ਪੰਜਾਬ ਬਾਰੇ ਓਸ਼ੋ ਦਾ ਇਹ ਪ੍ਰਵਚਨ ਸਰਕਾਰ ਨੇ ਬੈਨ ਕਰ ਦਿੱਤਾ ਸੀ ।
ਅੱਜ ਸਾਰੇ ਹਿੰਦੁਸਤਾਨ ਨੂੰ ਆਤੰਕਵਾਦ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਪੰਜਾਬ ਦੀ ਸਮੱਸਿਆ ਤੁਹਾਡੇ ਸਾਹਮਣੇ ਹੈ। ਇਸ ਦਾ ਕੋਈ ਹੱਲ ਨਹੀਂ ਦਿਖਾਈ ਦੇ ਰਿਹਾ। ਲਿਹਾਜ਼ਾ ਤੁਸੀਂ ਭਗਵਾਨ ਹੋ ਤੁਸੀਂ ਇਸ ਸਮੱਸਿਆ ਦਾ ਕੀ ਹੱਲ ਸੁਝਾਓਂਗੇ ?—ਧਰਮਯੁੱਗ ਰਸਾਲੇ ਦੇ ਪਤ੍ਰਕਾਰ ਦਾ ਸਵਾਲ, ਬੰਬਈ।
ਜੀਵਨ ਵਿੱਚ ਜਿਸ ਸਮੱਸਿਆ ਦਾ ਕੋਈ ਹੱਲ ਦਿਖਾਈ ਨਾ ਦੇਵੇ ਤਾਂ ਸੋਚਣਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਤੇ ਸਮੱਸਿਆ ਝੂਠੀ ਤਾਂ ਨਹੀਂ! ਅਤੇ ਮੈਂ ਇਹ ਜ਼ੋਰ ਨਾਲ ਕਹਾਂਗਾ ਕਿ ਇਹ ਸਮੱਸਿਆ ਝੂਠੀ ਹੈ। ਭਾਰਤ ਕਦੇ ਵੀ ਇੱਕ ਦੇਸ਼ ਨਹੀਂ ਰਿਹਾ। ਗੌਤਮ ਬੁੱਧ ਦੇ ਯੁੱਗ ਵਿੱਚ ਇਹ ਉੱਪ-ਮਹਾਂਦੀਪ 2,000 ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਸ ਦੇਸ਼ ਦੀਆਂ ਸੀਮਾਵਾਂ ਵੱਡੀਆਂ ਹਨ। ਇਥੋਂ ਦੇ ਵਸਨੀਕਾਂ ਦੀਆਂ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਰਹਿਣ ਸਹਿਣ ਦੇ ਢੰਗ ਅਲੱਗ-ਅਲੱਗ ਹਨ। ਇਸ ਦੇਸ਼ ਦੇ ਲੋਕਾਂ ਵਿੱਚ ਇੱਕ ਅਧਿਆਤਮਕ ਏਕਤਾ ਜ਼ਰੂਰ ਰਹੀ ਹੈ ਪਰ ਰਾਜਨੀਤਕ ਤੌਰ ‘ਤੇ ਏਕਤਾ ਕਦੇ ਵੀ ਨਹੀਂ ਰਹੀ, ਸਿਵਾਏ ਗੁਲਾਮੀ ਦੇ ਦਿਨਾਂ ਦੇ। ਇੱਥੇ ਰਾਸ਼ਟਰੀਅਤਾ ਅਤੇ ਗੁਲਾਮੀ ਪ੍ਰਾਯਵਾਚੀ ਹਨ । ਜ਼ੋਰ ਜ਼ਬਰਦਸਤੀ ਨਾਲ, ਫੌਜਾਂ ਦੇ ਦਬਾਅ ਅਤੇ ਸੰਗੀਨ ਦੀ ਨੋਕ ‘ਤੇ ਲੋਕਾਂ ਨੂੰ ਜ਼ਬਰਦਸਤੀ ਇੱਕਠਾ ਕਰਕੇ ਰੱਖਿਆ ਗਿਆ ਸੀ, ਉਨ੍ਹਾਂ ਵਿੱਚ ਕੋਈ ਤਾਲਮੇਲ ਨਹੀਂ ਸੀ ਜੰਮਿਆ।
ਇਹ ਸਮੱਸਿਆ ਇਸ ਲਈ ਝੂਠੀ ਹੈ ਕਿਉਂਕਿ ਪੰਜਾਬ ਜਾਂ ਕੇਰਲ ਜਾਂ ਅਸਾਮ ਜਾਂ ਗੁਜਰਾਤ, ਜੇ ਆਪੋ ਆਪਣੇ ਅੰਦਾਜ਼ ਨਾਲ ਜੀਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦਾ ਜੀਵਨ ਸਿੱਧ ਅਧਿਕਾਰ ਹੈ। ਕਿਉਂਕਿ ਅਸੀਂ ਉਨ੍ਹਾਂ ਨੂੰ ਜ਼ਬਰਦਸਤੀ ਇਕੱਠਾ ਕਰਕੇ ਰੱਖਣ ਦੀ ਕੋਸ਼ਿਸ਼ ਵਿੱਚ ਹਾਂ, ਇਸ ਲਈ ਇਹ ਸਮੱਸਿਆ ਝੂਠੀ ਹੈ। ਅਜ਼ਾਦੀ ਨੂੰ 50 ਸਾਲ ਹੋ ਗਏ ਅਤੇ ਇੱਕ ਰਾਸ਼ਟਰ ਭਾਸ਼ਾ ਤਾਂ ਨਿਰਮਿਤ ਕਰ ਨਹੀਂ ਸਕੇ ਤੇ ਚਲੇ ਹਨ ਇੱਕ ਰਾਸ਼ਟਰ ਦਾ ਨਿਰਮਾਣ ਕਰਨ। ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਜਦ ਤੁਸੀਂ ਇੱਕ ਰਾਸ਼ਟਰੀ ਭਾਸ਼ਾ ਨਿਰਮਿਤ ਨਹੀਂ ਕਰ ਸਕਦੇ ਤੁਸੀਂ ਰਾਸ਼ਟਰ ਦਾ ਨਿਰਮਾਣ ਕਿਵੇਂ ਕਰੋਗੇ ? ਅਤੇ ਜ਼ਰੂਰਤ ਵੀ ਕੀ ਹੈ?!!
