ਅੰਮ੍ਰਿਤਸਰ, 10 ਅਕਤੂਬਰ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੁੁਝ ਦਿਨ ਪਹਿਲਾਂ ਮੁਕੇਰੀਆਂ ‘ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਦੀ ਬੇਅਦਬੀ ਹੋਈ ਤੇ ਅੱਜ ਕੱਥੂਨੰਗਲ ‘ਚ (ਗੁ. ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ) ਇੱਕ ਔਰਤ ਨੇ ਬੇਅਦਬੀ ਕਰ ਦਿੱਤੀ। ਹਰ ਆਏ ਦਿਨ ਬੇਅਦਬੀਆਂ ਦੀ ਖ਼ਬਰ ਸੁਣ ਕੇ ਸਿੱਖ ਜਗਤ ਭਾਰੀ ਸੰਤਾਪ ਭੋਗ ਰਿਹਾ ਹੈ। ਸਰਕਾਰਾਂ ਵੱਲੋਂ ਬੇਅਦਬੀ ਦੇ ਦੋਸ਼ੀਆਂ ਨਾਲ ਬਹੁਤ ਨਰਮੀ ਵਾਲ਼ਾ ਵਿਹਾਰ ਕੀਤਾ ਜਾਂਦਾ ਹੈ। ਜੇ ਸਿੱਖ ਦਬਾਅ ਨਾ ਬਣਾਉਣ ਤਾਂ ਪੁਲੀਸ ਵਾਲ਼ੇ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਹੀ ਨਾ। ਜੇ ਸਿੱਖ ਬੇਅਦਬੀ ਕਰਨ ਵਾਲ਼ੇ ਦੁਸ਼ਟ ਨੂੰ ਮੌਕੇ ‘ਤੇ ਝਟਕਾ ਦੇਣ ਤਾਂ ਫਿਰ ਹਿੰਦੁਤਵੀ ਮੀਡੀਆ ਵੱਲੋਂ ਇਸ ਤਰ੍ਹਾਂ ਚੀਕ-ਚਿਹਾੜਾ ਪਾਇਆ ਜਾਂਦਾ ਹੈ ਜਿਵੇਂ ਸਿੱਖ ਹੀ ਦੋਸ਼ੀ ਹੋਣ। ਉਹਨਾਂ ਕਿਹਾ ਕਿ ਦਿੱਲੀ ਦਰਬਾਰ ਤੋਂ ਇਨਸਾਫ਼ ਦੀ ਤਾਂ ਕੋਈ ਉਮੀਦ ਹੀ ਨਹੀਂ, ਪਰ ਜਿਹੜੇ ਬਾਦਲਕੇ ਪੰਥਕ ਸਰਕਾਰ ਹੋਣ ਦਾ ਦਾਅਵਾ ਕਰਦੇ ਸਨ ਉਹ ਵੀ ਬੇਅਦਬੀ ਦੇ ਦੋਸ਼ੀਆਂ ਨਾਲ ਰਲ਼ ਗਏ। ਜੇਕਰ 2015 ‘ਚ ਹੀ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱੱਤੀ ਹੁੰਦੀ ਤਾਂ ਸ਼ਾਇਦ ਇਹ ਦਿਨ ਨਾ ਵੇਖਣੇ ਪੈਂਦੇ। ਦੁਸ਼ਟਾਂ ਦੇ ਹੌਂਸਲੇ ਦਿਨੋਂ-ਦਿਨ ਵੱਧਦੇ ਜਾਂਦੇ ਹਨ। ਜਦੋਂ ਪਿਓ ਦੀ ਪੱਗ ਨੂੰ ਹੱਥ ਪੈ ਜਾਏ ਤਾਂ ਪੁੱਤਰਾਂ ਲਈ ਫਿਰ ਮਰਨਾ-ਮਾਰਨਾ ਜਾਇਜ਼ ਹੋ ਜਾਂਦਾ ਹੈ। ਖ਼ਾਲਸੇ ਨੇ ਖ਼ਾਲਸਾਈ ਰਵਾਇਤਾਂ ਅਨੁਸਾਰ ਕੁਝ ਦੁਸ਼ਟ ਝਟਕਾਏ ਵੀ ਹਨ। ਜੇ ਹਲਾਤ ਏਹੀ ਬਣੇ ਰਹੇ ਤਾਂ ਸਿੱਖ ਚੈਨ ਨਾਲ਼ ਨਹੀਂ ਬੈਠਣਗੇ। ਉਹਨਾਂ ਕਿਹਾ ਕਿ ਮੁਕੇਰੀਆਂ ਅਤੇ ਕੱਥੂਨੰਗਲ ਬੇਅਦਬੀ ਦੀ ਗੰਭੀਰਤਾ ਅਤੇ ਡੂੰਘਾਈ ਨਾਲ ਛੇਤੀ ਤੋਂ ਛੇਤੀ ਜਾਂਚ ਹੋਣੀ ਚਾਹੀਦੀ ਹੈ ਤੇ ਦੁਸ਼ਟਾਂ ਨੂੰ ਅਜਿਹੀ ਸਜ਼ਾ ਦਿੱਤੀ ਜਾਵੇ ਜਿਸ ਨਾਲ ਸਿੱਖ ਭਾਵਨਾਵਾਂ ਦੀ ਤਸੱਲੀ ਹੋਵੇ। ਕੱਥੂਨੰਗਲ ਵਾਲ਼ੀ ਔਰਤ ਨੂੰ ਕਿਤੇ ਮਾਨਸਿਕ ਰੋਗੀ ਕਹਿ ਕੇ ਛੱਡ ਨਾ ਦਿਓ, ਹੁਣ ਤਾਂ ਸਿੱਖਾਂ ਨੇ ਸੜਕ ਰੋਕ ਕੇ ਕਾਰਵਾਈ ਕਰਵਾ ਦਿੱਤੀ ਤੇ ਜੇ ਇਸ ਔਰਤ ਨਾਲ਼ ਨਰਮੀ ਵਰਤੀ ਤਾਂ ਫਿਰ ਸਿੱਖ ਰੋਸ ਅਤੇ ਰੋਹ ‘ਚ ਆ ਕੇ ਕੋਈ ਵੀ ਕਦਮ ਉਠਾਅ ਸਕਦੇ ਹਨ। ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦੇ ਬਾਦਲ-ਕੈਪਟਨ ਰੁੜ੍ਹ ਗਏ ਤੇ ਹੁਣ ਭਗਵੰਤ ਮਾਨ ਵੀ ਸੋਚ ਲਵੇ ਕਿ ਉਸ ਨੇ ਆਪਣਾ ਹਸ਼ਰ ਕੀ ਕਰਵਾਉਣਾ ਹੈ, ਖ਼ਾਲਸਾ ਪੰਥ ਕਿਸੇ ਨੂੰ ਨਹੀਂ ਬਖ਼ਸ਼ਦਾ।
Author: Gurbhej Singh Anandpuri
ਮੁੱਖ ਸੰਪਾਦਕ