ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ,1872 ਨੂੰ ਵਿਦਵਾਨ ਘਰਾਣੇ ਚ ਪਿਤਾ ਸ: ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਜੀ ਦੀ ਕੁੱਖੋਂ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ।
ਆਪ ਤਿੰਨ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਗੁਰਸਿੱਖੀ ਤੇ ਗਿਆਨ ਦੀ ਗੁੜ੍ਹਤੀ ਆਪ ਨੂੰ ਵਿਰਸੇ ਵਿਚ ਹੀ ਮਿਲੀ।
ਆਪ ਜੀ ਦੇ ਦਾਦਾ ਸ: ਕਾਹਨ ਸਿੰਘ ਆਪਣੇ ਸਮੇਂ ਦੇ ਸੰਸਕ੍ਰਿਤ ਦੇ ਮੰਨੇ ਹੋਏ ਵਿਦਵਾਨ ਤੇ ਬ੍ਰਜ ਭਾਸ਼ਾ ਵਿਚ ਬਹੁਤ ਖੂਬਸੂਰਤ ਕਵਿਤਾ ਲਿਖਦੇ ਸਨ।
*ਨਾਨਾ ਗਿਆਨੀ ਹਜ਼ਾਰਾ ਸਿੰਘ ਗੁਰਬਾਣੀ ਦੇ ਟੀਕਾਕਾਰ ਸਨ।*
ਭਾਈ ਸਾਹਿਬ ਜੀ ਨੇ ਮੁਢਲੀ ਸਿੱਖਿਆ ਨਾਨਾ ਜੀ ਗਿਆਨੀ ਹਜ਼ਾਰਾ ਸਿੰਘ ਕੋਲ ਰਹਿ ਕੇ ਪ੍ਰਾਪਤ ਕੀਤੀ,ਉਪਰੰਤ ਆਪ ਜੀ ਨੇ ਰਵਾਇਤੀ ਤੇ ਆਧੁਨਿਕ ਅੰਗਰੇਜ਼ੀ ਦੋਵਾਂ ਤਰ੍ਹਾਂ ਦੀ ਵਿੱਦਿਆ ਹਾਸਲ ਕੀਤੀ।
ਫਾਰਸੀ,ਉਰਦੂ ਤੇ ਸੰਸਕ੍ਰਿਤ ਗ੍ਰੰਥਾਂ ਦਾ ਅਧਿਐਨ ਕੀਤਾ।
*ਅੱਠ ਸਾਲ ਦੀ ਉਮਰ ਵਿਚ ਹੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ ਸਨ*।
ਮੈਟ੍ਰਿਕ ਪਾਸ ਕਰਨ ਉਪਰੰਤ ਆਪ ਨੇ ਸਰਕਾਰੀ ਨੌਕਰੀ ਕਰਨ ਦੀ ਬਜਾਏ ਲੇਖਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।ਸਕੂਲਾਂ ਲਈ ਪਾਠ- ਪੁਸਤਕਾਂ ਲਿਖੀਆਂ।
1892 ਵਿਚ ਆਪਣੇ ਇਕ ਸਾਥੀ ਭਾਈ ਵਜ਼ੀਰ ਸਿੰਘ ਨਾਲ ਮਿਲ ਕੇ ‘ਵਜ਼ੀਰ ਹਿੰਦ ਪ੍ਰੈੱਸ’ ਸ਼ੁਰੂ ਕੀਤੀ।
1894 ਵਿਚ ‘ਖਾਲਸਾ ਟਰੈਕਟ ਸੁਸਾਇਟੀ’ ਬਣਾ ਕੇ ਸਿੱਖ ਸਿਧਾਂਤਾਂ,ਪੰਜਾਬੀ ਬੋਲੀ,ਗੁਰਮੁਖੀ ਲਿੱਪੀ,ਗੁਰਬਾਣੀ ਪ੍ਰਚਾਰ ਤੇ ਪੰਥਕ ਸਰਗਰਮੀਆਂ ਜ਼ੋਰ-ਸ਼ੋਰ ਨਾਲ ਚਲਾਈਆਂ।
*ਸਿੱਖਾਂ ਦੁਆਰਾ ਆਪਣਾ ਰਾਜ ਭਾਗ ਗੁਆਉਣ ਤੇ ਬ੍ਰਿਟਿਸ਼ ਹਕੂਮਤ ਦੇ ਆਉਣ ਨਾਲ ਸਿੱਖ ਡੂੰਘੀ ਨਿਰਾਸ਼ਾ ਵਿਚ ਸਨ। ਸਿੱਖ ਸਮਾਜ ਅੰਦਰ ਫਿਰ ਤੋਂ ਪਾਖੰਡਵਾਦ,ਸਮਾਜਿਕ ਤੇ ਧਾਰਮਿਕ ਕੁਰੀਤੀਆਂ ਪੈਦਾ ਹੋ ਰਹੀਆਂ ਸਨ।*
ਅਜਿਹੇ ਸਮੇਂ ਚ ਆਪ ਜੀ ਨੇ ਜਨਤਾ ਅੰਦਰ ਜੋਸ਼ ਪੈਦਾ ਕਰਨ ਲਈ ਇਤਿਹਾਸਕ ਘਟਨਾਵਾਂ ਨੂੰ ਆਧਾਰ ਬਣਾਕੇ 1897 ਚ ਆਪਣੇ ਪਹਿਲੇ ਨਾਵਲ ‘ਸੁੰਦਰੀ’ ਨਾਲ ਸਾਹਿਤ ਜਗਤ ਅੰਦਰ ਪ੍ਰਵੇਸ਼ ਕੀਤਾ।
