Home » ਅੰਤਰਰਾਸ਼ਟਰੀ » ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਨਾਮ – ਸਿੱਖ ਜਰਾਇਮ ਪੇਸ਼ਾ ਕੌਮ

ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਨਾਮ – ਸਿੱਖ ਜਰਾਇਮ ਪੇਸ਼ਾ ਕੌਮ

45

ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਨਾਮ – ਸਿੱਖ ਜਰਾਇਮ ਪੇਸ਼ਾ ਕੌਮ

ਲੇਖਕ – ਰਣਜੀਤ ਸਿੰਘ ਦਮਦਮੀ ਟਕਸਾਲ SYFB

ਭਾਰਤ ਨੂੰ ਅਜ਼ਾਦ ਕਰਵਾਉਣ ਲਈ ਸਿੱਖ ਕੌਮ ਨੇ ਸਭ ਤੋਂ ਵਧ ਸ਼ਹਾਦਤਾਂ ਤੇ ਕੁਰਬਾਨੀਆਂ ਦਿੱਤੀਆਂ। ਅੰਗਰੇਜ਼ ਸਰਕਾਰ ਨੇ ਸਿੱਖ ਕੌਮ ‘ਤੇ ਬੇ-ਤਹਾਸ਼ਾ ਜ਼ੁਲਮ ਢਾਹਿਆ ਤੇ ਸਿੱਖਾਂ ਦੀਆਂ ਜਾਇਦਾਦਾਂ ਵੀ ਜ਼ਬਤ ਕਰ ਲਈਆਂ। ਅਜ਼ਾਦੀ ਲਈ ਸਿੱਖਾਂ ਨੇ ਆਪਣੀਆਂ ਹਿੱਕਾਂ ਤੋਪਾਂ ਅੱਗੇ ਡਾਹੀਆਂ, ਕਾਲ਼ੇ ਪਾਣੀ ਦੀਆਂ ਸਜ਼ਾਵਾਂ ਭੋਗੀਆਂ, ਫਾਂਸੀਆਂ ਦੇ ਰੱਸੇ ਚੁੰਮੇ, ਸੀਨੇ ‘ਚ ਗੋਲ਼ੀਆਂ ਖਾਧੀਆਂ ਤੇ ਅੰਗਰੇਜ਼ ਹਕੂਮਤ ਦੇ ਹਰ ਤਰ੍ਹਾਂ ਦੇ ਤਸ਼ੱਦਦ ਨੂੰ ਆਪਣੇ ਪਿੰਡੇ ‘ਤੇ ਸਹਾਰਿਆ। ਸਿੱਖ ਕੌਮ ਇੱਕ ਪਲ਼ ਵੀ ਸਿਰ੍ਹਾਣੇ ਹੇਠ ਬਾਂਹ ਦੇ ਕੇ ਨਾ ਸੌਂ ਸਕੀ ਤੇ ਅੰਗਰੇਜ਼ ਸਾਮਰਾਜ ਨੂੰ ਐਸੀ ਲਹੂ ਵਿੱਢਵੀਂ ਟੱਕਰ ਦਿੱਤੀ ਕਿ ਗੋਰੇ, ਭਾਰਤ ਨੂੰ ਛੱਡਣ ਲਈ ਮਜ਼ਬੂਰ ਹੋ ਗਏ ਤੇ 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ ਪਰ ਸਿੱਖ ਕੌਮ, ਗੋਰਿਆਂ ਦੀ ਗ਼ੁਲਾਮੀ ‘ਚੋਂ ਨਿਕਲ਼ ਕੇ ਕਾਲ਼ਿਆਂ ਦੀ ਗ਼ੁਲਾਮੀ ‘ਚ ਫਸ ਗਈ।

ਦੇਸ਼ ਦੇ ਹਿੰਦੂਤਵੀ ਹਾਕਮਾਂ ਨੇ ਸਿੱਖਾਂ ਨਾਲ਼ ਅਜ਼ਾਦੀ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਤੇ ਉਹ ਭੁਲ਼ਾ ਦਿੱਤੇ ਤੇ ਨਹਿਰੂ ਕਹਿੰਦਾ ਕਿ “ਅਬ ਸਮਾਂ ਬਦਲ ਚੁੱਕਾ ਹੈ।” ਸਿੱਖਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ਼ ਵੇਖਿਆ ਜਾਣ ਲੱਗਾ ਤੇ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਹਿੰਦੂਤਵੀ ਤਾਕਤਾਂ ਨੇ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕੁਲਹਿਣੀ ਅਜ਼ਾਦੀ ਨੇ ਸਾਡੇ ਗੁਰਧਾਮ ਸਾਥੋਂ ਵਿਛੋੜ ਦਿੱਤੇ, ਪੰਜਾਬ ਦੇ ਦੋ ਟੁਕੜੇ ਹੋ ਗਏ, ਹਿੰਦੂਤਵੀਆਂ ਨੇ ਸਾਨੂੰ ਬਰਬਾਦ ਕਰਨ ਲਈ ਘਟੀਆ ਤੇ ਘਿਨੌਣੀਆਂ ਚਾਲਾਂ ਚੱਲ ਕੇ ਹਜ਼ਾਰਾਂ-ਲੱਖਾਂ ਸਿੱਖਾਂ ਤੇ ਮੁਸਲਮਾਨਾਂ ਨੂੰ ਵੰਡ ਦੇ ਨਾਂ ‘ਤੇ ਆਪਸ ‘ਚ ਲੜਾ ਕੇ ਮੌਤ ਦੇ ਘਾਟ ਉਤਰਵਾ ਦਿੱਤਾ।

