ਅੰਮ੍ਰਿਤਸਰ, 13 ਦਸੰਬਰ ( ਹਰਮੇਲ ਸਿੰਘ ਹੁੰਦਲ ਮਾਂਝੇ ਦੇ ਜਰਨੈਲ ਵਜੋਂ ਮਸ਼ਹੂਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ ਅੱਜ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਹ ਬੀਮਾਰ ਸਨ, ਜਿਸਦੇ ਚੱਲਦੇ ਉਨ੍ਹਾਂ ਨੂੰ ਪੀਜੀਆਈ ਵਿਚ ਦਾਖ਼ਲ ਕਰਵਾਇਆ ਗਿਆ ਸੀ। ਦੋ ਵਾਰ ਕੈਬਨਿਟ ਮੰਤਰੀ ਰਹੇ ਸ: ਬ੍ਰਹਮਪੁਰਾ ਚਾਰ ਦਫ਼ਾ ਅਕਾਲੀ ਦਲ ਵਲੋ ਵਿਧਾਇਕ ਤੇ ਇੱਕ ਵਾਰ ਹਲਕਾ ਖਡੂਰ ਸਾਹਿਬ ਤੋਂ ਐਮ.ਪੀ ਵੀ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਜੱਦੀ ਪਿੰਡ ਬ੍ਰਹਮਪੁਰਾ ਵਿਖੇ ਕੀਤਾ ਜਾਵੇਗਾ। ਉਹ ਅਪਣੇ ਪਿੱਛੇ ਰਵਿੰਦਰ ਸਿੰਘ ਬ੍ਰਹਮਪੁਰਾ ਸਹਿਤ ਚਾਰ ਬੱਚੇ ਛੱਡ ਗਏ ਹਨ। ਉਨ੍ਹਾਂ ਦੀ ਮੌਤ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਆਗੂਆਂ ਸਹਿਤ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵੀ ਦੁੱਖ ਦਾ ਇਜ਼ਹਾਰ ਕੀਤਾ ਹੈ। ਦਸਣਾ ਬਣਦਾ ਹੈ ਕਿ ਸੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਅਕਾਲੀ ਸਿਆਸਤ ਨਾਲ ਜੁੜੇ ਰਹੇ ਸ: ਬ੍ਰਹਮਪੁਰਾ 2020 ਵਿਚ ਬਾਦਲ ਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਸੰਯੁਕਤ ਅਕਾਲੀ ਦਲ ਜੁੜ ਗਏ ਸਨ ਪ੍ਰੰਤੂ ਇੱਕ ਸਾਲ 23 ਦਸੰਬਰ 2021 ਨੂੰ ਉਹ ਮੁੜ ਇਸੇ ਅਕਾਲੀ ਦਲ ਨਾਲ ਜੁੜ ਗਏ ਸਨ ਤੇ ਪਿਛਲੇ ਦਿਨਾਂ ‘ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਢਾਂਚੇ ਦੇ ਕੀਤੇ ਪੁਨਰਗਠਨ ਸਮੇਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਬਣਾਇਆ ਗਿਆ ਸੀ