ਸਵਿਟਜ਼ਰਲੈਂਡ ਇਕ ਛੋਟਾ ਜਿਹਾ ਮੁਲਕ਼ ਹੈ। 40 ਸਾਲਾਂ ਤੋਂ ਨਾ ਕੋਈ ਜੰਗ ਹੋਈ, ਨਾ ਹਿੰਸਾ ਹੋਈ। ਨਾ ਲੋਕ ਕਿਸੇ ਨਾਲ ਲੜੇ, ਨਾ ਕੋਈ ਖ਼ਾਨਾਜੰਗੀ। ਬੰਗਾਲੀ ਕਦੇ ਇਹ ਸਹਿਣ ਨਹੀਂ ਕਰੇਗਾ ਕਿ ਹਿੰਦੀ ਉਸ ਉੱਪਰ ਮੜ੍ਹ ਦਿੱਤੀ ਜਾਵੇ। ਕਿਉਂਕਿ, ਬਿਨਾਂ ਸ਼ੱਕ਼ ਉਸ ਕੋਲ ਹਿੰਦੀ ਤੋਂ ਜ਼ਿਆਦਾ ਸੰਗੀਤ ਪੂਰਨ ਭਾਸ਼ਾ ਹੈ, ਜ਼ਿਆਦਾ ਸਾਹਿਤਕ ਭਾਸ਼ਾ ਹੈ, ਜ਼ਿਆਦਾ ਸਭਿਆਚਾਰਿਕ ਭਾਸ਼ਾ ਹੈ। ਮੰਨਿਆ ਕਿ ਇਸਦੇ ਬੋਲਣ ਵਾਲੇ ਲੋਕਾਂ ਦੀ ਗਿਣਤੀ ਘੱਟ ਸਹੀ, ਪਰ, ਸਾਹਿਤ ਨੂੰ ਇਸਦੀ ਦੇਣ ਮਹਾਨ ਹੈ । ਕੋਈ ਤੁੱਕ ਨਹੀਂ ਬਣਦੀ ਕਿ ਬੰਗਾਲੀ ਭਾਸ਼ਾ ਦੀ ਛਾਤੀ ‘ਤੇ ਕੋਈ ਹੋਰ ਭਾਸ਼ਾ ਬਿਠਾਈ ਜਾਵੇ।
ਔਰ ਇਹ ਕਦੇ ਹੋ ਵੀ ਨਹੀਂ ਸਕੇਗਾ! ਕਿਉਂਕਿ ਦੱਖਣ ਦੀਆਂ ਭਾਸ਼ਾਵਾਂ ਦਾ ਤਾਂ ਕੋਈ ਨਾਤਾ ਵੀ ਨਹੀਂ ਹੈ ਉੱਤਰ ਦੀਆਂ ਭਾਸ਼ਾਵਾਂ ਨਾਲ। ਤੁਸੀਂ ਹੈਰਾਨ ਹੋਵੇਗੇ ਇਹ ਜਾਣਕੇ ਕਿ ਹਿੰਦੀ ਦਾ ਸਬੰਧ ਅੰਗ੍ਰੇਜ਼ੀ ਨਾਲ ਹੈ, ਫਰਾਂਸੀਸੀ, ਰੂਸੀ ਸਵਿਸ ਨਾਲ ਹੈ – ਯੁਰਪ ਦੀਆਂ ਸਾਰੀਆਂ ਭਾਸ਼ਾਵਾਂ ਹਿੰਦੀ ਦੀਆਂ ਭੈਣਾਂ ਹਨ, ਕਿਉਂਕਿ ਇਨ੍ਹਾਂ ਸਾਰੀਆਂ ਦਾ ਜਨਮ ਸੰਸਕ੍ਰਿਤ ਤੋਂ ਹੋਇਆ ਹੈ। ਅੰਗਰੇਜ਼ੀ ਵਿੱਚ ਹਿੰਦੀ ਦੇ 30% ਸ਼ਬਦ ਹਨ। ਲਿਤਵਾਨੀ ਵਿੱਚ ਸੰਸਕ੍ਰਿਤ ਦੇ 70% ਸ਼ਬਦ ਹਨ। ਅਜਿਹਾ ਹੀ ਅਨੁਪਾਤ ਰੂਸੀ, ਜਰਮਨ, ਫਰਾਂਸੀਸੀ ਅਤੇ ਯੂਰਪ ਦੀਆਂ ਦੂਜੀਆਂ ਭਾਸ਼ਾਵਾਂ ਵਿੱਚ ਹੈ। ਪਰ ਤਮਿਲ ਦਾ ਜਾਂ ਤੇਲਗੂ ਦਾ ਹਿੰਦੀ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਉਹਨਾਂ ਦਾ ਵਿਕਾਸ ਅਲੱਗ ਹੀ ਹੋਇਆ ਹੈ, ਉਹਨਾਂ ਉੱਪਰ ਹਿੰਦੀ ਥੋਪੀ ਤਾਂ ਝਗੜੇ ਖੜ੍ਹੇ ਹੋਣਗੇ।
ਝਗੜੇ ਖੜ੍ਹੇ ਕਰਦੇ ਹੋ, ਫਿਰ ਪੁੱਛਦੇ ਹੋ ਕਿ ਇਹਨਾਂ ਦਾ ਹੱਲ ਕਿਵੇਂ ਹੋਵੇਗਾ? ਹੱਲ ਬਿਲਕੁਲ ਸਿੱਧਾ ਹੈ! ਇਸ ਦੇਸ਼ ਵਿੱਚ 30 ਭਾਸ਼ਾਵਾਂ ਹਨ । ਉਹਨਾਂ ਦਾ ਆਪਣਾ ਸਭਿਆਚਾਰਿਕ ਹੈ, ਆਪਣਾ ਰਹਿਣ ਸਹਿਣ ਦਾ ਢੰਗ ਹੈ। ਆਪਣਾ ਜੀਵਨ-ਦਰਸ਼ਨ ਹੈ। ਜੇਕਰ ਅਸੀਂ ਉਹਨਾਂ ਨੂੰ ਪ੍ਰੇਮ ਕਰਦੇ ਹਾਂ ਤਾਂ ਸਾਡੇ ਪ੍ਰੇਮ ਦਾ ਪਹਿਲਾ ਸਬੂਤ ਹੋਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਆਜ਼ਾਦ ਹੋਣ ਦਈਏ। ਭਾਰਤ ਇਕ ਮਹਾਂ-ਸੰਘ ਹੋ ਸਕਦਾ ਹੈ, ਪਰ, ਇਕ ਰਾਸ਼ਟਰ ਨਹੀਂ।
ਪੰਜਾਬ ਆਜ਼ਾਦ ਹੋਵੇ, ਗੁਰਮੁੱਖੀ ਫੈਲੇ, ਨਾਨਕ ਦੀ ਬਾਣੀ ਵਿੱਚ ਉਭਾਰ ਆਵੇ, ਸਿੱਖ ਦੀ ਤਲਵਾਰ ‘ਤੇ ਰੌਣਕ ਚੜ੍ਹੇ। ਪਰ, ਸਾਡੇ ਦੁਸ਼ਮਣ ਦੀ ਤਰ੍ਹਾਂ ਕਿਉਂ?
