ਜਦੋਂ ਹਕੂਮਤ ਤਖ਼ਤ ਢਾਹ ਦੇਵੇ ਫਿਰ ਸਮਝੌਤੇ ਨਹੀਂ, ਜੰਗ ਕੀਤੀ ਜਾਂਦੀ ਹੈ ਤੇ ਸਾਡੇ ਜੁਝਾਰੂ ਸਿੰਘਾਂ ਨੇ ਭਾਰਤੀ ਹਕੂਮਤ ਖ਼ਿਲਾਫ਼ 10 ਸਾਲ ਜੰਗ ਕੀਤੀ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 29 ਜੁਲਾਈ ( ਸੁਲੱਖਣ ਸਿੰਘ , ਹਰਦੀਪ ਸਿੰਘ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲ਼ੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਰਨੈਲ ਸ਼ਹੀਦ ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਪਿੰਡ ਬ੍ਰਹਮਪੁਰਾ ਜ਼ਿਲ੍ਹਾ ਤਰਨ ਤਾਰਨ ਵਿਖੇ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਚ ਵਿਚਾਰਾਂ ਦੀ ਸਾਂਝ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਦੋਂ ਹਕੂਮਤ ਤਖ਼ਤ ਢਾਹ ਦੇਵੇ ਫਿਰ ਹਕੂਮਤ ਨਾਲ ਸਮਝੌਤੇ ਨਹੀਂ, ਬਲਕਿ ਜੰਗ ਕੀਤੀ ਜਾਂਦੀ ਹੈ। ਤੇ ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਏ ਫੌਜੀ ਹਮਲੇ ਤੋਂ ਬਾਅਦ ਹਿੰਦ ਹਕੂਮਤ ਖਿਲਾਫ ਜੰਗ ਲੜੀ ਤੇ ਦਿੱਲੀ ਤਖਤ ਹਿਲਾ ਦਿੱਤਾ। ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਗ਼ਦਾਰ ਹਰਚੰਦ ਸਿੰਘ ਲੌਂਗੋਵਾਲ ਨੇ 24 ਜੁਲਾਈ 1985 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਸਮਝੌਤਾ ਕਰ ਲਿਆ ਤੇ ਇਸੇ ਗਦਾਰੀ ਤਹਿਤ ਹੀ ਫਿਰ ਉਹ ਜੁਝਾਰੂ ਸਿੰਘਾਂ ਦੇ ਹੱਥੋਂ ਮਾਰਿਆ ਗਿਆ। 24 ਜੁਲਾਈ 1988 ਨੂੰ ਭਾਈ ਅਵਤਾਰ ਸਿੰਘ ਬ੍ਰਹਮਾ ਨੇ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਇਸੇ ਕਰਕੇ ਉਹਨਾਂ ਦੀ ਅੱਜ ਜੈ ਜੈਕਾਰ ਹੋ ਰਹੀ ਹੈ ਤੇ ਲੌਂਗੋਵਾਲ ਨੂੰ ਲਾਹਨਤਾਂ ਪੈ ਰਹੀਆਂ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਸੰਘਰਸ਼ ਅਤੇ ਸਿੱਖ ਇਤਿਹਾਸ ਵਿੱਚ ਕੌਮੀ ਜਰਨੈਲ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦਾ ਸਥਾਨ ਬਹੁਤ ਵੱਡਾ ਹੈ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਜਰਨੈਲ ਹਰੀ ਸਿੰਘ ਨਲੂਆ ਦੇ ਦਰਸ਼ਨ ਹੁੰਦੇ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਅਤੇ ਉਹਨਾਂ ਦੇ ਸਾਥੀ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ, ਸ਼ਹੀਦ ਭਾਈ ਦੁਰਗਾ ਸਿੰਘ ਆਰਫਕੇ, ਸ਼ਹੀਦ ਭਾਈ ਜਰਨੈਲ ਸਿੰਘ ਡੀਸੀ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਕੇਸਾਧਾਰੀ , ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋਈਏ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਪਹਿਰਾ ਦਿੰਦੀਆਂ ਕੌਮ ਦੀ ਆਜ਼ਾਦੀ ਲਈ ਸੰਘਰਸ਼ ਕਰੀਏ। ਉਹਨਾਂ ਕਿਹਾ ਕਿ ਸਾਡੇ ਜੁਝਾਰੂ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਪੰਥ ਦੀ ਚੜ੍ਹਦੀ ਕਲਾ, ਫਸਲਾਂ, ਨਸਲਾਂ ਤੇ ਪਾਣੀਆਂ ਦੀ ਰਾਖੀ ਤੇ ਖਾਲਿਸਤਾਨ ਦੀ ਸਿਰਜਣਾ ਲਈ ਸ਼ਾਨਦਾਰ ਸੰਘਰਸ਼ ਕੀਤਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਕੂਮਤਾਂ ਦੇ ਨਾਲ ਹਥਿਆਰਬੰਦ ਸੰਘਰਸ਼ ਲੜਨ ਲਈ ਜੰਗਲੀ ਜਾਂ ਪਹਾੜੀ ਇਲਾਕਾ ਹੋਣਾ ਚਾਹੀਦਾ ਹੈ ਪਰ ਪੰਜਾਬ ਦਾ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਸਾਡੇ ਸਿੰਘਾਂ ਸੂਰਮਿਆਂ ਨੇ 10 ਸਾਲ ਭਾਰਤੀ ਹਕੂਮਤ ਨੂੰ ਵਕਤ ਪਾਈ ਰੱਖਿਆ ਤੇ ਚੁਣ ਚੁਣ ਕੇ ਦੁਸ਼ਟਾਂ ਦੇ ਸੋਧੇ ਲਾਏ ਤੇ ਹਿੰਦ ਸਰਕਾਰ ਨੂੰ ਦੱਸ ਦਿੱਤਾ ਕਿ ਖਾਲਸਾ ਜਿਉਂਦਾ ਅਤੇ ਜਾਗਦਾ ਹੈ, ਖਾਲਸੇ ਨੂੰ ਕੋਈ ਖਤਮ ਨਹੀਂ ਕਰ ਸਕਦਾ। ਜਿਵੇਂ ਮੁਗਲ ਹਕੂਮਤ ਅਤੇ ਅੰਗਰੇਜ਼ ਹਕੂਮਤ ਖਾਲਸੇ ਅੱਗੇ ਗੋਡੇ ਟੇਕ ਗਈ ਸੀ, ਇਸੇ ਤਰ੍ਹਾਂ ਹਿੰਦ ਹਕੂਮਤ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਅਸੀਂ ਜਲਦ ਆਜ਼ਾਦ ਹੋਵਾਂਗੇ। ਸ਼ਹੀਦੀ ਸਮਾਗਮ ਵਿੱਚ ਦਲ ਪੰਥ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਵੱਲੋਂ ਕਵੀਸ਼ਰ ਭਾਈ ਗੁਰਜੰਟ ਸਿੰਘ ਬੈਂਕਾ, ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ, ਦਮਦਮੀ ਟਕਸਾਲ ਅਜਨਾਲਾ ਦੇ ਗਿਆਨੀ ਤੇਜਬੀਰ ਸਿੰਘ, ਭਾਈ ਗੁਰਲਾਲ ਸਿੰਘ ਵਲਟੋਹਾ ਅਤੇ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ. ਤਰਸੇਮ ਸਿੰਘ, ਭਾਈ ਸਤਨਾਮ ਸਿੰਘ ਬਾਗੀ ਤੇ ਹੋਰ ਰਾਗੀ ਢਾਡੀ, ਕਵੀਸ਼ਰ, ਪ੍ਰਚਾਰਕ ਜਥਿਆਂ ਨੇ ਹਾਜ਼ਰੀ ਲਵਾਈ। ਕਵੀਸ਼ਰ ਭਾਈ ਗੁਰਜੰਟ ਸਿੰਘ ਬੈਂਕਾ ਦੇ ਜਥੇ ਵੱਲੋਂ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਬਾਰੇ ਕਵੀਸ਼ਰੀ ਵਾਰਾਂ ਵੀ ਰਿਲੀਜ਼ ਕੀਤੀਆਂ ਗਈਆਂ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਅਤੇ ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ ਅਜਨਾਲਾ ਵੱਲੋਂ ਸ਼ਹੀਦ ਭਾਈ ਅਵਤਾਰ ਸਿੰਘ ਬ੍ਰਹਮਾ ਦੇ ਭਰਾ ਭਾਈ ਬਲਦੇਵ ਸਿੰਘ ਨਿਹੰਗ ਅਤੇ ਭਤੀਜਾ ਭਾਈ ਜਰਨੈਲ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤੇ।
Author: Gurbhej Singh Anandpuri
ਮੁੱਖ ਸੰਪਾਦਕ