‘ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ’ ਦਾ ਨਾਅਰਾ ਬੁਲੰਦ ਰਹੇਗਾ- ਪ੍ਰੋਫੈਸਰ ਸਰਦਾਰਾ ਸਿੰਘ ਜੌਹਲ
ਅੰਮ੍ਰਿਤਸਰ 12 ਦਸੰਬਰ ( ਹਰਮੇਲ ਸਿੰਘ ਹੁੰਦਲ਼ )। ਅੱਜ ‘ਦਿ ਸਿੱਖ ਫੌਰਮ’ ਅਹਿਮ ਇਕੱਤਰਤਾ ਹੋਈ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ-ਉੱਚਤਾ ਤੇ ਹੋਏ ਵਿਵਾਦ ਦੀ ਘੋਰ ਨਿੰਦਿਆ ਕੀਤੀ ਗਈ। ਇਸ ਮੌਕੇ ਫੌਰਮ ਦੇ ਸਰਪ੍ਰਸਤ ਪ੍ਰੋਫੈਸਰ ਸਰਦਾਰਾ ਸਿੰਘ ਜੌਹਲ ਵੀ ਵੀਡੀਓ ਕਾਲ ਰਾਹੀਂ ਵਿਸ਼ੇਸ ਤੌਰ ਤੇ ਹਾਜ਼ਰ ਸਨ।
ਪ੍ਰਧਾਨ ਪ੍ਰੋਫੈਸਰ ਹਰੀ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਿੱਖਾਂ ਦੀ ਸ਼ਾਨ ਹੈ ਅਤੇ ਸਿਰਮੌਰ ਸੰਸਥਾ ਹੈ। ਹਰ ਆਦੇਸ਼ ਸਿੱਖਾਂ ਲਈ ਜ਼ਰੂਰੀ ਹੀ ਨਹੀਂ ਬਲਕਿ ਪੰਥਕ ਮਰਿਯਾਦਾ ਦਾ ਹਿੱਸਾ ਹਨ। ਉਹਨਾਂ ਨੇ ਕਿਹਾ ਕਿ ਇਸ ਤਖ਼ਤ ਅੱਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਸਿਰ ਝੁਕਾ ਕੇ ਹੁਕਮ ਮੰਨਦੇ ਰਹੇ ਹਨ। ਪਰ ਸਿੱਖ ਵਿਰੋਧੀ ਸ਼ਕਤੀਆਂ ਇਸ ਮਹਾਨ ਤਖ਼ਤ ਨੂੰ ਵਿਵਾਦ ਚ ਲਿਆ ਕੇ ਇਸਦੀ ਮਹਾਨਤਾ ਨੂੰ ਦਾਗ ਲਾਉਣ ਦਾ ਕੋਝਾ ਯਤਨ ਕਰ ਰਹੀਆਂ ਹਨ ਜਿਸ ਨੂੰ ਕਦੀ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਵਰਿਆਮ ਸਿੰਘ ਨੇ ਕਿਹਾ ਕਿ ਅਜਿਹੇ ਕੰਮ ਕੌਮ ਦੀ ਸ਼ਕਤੀ ਨੂੰ ਖਤਮ ਕਰਨ ਦੇ ਕੋਝੇ ਯਤਨ ਹਨ। ਸਿੱਖਾਂ ਨੂੰ ਸੁਚੇਤ ਹੋਣਾ ਪਵੇਗਾ ਅਤੇ ਅਜਿਹੇ ਲੋਕਾਂ ਨੂੰ ਮੁਹੱਈਆ ਤੋੜ ਜਵਾਬ ਦੇਣਾ ਚਾਹੀਦਾ ਹੈ।