ਅਸੀਂ ਦੁਸ਼ਮਣੀ ਪੈਦਾ ਕਰਦੇ ਹਾਂ। ਜਿਸ ਦਿਨ ਪੰਜਾਬ ਨੇ ਚਾਹਿਆ ਸੀ ਕਿ ਉਹ ਆਜ਼ਾਦ ਹੋਵੇ ਸਾਨੂੰ ਸਵਾਗਤ ਕਰਨਾ ਚਾਹੀਦਾ ਸੀ। ਕਿਉਂਕਿ, ਆਜ਼ਾਦੀ ਇੰਨਾ ਵੱਡਾ ਮੁੱਲ ਹੈ ਕਿ ਇਸ ਲਈ ਰਾਸ਼ਟਰੀਅਤਾ ਕ਼ੁਰਬਾਨ ਕੀਤੀ ਜਾ ਸਕਦੀ ਹੈ।
ਪਰ ਸਾਡੇ ਮਨਾਂ ਵਿੱਚ ਆਜ਼ਾਦੀ ਦੀ ਭੋਰਾ ਭਰ ਵੀ ਇੱਜ਼ਤ ਨਹੀਂ ਹੈ। ਸਾਡੀ ਫਿਕਰ ਇਸ ਗੱਲ ਦੀ ਹੈ ਕਿ ਇੱਕ ਰਾਸ਼ਟਰਪਤੀ ਹੋਵੇ, ਇੱਕ ਪ੍ਰਧਾਨ ਮੰਤਰੀ ਹੋਵੇ ਤਾਂ ਹੀ ਉਸਦੇ ਹੱਥ ਵਿੱਚ ਤਾਕਤ ਵਧੇਰੇ ਹੈ। ਜੇਕਰ ਇੱਥੇ 30 ਪ੍ਰਧਾਨ ਮੰਤਰੀ ਹੋਣ, 30 ਰਾਸ਼ਟਰਪਤੀ ਹੋਣ ਤਾਂ ਯਕੀਨਨ ਹੀ ਤਾਕਤ ਵੰਡੀ ਜਾਵੇਗੀ। ਇਹ ਰਾਜਨੀਤਕ ਚਾਲਬਾਜ਼ੀ ਹੈ। ਇਹ ਲੀਡਰ ਆਪਣੇ ਹੱਥਾਂ ਵਿਚੋਂ ਤਾਕਤ ਨੂੰ ਜਾਣ ਨਹੀਂ ਦੇਣਾ ਚਾਹੁੰਦੇ, ਇਸ ਤੋਂ ਇਲਾਵਾ ਹੋਰ ਕੋਈ ਸਮੱਸਿਆ ਨਹੀਂ ਹੈ।
ਕਾਸ਼! ( ਜਿਸ ਦਿਨ ਪੰਜਾਬ ਨੇ ਚਾਹਿਆ ਸੀ ਕਿ ਉਹ ਆਜ਼ਾਦ ਹੋਵੇ ) ਅਸੀਂ ਪ੍ਰੇਮ ਨਾਲ ਸਵਾਗਤ ਕੀਤਾ ਹੁੰਦਾ ਪੰਜਾਬ ਦਾ, ਅਤੇ ਉਸਨੂੰ ਕਿਹਾ ਹੁੰਦਾ ਕਿ ਆਜ਼ਾਦ ਖੜ੍ਹੇ ਹੋਣ ਲਈ ਤੁਹਾਨੂੰ ਜੋ ਵੀ ਮਦਦ ਚਾਹੀਦੀ ਹੈ, ਅਸੀਂ ਦੇਣ ਨੂੰ ਰਾਜ਼ੀ ਹਾਂ! ਇਹੀ ਅਸੀਂ ਆਸਾਮ ਨੂੰ ਕਿਹਾ ਹੁੰਦਾ! ਇਹੋ ਹੀ ਸਾਡਾ ਮੌਲਿਕ ਨਜ਼ਰੀਆ ਹੁੰਦਾ!! ਇਹੋ ਅਸੀਂ ਮੁਸਲਮਾਨਾਂ ਨੂੰ ਕਿਹਾ ਹੁੰਦਾ!!! ਕੀ ਲੋੜ ਸੀ ਵਰ੍ਹਿਆਂ-ਬੱਧੀ ਲੜਨ ਦੀ ਕਿ ਅਸੀਂ ਮੁਸਲਮਾਨਾਂ ਲਈ ਅਲੱਗ ਦੇਸ਼ ਨਹੀਂ ਬਣਨ ਦੇਵਾਂਗੇ? ਕਾਸ਼! 1930 ਵਿੱਚ ਜਦੋਂ ਜਿੰਨਾਹ ਨੇ ਪਹਿਲੀ ਵਾਰ ਇਹ ਆਵਾਜ਼ ਉਠਾਈ ਸੀ, ਅਸੀਂ ਇਸਦਾ ਸਵਾਗਤ ਕੀਤਾ ਹੁੰਦਾ ਕਿ ਇਹ ਤਾਂ ਬੜੀ ਚੰਗੀ ਗੱਲ ਹੈ, ਇਸ ਵਿੱਚ ਕੀ ਹਰਜ਼ਾ ਹੈ?
