ਨਕਲੀ ਪਾਸਟਰਾਂ ਖਿਲਾਫ ਲਹਿਰ ਸਿਰਜਣ ਦੀ ਲੋੜ : ਰਣਜੀਤ ਸਿੰਘ
ਅੰਮ੍ਰਿਤਸਰ, 17 ਅਕਤੂਬਰ ( ਹਰਮੇਲ ਸਿੰਘ ਹੁੰਦਲ ) ਈਸਾਈ ਪਾਸਟਰਾਂ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਬਿਆਨਾਂ ਨੂੰ ਲੈ ਕੇ ਅੱਜ ਜਲੰਧਰ ‘ਚ ਧਰਨਾ ਦਿੱਤਾ ਗਿਆ ਤੇ ਉਸ ਵਿਰੁੱਧ ਪਰਚਾ ਦਰਜ ਕਰਨ ਅਤੇ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਇਸ ਦੇ ਜਵਾਬ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਰਚਾ ਅੰਮ੍ਰਿਤਪਾਲ ਸਿੰਘ ‘ਤੇ ਨਹੀਂ, ਬਲਕਿ ਅਖੌਤੀ ਪਾਸਟਰਾਂ ਉੱਤੇ ਹੋਣਾ ਚਾਹੀਦਾ ਹੈ ਜੋ ਲੰਬੇ ਸਮੇਂ ਤੋਂ ਸਿੱਖ ਧਰਮ ਵਿਰੁੱਧ ਟਿੱਪਣੀਆਂ ਕਰਦੇ ਆ ਰਹੇ ਹਨ, ਗਰੀਬ ਸਿੱਖਾਂ ਨੂੰ ਗੁੰਮਰਾਹ ਕਰਕੇ ਲਾਲਚ ਦੇ ਕੇ ਵਹਿਮਾਂ-ਭਰਮਾਂ ‘ਚ ਫਸਾ ਕੇ ਧਰਮ ਪਰਿਵਰਤਨ ਕਰਵਾਉਂਦੇ ਹਨ, ਸਾਡੇ ਗੁਰੂ ਸਾਹਿਬਾਨਾਂ ਨੂੰ ਸ਼ੈਤਾਨ ਕਹਿੰਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਮ ਕਿਤਾਬ ਕਹਿੰਦੇ ਹਨ, ਗੁਰਦੁਆਰਾ ਸਾਹਿਬ ਜਾਣ ਤੋਂ ਰੋਕਦੇ ਹਨ, ਆਪਣੇ ਸੌੜੇ ਮੁਫਾਦਾਂ ਲਈ ਗੁਰਬਾਣੀ ਦੇ ਗਲਤ ਅਰਥ ਕਰਦੇ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਾਬ ਲਈ ਈਸਾਈਆਂ ਦੀ ਦੇਣ ਤਾਂ ਕੋਈ ਨਹੀਂ ਪਰ ਜਦ ਗੋਰੇ ਈਸਾਈ ਇੱਥੇ ਰਾਜ ਕਰਦੇ ਸੀ ਤਾਂ ਪੰਜਾਬ ਨੂੰ ਲੁੱਟ ਲਿਆ ਤੇ ਭਾਈਚਾਰਕ ਸਾਂਝ ਤੋੜ ਕੇ ਪਾੜੋ ਤੇ ਰਾਜ ਕਰੋ ਤੇ ਚੱਲਦੇ ਰਹੇ। 1947 ਵਿੱਚ ਪੰਜਾਬ ਦਾ ਬੇੜਾ ਗਰਕ ਕਰਨ ਲਈ ਵਿਚਾਲੇ ਲਕੀਰ ਫੇਰ ਦਿੱਤੀ। ਉਹਨਾਂ ਗੋਰੇ ਈਸਾਈਆਂ ਨੇ ਜੋ ਕੀਤਾ ਸੋ ਕੀਤਾ ਹੁਣ ਦੇਸੀ ਈਸਾਈ ਪੰਜਾਬ ਨੂੰ ਲਾਂਬੂ ਲਾ ਰਹੇ ਨੇ। ਹੁਣ ਈਸਾਈ ਕਹਿੰਦੇ ਨੇ ਕਿ ਪੰਜਾਬ ਵਿੱਚ ਮਹੌਲ ਖਰਾਬ ਕਰਨ ਵਾਲ਼ੇ ਨਕਲੀ ਪਾਸਟਰ ਹਨ। ਉਹਨਾਂ ਨੂੰ ਸ਼ਰੇਆਮ ਚੇਤਾਵਨੀ ਦੇਣ ਦੀ ਲੋੜ ਹੈ ਕਿ ਨਕਲੀ ਈਸਾਈ ਪਾਸਟਰੋ! ਸਿੱਖ ਤਾਂ ਪਖੰਡ ਤੇ ਜਾਦੂ-ਟੂਣੇ ਕਰਨ ਵਾਲ਼ਿਆਂ ਅਖੌਤੀ ਗ੍ਰੰਥੀਆਂ-ਬਾਬਿਆਂ ਦੀ ਵੀ ਧੁੱਕੀ ਕੱਢ ਦਿੰਦੇ ਨੇ ਤੁਸੀਂ ਤਾਂ ਹੈ ਹੀ ਹੋਰ ਲੋਕ। ਸਾਨੂੰ ਪੰਜਾਬ ਵਿੱਚ ਪਖੰਡ ਮਨਜ਼ੂਰ ਨਹੀਂ। ਉਹਨਾਂ ਕਿਹਾ ਕਿ ਧਿਆਨ ਰਹੇ ਕਿ ਠੱਕਰਪੁਰਾ (ਪੱਟੀ) ਦੇ ਚਰਚ ਵਿੱਚ ਹੋਈ ਘਟਨਾ ਦੇ ਦੋਸ਼ੀ ਤਾਂ ਨਹੀਂ ਫੜੇ ਗਏ ਪਰ ਡੱਡੂਆਣਾ ਕਾਂਡ ਮਗਰੋਂ ਸਿੱਖਾਂ ਦੀ ਈਸਾਈਆਂ ਦੇ ਪਖੰਡ ਖਿਲਾਫ ਉਭਰੀ ਲਹਿਰ ਮੱਠੀ ਪੈ ਗਈ ਹੈ। ਕੀ ਇਹ ਘਟਨਾ ਚਰਚ ਵਾਲ਼ਿਆਂ ਨੇ ਆਪ ਹੀ ਤਾਂ ਨਹੀਂ ਕਰਵਾਈ ? ਪੁਲੀਸ ਨੂੰ ਚਰਚ ਨਾਲ਼ ਸਬੰਧਤ ਸਾਰੇ ਲੋਕਾਂ ਦੀ ਸਖਤੀ ਨਾਲ਼ ਤਹਿਕੀ-ਕਾਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਘਟਨਾ ਦਾ ਲਾਭ ਈਸਾਈਆਂ ਨੂੰ ਹੋਇਆ ਹੈ ਤੇ ਨੁਕਸਾਨ ਸਿੱਖਾਂ ਨੂੰ! ਸਿੱਖੀ ਦੀ ਚੜ੍ਹਦੀ ਕਲਾ ਲਈ ਬਣ ਰਿਹਾ ਮਹੌਲ ਇਕ ਵਾਰ ਠੰਢਾ ਪੈ ਗਿਆ! ਨਕਲੀ ਈਸਾਈ ਪਾਸਟਰਾਂ ਦੇ ਪਖੰਡ ਖਿਲਾਫ ਲਹਿਰ ਹੋਰ ਬੁਲੰਦ ਕਰਨ ਦੀ ਲੋੜ ਹੈ! ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਦੋਂ ਦੇ ਪੰਜਾਬ ਆ ਕੇ ਸਰਗਰਮ ਹੋਏ ਹਨ ਈਸਾਈ ਡੇਰਾਵਾਦ ਦੇ ਪਖੰਡ ਨੂੰ ਧੁਰ ਅੰਦਰ ਤੱਕ ਕੰਬਣੀ ਛਿੜ ਗਈ ਹੈ। ਚਮਤਕਾਰਾਂ ਦੀ ਖੇਹ ਲੋਕਾਂ ਦੀਆਂ ਮਾਸੂਮ ਅੱਖਾਂ ‘ਚ ਪਾ ਕੇ, ਧਰਮ ਤਬਦੀਲੀ ਦੀ ਖੇਡ ਹੁਣ ਥੋੜ ਚਿਰੀ ਰਹਿ ਗਈ ਹੈ। ਜਿਸ ਵਿਸ਼ੇ ‘ਤੇ ਬਹੁਤੇ ਲੋਕ ਦੜ ਵੱਟਦੇ ਜਾਂ ਧਰਮ ਨਿਰਪੱਖ ਬਣਨ ਦੀ ਮਚਲੀ ਹਰਕਤ ਕਰਦੇ ਸਨ, ਉਥੇ ਭਾਈ ਅੰਮ੍ਰਿਤਪਾਲ ਸਿੰਘ ਨੇ ਵਦਾਨ ਚਲਾ ਘੱਤੇ ਹਨ। ਇਹ ਸਿੱਖ ਸੁਰਜੀਤੀ ਦਾ ਦੌਰ ਹੈ, ਜਿਸ ‘ਚ ਜਿਊਣਾ ਮਾਣ ਵਾਲ਼ੀ ਗੱਲ ਹੈ। ਇਸ ਦੌਰ ਦੀ ਇੱਕੋ ਮੰਗ ਹੈ ਸਮਰਪਣ, ਜਿਸ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਲਫਜ਼ਾਂ ‘ਚ ਗੁਰੂ ਨੂੰ ਸਿਰ ਦੇਣਾ ਕਹਿੰਦੇ ਹਨ। ਉਹਨਾਂ ਕਿਹਾ ਕਿ ਸਮੁੱਚਾ ਖ਼ਾਲਸਾ ਪੰਥ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਹੱਕ ‘ਚ ਖੜ੍ਹਾ ਹੈ ਤੇ ਜੇ ਸਰਕਾਰ ਨੇ ਉਸ ਨੂੰ ਹੱਥ ਪਾਇਆ ਤਾਂ ਸਿੱਖ ਚੁੱਪ ਨਹੀਂ ਬੈਠਣਗੇ।
Author: Gurbhej Singh Anandpuri
ਮੁੱਖ ਸੰਪਾਦਕ