ਆਪਣੇ ਘਰਾਂ, ਜ਼ਮੀਨਾਂ ਤੇ ਜਾਇਦਾਦਾਂ ਨੂੰ ਛੱਡ ਕੇ ਉੱਜੜੀ-ਪੁੱਜੜੀ ਸਿੱਖ ਕੌਮ ਸ਼ਰਨਾਰਥੀ ਕੈਂਪਾਂ ‘ਚ ਧੱਕੇ ਖਾ ਰਹੀ ਸੀ, ਹਾਲੇ ਸਾਡਾ ਰੈਣ-ਬਸੇਰਾ ਵੀ ਨਹੀਂ ਸੋ ਹੋਇਆ ਕਿ ਹਿੰਦੂ ਸਾਮਰਾਜ ਦੇ ਹੁਕਮਾਂ ਅਨੁਸਾਰ 10 ਅਕਤੂਬਰ 1947 ਨੂੰ ਪੰਜਾਬ ਦੇ ਗਵਰਨਰ ‘ਚੰਦੂ ਲਾਲ ਤ੍ਰਿਵੇਦੀ’ ਹਿੰਦੂਤਵੀ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਗੁਪਤ ਨੀਤੀ ਪੱਤਰ (ਸਰਕੂਲਰ) ਜਾਰੀ ਕਰ ਦਿੱਤਾ ਕਿ “ਸਿੱਖ ਜਰਾਇਮ ਪੇਸ਼ਾ ਕੌਮ ਹਨ, ਮਾਰ-ਧਾੜ, ਲੁੱਟ-ਮਾਰ ਤੇ ਇਸਤਰੀ-ਹਰਣ ਕਰਨੀ ਤੇ ਸੂਬੇ ਦੀ ਸ਼ਾਂਤੀ ਖਰਾਬ ਕਰਨ ‘ਚ ਇਹ ਮੋਹਰੀ ਹਨ ਤੇ ਸਿੱਖ, ਸੂਬੇ ਦੇ ਸ਼ਾਂਤੀ-ਪਸੰਦ ਹਿੰਦੂਆਂ ਲਈ ਖ਼ਤਰਾ ਬਣੇ ਹੋਏ ਹਨ, ਇਹਨਾਂ ਉੱਤੇ ਕਰੜੀ ਨਿਗ੍ਹਾ ਰੱਖੀ ਜਾਵੇ ਤੇ ਸਖ਼ਤੀ ਨਾਲ਼ ਨਜਿੱਠਿਆ ਜਾਵੇ।”

ਅਜ਼ਾਦੀ ਤੋਂ ਪਹਿਲਾਂ ਹਿੰਦੂਤਵੀਆਂ ਨੂੰ ਦਲੇਰ, ਇਮਾਨਦਾਰ, ਦੇਸ਼-ਭਗਤ, ਬਹਾਦਰ ਅਤੇ ਇਹਨਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਰਾਖੇ ਦਿਸਣ ਵਾਲ਼ੇ ਸਿੱਖ, ਅਜ਼ਾਦੀ ਤੋਂ 55 ਕੁ ਦਿਨਾਂ ਹੀ ਬਾਅਦ ਹੀ ਹਿੰਦੂਆਂ ਨੂੰ ਖ਼ਤਰਨਾਕ ਚੋਰ ਲੁਟੇਰੇ ਤੇ ਡਾਕੂ ਦਿਸਣ ਲਗ ਪਏ। ਇਹ ਹਿੰਦੂ ਕੌਮ ਦੀ ਅਕ੍ਰਿਤਘਣਤਾ ਦੀ ਸਿਖ਼ਰ ਨਹੀਂ ਤਾਂ ਹੋ ਕੀ ਹੈ ? ਜਿਨ੍ਹਾਂ ਦੀਆਂ ਗਜ਼ਨੀ ਦੇ ਬਜ਼ਾਰਾਂ ‘ਚ ਟਕੇ-ਟਕੇ ‘ਤੇ ਵਿਕਦੀਆਂ ਬਹੂ-ਬੇਟੀਆਂ ਦੀਆਂ ਇੱਜਤਾਂ ਮੁਗ਼ਲਾਂ ਤੇ ਪਠਾਣਾਂ ਤੋਂ ਗੁਰੂ ਕੇ ਸਿੰਘ ਆਪਣਾ ਸੀਸ ਤਲ਼ੀ ‘ਤੇ ਧਰ ਕੇ ਬਚਾਉਂਦੇ ਰਹੇ ਤੇ ਛੁਡਵਾ ਕੇ ਸਹੀ-ਸਲਾਮਤ ਘਰ ਪਹੁੰਚਾਉਂਦੇ ਰਹੇ। ਉਹਨਾਂ ਹੀ ਹਿੰਦੂਆਂ ਨੇ ਅਜ਼ਾਦੀ ਤੋਂ ਬਾਅਦ ਸਾਡੀ ਸਿੱਖ ਕੌਮ ਨੂੰ ਭੰਡਣਾ, ਬਦਨਾਮ ਕਰਨਾ ਤੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ।