ਇਹ ਇੰਝ ਹੀ ਹੈ ਜਿਵੇਂ ਇਕ ਘਰ ਵਿੱਚ ਪੰਜ ਭਾਈ ਹੋਣ। ਇਕ ਪੁਰਾਣੀ ਧਾਰਨਾ ਸੀ ਸੰਯੁਕਤ ਪਰਿਵਾਰ ਦੀ, ਕਿ ਸਾਰੇ ਇਕੋ ਘਰ ਨੂੰ ਭੀੜ ਅਤੇ ਬਜ਼ਾਰ ਬਣਾਈ ਰੱਖਣ। ਉੱਥੇ ਹੀ ਚੀਖ-ਚਿੰਘਾੜਾ ਪਾਈ ਰੱਖਣ। ਇਸ ਨਾਲ ਉਨ੍ਹਾਂ ਦੀ ਨਿੱਜੀ ਅਜ਼ਾਦੀ ਖ਼ੁੱਸਦੀ ਸੀ। ਅੱਜ ਸਾਰੀ ਦੁਨੀਆਂ ਵਿੱਚ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਸੰਯੁਕਤ-ਪਰਿਵਾਰ ਨਿੱਜੀ-ਆਜ਼ਾਦੀ ਦੇ ਰਾਹ ਵਿੱਚ ਰੋੜਾ ਹੈ। ਪੁੱਤ੍ਰ ਵੱਡਾ ਹੋ ਗਿਆ ਤਾਂ ਹੁਣ ਉਸਨੂੰ ਅਲਹਿਦਾ ਕਰਨ ਦਾ ਵਕ਼ਤ ਵੀ ਆ ਗਿਆ। ਅਕ਼ਲਮੰਦੀ ਇਸੇ ਵਿੱਚ ਹੈ ਕਿ ਉਸਨੂੰ ਖ਼ੁਸ਼ੀ-ਖ਼ੁਸ਼ੀ ਅਲਹਿਦਾ ਕਰ ਦਿਉ। ਜੇ ਖੁਲ੍ਹੇ ਦਿਲ ਨਾਲ ਜੁਦਾ ਕਰੋਗੇ ਤਾਂ ਸਦਾ ਉਹ ਤੁਹਾਡਾ ਰਹੇਗਾ ਅਤੇ ਕਦੇ ਹੋਲੀ ਨੂੰ, ਦੀਵਾਲੀ ਨੂੰ, ਤੁਹਾਡੇ ਚਰਨ ਸਪਰਸ਼ ਕਰਨ ਆ ਜਾਵੇਗਾ। ਰੌਲਾ ਕਾਹਦਾ ਹੈ? ਮੇਰੇ ਦੇਖਣ ਮੁਤਾਬਿਕ ਹੋਰ ਕੋਈ ਸਮਸਿਆ ਨਹੀਂ, ਰਾਜਨੀਤਿਕ ਹੰਕਾਰ ਤੋਂ ਬਿਨਾਂ।
ਜਿਹਨਾਂ ਪਾਗਲਾਂ ਦੇ ਹੱਥ ਵਿੱਚ ਤੁਸੀਂ ਸੱਤਾ ਫੜਾਈ ਹੋਈ ਹੈ ਉਹ ਨਹੀਂ ਚਾਹੁੰਦੇ ਕਿ ਇਹ ਤਾਕ਼ਤ ਵੰਡੀ ਜਾਵੇ। ਪਰ ਇਸ ਤਾਕ਼ਤ ਦਾ ਬੰਟਬਾਰਾ ਹੋ ਕੇ ਰਹੇਗਾ!! ਆਜ਼ਾਦੀ ਦੇ ਖ਼ਿਲਾਫ਼ ਜੋ ਵੀ ਖੜ੍ਹਾ ਹੋਵੇਗਾ ਉਹ ਅੱਜ ਨਹੀਂ ਤਾਂ ਕੱਲ੍ਹ ਮਿਟੇਗਾ।
ਆਖ਼ਿਰ ਭਾਰਤ ਵੀ ਤਾਂ ਅਜ਼ਾਦ ਹੋਇਆ, ਇਸਨੂੰ ਆਜ਼ਾਦ ਹੋਣ ਦੀ ਕੀ ਜ਼ਰੂਰਤ ਸੀ? ਅੰਗ੍ਰੇਜ਼ ਰਾਜ ਕਰਦੇ ਸੀਂ – ਚਿੱਟੀ ਚਮੜੀ ਸੀ, ਹੁਣ ਕਾਲੀ ਚਮੜੀ ਰਾਜ ਕਰਦੀ ਹੈ ਤਾਂ ਹੁਣ ਕੀ ਆਸਮਾਨ ਤੋਂ ਸੋਨਾ ਵਰ੍ਹਨ ਲੱਗ ਗਿਆ? ਸਿਰਫ਼ ਦੁੱਖ ਤਕਲੀਫ਼ਾਂ ਹੀ ਹੋਰ ਵੱਧ ਗਈਆਂ ਹਨ। ਅਸੀਂ ਕਿਉਂ ਲੜੇ? ਆਖ਼ਿਰ ਭਗਤ ਸਿੰਘ ਫਾਂਸੀ ‘ਤੇ ਝੂਲਿਆ ਕਿਉਂ? ਕਿਉਂਕਿ, ਆਜ਼ਾਦੀ ਦਾ ਇੱਕ ਨਿੱਘ ਇੱਕ ਗਰਮਾਇਸ਼ ਹੈ, ਇੱਕ ਮਹਿਮਾ ਹੈ। ਮਨੁੱਖਾ ਕਿਰਦਾਰ ਦੀ ਬੁਲੰਦੀ ਲਈ ਆਜ਼ਾਦੀ ਦਾ ਮੁਫ਼ੀਦ ਮਾਹੌਲ ਜ਼ਰੂਰੀ ਹੈ।