ਆਨਰੇਰੀ ਸਕੱਤਰ ਸਰਦਾਰ ਮਨਦੀਪ ਸਿੰਘ ਬੇਦੀ ਅਤੇ ਐਡੀਸ਼ਨਲ ਸਕੱਤਰ ਸ ਜਸਪਾਲ ਸਿੰਘ PCS ਨੇ ਸਾਂਝੇ ਤੌਰ ਤੇ ਕਿਹਾ ਕਿ ਪਟਨਾ ਸਾਹਿਬ ਦੇ ਵਿਵਾਦ ਨੇ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ। ਪ੍ਰਬੰਧਕ ਕਮੇਟੀ ਦੇ ਦੋਨੋ ਧੜਿਆਂ ਵੱਲੋ ਕੀਤੀ ਜਾ ਰਹੀ ਗੁੰਡਾਗਰਦੀ ਨੂੰ ਬਹੁਤ ਮੰਦਭਾਗਾ ਕਰਾਰ ਦਿੱਤਾ। ਲੇਕਿਨ ਉਹਨਾਂ ਕਿਹਾ ਕਿ ਜੱਥੇਦਾਰ ਅਕਾਲ ਤਖ਼ਤ ਸਾਹਿਬ ਵੱਲੋ ਉੱਦਮ ਕਰਕੇ ਜੋ ਪਟਨਾ ਸਾਹਿਬ ਬਾਬਤ ਫੈਸਲੇ ਲਏ ਗਏ ਹਨ ਅਸੀਂ ਉਹਨਾਂ ਦਾ ਪੁਰਜ਼ੋਰ ਹਮਾਇਤ ਕਰਦੇ ਹਾਂ। ਨਾਲ ਹੀ ਉਹਨਾਂ ਜੱਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਜੋ ਲੋਕ ਤਖ਼ਤ ਸਾਹਿਬ ਦੀ ਮਾਨ ਮਰਯਾਦਾ ਨੂੰ ਢਾਅ ਲਾ ਰਹੇ ਹਨ, ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅਜਿਹੇ ਕੋਝੇ ਯਤਨ ਭਵਿੱਖ ਵਿੱਚ ਨਾ ਕੀਤੇ ਜਾ ਸਕਣ।
ਮਾਲੀ ਸਕੱਤਰ ਡਾ ਜੋਗਿੰਦਰ ਸਿੰਘ ਅਰੋੜਾ ਅਤੇ ਸੀਨੀਅਰ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਚਾਰ ਤਖ਼ਤ ਸਾਹਿਬਾਨ ਸਮੇਂ ਸਮੇਂ ਉਤੇ ਪੰਥ ਦੇ ਵਖਰੇਵੇ ਦੂਰ ਕਰਨ, ਦੁਬਿਧਾ ਦਾ ਹੱਲ ਕਰਨ, ਸਿੱਖ ਵਿਰੋਧੀ ਤਾਕਤਾਂ ਪ੍ਰਤੀ ਸਿੱਖਾਂ ਨੂੰ ਸੁਚੇਤ ਕਰਦੇ ਹਨ ਅਤੇ ਸਿੱਖ ਰੋਮ ਰੋਮ ਕਰਕੇ ਤਖ਼ਤ ਸਾਹਿਬਾਨ ਨੂੰ ਸਮਰਪਿਤ ਹਨ। ਪਰ ਜਿਨਾ ਅਖੌਤੀ ਲੋਕਾਂ ਨੇ ਤਖ਼ਤ ਤੇ ਉਂਗਲ ਚੁੱਕੀ ਹੈ, ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਇਹ ਕਿਸੇ ਨੀਤੀ ਅਧੀਨ ਮਰਯਾਦਾ ਨੂੰ ਦਾਗ ਲਾਉਣ ਦੀ ਕੋਸ਼ਿਸ਼ ਹੈ।
ਦਿ ਸਿੱਖ ਫੌਰਮ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਤਿ ਹੈ ਅਤੇ ਸਰਵ-ਉਚਤਾ ਨੂੰ ਨਮਨ ਕਰਦਾ ਹੈ।