1899 ਚ ਦੂਜਾ ਨਾਵਲ ‘ਬਿਜੇ ਸਿੰਘ’ ਤੇ 1900 ਵਿਚ ਤੀਜਾ ਨਾਵਲ ‘ਸਤਵੰਤ ਕੌਰ’ ਲਿਖਿਆ। ਉਨ੍ਹਾਂ ਦੇ ਨਾਵਲਾਂ ਦਾ ਵਿਸ਼ਾ ਇਸਤਰੀ-ਪੁਰਖ ਦੇ ਉੱਚੇ ਤੇ ਜੁਝਾਰੂ ਕਿਰਦਾਰ ਨੂੰ ਪੇਸ਼ ਕਰਨਾ ਹੈ।
ਭਾਈ ਸਾਹਿਬ ਨੇ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਸ਼ੁਰੂ ਕਰਵਾਉਣ ਵਿਚ ਵੀ ਸਰਗਰਮ ਹਿੱਸਾ ਪਾਇਆ,ਜਿਨ੍ਹਾਂ ਚ:-
*’ਚੀਫ ਖ਼ਾਲਸਾ ਦੀਵਾਨ’ (1902),*
‘ਸਿੱਖ ਐਜੂਕੇਸ਼ਨਲ ਸੁਸਾਇਟੀ’ (1908),
*’ਪੰਜਾਬ ਐਂਡ ਸਿੰਧ ਬੈਂਕ’ (1908)* ਪ੍ਰਮੁੱਖ ਹਨ।
ਭਾਈ ਵੀਰ ਸਿੰਘ ਜੀ ਨੇ ਨਿਰੰਤਰ ਨਿੱਕੀ ਕਵਿਤਾ,ਮਹਾਂਕਾਵਿ, ਵਾਰਤਕ,ਇਤਿਹਾਸਕ ਨਾਵਲ,ਇਤਿਹਾਸਕ ਲੇਖਾਂ,ਸੰਪਾਦਨ, ਸਟੀਕ ਤੇ ਨਾਟਕਾਂ ਆਦਿ ਰਾਹੀਂ ਪੰਜਾਬੀ ਸਾਹਿਤ ਜਗਤ ਵਿਚ ਰਚਨਾਵਾਂ ਦੀ ਝੜੀ ਹੀ ਲਾ ਦਿੱਤੀ।
*ਭਾਈ ਸਾਹਿਬ ਦੀਆਂ ਪ੍ਰਮੁੱਖ ਰਚਨਾਵਾਂ ਹਨ :-*
ਰਾਣਾ ਸੂਰਤ ਸਿੰਘ,ਮਟਕ ਹੁਲਾਰੇ,ਬਿਜਲੀਆਂ ਦੇ ਹਾਰ, ਲਹਿਰਾਂ ਦੇ ਹਾਰ,ਪ੍ਰੀਤ ਵੀਣਾ,ਕੰਬਦੀ ਕਲਾਈ,ਭਰਥਰੀ ਹਰੀ ਸ਼ਤਕ (ਅਨੁਵਾਦ), ਸੁੰਦਰੀ,ਸ੍ਰੀ ਗੁਰੂ ਗ੍ਰੰਥ ਕੋਸ਼,ਟੀਕਾ ਸ੍ਰੀ ਗੁਰੂ ਗੰਥ ਸਾਹਿਬ (ਅਪੂਰਣ),ਸੰਤ ਗਾਥਾ ਆਦਿ।
ਆਪ ਦੀ ਬਹੁਪੱਖੀ ਪ੍ਰਤਿਭਾ ਨੂੰ ਦੇਖਦੇ ਹੋਏ 1949 ਚ ਪੰਜਾਬ ਯੂਨੀਵਰਸਿਟੀ ਵਲੋਂ *’ਡਾਕਟਰ ਆਫ ਓਰੀਐਂਟਲ ਲਰਨਿੰਗ’* ਦੀ ਡਿਗਰੀ ਪ੍ਰਦਾਨ ਕੀਤੀ ਗਈ।
ਆਜ਼ਾਦ ਭਾਰਤ ਚ ਆਪ ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਨਾਮਜ਼ਾਦ ਕੀਤੇ ਗਏ। ਭਾਰਤੀ ਸਾਹਿਤ ਅਕਾਦਮੀ ਵਲੋਂ ਆਪ ਦੀ ਕਿਤਾਬ ‘ਮੇਰੇ ਸਾਈਆਂ ਜੀਉ’ ਨੂੰ 1955 ਵਿਚ *’ਸਾਹਿਤ ਅਕਾਦਮੀ ਐਵਾਰਡ’* ਦਿੱਤਾ ਗਿਆ।
25 ਦਸੰਬਰ,1954 ਨੂੰ ਮੁੰਬਈ ਵਿਖੇ ਹੋਈ ਵਿਸ਼ਾਲ ਸਿੱਖ ਵਿੱਦਿਅਕ ਕਾਨਫਰੰਸ ਵਿਚ ‘ਅਭਿਨੰਦਨ ਗ੍ਰੰਥ’ ਭੇਟ ਕੀਤਾ ਗਿਆ।1956 ਚ ਭਾਰਤ ਸਰਕਾਰ ਵਲੋਂ *’ਪਦਮ ਭੂਸ਼ਣ’* ਦੇ ਸਨਮਾਨ ਨਾਲ ਨਿਵਾਜਿਆ ਗਿਆ।
10 ਜੂਨ, 1957 ਨੂੰ ਭਾਈ ਸਾਹਿਬ ਜੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।
ਜਨਮ ਦਿਨ ਦੀਆਂ ਮੁਬਾਰਕਾਂ ਜੀ।
Author: Gurbhej Singh Anandpuri
ਮੁੱਖ ਸੰਪਾਦਕ