ਇਹ ਠੀਕ ਹੈ ਕਿ ਅੰਤ ਨੂੰ ਤੁਸੀਂ ਮੁਸਲਮਾਨਾਂ ਨੂੰ ਅਲਹਿਦਾ ਦੇਸ਼ ਦੇਣ ਲਈ ਰਾਜ਼ੀ ਹੋਏ। ਇਸ ਵਿੱਚ ਗਾਂਧੀ ਵੀ ਰਾਜ਼ੀ ਸੀ, ਪਰ ਇਹ ਮੰਜ਼ੂਰੀ ਇੰਨੀ ਦੇਰ ਨਾਲ ਆਈ ਕਿ ਜ਼ਹਿਰੀਲੀ ਹੋ ਗਈ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਬੰਟਵਾਰਾ ਮੇਰੀ ਲਾਸ਼ ‘ਤੇ ਹੋਵੇਗਾ। ਭਾਰਤ ਤਾਂ ਵੰਡਿਆ ਗਿਆ ਪਰ ਗਾਂਧੀ ਦੀ ਲਾਸ਼ ਦਾ ਕੀ ਬਣਿਆ ਉਹ ਕਿਧਰੇ ਨਜ਼ਰ ਵੀ ਨਾ ਆਈ। 30 ਸਾਲ ਲਗਾਤਾਰ ਵਿਰੋਧ ਕਰਨ ਤੋਂ ਮਗਰੋਂ ਮਜਬੂਰੀ ਵਿੱਚ ਤੁਹਾਨੂੰ ਪਾਕਿਸਤਾਨ ਮੰਜ਼ੂਰ ਕਰਨਾ ਪਿਆ। ਭਾਰਤ ਦੇ ਸਾਰੇ ਵੱਡੇ ਨੇਤਾ ਬੁੱਢੇ ਹੁੰਦੇ ਜਾ ਰਹੇ ਸਨ। ਉਨ੍ਹਾਂ ਨੂੰ ਵੀ ਲੱਗਿਆ ਕਿ ਜੇ ਉਹ ਬੰਟਵਾਰਾ ਨਹੀਂ ਮੰਨ ਰਹੇ ਤਾਂ ਅੰਗਰੇਜ਼ ਉਸਦਾ ਫਾਇਦਾ ਉਠਾ ਰਹੇ ਹਨ।
ਜਿੰਨਾਹ ਦੇ ਇਹ ਚਿੱਤ-ਚੇਤੇ ਵੀ ਨਹੀ ਸੀ ਕਿ ਜਿਵੇਂ ਅੱਜ ਭਾਰਤ ਤੋਂ ਪਾਕਿਸਤਾਨ ਜੁਦਾ ਹੋਇਆ ਹੈ ਭਲਕੇ ਪਾਕਿਸਤਾਨ ਤੋਂ ਬੰਗਲਾ ਦੇਸ਼ ਹੋਵੇਗਾ। ਕਿਉਂਕਿ ਫਾਰਮੂਲਾ ਉਹੀ ਹੈ। ਕਿਉਂ ਬੰਗਾਲੀ, ਪੰਜਾਬੀਆਂ ਦੇ ਕਬਜ਼ੇ ਵਿੱਚ ਰਹੇ? ਰਾਜਧਾਨੀ ਪੰਜਾਬੀ ਮੁਸਲਮਾਨਾਂ ਦੇ ਕਬਜ਼ੇ ਵਿੱਚ ਹੈ। ਬੰਗਾਲ ਦਾ ਨਾ ਤਾਂ ਭਾਸ਼ਾ ਦਾ ਕੋਈ ਨਾਤਾ ਹੈ ਤੇ ਨਾ ਹੀ ਸਭਿਆਚਾਰ ਦਾ। ਸਬੰਧ ਸੀ ਸਿਰਫ਼ ਇਸਲਾਮ ਦਾ। ਪਰ ਆਜ਼ਾਦੀ ਮੂਹਰੇ ਸਭ ਸਬੰਧ ਝੂਠੇ ਹੋ ਜਾਂਦੇ ਹਨ। ਆਜ਼ਾਦੀ ਇੰਨੀ ਵੱਡੀ ਚੀਜ਼ ਹੈ।
ਜੇ ਤੁਹਾਨੂੰ ਚੇਤਾ-ਥਹੁ ਹੋਵੇ ਤਾਂ, ਜਦੋ ਬੰਗਲਾ ਦੇਸ਼ ਅਲਹਿਦਾ ਹੋਇਆ ਤਾਂ ਇੰਦਰਾ ਗਾਂਧੀ ਨੇ ਨਾ ਸਿਰਫ਼ ਇਸ ਗੱਲ ਦੀ ਹਿਮਾਇਤ ਹੀ ਕੀਤੀ ਸਗੋਂ ਆਪਣੀਆਂ ਫੌਜਾਂ ਨੂੰ ਵੀ ਭੇਜਿਆ ਤਾਂ ਕਿ ਬੰਗਲਾ ਦੇਸ਼ ਅਲੱਗ ਆਜ਼ਾਦ ਮੁਲਕ਼ ਬਣ ਸਕੇ। ਜ਼ਿੰਦਗੀ ਵਿੱਚ ਜੋ ਲੋਕ ਥੋੜ੍ਹਾ ਜਿੰਨਾ ਵੀ ਇਮਾਨ ਰੱਖਦੇ ਹਨ ਉਨ੍ਹਾਂ ਦਾ ਇਹ ਦੇਖਣਾ ਬਣਦਾ ਹੈ ਕਿ ਅੱਜ ਜਦ ਪੰਜਾਬੀ ਵੀ ਆਜ਼ਾਦ ਹੋਣਾ ਚਾਹੁੰਦੇ ਹਨ ਤਾਂ ਉਹੀ ਇੰਦਰਾ ਉਹਨਾਂ ਨੂੰ ਆਜ਼ਾਦ ਨਹੀਂ ਹੋਣ ਦੇਣਾ ਚਾਹੁੰਦੀ। ਜੇ ਇੰਦਰਾ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ ਗਿਆ ਤਾਂ ਮੇਰੇ ਦਿਲ ਵਿੱਚ ਇਸਦਾ ਕੋਈ ਅਫਸੋਸ ਨਹੀਂ ਹੈ। ਉਹ ਇਸਦੇ ਲਈ ਜ਼ਿੰਮੇਵਾਰ ਹੈ।
ਬੰਗਲਾ ਦੇਸ਼ ਅਲੱਗ ਹੋਇਆ ਤਾਂ ਸਾਰੇ ਦੇਸ਼ ਨੇ ਇੰਦਰਾ ਨੂੰ ਭਾਰਤ-ਮਾਤਾ ਦੀ ਪਦਵੀ ਦੇ ਦਿੱਤੀ। ਇੰਡੀਆ ਤੇ ਇੰਦਰਾ ਇੱਕ ਹੋ ਗਏ। ਕਿਉਂ? ਕਿਉਂਕਿ ਪਾਕਿਸਤਾਨ ਕਮਜ਼ੋਰ ਹੋਇਆ। ਪਾਕਿਸਤਾਨ ਅੱਧਾ ਰਹਿ ਗਿਆ।
ਹੁਣ ਵੀ ਪਾਕਿਸਤਾਨ ਵਿੱਚ ਪੰਜਾਬੀ ਅਤੇ ਸਿੰਧੀ ਦਾ ਝਗੜਾ ਹੈ। ਪੰਜਾਬੀ ਮੁਸਲਮਾਨ, ਸਿੰਧੀ ਮੁਸਲਮਾਨ ਦੇ ਕਬਜ਼ੇ ਵਿੱਚ ਨਹੀਂ ਰਹਿਣਾ ਚਾਹੁੰਦਾ। ਕਿਉਂ ਰਹੇ? ਉਸਦੀ ਆਪਣੀ ਭਾਸ਼ਾ ਹੈ, ਆਪਣਾ ਸਭਿਆਚਾਰ, ਆਪਣੀ ਸੰਸਕ੍ਰਿਤੀ ਹੈ । ਉਹ ਤਾਂ ਬਿਲਕੁਲ ਮਿਟ ਗਿਆ, ਬਿਲਕੁਲ ਬਰਬਾਦ ਹੋ ਗਿਆ। ਜਿਹੜੇ ਸਿੰਧੀ ਹਿੰਦੁਸਤਾਨ ਆਏ ਉਨ੍ਹਾਂ ਦੀ ਭਾਸ਼ਾ ਨੂੰ ਕੋਈ ਜਗ੍ਹਾਂ ਨਹੀਂ ਮਿਲ ਸਕਦੀ। ਉਸਦਾ ਕੋਈ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ ਦੀ ਹਜ਼ਾਰਾ ਸਾਲਾਂ ਦੀ ਸੰਸਕ੍ਰਿਤੀ ਇਸ ਤਰ੍ਹਾਂ ਮਿਟ ਗਈ, ਜਿਵੇਂ ਪਾਣੀ ਉੱਤੇ ਖਿੱਚੀਆਂ ਲਕੀਰਾਂ ਹੋਣ …….
ਸੱਚ ਤਾਂ ਇਹ ਹੈ ਕਿ ਸਿੰਧ ਨੇ ਹੀ ਭਾਰਤ ਨੂੰ ਹਿੰਦ ਦਾ ਨਾਂ ਦਿੱਤਾ। ਜਿਹੜੇ ਪਰਦੇਸੀ ਅੱਜ ਤੋਂ 4,000 ਸਾਲ ਪਹਿਲਾਂ ਭਾਰਤ ਵਿੱਚ ਹਮਲਾਵਰ ਬਣ ਕੇ ਆਏ ਉਨ੍ਹਾਂ ਨੂੰ ਸਿੰਧੂ ਨਦੀ ਪਾਰ ਕਰਨੀ ਪਈ । ਉਨ੍ਹਾਂ ਦੀ ਭਾਸ਼ਾ ਵਿੱਚ ‘ਸ’ ਨਾਲ ਮਿਲਦਾ ਜੁਲਦਾ ਕੋਈ ਅੱਖਰ ਨਹੀਂ ਸੀ। ਜਿਹੜਾ ਸ਼ਬਦ ਕ਼ਰੀਬ ਤੋਂ ਕ਼ਰੀਬ ਆ ਸਕਦਾ ਸੀ ਉਹ ਸੀ ‘ਹ’। ਉਹ ਸਿੰਧੂ ਨਹੀਂ ਹਿੰਦੂ ਨਦੀ ਕਹਿਣ ਲੱਗੇ ਅਤੇ ਹਿੰਦੂ ਨਦੀ ਦੇ ਇਸ ਪਾਰ ਰਹਿਣ ਵਾਲੇ ਲੋਕਾਂ ਨੂੰ ਹਿੰਦੂ। ਸਿੰਧ ਨੇ ਹੀ ਭਾਰਤ ਨੂੰ ਹਿੰਦ ਦਾ ਨਾਮ ਦਿੱਤਾ। ਉਹ ਸਿੰਧੂ ਨਦੀ, ਹਿੰਦੂ ਨਦੀ ਹੋ ਗਈ … ਉਹੀ ਕਿਸੇ ਭਾਸ਼ਾ ਵਿੱਚ ਇੰਦੂ ਨਦੀ ਹੋ ਗਈ ਅਤੇ ਉਹੀ ਕਿਸੇ ਭਾਸ਼ਾ ਵਿੱਚ ਚਲਦੇ-ਚਲਦੇ ਇੰਡੀਆ ਹੋ ਗਈ। ਇਸ ਸਾਰੇ ਨਾਮ ਸਿੰਧ ਨੇ ਹੀ ਦਿੱਤੇ ਹਨ। ਪਰ ਅੱਜ ਸਿੰਧ ਦਾ ਕੋਈ ਟਿਕਾਣਾ ਨਹੀਂ ਹੈ ……..
ਅੱਜ ਪਾਕਿਸਤਾਨ ਵਿੱਚ ਟਕਰਾਉ ਹੈ ਕਿਉਂਕਿ ਉੱਥੇ ਇੱਕ ਪਾਸੇ ਸਿੰਧੀ ਪਾਕਿਸਤਾਨੀ ਹੈ ਅਤੇ ਦੂਜੇ ਪਾਸੇ ਪੰਜਾਬੀ ਪਾਕਿਸਤਾਨੀ ਹੈ। ਦੋਹਾਂ ਦੀਆਂ ਭਾਸ਼ਾਵਾਂ ਵਿੱਚ ਕੋਈ ਮੇਲ ਨਹੀਂ। ਦੋਵੇਂ ਨਾਨਕ ਦੇ ਭਗਤ ਹਨ, ਪਰ, ਆਜ਼ਾਦੀ ਸਾਹਮਣੇ ਹੋਰ ਸਭ ਕੁਝ ਫਿੱਕਾ ਹੈ ਜਾਂਦਾ ਹੈ। ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਪਾਕਿਸਤਾਨ ਦੇ ਫੇਰ ਟੁਕੜੇ ਹੋਣਗੇ । ਹਿੰਦੁਸਤਾਨ ਕਦੋਂ ਤੱਕ ਬਚੇਗਾ? ਇਹ ਝੂਠਾ ਜੋੜ, ਇਹ ਗੂੰਦ ਨਾਲ ਚਿਪਕਾਏ ਹੋਏ ਰਿਸ਼ਤੇ ਜ਼ਿਆਦਾ ਦੇਰ ਚਿਪਕੇ ਨਹੀਂ ਰਹਿ ਸਕਦੇ।
ਸਿੱਖ ਦੀ ਆਪਣੀ ਇਕ ਸ਼ਖਸੀਅਤ ਹੈ, ਆਪਣਾ ਇਮਾਨ ਹੈ … ਜੋ ਇਸ ਦੇਸ਼ ਵਿੱਚ ਹੋਰ ਕਿਸੇ ਦਾ ਨਹੀਂ ਹੈ। ਤੁਸੀਂ ਸਿੱਖ ਉੱਤੇ ਜਿੰਨਾ ਭਰੋਸਾ ਕਰ ਸਕਦੇ ਹੋ ਕਿਸੇ ਹੋਰ ਉੱਤੇ ਨਹੀਂ ਕਰ ਸਕਦੇ।
ਜੇ ਸਿੱਖ ਅਲਹਿਦਾ ਹੋਣਾ ਚਾਹੁੰਦਾ ਹੈ ਤਾਂ ਕਿਉਂ ਨਾ ਪ੍ਰੇਮ ਨਾਲ ਅਲੱਗ ਕਰ ਦਿਉ? ਕਿਉਂ ਨਾ ਇਸ ਤਰ੍ਹਾਂ ਅਲੱਗ ਕਰ ਦਈਏ ਕਿ ਦੋਸਤੀ ਹੋਰ ਗਹਿਰੀ ਹੋ ਜਾਵੇ? ਇੰਝ ਨਾਲ ਰੱਖ ਕੇ ਤਾਂ ਦੁਸ਼ਮਣੀ ਵੱਧ ਰਹੀ ਹੈ। ਜੇ ਇਕ ਦਿਨ ਦੁਸ਼ਮਣੀ ਕਰਕੇ ਟੁੱਟਣਾ ਹੋਇਆ ਤਾਂ ਮਤਲਬ ਹੋਇਆ ਕਿ ਤੁਸੀਂ ਆਪਣੇ ਦੇਸ਼ ਦੇ ਸਾਰੇ ਬਹਾਦਰ ਲੋਕਾਂ ਨੂੰ ਆਪਦੇ ਦੁਸ਼ਮਣ ਬਣਾ ਕੇ ਹੀ ਹਟੇ। ਇਹ ਤੁਹਾਡੇ ਬੇਵਕੂਫ਼ ਰਾਜਨੀਤਿਕਾਂ ਦੀ ਜਿੰਮੇਵਾਰੀ ਹੋਵੇਗੀ।
ਜੇ ਗੱਲ ਮੇਰੇ ਹੱਥ ਵਿੱਚ ਹੋਵੇ ਤਾਂ ਇਹ ਪੰਜ ਮਿੰਟ ਤੋਂ ਵੱਧ ਦੀ ਸਮੱਸਿਆ ਨਹੀਂ। ਮੈਂ ਪੰਜਾਬ ਨੂੰ ਆਜ਼ਾਦ ਕਰਦਾ ਹਾਂ। ਤੇ ਪੂਰੇ ਦੇਸ਼ ਦੀਆਂ ਸ਼ੁਭ ਕਾਮਨਾਵਾਂ ਦੇ ਨਾਲ ਆਜ਼ਾਦ ਕਰਦਾ ਹਾਂ। ਅਤੇ ਪੂਰੇ ਦੇਸ਼ ਵਿੱਚ ਦੀਵਾਲੀ ਮਨਾਈ ਜਾਵੇਗੀ ਕਿ ਚਲੋ ਇਕ ਹੋਰ ਰਾਸ਼ਟਰ ਦਾ ਜਨਮ ਹੋਇਆ। ਦੋਸਤੀ ਹੋਰ ਸੰਘਣੀ ਹੋਵੇਗੀ। ਆਖ਼ਿਰ ਇਹ ਆਪਣੇ ਹੀ ਲੋਕ ਹਨ। ਕੋਈ ਵੀ ਬਿਗਾਨਾ ਨਹੀਂ, ਜੇਕਰ ਬੰਗਾਲੀ ਅਲੱਗ ਹੋਣਾ ਚਾਹੁੰਦਾ ਹੈ ਤਾਂ ਬੇਸ਼ੱਕ ਹੋ ਜਾਵੇ।
ਮੈਂ ਆਜ਼ਾਦੀ ਦੀ ਮੰਗ ਕਰਨ ਵਾਲਿਆਂ ਦੀ ਹਮਾਇਤ ਕਰਦਾ ਹਾਂ, ਕਿਉਂਕਿ ਮੈਂ ਆਜ਼ਾਦੀ ਦਾ ਹਮਾਇਤੀ ਹਾਂ।