ਸ. ਠਾਕਰ ਸਿੰਘ ਸੰਧਾਵਾਲ਼ੀਆ ਦੀ ਸੰਨ ੧੯੩੨ ‘ਚ ਕੀਤੀ ਭਵਿੱਖਬਾਣੀ ਸੱਚ ਹੋਈ ਕਿ “ਗੁਰੂ ਨਾ ਕਰੇ, ਜੇ ਕਦੇ ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜਭਾਗ ਵਿੱਚ ਹਿੱਸੇਦਾਰ ਬਣਨ ਦਾ ਨਹੀਂ।”

ਗੋਰਿਆਂ ਤੋਂ ਖੋਹੀ ਅਜ਼ਾਦੀ ਹੀ ਹੁਣ ਸਾਡੇ ਲਈ ਖ਼ਤਰੇ ਦੀ ਘੰਟੀ ਬਣ ਗਈ। ਸਿੱਖਾਂ ਦੇ ਸੱਭਿਆਚਾਰ, ਇਤਿਹਾਸ, ਵਿਰਸੇ ਤੇ ਅਣਖ ਉੱਤੇ ਹਿੰਦੂਤਵੀਆਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜੋ ਬਾ-ਦਸਤੂਰ ਜਾਰੀ ਹਨ। ਸਾਡਾ ਸਭ ਕੁਝ ਦਾਅ ਉੱਤੇ ਲਗ ਚੁੱਕਾ ਹੈ। ਦੁਸ਼ਮਣ ਬੜਾ ਚਲਾਕ, ਕਮੀਨਾ ਤੇ ਸ਼ਾਤਰ ਹੈ ਤੇ ਸਿੱਖ ਬੜਾ ਭੋਲ਼ਾ ਹੈ। ਸਿੱਖ ਵਾਰ-ਵਾਰ ਹਿੰਦੂਤਵੀਆਂ ਦੇ ਝਾਂਸੇ ‘ਚ ਫਸਦਾ ਜਾ ਰਿਹਾ ਹੈ। ਹਿੰਦੂ ਮੱਤ ਨੇ ਜਿਵੇਂ ਜੈਨ ਧਰਮ ਅਤੇ ਬੁੱਧ ਧਰਮ ਦਾ ਗਲ਼ਾ ਘੁੱਟ ਦਿੱਤਾ ਇਵੇਂ ਹੀ ਸਾਡਾ ਘੁੱਟਿਆ ਜਾ ਰਿਹਾ ਹੈ। ਹਿੰਦੂਵਾਦੀ ਤਾਕਤਾਂ ਸਾਨੂੰ ਭਰਾ ਬਣਾ ਕੇ ਗਲਵਕੜੀ ‘ਚ ਲੈ ਕੇ ਘੁੱਟਣ ਲਈ ਲਗਾਤਾਰ ਯਤਨਸ਼ੀਲ ਹਨ। ਸਿੱਖ ਧਰਮ ਨੂੰ ਬੜੇ ਸ਼ਾਤਰਾਨਾ ਤਰੀਕੇ ਨਾਲ਼ ਹਿੰਦੂ ਧਰਮ ‘ਚ ਜਜ਼ਬ ਕੀਤਾ ਜਾ ਰਿਹਾ ਹੈ। ਹਿੰਦੂਤਵ ਸਾਡੀ ਅੱਡਰੀ, ਨਿਆਰੀ ਤੇ ਵਿਲੱਖਣ ਹੋਂਦ ਨੂੰ ਖੋਰਾ ਲਾ ਰਿਹਾ ਹੈ, ਸਾਡੇ ਇਤਿਹਾਸਕ ਗੁਰਦੁਆਰੇ ਢਾਹੇ ਜਾ ਰਹੇ ਹਨ, ਇਤਿਹਾਸ ਬਦਲਿਆ ਜਾ ਰਿਹਾ ਹੈ।

ਸਿੱਖਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਭਾਰਤ ‘ਚ ਸਿੱਖ ਕਦੇ ਵੀ ਸੁੱਖ ਦਾ ਸਾਹ ਨਹੀਂ ਲੈ ਸਕਦੇ, ਦੇਸ਼ ਦੇ ਹਿੰਦੂਤਵੀ ਹਾਕਮ ਵਾਰ-ਵਾਰ ਸਿੱਖਾਂ ਨੂੰ ਸਤਾਉਣਗੇ, ਡਰਾਉਣਗੇ ਤੇ ਧਮਕਾਉਣਗੇ ਤੇ ਵਾਰ-ਵਾਰ ਸਾਨੂੰ ‘ਜਰਾਇਮ ਪੇਸ਼ਾ ਕੌਮ’ ਕਹਿ ਕੇ ਤੋਹਫ਼ੇ ਦਿੱਤੇ ਜਾਣਗੇ, ਸਾਡੇ ਜਜ਼ਬਾਤਾਂ ਤੇ ਭਾਵਨਾਵਾਂ ਨਾਲ਼ ਖਿਲਵਾੜ ਕਦੇ ਬੰਦ ਨਹੀਂ ਹੋਵੇਗਾ। ਕਦੇ ਸਾਨੂੰ ਅੱਤਵਾਦੀ, ਕਦੇ ਵੱਖਵਾਦੀ, ਕਦੇ ਦਹਿਸ਼ਤ-ਗਰਦ, ਕਦੇ ਪਾਕਿਸਤਾਨ ਦੇ ਪਿੱਠੂ ਅਤੇ ਦੇਸ਼ ਦੇ ਗ਼ੱਦਾਰ ਕਹਿ ਕੇ ਭੰਡਿਆ ਤੇ ਬਦਨਾਮ ਕੀਤਾ ਜਾਵੇਗਾ।

ਆਖ਼ਰ ਅਸੀਂ ਕਦ ਤਕ ਹੱਥ ‘ਤੇ ਹੱਥ ਧਰ ਕੇ ਬੈਠੇ ਰਹਾਂਗੇ। ਜਿਸ ਦੇਸ਼ ‘ਚ ਸਿੱਖਾਂ ਦੇ ਇਸ਼ਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਾਣੀ-ਬਾਣਾ ਅਤੇ ਸਾਡਾ ਧਰਮ, ਸੱਭਿਆਚਾਰ, ਬੋਲੀ ਤੇ ਪਹਿਰਾਵਾ ਹੀ ਸੁਰੱਖਿਅਤ ਨਹੀਂ, ਉਸ ਦੇਸ਼ ਤੋਂ ਸਿੱਖਾਂ ਨੇ ਕੀ ਲੈਣਾ, ਉਸ ਦੇਸ਼ ਤੋਂ ਸਿੱਖਾਂ ਨੂੰ ਕਾਹਦੀ ਆਸ, ਇਹ ਦੇਸ਼ ਸਿੱਖਾਂ ਲਈ ਇੱਕ ਖੁੱਲ੍ਹੀ ਜੇਲ੍ਹ ਵਾਂਗ ਹੈ ਤੇ ਸਾਡੇ ਨਾਲ਼ ਕੈਦੀਆਂ ਨਾਲ਼ੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ। ਸਿੱਖਾਂ ਨੂੰ ਜਾਗਣ ਅਤੇ ਇਕਮੁੱਠ ਹੋ ਕੇ ਹਿੰਦੂਤਵੀ ਤਾਕਤਾਂ ਨਾਲ਼ ਟੱਕਰ ਲੈਣ ਦੀ ਲੋੜ ਹੈ। ਅੱਜ ਸਮੁੱਚੇ ਹਿੰਦੂ, ਭਾਰਤ ਨੂੰ ਹਿੰੰਦੂ ਰਾਸ਼ਟਰ ਬਣਾਉਣ ਲਈ ਉਤਾਵਲੇ ਹਨ, ਤੇ ਆਓ ਅਸੀਂ ਵੀ ਆਪਣੇ ਸਿੱਖ ਰਾਸ਼ਟਰ (ਖ਼ਾਲਿਸਤਾਨ) ਦੀ ਕਾਇਮੀ ਵੱਲ ਕਦਮ ਵਧਾਈਏ।

ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ: 88722-93883 #SYFB

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?