ਸਾਥ ਦੇਣ ਤੋਂ ਇੱਕ ਕਦਮ ਵੀ ਪਿਛਾਂਹ ਨਹੀਂ ਹਟਿਆ। ਏਹੀ ਤਾਂ ਵਾਹਿਗੁਰੂ ਦੀ ਬਖਸ਼ਿਸ਼ ਹੈ। ਮੈਂ ਸਮਝਦਾ ਹਾਂ ਕਿ ਇਹ ਦ੍ਰਿੜਤਾ, ਸੂਰਬੀਰਤਾ ਅਤੇ ਅਡੋਲਤਾ ਭਾਈ ਹਰਪ੍ਰੀਤ ਸਿੰਘ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ‘ਚੋਂ ਹੀ ਪ੍ਰਾਪਤ ਹੋਈ ਸੀ, ਜਿਸ ਦਾ ਜ਼ਿਕਰ ਉਹ ਆਪਣੀ ਲਿਖਤ ‘ਚ ਕਰਦੇ ਹਨ ਕਿ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਪ੍ਰਾਪਤ ਕੀਤੀ ਸੀ ਓਥੇ ਉਹਨਾਂ ਨੂੰ ਨਿਤਨੇਮ ਦੀਆਂ ਬਾਣੀਆਂ ਵੀ ਕੰਠ ਸਨ ਤੇ ਜੇਲ੍ਹ ਵਿੱਚ ਵੀ ਸਿੰਘਾਂ ਨੂੰ ਗੁਰਬਾਣੀ ਸੁਣਾਇਆ ਕਰਦੇ ਸਨ। ਭਾਈ ਹਰਪ੍ਰੀਤ ਸਿੰਘ ਆਸਟਰੀਆ ਵੱਲੋਂ ਆਪਣੀ ਹੱਡ-ਬੀਤੀ ਬਿਆਨਦਿਆਂ ਲਿਖੀ ਕਿਤਾਬ (ਖਾੜਕੂ ਸੰਘਰਸ਼) ਪੜ੍ਹ ਕੇ ਹਰੇਕ ਪਾਠਕ ਨੂੰ ਇਹ ਕਹਿਣਾ ਪਏਗਾ ਕਿ ਇਸ ਵਿੱਚ ਪੂਰੀ ਇਮਾਨਦਾਰੀ ਨਾਲ਼ ਅੱਖਰ-ਅੱਖਰ ਸੱਚ ਲਿਖਿਆ ਹੈ। ਲੇਖਕ ਵਿੱਚ ਤਾਂ ਕੋਈ ਵਲ-ਛਲ ਹੈ ਹੀ ਨਹੀਂ, ਬਹੁਤ ਸੌਖੇ ਸ਼ਬਦਾਂ ‘ਚ ਜੁਝਾਰੂ ਸੰਘਰਸ਼ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਭਾਈ ਹਰਪ੍ਰੀਤ ਸਿੰਘ ਪੰਮਾ ਨੂੰ ਖਾਲਿਸਤਾਨ ਦੇ ਹਥਿਆਰਬੰਦ ਸੰਘਰਸ਼ ਦੌਰਾਨ ਅਨੇਕਾਂ ਜੁਝਾਰੂ ਸਿੰਘਾਂ ਦੀ ਸੰਗਤ ਕਰਨ ਅਤੇ ਉਹਨਾਂ ਨਾਲ ਕੁਝ ਐਕਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ। ਬਾਬਾ ਰਤਨ ਸਿੰਘ ਉਸਮਾਨ ਸ਼ਹੀਦ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਦੇਬੂ, ਭਾਈ ਸਰਬਜੀਤ ਸਿੰਘ ਜੋਹਲ, ਭਾਈ ਸੁਰਿੰਦਰ ਸਿੰਘ ਛਿੰਦਾ ਈਸਰੋਵਾਲ, ਭਾਈ ਪਰਮਜੀਤ ਸਿੰਘ ਪੰਮਾ, ਭਾਈ ਸਤਬਚਨ ਸਿੰਘ ਸਕਰੂਲੀ, ਭਾਈ ਅਜੀਤ ਸਿੰਘ ਸਦੌੜੀ ਉਰਫ਼ ਜਰਨੈਲ ਸਿੰਘ ਗ੍ਰੰਥੀ, ਭਾਈ ਹਾਕਮ ਸਿੰਘ ਨੰਦਾਚੌਰ, ਭਾਈ ਸੁਖਦੇਵ ਸਿੰਘ ਸਖੀਰਾ, ਭਾਈ ਮਨਜੀਤ ਸਿੰਘ ਖੁਜਾਲਾ, ਭਾਈ ਮੱਖਣ ਸਿੰਘ ਗੜੁੱਲੀ, ਭਾਈ ਰਣਜੀਤ ਸਿੰਘ ਰਾਣਾ, ਭਾਈ ਮੇਵਾ ਸਿੰਘ ਜੰਡੀ, ਬਾਬਾ ਦਵਿੰਦਰ ਸਿੰਘ ਸਿੰਘਪੁਰ, ਭਾਈ ਵਿਜੈਪਾਲ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ ਗਦਲੀ, ਭਾਈ ਲਹਿੰਬਰ ਸਿੰਘ ਦਸੂਹਾ, ਭਾਈ ਸੁਰਿੰਦਰਜੀਤ ਸਿੰਘ ਮੱਲ੍ਹੇਵਾਲ, ਭਾਈ ਹਰਜਾਪ ਸਿੰਘ ਜਲਪੋਤਾਂ ਆਦਿ ਜੁਝਾਰੂ ਸਿੰਘਾਂ ਦੀਆਂ ਉਹਨਾਂ ਦੇ ਘਰ ‘ਚ ਠਾਹਰਾਂ ਹੁੰਦੀਆਂ ਸਨ। ਉਹਨਾਂ ਕਿਹਾ ਕਿ ਵੈਸੇ ਵੀ ਸਿੱਖਾਂ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਇਤਿਹਾਸ ਸਿਰਜਣ ‘ਚ ਤਾਂ ਸਿੱਖ ਮੋਹਰੀ ਹਨ ਪਰ ਲਿਖਣ ‘ਚ ਬੜੇ ਅਵੇਸਲੇ ਹਨ ਜਿਸ ਕਰਕੇ ਦੁਸ਼ਮਣਾਂ ਦੀਆਂ ਕਲਮਾਂ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਹਨ। ਪਰ ਭਾਈ ਹਰਪ੍ਰੀਤ ਸਿੰਘ ਨੇ ਹੁਣ ਇਹ ਉਲਾਂਭਾ ਲਾਹੁਣ ਦਾ ਬਾਖੂਬੀ ਯਤਨ ਕੀਤਾ ਹੈ ਕਿ ਇਹ ਹੱਥ ਕੇਵਲ ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ, ਠਾਹਰਾਂ ਬਣਾਉਣ ਤਕ ਸੀਮਿਤ ਨਹੀਂ, ਬਲਕਿ ਇਹ ਕੌਮ ਦੀ ਅਜ਼ਾਦੀ ਲਈ ਸ਼ਸਤਰ ਵੀ ਹੱਥ ‘ਚ ਚੁੱਕ ਸਕਦੇ ਹਨ ਤੇ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਕਲਮਬੱਧ ਵੀ ਕਰ ਸਕਦੇ ਹਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights