ਬੰਦਾ ਭੁੱਲਣਹਾਰ ਐ, ਭਟਕ ਜਾਂਦੈ ਪਰ ਧਰਤੀ ਅਪਣੀ ਆਣ ਅਣਖ ਸਾਂਭ ਕੇ ਰੱਖਦੀ ਐ। ਇਹਦੀ ਹਵਾ ਉਸੇ ਅਣਖ ਅੜਬਾਈ ਨੂੰ ਸਾਹ ਬਣ ਕੇ ਧਰਤੀ ਦੇ ਜੰਮੇ ਜਾਇਆਂ ਦੇ ਧੁਰ ਅੰਦਰ ਵਸਾ ਦਿੰਦੀ ਐ…
ਡਾਹਢਿਆਂ ਨੇ ਅਸਲ ਇਤਿਹਾਸ ਬਦਲ ਕੇ ਆਪਣੇ ਪੱਖ ਕਰਨੇ ਹੁੰਦੇ ਐ ਤੇ ਧਰਤੀ ਦੀ ਤਾਸੀਰ ਨੇ ਮੁੜ ਅਸਲ ਨੂੰ ਜੰਮ ਕੇ ਨਵਾਂ ਇਤਿਹਾਸ ਸਿਰਜ ਦੇਣਾ ਹੁੰਦੈ… ਇਹੀ ਸੰਸਾਰਕ ਸੱਚਾਈ ਐ..
ਕਹਿੰਦੇ ਸਕੰਦਰ ਦੀ ਫੌਜ ਤੋ ਜ਼ਰਕੇ ਇਰਾਨੀਆਂ ਨੇ ਪੋਰਸ ਨੂੰ ਮੱਦਦ ਲਈ ਹਾਕ ਮਾਰੀ.. ਪਰ ਜਦ ਤੱਕ ਪੋਰਸ ਦੇ ਹਾਥੀ ਅੱਪੜੇ ਉਦੋਂ ਤਾਈਂ ਇਰਾਨ ਸਕੰਦਰ ਨੇ ਗੋਡਣੀਏਂ ਕਰ ਲਿਆ ਸੀ.. ਮਾਰੋ ਧਾੜ ਕਰਦਾ ਰਾਵੀ ਕੰਢੇ ਆ ਖੜ੍ਹਿਆ..
ਪੋਰਸ ਦੇ ਗਵਾਂਢੀਆਂ ‘ਚ ਜੰਮੂ ਦਾ ਰਾਜਾ, ਗੰਧਾਰ ਦਾ ਰਾਜਾ ਤੇ ਮਘਦ ਆਲ਼ਾ ਪਰਮਾਨੰਦ। ਪਰਮਾਨੰਦ ਦੀ ਫੌਜ ‘ਚ ਤਿੰਨ ਹਜਾਰ ਹਾਥੀ, ਦੋ ਲੱਖ ਪੈਦਲ, ਵੀਹ ਹਜਾਰ ਘੋੜਿਆਂ ਆਲ਼ੇ ਫੌਜੀ.. ਇਹਨਾ ਰਾਜਿਆਂ ‘ਚੋਂ ਪੋਰਸ ਦੇ ਨਾਲ ਖੜ੍ਹਨ ਕੋਈ ਨਾ ਅੱਪੜਿਆ.. ਕੱਲਾ ਪੋਰਸ ਸਕੰਦਰ ਨੂੰ ਜਾ ਟੱਕਰਿਆ..
ਹਿੰਦੁਸਤਾਨੀ ਸਾਹਿਤ ‘ਚ ਪੋਰਸ ਦਾ ਨਾ ਥੇਹ ਵੀ ਨ੍ਹੀ ਦਿਸਦਾ.. ਇਰਾਨੀਆਂ ਤੇ ਯੁਨਾਨੀਆਂ ਨੇ ਨਿਰਪੱਖ ਲਿਖਦਿਆਂ ਪੋਰਸ ਨੂੰ ਸਕੰਦਰ ਦੇ ਐਨ ਬਰਾਬਰ ਅੜਦਾ ਦੱਸਿਆ.. ਵਾਹ ਨਾ ਚੱਲਦੀ ਵੇਖ ਸਕੰਦਰ ਸੰਧੀ ਤੇ ਰਾਜੀ ਹੋ ਗਿਆ..
ਇਤਿਹਾਸ ਵਿਗੜਿਆ.. ਸਕੰਦਰਨਾਮੇ ‘ਚ ਬੰਨਿਆਂ ਪੋਰਸ ਸਕੰਦਰ ਸਾਹਮਣੇ ਦਰਬਾਰ ‘ਚ ਖੜ੍ਹਾ ਸਿਰਜ ਦਿੱਤਾ..ਓਹਦੇ ਇੱਕ ਜਵਾਬ ਤੋ ਖੁਸ਼ ਹੁੰਦਾ ਸਕੰਦਰ ਪੋਰਸ ਦੀ ਜਾਨ ਬਖਸ਼ਦੈ.. ਫਿਰ ਇਹੀ ਸਕੰਦਰਨਾਮਾ ਮਦਰੱਸਿਆਂ ‘ਚ ਪੜ੍ਹਾਇਆ ਗਿਆ.. ਸਕੰਦਰ ਨੂੰ ਹਾਥੀ ਦੀ ਅਟਾਰੀ ‘ਚੋ ਲਾਹ ਕੇ ਸੰਧੀਨਾਮੇ ਤੱਕ ਲਿਅਉਣ ਵਾਲੇ ਪੋਰਸ ਦੇ ਨਾਮ ਤੇ ਕਿਸੇ ਨੇ ਪੁੱਤ ਦਾ ਨਾਮ ਵੀ ਰੱਖਿਆ.. ਸਕੰਦਰ ਬਥੇਰੇ..
ਪਰ ਧਰਤੀ ਇਤਿਹਾਸ ਨ੍ਹੀ ਭੁੱਲਦੀ.. ਇਹ ਹਰੇਕ ਜੀਵ ਜੰਤੂ ਬਨਸਪਤੀ ਦੇ ਨਾਲ ਨਾਲ ਇਤਿਹਾਸ ਦੀ ਜਿੰਦਗੀ ਵੀ ਆਪਣੀ ਕੁੱਖ ‘ਚ ਸਾਂਭਦੀ ਐ..ਹਲੇ ਇਤਿਹਾਸ ਨੂੰ ਜਰਬਾਂ ਆਉਣੀਆਂ ਬਾਕੀ ਸੀ..
ਤਕਰੀਬਨ ਸੱਤ ਸੌ ਦੇ ਲਬੇ ਤਬੇ ਮੁਹੰਮਦ ਬਿਨ ਕਾਸਿਮ ਅਰਬ ਤੋ ਚੜ੍ਹ ਕੇ ਸਿੰਧ ਤੇ ਆ ਵਰ੍ਹਿਆ..ਮੁਲਤਾਨ ਤਾਈਂ ਜਿੱਤ ਕੇ ਵਾਪਿਸ ਮੁੜਦਾ ਐਥੇ ਗੈਰ ਮੁਸਲਮਾਨਾਂ ਨੂੰ ਟੈਕਸ ਲਾ ਗਿਆ..ਏਸ ਟੈਕਸ ਨੂੰ ਉਗਰਾਹੁਣ ਆਲ਼ੇ ਬ੍ਰਾਹਮਣ, ਜਿਹਨਾ ਨੂੰ ਟੈਕਸ ਜਮਾਂ ਮਾਫ. ਕਾਸਿਮ ਵਾਪਿਸ ਮੁੜਿਆ ਤਾਂ ਸਿੰਧ ‘ਚ ਅਰਬ ਫੌਜੀਆਂ ਦੇ ਕਤਲ ਸ਼ੁਰੂ ਹੋ ਗਏ.. ਐਥੇ ਫੁਰਮਾਨ ਹੋਇਆ ਕਿ ਜਿਹੜਾ ਗੈਰ ਮੁਸਲਮਾਨ ਹੋਵੇ ਓਹਦੀ ਪਦਵੀ ਹਾਕਮਾਂ ਬਰਾਬਰ ਮੰਨੀ ਜਾਊ.. ਟੈਕਸ ਤੋ ਬਚਦੇ ਤੇ ਗੁਲਾਮੀ ਦੇ ਪੱਧਰ ਵੱਲੋਂ ਪੀੜੀ ਜਮਾਤ ਦੇ ਸਾਰੇ ਸਿੰਧੀ ਆਗੂ ਮੁਸਲਮਾਨ ਹੋ ਖਲੋਤੇ..
ਇਹਦੇ ਮਗਰੋੰ ਜਿਹੜੀ ਵੱਡੀ ਹਿੱਲਜੁਲ ਹੋਈ ਓਹ ਗਜਨੀ ਦੇ ਸੂਬੇਦਾਰ ਬਣੇ ਸੁਬਕਤਗੀਨ ਦੀ ਬਗਾਵਤ ਨੇ ਕੀਤੀ…. ਓਹਦੀਆਂ ਰਗਾਂ ਦੇ ਖੂਨ ਨੇ ਟਿਕਣ ਨਾ ਦਿੱਤਾ.. ਬਗਾਵਤ ਕਰਕੇ ਓਹਨੇ ਸੂਬੇਦਾਰੀ ਛੱਡ ਗਜਨਵੀ ਸਲਤਨਤ ਦੀ ਨੀਂਹ ਰੱਖ ਦਿੱਤੀ ਜਿਸਦੇ ਘੋੜਿਆਂ ਨੇ ਹਿੰਦੁਸਤਾਨ ਦੀਆਂ ਰਾਹਾਂ ਨਾਪਣੀਆਂ ਸਨ.. ਕੰਧਾਰ ਜਿੱਤ ਕੇ ਸੁਬਕਤਗੀਨ ਪੰਜਾਬ ਦੇ ਰਾਹ ਹੋ ਲਿਆ..ਰਾਜੇ ਜੈਪਾਲ ਨੇ ਗਵਾਂਢੀ ਰਾਜਿਆਂ ਨਾਲ ਮਿਲ ਕੇ ਦਲ ਬਣਾਇਆ ਤੇ ਪਸ਼ੌਰ-ਜਮਰੌਦ ਦੇ ਵਿਚਾਲੇ ਰਾਹ ਡੱਕ ਕੇ ਖਲੋ ਗਿਆ.. ਇੱਥੇ ਰਾਜੇ ਦੀ ਫੌਜ ਦੇ ਇੱਕ ਲੱਖ ਬੰਦੇ ਨੂੰ ਗਜਨਵੀਆਂ ਨੇ ਚੰਗਾ ਭਜਾਇਆ…ਡਰਦੇ ਰਾਜੇ ਨੂੰ ਸੁਲਾਹ ਕਰਨੀ ਪਈ..ਤਕਰੀਬਨ ਤੀਹ ਸਾਲਾਂ ਬਾਅਦ ਮਹਿਮੂਦ ਗਜਨਵੀ ਪੰਜਾਬ ਤੇ ਚੜ੍ਹਿਆ ਤਾਂ ਐਥੋ ਦੇ ਰਾਜਿਆਂ ਦੇ ਸਿਪਾਹੀ ਅਰਬੀ ਘੋੜਿਆਂ ਦੀਆਂ ਟਾਪਾਂ ਮੂਹਰੇ ਨੱਠ ਲਏ.. ਛੇ ਹਜਾਰ ਪੰਜਾਬੀ ਵੱਢਿਆ ਗਿਆ..
ਗਜਨਵੀਆਂ ਦਾ ਸਿਰ ਵੱਢਵਾਂ ਵੈਰੀ ਗੌਰੀ.. ਪਰ ਪੰਜਾਬ ਲਈ ਦੋਵੇਂ ਲੁਟੇਰੇ..ਗਜਨਵੀਆਂ ਦੀ ਲਾਈ ਅੱਗ ਦਾ ਧੂੰਆ ਹਲੇ ਮੱਠਾ ਨ੍ਹੀ ਸੀ ਪਿਆ ਕਿ ਗੌਰੀ ਚੜ੍ਹ ਕੇ ਆ ਗਿਆ…ਮੁਲਤਾਨ ਨੂੰ ਲਤਾੜ ਕੇ ਲੰਘਣ ਲੱਗੇ ਨੇ ਰਾਜਪੂਤ ਦੰਦਈਏ ਛੇੜ ਲਏ.. ਪ੍ਰਿਥਵੀ ਰਾਜ ਚੌਹਾਨ ਨੇ ਸੂਰਮਿਆਂ ਅੰਗੂ ਲੜਦਿਆਂ ਗੌਰੀ ਦੇ ਪੈਰ ਉਖਾੜ ਦਿੱਤੇ..ਹਲੇ ਜਸ਼ਨਾਂ ‘ਚ ਚੱਲਦਾ ਵਧਾਈਆਂ ਦਾ ਲੈਣ ਦੇਣ ਗਰਮ ਈ ਸੀ ਕਿ ਗੌਰੀ ਫੇਰ ਹਨ੍ਹੇਰੀ ਬਣ ਕੇ ਆ ਗਿਆ ਜਿਹੜੀ ਕਾਲ਼ ਬਣ ਕੇ ਰਾਜਪੂਤਾਂ ਨੂੰ ਘੇਰ ਗਈ..
ਸੂਰਮੇ ਯੋਧਿਆਂ ਦੀ ਬਾਂਹ ਕੌਣ ਬਣੇ?? ਜੈ ਚੰਦ ਪ੍ਰਿਥਵੀ ਰਾਜ ਦੇ ਉਲਟ ਮੁਹੰਮਦ ਗੌਰੀ ਵੱਲ ਜਾ ਖੜ੍ਹਿਆ..ਕੱਲੇ ਲੜਦੇ ਪ੍ਰਿਥਵੀ ਰਾਜ ਦੀ ਕੀ ਵੱਟੀਂਦੀ ਸੀ..
ਕਤਲ, ਲੁੱਟਾਂ, ਉਜਾੜੇ, ਬੇਪਤੀਆਂ ਵੇਂਹਦੀ ਧਰਤੀ ਨੇ ਸ਼ਹਿਨਸ਼ਾਹ- ਸੁਲਤਾਨ ਕਤਲ ਹੁੰਦੇ ਅੱਖੀ ਵੇਖੇ..ਮੰਗੋਲਾਂ ਨੇ ਪੰਜਾਬ ਤੇ ਗਿਆਰਾਂ ਹਮਲੇ ਕੀਤੇ… ਲੁੱਟ ਤੇ ਕਤਲੇਆਮ ਐਨਾ ਹੋਇਆ ਕਿ ਹੇਠਾਂ ਮੰਗੋਲ ਤੇ ਅਸਮਾਨ ਤੇ ਗਿਰਝਾਂ ਢਿੱਡ ਭਰਦੇ ਰਹੇ.. ਲਹੌਰ, ਕਸੂਰ ਦੀ ਦੌਲਤ ਦੇ ਨਾਲ ਇੱਜਤਾਂ ਵੀ ਲੁੱਟੀਆਂ ਗਈਆਂ.. ਦਿੱਲੀ ਤੱਕ ਖਬਰ ਉਦੋਂ ਪੁੱਜੀ ਜਦੋ ਤੱਕ ਮੰਗੋਲ ਚਾਰ ਵਾਰ ਪੰਜਾਬ ਲੁੱਟ ਚੁੱਕੇ ਸੀ..ਜਿਹੜਾ ਲਸ਼ਕਰ ਦਿੱਲੀਓ ਪੰਜਾਬ ਬਚਾਉਣ ਤੁਰਿਆ ਓਹ ਆਉਂਦਿਆਂ ਆਉਂਦਿਆਂ ਆਪੋ ‘ਚ ਲੜ ਕੇ ਦੋਫਾੜ ਹੋ ਗਿਆ..ਅਖੀਰ ਜਦ ਤੇਰਾਂ ਸੌ ਦੇ ਨੇੜੇ ਮੰਗੋਲ ਪੰਜਾਬ ਨੂੰ ਲਤੜਦੇ ਦਿੱਲੀ ਪਹੁੰਚੇ ਤਾਂ ਅਲਾਉਦੀਨ ਖਿਲਜੀ ਦੇ ਕਮਾਂਡਰ ਨੇ ਇਹਨਾ ਦੀ ਘੰਢੀ ਨੱਪ ਲਈ..ਓਦੋ ਕੁ ਈ ਮੰਗੋਲਾਂ ਨੇ ਕਸੂਰ ਤੇ ਫੇਰ ਹਮਲਾ ਕੀਤਾ.. ਸਾਰਾ ਸ਼ਹਿਰ ਸਾੜ ਕੇ ਅੱਗ ਲਾ ਦਿੱਤੀ..ਸ਼ਹਿਰ ਕੀ ਕੋਈ ਬਸਤੀ ਵੀ ਸਾਬਤ ਨਾ ਰਹੀ..ਅਖੀਰਲੇ ਹਮਲਿਆਂ ‘ਚ ਮੰਗੋਲਾਂ ਦੀਆਂ ਧੜਾਂ ਬਿਨਾ ਸਿਰ ਤੋਂ ਦਫਨ ਹੁੰਦੀਆਂ ਰਹੀਆਂ..ਪਰ ਜਿੰਨੀ ਲੁੱਟ ਤੇ ਉਜਾੜਾ ਇਹ ਕਰ ਕੇ ਚਲੇ ਗਏ ਓਹਨੇ ਨਵੀਆਂ ਬਸਤੀਆਂ ਸ਼ਹਿਰ ਵਸਾਉਣ ਬਿਨਾ ਇਕ ਹੋਰ ਰਿਵਾਜ ਕਾਇਮ ਕਰ ਦਿੱਤਾ ਕਿ ਲੋਕ ਜਿੱਥੇ ਵੀ ਪਿੰਡ ਵਸਾਉਂਦੇ ਤਾਂ ਓਹਦੇ ਨਾਮ ਮਗਰ ਕੋਟ ਜਾਂ ਗੜ੍ਹ ਲਾਉਂਦੇ ਤੇ ਵਾਸਾ ਉੱਚੀ ਥਾਂ ਹੁੰਦਾ..ਲੜਨ ਦੇ ਢੰਗ ਸਿੱਖੇ ਜਾਂਦੇ..ਮੰਗੋਲਾਂ ਤੋ ਤਕਰੀਬ ਸਦੀ ਬਾਅਦ ਤੈਮੂਰ ਨੇ ਮੁਲਤਾਨ ਵੱਲ ਘੇਰਾ ਘੱਤ ਲਿਆ.. ਅੰਨ ਛੱਡੋ ਜਦੋ ਚੂਹੇ ਬਿੱਲੀਆਂ ਵੀ ਮੁੱਕ ਗਏ ਤਾਂ ਘਿਰੇ ਲੋਕਾਂ ਹਥਿਆਰ ਸੁੱਟ ਦਿੱਤੇ..ਤੈਮੂਰ ਦੀ ਫੌਜ ਨੇ ਪੰਜਾਬ ਦੀ ਧਰਤੀ ਤੇ ਸਿਰਾਂ ਦੇ ਮੀਨਾਰ ਬਣਾ ਦਿੱਤੇ..ਬੰਦੇ ਕਤਲ ਹੋ ਜਾਂਦੇ ਤੇ ਔਰਤਾ ਫੌਜੀਆਂ ਦੀਆਂ ਗੁਲਾਮ ਬਣਾ ਦਿੱਤੀਆਂ ਜਾਂਦੀਆਂ..ਗੈਰਤਮੰਦ ਹਿੰਦੂ ਮੁਸਲਮਾਨਾ ਨੇ ਆਪਣੇ ਟੱਬਰ ਆਪ ਮਾਰ ਦਿੱਤੇ..
ਗੱਲ ਮੁਕਾਓ ਕਿ ਆਰੀਅਨਾਂ ਤੋ ਲੈ ਕੇ ਮੁਸਲਮਾਨਾਂ ਦੇ ਰਾਜ ਤੱਕ ਪੰਜਾਬ ਦੀ ਧਰਤੀ ਰੱਤਰੰਗੀ ਓ ਰਹੀ..
ਫਿਰ ਭਗਤੀ ਦੇ ਸੀਰ ‘ਚ ਯੋਗੀਆਂ ਫਕੀਰਾਂ ਦੀ ਸਾਂਝ ਪਈ।
ਗੁਰੂ ਨਾਨਕ ਪਾਤਸ਼ਾਹ ਨੇ ਪਾਂਧੇ ਦੀ ਤਖਤੀ ਤੇ ਓਟ ਦੇ ਊੜੇ ਅੱਗੇ ਏਕਾ ਵਾਹ ਕੇ ਇਨਕਲਾਬ ਦਾ ਮੁੱਢ ਬੰਨ੍ਹਿਆ ਜਿਹੜਾ ਸਿੱਖੀ ਸਪਿਰਟ, ਜਜਬੇ, ਤਾਕਤ, ਰਾਜ ਤੇ ਸ਼ਹੀਦੀਆਂ ਦੀ ਹੋਂਦ ਦਾ ਪਾਕਿ ਪਵਿੱਤਰ ਸਦੀਵੀ ਅਮਰ ਅੱਖਰ ਬਣਿਆ।
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੇ ਅਸਲ ਜੀਵਨ ਤੋ ਵਹਿਮਾਂ ਦੀ ਗਰਦ ਲਾਹੁੰਦਿਆਂ ਜੁਰਅੱਤ ਦੀ ਲਲਕਾਰ ਦਾ ਸੂਰਜ ਸਿਖਰ ਤੇ ਲੈ ਆਂਦਾ..ਆਫਰੇ ਬਾਬਰ ਧਾੜਵੀ ਦੀ ਤਲਵਾਰ ਨੂੰ ਪਾਕਿ ਵਾਕਾਂ ਨਾਲ ਖੂੰਢੀ ਕਰਨ ਵਾਲਾ ਅਕਾਲ ਰੂਪ ਸਤਿਗੁਰ ਸਰਬ ਸਾਂਝਾ ਬਾਬਾ ਹੋ ਗਿਆ..ਇਸ ਜੋਤ ਦੇ ਉਚਰੇ ਸ਼ਬਦ “ਧੌਲੁ ਧਰਮੁ ਦਇਆ ਕਾ ਪੂਤੁ” ਨੂੰ ਤਕਰੀਬਨ ਦੋ ਸਦੀਆਂ ਬਾਅਦ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਅਸਲ ਰੂਪ ਵਿੱਚ ਪਰਵਾਨ ਚਾੜ੍ਹਿਆ ਜਦੋ ਖੰਡੇ ਬਾਟੇ ਦੀ ਪਹੁਲ ‘ਚੋ ਅੰਮ੍ਰਿਤ ਛਕਾ ਕੇ ਸਾਜੇ ਪੰਜਾਂ ਪਿਆਰਿਆਂ ਦੇ ਨਾਮ ਦਇਆ ਸਿੰਘ ਅਤੇ ਫਿਰ ਧਰਮ ਸਿੰਘ ਰੱਖੇ..
ਗੁਰੂ ਪਾਤਸ਼ਾਹ ਦੀਆਂ ਮੁਗਲਾਂ ਨਾਲ ਤੇਰਾਂ ਜੰਗਾਂ ਹੋਈਆਂ..ਖਾਲਸਾ ਮੇਰੋ ਰੂਪ ਹੈ ਖਾਸ..ਖਾਲਸਾ ਚੜ੍ਹਦੀ ਕਲਾ ਵਿੱਚ ਵਿਚਰਦਾ ਹੋਰ ਦੂਣਾ ਹੁੰਦਾ ਗਿਆ.. ਰਾਜ ਕਰੇਗਾ ਖਾਲਸਾ ਵਾਕ ਓਸ ਸ਼ਹੀਦੀ ਲਹਿਰ ਦਾ ਐਨ ਸਿਖਰ ਬਣਿਆ ਜਿਹੜੀ ਸ਼ਹੀਦੀ ਲਹਿਰ ਗੁਰੂ ਅਰਜਨ ਦੇਵ ਜੀ ਦੇ ਬਲਿਦਾਨ ਤੋਂ ਸ਼ੁਰੂ ਹੋਈ.. ਮੁਗਲ ਹਾਕਮੀ ਗੁਰੂ ਘਰ ਦੇ ਵੈਰੀ ਬਣੇ ਰਹੇ..ਜੰਗਾਂ ਹੋਈਆਂ, ਪੁੱਤ, ਪਰਿਵਾਰ, ਸਿੰਘ ਵਾਰੇ..ਕੱਚੀਆਂ ਗੜ੍ਹੀਆਂ ਨੂੰ ਸ਼ਹੀਦੀਆਂ ਦੀ ਮਿਸਾਲ ਬਣਾਉਦਾ ਖਾਲਸਾ ਅਕਾਲ ਪੁਰਖ ਦੇ ਓਟ ਆਸਰੇ ‘ਚ ਕੰਡਿਆਂ ਨਾਲ ਪਰੁੰਨਿਆਂ ਵੀ ਮਿੱਤਰ ਪਿਆਰੇ ਨੂੰ ਗਾਉਂਦਾ ਸੁਣਿਆ..ਜੇ ਕੱਚੀ ਗੜ੍ਹੀ ਤੋਂ ਨਿਕਲ ਕੇ ਦੀਨੇ ਕਾਂਗੜ ਤੱਕ ਪੁੱਜਣ ਦਾ ਸਫਰ ਵੀ ਲਿਖਣਾ ਪਵੇ ਤਾਂ ਕਲਮਾਂ ਵੈਰਾਗ ‘ਚ ਭਿੱਜ ਜਾਣ.. ਐਡੇ ਹੌਸਲੇ ਕਿਹੜਾ ਲਿਖਾਰੀ ਲਿਆਵੇ??
ਤਲਵਾਰ ਦੇ ਵਾਰ ਮਗਰੋਂ ਹਲੇ ਕਲਮ ਦਾ ਵਾਰ ਬਾਕੀ ਸੀ… ਭਾਈ ਦਇਆ ਸਿੰਘ ਤੇ ਧਰਮ ਸਿੰਘ ਜਫਰਨਾਮਾ ਲੈ ਮੁਗਲ ਦਰਬਾਰ ਜਾ ਅੱਪੜੇ… ਜਿਸ ਨੂੰ ਪੜ੍ਹਦਾ ਪੜ੍ਹਦਾ ਔਰੰਗਜੇਬ ਮੰਜੇ ਨਾਲ ਜੁੜਦਾ ਚਲਿਆ ਗਿਆ…
ਸਰਹੰਦ ਦੇ ਗੁਨਾਹਾਂ ਦਾ ਹਿਸ੍ਹਾਬ ਕਰਨ ਬੰਦਾ ਸਿੰਘ ਬਹਾਦਰ ਗੁਰੂ ਦਾ ਥਾਪੜਾ ਲੈ ਦੱਖਣ ਤੋ ਤੂਫਾਨ ਬਣ ਕੇ ਚੜ੍ਹਿਆ.. ਦੋਖੀਆਂ ਨੂੰ ਸਜਾਵਾਂ ਦੇ ਕੇ ਸਿੱਖਾਂ ਨੇ ਸਰਹੰਦ ਦੀਆਂ ਇੱਟਾਂ ਕੋਹਾਂ ਦੂਰ ਤੱਕ ਖਿੰਡਾ ਛੱਡੀਆਂ.. ਬੰਦਾ ਸਿੰਘ ਦੀ ਸ਼ਹਾਦਤ ਬਾਅਦ ਸਿੱਖਾਂ ਲਈ ਤਕਰੀਬਨ ਅੱਧੀ ਸਦੀ ਖੂਨ ਦਾ ਸਮੁੰਦਰ ਬਣੀ ਰਹੀ..
ਇਰਾਨ ਤੋ ਉੱਠਿਆ ਨਾਦਰ ਸ਼ਾਹ ਪੰਜਾਬ ਲੁੱਟਦਾ ਦਿੱਲੀ ਜਾ ਅੱਪੜਿਆ..ਮੁਗਲਾਂ ਦੇ ਮਹਿਲਾਂ ‘ਚ ਹੂੰਝਾ ਫਿਰ ਗਿਆ..ਬਾਰਾਂ ਹਜਾਰ ਘੋੜੇ, ਚਾਰ ਹਜਾਰ ਊਠ ਤੇ ਤਕਰੀਬਨ ਸੱਤ ਸੌ ਹਾਥੀ ਮਾਲ ਦੇ ਲੱਦੇ ਹੋਏ ਇਰਾਨ ਵੱਲ ਨੂੰ ਹੱਕ ਦਿੱਤੇ ਗਏ..ਤੀਹ ਹਜਾਰ ਬੰਦਾ ਵੱਢਿਆ ਗਿਆ..ਦਸ ਹਜਾਰ ਔਰਤ ਤੇ ਜੁਆਕ ਗੁਲਾਮ ਬਣਾ ਕੇ ਬੰਨ੍ਹ ਲਏ ਗਏ..ਮੁਗਲਾਂ ਨੇ ਹਾਰ ਮੰਨ ਲਈ.. ਦੱਖਣ ਵੱਲੋ ਮਰਹੱਟੇ ਚੜ ਪਏ.. ਐਧਰ ਖਾਲਸੇ ਨੇ ਸਿਰ ਚੁੱਕਿਆ ਤੇ ਪੰਜਾਬ ਦੇ ਲੁੱਟੇ ਮਾਲ ਨੂੰ ਛੱਡ ਹਜਾਰਾਂ ਕੁੜੀਆਂ ਨੂੰ ਛੁਡਵਾ ਕੇ ਲੈ ਆਏ..
ਨਾਦਰ ਸ਼ਾਹ ਮੁੜਨ ਲੱਗਿਆ ਜਕਰੀਏ ਨੂੰ ਪੂਰੇ ਕਰੋੜ ਰੁਪਈਏ ‘ਚ ਪੰਜਾਬ ਦੀ ਸੂਬੇਦਾਰੀ ਦੇ ਗਿਆ.. ਉਵੇਂ ਮੀਰ ਮੰਨੂ ਨੇ ਪੰਜਾਬ ਦੀ ਹਾਕਮੀ ਖਾਤਰ ਅਬਦਾਲੀ ਨੂੰ ਲੱਖਾਂ ਰੁਪਈਆ ਦੇਣਾ ਮੰਨ ਲਿਆ.. ਥਾਵਾਂ, ਰਿਆਸਤਾਂ ਦਾ ਛੱਡੋ, ਸਿਰਾਂ ਦੇ ਸੌਦੇ ਵੀ ਹੋ ਗਏ.. ਇੱਕ ਸਿੱਖ ਦੇ ਸਿਰ ਦਾ ਮੁੱਲ ਪੰਜ ਰੁਪਈਏ ਪਿਆ..ਸਿੰਘਾ ਦੇ ਸਿਰਾਂ ਦੇ ਢੇਰ ਲੱਗਣ ਲੱਗ ਪਏ..
ਅਬਦਾਲੀ ਪੰਜਾਬ ਤੇ ਚੜ੍ਹ ਆਇਆ..1746 ‘ਚ ਛੋਟਾ ਘੱਲੂਘਾਰਾ ਹੋਇਆ ਜਿਹਦੇ ‘ਚ ਸੱਤ ਹਜਾਰ ਸਿੱਖ ਸ਼ਹੀਦ ਹੋਏ ਤੇ ਵੱਡਾ ਘੱਲੂਘਾਰਾ 1762 ‘ਚ ਹੋਇਆ ਜਿਸ ‘ਚ ਤਕਰੀਬਨ ਬਾਈ ਹਜਾਰ ਸਿੱਖ ਸ਼ਹੀਦ ਹੋਏ.. ਐਥੋ ਹਕੂਮਤ ਖਿਲਾਫ ਲੋਕ ਲਹਿਰ ਉੱਠਣ ਲੱਗ ਪਈ..ਮਿਸਲਾਂ ਦੇ ਕੱਠ ਹੋਏ..ਕੋਈ ਜੱਥੇਦਾਰ ਐਸਾ ਨਾ ਦਿਸਦਾ ਜਿਸ ਦੇ ਸਰੀਰ ਤੇ ਲੜਾਈ ਦੇ ਫੱਟਾਂ ਦਾ ਨਿਸ਼ਾਨ ਨਾ ਹੁੰਦਾ..
ਅੱਗੇ ਚੱਲ ਕੇ ਇਹਨਾ ਮਿਸਲਾਂ ਨੂੰ ਜੋੜ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ, ਸਰਦਾਰ ਮਹਾਂ ਸਿੰਘ ਦਾ ਫਰਜੰਦ ਮਹਾਂਬਲੀ ਰਣਜੀਤ ਸਿੰਘ ਸ਼ੇਰ ਏ ਪੰਜਾਬ ਕਹਾਇਆ.. ਸਰਦਾਰ ਸਰਕਾਰ ਵੀ ਸੱਦਿਆ ਗਿਆ.. ਲਹੌਰ, ਮੁਲਤਾਨ, ਪਿਸ਼ੋਰ ਤੇ ਕਸ਼ਮੀਰ ਪੰਜਾਬ ਦੇਸ ਦੇ ਸੂਬੇ ਬਣੇ… ਇਹ ਸਿੱਖ ਰਾਜ ਦਾ ਵੇਲਾ ਸੀ…ਇਸ ਰਾਜ ਦਾ ਨਾਮ ਖਾਲਸਾ ਸਰਕਾਰ, ਸਿੱਖ ਰਾਜ..ਸ਼ਾਹੀ ਤੋਪਖਾਨੇ ਦਾ ਮੁਖੀ ਅੱਲਾ ਬਖਸ਼, ਵਜੀਰ ਏ ਆਜਮ ਫਕੀਰ ਅਜੀਜ ਉਲ ਦੀਨ, ਦੀਵਾਨ ਭਵਾਨੀ ਮੱਲ.. ਸਰਕਾਰੀ ਜੁਬਾਨ ਫਾਰਸੀ.. ਸਰਦਾਰ ਜਰਨੈਲਾਂ ਦੇ ਹੁੰਦਿਆਂ ਖਾਲਸਾ ਰਾਜ ਨੇ ਆਪਣੀਆਂ ਜਿੱਤਾਂ ਦੇ ਜਸ਼ਨ ਈ ਜਸ਼ਨ ਮਨਾਏ..ਮਹਾਰਾਜੇ ਦੀ ਮੌਤ ਨਾਲ ਈ ਝੇੜੇ ਚੱਲ ਪਏ..ਡੋਗਰੇ ਗੱਦਾਰਾਂ ਨੇ ਖਾਲਸਾ ਰਾਜ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਾ ਛੱਡੀ..ਸਿੱਖ ਜਾਨਾਂ ਹੀਲ ਕੇ ਲੜੇ..
ਪਰ,
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ…..
ਪੰਜਾਬ ਜਿੱਤ ਕੇ ਆਕੜਿਆ ਹੈਨਰੀ ਮਹਾਰਾਜਾ ਦਲੀਪ ਸਿੰਘ ਨੂੰ ਤਖਤ ਬਿਠਾ ਕੇ ਹੁਕਮਨਾਮਾ ਪੜ੍ਹਾਉਦੈ ਜਿਹੜਾ ਮਿਹਣੇ ਵਾਂਗ ਪੰਜਾਬ ਦੀ ਹਿੱਕ ਤੇ ਉੱਕਰਿਆ ਗਿਆ,,
ਮਹਾਰਾਜਾ ਦਲੀਪ ਸਿੰਘ ਨੂੰ ਤਖਤ ਤੋ ਲਾਹਿਆ ਜਾਂਦੈ…
ਪਿੱਛਲੱਗਾਂ ਦੀਆਂ ਵੱਜਦੀਆਂ ਤਾੜੀਆਂ ‘ਚ ਯੁਨੀਅਨ ਜੈਕ ਪੰਜਾਬ ਦੀ ਧਰਤੀ ਤੇ ਚੜ੍ਹਦਾ ਚਲਿਆ ਗਿਆ..ਮਹਾਰਾਣੀ ਜਿੰਦਾਂ ਕੈਦ ਹੋ ਗਈ
1849 ‘ਚ ਪੰਜਾਬ ਤੇ ਗੋਰਿਆਂ ਦਾ ਕਬਜਾ ਹੋ ਗਿਆ ਪਰ ਗੋਰੇ ਦੀ ਸਮਝ ਮੁਤਾਬਿਕ ਹਲੇ ਪੰਜਾਬ ਜਿੱਤਿਆਂ ਨ੍ਹੀ ਸੀ ਗਿਆ..ਗੋਰੀ ਸਰਕਾਰ ਦਾ ਸਭ ਤੋ ਪਹਿਲਾ ਹੁਕਮ ਹਥਿਆਰ ਅਤੇ ਕਿਤਾਬਾਂ ਜਮਾਂ ਕਰਵਾਉਣ ਦਾ ਹੋਇਆ.. ਤਲਵਾਰ ਦੇ ਦੋ ਆਨੇ ਤੇ ਕਿਤਾਬ ਦੇ ਛੇ ਆਨੇ ਇਨਾਮ ਜਾਂ ਮੁੱਲ ਕਹੋ, ਓਹ ਮਿਲਣ ਲੱਗ ਪਏ..ਮਹਾਂਬਲੀ ਯੋਧੇ ਦਾ ਤਖਤ ਕੀ ਉੱਜੜਿਆ ਗਿੱਦੜਾਂ ਨੇ ਬਾਗ ਚਰਨੇ ਸ਼ੁਰੂ ਕਰ ਦਿੱਤੇ…ਪੰਜਾਬ ਦਾ ਦਫਤਰ ਲਹੌਰ ਰੱਖਿਆ ਜਿੱਥੇ ਫਾਰਸੀ ਕੱਢ ਅੰਗਰੇਜੀ ਜੁਬਾਨ ਨੂੰ ਲਾਗੂ ਕਰ ਦਿੱਤਾ ਗਿਆ..ਇਸ ਤੋ ਬਾਅਦ ਦੇ ਸਾਲਾਂ ‘ਚ ਸਿੱਖਾਂ ਲਈ ਆਪਣਾ ਸੂਰਜ ਕੋਈ ਨਾ ਚੜ੍ਹਿਆ.. ਪੰਜਾਬ ਨੂੰ ਇਹਦਾ ਆਪਣਾ ਕੋਈ ਨਾ ਮਿਲ਼ਿਆ..ਗਦਰੀ ਬਾਬਿਆਂ ਤੋ ਲੈ ਕੇ ਸੰਤਾਲ਼ੀ ਤੱਕ ਹਿੰਦੁਸਤਾਨੀ ਅਜਾਦੀ ਲਈ ਲੜਨ ਵਾਲ਼ੇ ਪੰਜਾਬ ਦੇ ਪੁੱਤਾਂ ਵੱਲ ਵੇਖੀਏ ਤਾਂ ਘਰ ਘਰ ਸ਼ਹੀਦ ਲੱਭ ਜਾਣ… ਕਾਲ਼ੇ ਪਾਣੀਆਂ ਦੀਆਂ ਕੰਧਾਂ ਬੋਲਣ ਲੱਗ ਜਾਣ ਤਾਂ ਕੱਲਾ ਪੰਜਾਬ ਸਾਰੇ ਮੁਲ਼ਖ ਉੱਪਰੋੰ ਦੋਹਰ ਮਾਰ ਦੇਵੇ..ਪਹਿਲੀ ਵਲਡ ਵਾਰ ‘ਚ ਹਿੰਦੁਸਤਾਨੀਆਂ ਨੂੰ 22 ਮੈਡਲ ਮਿਲੇ ਜਿਹਨਾ ‘ਚੋ 14 ਇਕੱਲੇ ਸਿੱਖਾਂ ਦੇ ਹਿੱਸੇ ਆਏ…ਕਾਲੇ ਪਾਣੀ, ਫਾਸੀਆਂ, ਸਾਕੇ, ਗੋਲ਼ੀ ਕਾਂਡ, ਮੋਰਚੇ ਪਤਾ ਨ੍ਹੀ ਕੀ ਕੀ ਝੱਲਿਆ…ਤਕਰੀਬਨ 1940 ‘ਚ ਪੰਜਾਬ ਦੀ ਵੰਡ ਕਨਫਰਮ ਹੋ ਚੁੱਕੀ ਸੀ..ਲਾਰਡ ਨੂੰ ਪੰਜਾਬੀ ਲਾਟ ਸਾਬ ਕਹਿੰਦੇ ਸੀ..ਪਹਿਲੇ ਵਾਇਸਰਾਏ ਮਗਰੋਂ ਲਾਰਡ ਮਾਊਂਟਬੈਟਨ ਵਾਇਸਰਾਏ ਬਣ ਕੇ ਇੰਡੀਆ ਆ ਗਿਆ.. ਜੂਨ ਸੰਤਾਲੀ ‘ਚ ਵੰਡ ਦਾ ਪਲਾਨ ਆ ਗਿਆ ਸੀ… ਅਗਸਤ ਤੋ ਪਹਿਲਾਂ ਈ ਕੱਲੇ ਲਹੌਰ ਦੇ ਤਿੰਨ ਲੱਖ ਹਿੰਦੂ ਸਿੱਖਾਂ ‘ਚੋਂ ਬਹੁਤਿਆਂ ਘਰ ਬਾਰ ਛੱਡ ਦਿੱਤੇ..ਸਿੱਖਾਂ ਦੀ ਆਬਾਦ ਕੀਤੀਆਂ ਬਾਰਾਂ ਉਵੇਂ ਰਹਿ ਗਈਆਂ.. ਦਸ ਲੱਖ ਬੰਦਾ ਵੱਢ ਟੁੱਕ ਦੀ ਭੇਟ ਚੜ੍ਹਿਆ.. ਤੀਹ ਤੋ ਪੈਂਤੀ ਹਜਾਰ ਔਰਤਾ ਅਗਵਾ ਹੋਈਆਂ..ਜਦੋਂ ਨਹਿਰੂ ਤੇ ਜਿਨਾਹ ਨੇ ਆਪੋ ਆਪਣੇ ਮੁਲਖ ਵਾਸੀਆਂ ਨੂੰ ਅਜਾਦੀ ਦੀਆਂ ਮੁਬਾਰਕਾਂ ਦੇ ਰਹੇ ਸੀ ਉਦੋਂ ਪੰਜਾਬ ਵੱਢਿਆ ਟੁੱਕਿਆ ਜਾ ਰਿਹਾ ਸੀ…
ਹਿੰਦੁਸਤਾਨ ਦੇ ਸੂਬਿਆਂ ਨੂੰ ਭਾਸ਼ਾ ਦੇ ਅਧਾਰ ਤੇ ਵੰਡਿਆਂ ਗਿਆ… ਜਦੋਂ ਨਹਿਰੂ ਵੱਲੋ ਭਰੋਸੇ ‘ਚ ਲੈ ਕੇ ਹਿੰਦੁਸਤਾਨ ਨਾਲ ਰਹਿਣ ਲਈ ਮਨਾਏ ਸਿੱਖ ਲੀਡਰ ਨਹਿਰੂ ਤੋ ਓਹਦਾ ਵਾਅਦਾ ਕਿ “ਸਿੱਖੋਂ ਕਾ ਆਪਣਾ ਹੋਮਲੈਂਡ ਹੋਗਾ” ਪੂਰਾ ਕਰਵਾਉਣ ਪੁੱਜੇ ਤਾਂ “ਅਬ ਤੋ ਹਾਲਾਤ ਹੀ ਬਦਲ ਗਏ” ਕਹਿ ਕੇ ਪੱਲਾ ਝਾੜ ਗਿਆ…
ਇਸ ਮਗਰੋੰ ਆਪਣੇ ਸੂਬੇ ਲਈ ਮੋਰਚੇ ਲੱਗੇ, ਗ੍ਰਿਫਤਾਰੀਆਂ ਹੋਈਆਂ…ਇਹ ਬਿਲਕੁਲ ਓਹ ਸਮਾਂ ਸੀ ਜਦੋਂ ਅਗੜ ਪਿਛੜ ਪਾਕਿਸਤਾਨ ਤੇ ਚੀਨ ਨਾਲ ਲੜਾਈਆਂ ਲੜਦਿਆਂ ਹਿੰਦੁਸਤਾਨ ਦੇ ਭੜੋਲੇ ਖਾਲੀ ਖੜਕ ਰਹੇ ਸੀ..ਮਿਹਨਤਕਸ਼ ਪੰਜਾਬੀ ਕੌਮ ਨੇ ਟਿੱਬਿਆਂ ਢੱਕੀਆਂ ਨੂੰ ਆਬਾਦ ਕਰ ਲਿਆ ਸੀ..ਦੂਜੇ ਪਾਸੇ ਪਾਕਿਸਤਾਨ ਨਾਲ ਲੜਾਈ ‘ਚ ਸਿੱਖ ਸਿਪਾਹੀਆਂ ਨੇ ਅਮਰੀਕੀ ਟੈਂਕਾਂ ਨੂੰ ਖੱਖੜੀਆਂ ਵਾਂਗ ਖਿਲਾਰ ਦਿੱਤਾ… ਕਾਂਗਰਸ ਦੇ ਕਾਮਰਾਜ ਨੇ ਪੰਜਾਬੀ ਸੂਬੇ ਦਾ ਐਲਾਨ ਕਰ ਦਿੱਤਾ..ਮਹਾਸ਼ੇ ਪਿੱਟ ਉੱਠੇ..ਸਲਾਹ ਹੋਈ ਕਿ ਸੂਬਾ ਛੱਡੋ ਇਹਦੀ ਵੰਡ ਈ ਇਵੇ ਕਰੋ ਕਿ ਸਿੱਖ ਸੂਬਾ ਲੈਣ ਤੋ ਨਾਂਹ ਕਰ ਦੇਣ…ਖੈਰ! ਵੱਢਿਆਂ ਟੁੱਕਿਆ ਪੰਜਾਬ ਇੱਕ ਸੂਬੇ ਦੇ ਰੂਪ ‘ਚ ਭਾਰਤ ਦੇ ਨਕਸ਼ੇ ਤੇ ਉੱਠ ਪਿਆ..
ਹਲੇ ਬਾਬਿਆਂ ਦੀਆਂ ਅੱਖਾਂ ‘ਚੋਂ ਵੰਡ ਦੇ ਹੰਝੂ ਤੇ ਬੁੱਲ੍ਹਾ ਤੋ ਲੜਾਈਆਂ ਦੀਆਂ ਕਹਾਣੀਆਂ ਖਤਮ ਨ੍ਹੀ ਸੀ ਹੋਈਆਂ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਇਹਦੇ ਲੀਡਰਾਂ ਨੇ ਆਪ ਕਰਵਾਈ.. ਗੱਲ ਕੀ ਹਰੇਕ ਦਿਨ ਦਾ ਸੂਰਜ ਨਵੀਂ ਗੱਲ ਨਾਲ ਚੜ੍ਹਦਾ..
ਨਕਸਲਵਾੜੀ ਲਹਿਰ, ਪੰਜਾਬ ਦੇ ਪਾਣੀਆਂ ਦੀ ਵੰਡ, ਅਠੱਤਰ ਦੀ ਵਿਸਾਖੀ ਨੂੰ ਨਿਰੰਕਾਰੀਆਂ ਵੱਲੋ ਸਿੱਖਾਂ ਦਾ ਕਤਲ…ਇਹ ਸਾਰਾ ਕੁਝ ਵੇਂਹਦਿਆਂ ਚੁਰਾਸੀ ਆ ਗਿਆ… ਤਾਕਤ ਨਾਲ ਹੰਕਾਰੀ ਨਹਿਰੂ ਦੀ ਕੁੜੀ ਅਕਾਲ ਤਖਤ ਸਾਹਿਬ ਤੇ ਟੈਂਕ ਚਾੜ੍ਹ ਲਿਆਈ..ਦਿੱਲੀ ਦੇ ਹਮਲੇ ਨੇ ਪੰਜਾਬ ‘ਚ ਭਾਂਬੜ ਬਾਲ਼ਿਆ.. ਤਕਰੀਬਨ ਪੂਰਾ ਦਹਾਕਾ ਇੱਥੇ ਦੀ ਧਰਤੀ ਖੂਨ ਨਾਲ ਲਾਲ ਹੋਈ ਰਹੀ…ਧੀਆਂ ਭੈਣਾ ਦੀਆਂ ਠਾਣਿਆਂ ‘ਚ ਬੇਪਤੀਆਂ ਹੋਈਆਂ.. ਚੜ੍ਹਦੀ ਉਮਰ ਦੇ ਮੁੰਡੇ ਨਹਿਰਾਂ ਸੂਇਆਂ ‘ਚ ਖਪਾਏ ਗਏ..ਜੇ ਹਰੇਕ ਘਰ ਨ੍ਹੀ ਤਾਂ ਹਰੇਕ ਪਿੰਡ ‘ਚੋਂ ਉੱਠੇ ਮੁੰਡਿਆਂ ਨੇ ਇਹ ਲੜਾਈ ਲੜੀ..ਚੁਰਾਸੀ ਦਾ ਫੱਟ ਸਿੱਖ ਮਨਾਂ ਤੇ ਸਦੀਵੀ ਤੌਰ ਤੇ ਉੱਕਰਿਆ ਗਿਆ.. ਦਿੱਲੀ ਦੀ ਜੀ ਹਜੂਰੀ ਕਰਦੇ ਗੀਦੀ ਗੱਦਾਰਾਂ ਨੇ ਇਸ ਹਮਲੇ ਨੂੰ ਹਰ ਪੱਖੋਂ ਜਾਇਜ ਠਹਿਰਾਉਣ ਦੀ ਪੂਰੀ ਵਾਹ ਲਾਈ ਪਰ ਬੱਚੇ ਬੱਚੇ ਦੇ ਮਨ ਤੇ ਇਹ ਗੱਲ ਸਦਾ ਲਈ ਉੱਕਰੀ ਗਈ ਕਿ “ਚੁਰਾਸੀ, ਨਾ ਭੁੱਲਣਯੋਗ ਅਤੇ ਨਾ ਬਖਸ਼ਣਯੋਗ”
ਪੰਜਾਬ ਦੀ ਧਰਤੀ ਤੇ ਜਦੋਂ ਸਰਕਾਰੀ ਅੱਤਵਾਦ ਖਤਮ ਹੋਇਆ ਤਾਂ ਪਰਵਾਸ ਦਾ ਕਰੇਜ ਆ ਵੜਿਆ..ਰੋਟੀ ਟੁੱਕ ਖਾਤਰ ਸ਼ੁਰੂ ਹੋਇਆ ਪਰਵਾਸ ਘਰ ਜਮੀਨਾਂ ਵੇਚ ਕੇ ਪੱਕੇ ਤੌਰ ਤੇ ਧਰਤੀ ਛੱਡਣ ਤੱਕ ਆ ਗਿਆ…ਜੁਆਨੀ ਬਜੁਰਗਾਂ ਨੂੰ ਨਾਲ ਲੈ ਕੇ ਪੱਛਮ ਵੱਲ ਉਡਾਰੀਆਂ ਮਾਰਨ ਲੱਗ ਪਈ…ਠੰਡੇ ਮੁਲਖਾਂ ‘ਚ ਆਖਰੀ ਸਾਹਾਂ ਤੇ ਪਏ ਬਾਬੇ ਪੁਰੇ ਵੱਲ ਨੂੰ ਝਾਕਦੇ ਪਿੰਡ ਦੀ ਮਿੱਟੀ ‘ਚ ਰਾਖ ਹੋਣਾ ਚਾਹੁੰਦੇ ਜਿੱਥੇ ਓਹਨਾ ਦੇ ਸੰਗੀ ਸਾਥੀ ਸਸਕਾਰੇ ਗਏ… ਸਭ ਤੋ ਬਦਕਿਸਮਤ ਪੀੜ੍ਹੀ ਓਹਨਾ ਦੀ ਗਿਣੀ ਜਾਊ ਜਿਹੜੇ ਸੰਤਾਲੀ ਵੇਲੇ ਉਜਾੜੇ ਗਏ ਆਪਣੀ ਧਰਤੀ ਤੋ ਦੂਰ ਹੋਏ ਤੇ ਫਿਰ ਪਰਵਾਸ ਦੇ ਮਾਰੇ ਜਾਂ ਬਾਹਰ ਜਾ ਕੇ ਪਿੰਡ ਵੱਲ ਦੇਖਦੇ ਮਰਗੇ ਜਾਂ ਪਿੰਡ ਰਹਿੰਦੇ ਬਾਹਰ ਗਿਆਂ ਨੂੰ ਉਡੀਕਦੇ…
ਇਹ ਵਰਤਾਰਾ ਦੋ ਤਿੰਨ ਦਹਾਕੇ ਬਦਲਵੇਂ ਰੂਪਾਂ ‘ਚ ਰੂਹ ਨਾਲ ਵਗਿਆ.. ਪੰਜਾਬ ਖਾਲੀ ਹੋਇਆ ਦਿਸਣ ਲੱਗ ਪਿਆ.. ਪਰ ਧਰਤੀ ਇਤਿਹਾਸ ਨ੍ਹੀ ਭੁੱਲਦੀ, ਬੰਦਾ ਭੁੱਲ ਜਾਂਦੈ… ਹਿੰਦੁਸਤਾਨ ਦਾ ਕਾਰਪੋਰੇਟ ਲਾਣਾ ਦਿੱਲੀ ਦਰਬਾਰ ਦੇ ਵਿੱਚੋਂ ਪੰਜਾਬ ਦੀਆਂ ਜਮੀਨਾ ਨੂੰ ਆ ਪਿਆ..ਇਹਦੇ ਖਿਲਾਫ ਪੰਜਾਬ ‘ਚੋਂ ਉੱਠੀ ਲਹਿਰ ਨੇ ਸਾਰਾ ਮੁਲਖ ਆਪਣੇ ਨਾਲ ਰਲਾ ਲਿਆ… ਵਿਦੇਸ਼ੀ ਹੋਇਆ ਪੰਜਾਬ ਆਪਣੀ ਮਿੱਟੀ ਦੇ ਐਨ ਬਰਾਬਰ ਆ ਖੜ੍ਹਿਆ.. ਏਸ ਅੰਦੋਲਨ ਨੇ ਪੰਜਾਬ ਦੀ ਜਵਾਨੀ ਨੂੰ ਬਹੁਤ ਬਦਲਿਆ…ਗੀਤ ਬਦਲੇ, ਗਾਇਕਾਂ ਦੇ ਬੋਲ ਬਦਲੇ…ਕਿਸੇ ਘਰ ਦਾ ਬੱਚਾ ਵੀ ਵਾਂਝਾ ਨਾ ਰਿਹਾ ਜਿਸ ਨੇ ਅੜ ਕੇ ਲੜਨ ਦੀ ਗੱਲ ਨਾ ਕਰੀ ਹੋਵੇ…
ਇਹ ਪੰਜਾਬ ਦੀ ਮਿੱਟੀ ਦੀ ਤਾਸੀਰ ਸੀ ਜਿਹਨੇ ਆਪਣੇ ਅਣਖੀ ਤੇ ਅੜਬ ਸੁਭਾਅ ਦੀ ਗਵਾਹੀ ਆਪਣੇ ਜੰਮੇ ਜਾਇਆਂ ਤੋ ਭਰਵਾਈ… ਦੀਪ ਸਿੱਧੂ ਦੇ ਸਿਵੇ ਤੇ ਪਏ ਵੈਣਾਂ ਨੇ ਜਵਾਨੀ ਦੇ ਜੋਸ਼ ਤੇ ਵੱਜੀ ਸੱਟ ਦਾ ਪਰਤੱਖ ਰੂਪ ਦਿਖਾਇਆ… ਗੱਲਾਂ ਹੋਰ ਵੀ ਬਹੁਤ ਨੇ… ਕਰਦੇ ਰਹਾਂਗੇ। ਫਿਲਹਾਲ ਆਹੀ ਐ ਕਿ ਪੰਜਾਬ ਦੀ ਚੜ੍ਹਤ ਨੇ ਇਹਦੇ ਜੰਮਿਆਂ ਦੇ ਸਿਰਾਂ ਤੇ ਟੌਹਰੇ ਬਣਨਾ ਈ ਬਣਨਾ ਏ… ਸੰਘਰਸ਼ ਤੇ ਲੜਾਈਆਂ ਮੁੱਢ ਕਦੀਮੋੰ ਇਹਦੇ ਲੇਖ ਰਹੀਆਂ ਨੇ… ਇਹ ਜਦੋਂ ਵੀ ਉੱਠਿਐ ਤਾਂ ਕਿਆਸਰਾਈਆਂ ਨੂੰ ਤੋੜ ਕੇ ਪਾਸੇ ਕਰਦਾ ਇਤਿਹਾਸ ਰਚਦਾ ਉੱਠਿਐ…ਇਹਦੇ ਇਤਿਹਾਸ ਲੱਖ ਵਾਰ ਬਦਲੇ ਜਾਣ ਇਹਦੀ ਮਿੱਟੀ ‘ਚ ਦਮ ਐ ਨਵੇਂ ਇਤਿਹਾਸ ਲਿਖਣ ਦਾ…
ਬਾਬੇ ਕੰਵਲ ਦੇ ਬੋਲ ਯਾਦ ਆਉਂਦੇ ਐ,,
“ਮੱਝਾਂ ਚਾਰੀਆਂ ਅਜਾਈ ਬੇਲੇ ਜਾਣੀਆਂ ਨ੍ਹੀ
ਰਹਿੰਦੀ ਆਉਣੀ ਤੇਰੀ ਰਾਂਝਿਆ ਬਰਾਤ ਬਾਕੀ ਐ..
ਚੜ੍ਹਦੀ ਕਲਾ
~ਦਾਊਮਾਜਰਾ
Author: Gurbhej Singh Anandpuri
ਮੁੱਖ ਸੰਪਾਦਕ