ਭਾਰਤ ਇੰਨਾ ਵੱਡਾ ਦੇਸ਼ ਹੈ ਕਿਉਂ ਨਾ ਅਸੀਂ ਇਸਨੂੰ 30 ਦੇਸ਼ ਬਣ ਜਾਣ ਦੇਈਏ। ਉਨ੍ਹਾਂ 30 ਦੇਸ਼ਾਂ ਦਾ ਇੱਕ ਮਹਾਂਸੰਘ ਹੋਵੇ। ਜੇ ਅਸੀਂ ਦੋਸਤੀ ਨਾਲ ਇਨ੍ਹਾਂ ਨੂੰ ਆਜ਼ਾਦ ਹੋਣ ਦੇਈਏ ਤਾਂ ਉਹ ਤੀਹ ਦੇ ਤੀਹ ਮਿਲ ਕੇ ਇਸ ਸੰਘ ਨੂੰ ਬਣਾ ਲੈਣਗੇ। ਸਮੱਸਿਆਵਾਂ ਨੂੰ ਹੱਲ ਕਰਨਾ ਸੌਖਾ ਹੋਵੇਗਾ। ਹਰ ਦੇਸ਼ ਦੀ ਆਪੋ-ਆਪਣੀ ਜ਼ਿੰਮੇਵਾਰੀ ਹੋਵੇਗੀ ਕਿ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰੇ। ਅਸੀਂ ਸਾਰੇ ਇੱਕ ਪਰਿਵਾਰ ਦਾ ਹਿੱਸਾ ਹੋਵਾਂਗੇ ਕਿਉਂਕਿ ਸਭ ਨੇ ਉਸੇ ਇੱਕੋ ਪਰਿਵਾਰ ਵਿੱਚੋਂ ਜਨਮ ਲਿਆ ਹੈ। ਇੱਕੋ ਹਵਾ ਵਿੱਚ ਸਾਹ ਲਏ ਨੇ। ਜੇ ਇਕ ਦੂਸਰੇ ਨੂੰ ਵਿਦਾ ਕੀਤਾ ਹੈ ਤਾਂ ਉਹ ਵੀ ਦੋਸਤੀ ਨਾਲ, ਦੁਸ਼ਮਣੀ ਨਾਲ ਨਹੀਂ! ਇਕ ਦੂਜੇ ਨੂੰ ਸ਼ੁਭ ਕਾਮਨਾਵਾਂ ਦੇ ਕੇ ਵਿਦਾ ਕੀਤਾ ਹੈ ਕਿ ਜਦੋਂ ਵੀ ਲੋੜ ਪਵੇ ਕਦੇ ਇਹ ਨਾ ਸਮਝੇ ਕਿ ਮੈਂ ਇਕੱਲਾ ਹਾਂ, 29 ਦੇਸ਼ ਤੁਹਾਡੀ ਮਦਦ ਲਈ ਤਿਆਰ ਹਨ। ਹਰ ਮੁਸੀਬਤ ਵਿੱਚ ਅਸੀਂ ਨਾਲ ਹੋਵਾਂਗੇ। ਭਾਰਤ ਇਕ ਮਹਾਂ ਸੰਘ ਬਣ ਸਕਦਾ ਹੈ, ਬਣਨਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਜੇ ਭਾਰਤ ਇਹ ਮਹਾਨ ਕਦਮ ਉਠਾ ਲਵੇ ਤਾਂ ਕੋਈ ਕਾਰਨ ਨਹੀਂ ਕਿ ਪਾਕਿਸਤਾਨ ਅਤੇ ਬੰਗਲਾ ਦੇਸ਼ ਵੀ ਇਸ ਵਿੱਚ ਸ਼ਾਮਲ ਨਾ ਹੋਣ। ਕਿਉਂਕਿ ਅਸੀਂ ਕਿਸੇ ਦੀ ਆਜ਼ਾਦੀ ਨਹੀਂ ਖੋਹ ਰਹੇ। ਅਸੀਂ ਤਾਂ ਉਨ੍ਹਾਂ ਦੀ ਸ਼ਕਤੀ ਵਧਾ ਰਹੇ ਹਾਂ। ਅਸੀਂ ਤਾਂ ਮਿਲ ਕੇ ਉਨ੍ਹਾਂ ਨੂੰ ਉਸ ਭੈਅ ਤੋਂ ਮੁਕਤ ਕਰ ਰਹੇ ਹਾਂ ਜੋ ਬਿਨਾਂ ਵਜਹ ਦਿਨ ਰਾਤ ਇਨ੍ਹਾਂ ਦੇਸ਼ਾਂ ਨੂੰ ਖਾਈ ਜਾ ਰਿਹਾ ਹੈ। ਪਾਕਿਸਤਾਨ ਘਬਰਾਇਆ ਹੋਇਆ ਹੈ ਹਿੰਦੁਸਤਾਨ ਤੋਂ, ਹਿੰਦੁਸਤਾਨ ਘਬਰਾਇਆ ਹੋਇਆ ਹੈ ਪਾਕਿਸਤਾਨ ਤੋਂ ।
ਕਸ਼ਮੀਰ ਵਿੱਚ 40 ਸਾਲਾਂ ਤੋਂ ਫੌਜ਼ਾਂ ਲਾਈਆ ਹੋਈਆਂ ਹਨ। ਤੁਸੀਂ ਉਥੇ ਚੋਣਾਂ ਵੀ ਨਹੀਂ ਕਰਵਾ ਸਕਦੇ। ਕਿਉਂਕਿ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਨੂੰ ਉਸ ਵੋਟ ਵਿੱਚ ਵਿਜਯ ਮਿਲੇਗੀ। 90% ਮੁਸਲਮਾਨ ਹਨ ਕਸ਼ਮੀਰ ਵਿੱਚ, ਜੋ ਪਾਕਿਸਤਾਨ ਨਾਲ ਇੱਕ ਹੋਣਾ ਚਾਹੁੰਦੇ ਹਨ। ਤੁਸੀਂ ਉਨ੍ਹਾਂ ਨੂੰ ਰੋਕ ਰਹੇ ਹੋ। ਤੁਸੀਂ ਉਨ੍ਹਾਂ ਦੇ ਦੋਸਤ ਨਹੀਂ ਦੁਸ਼ਮਣ ਹੋ। ਜੇਕਰ ਉਹ ਪਾਕਿਸਤਾਨ ਨਾਲ ਇੱਕ ਹੋਣਾ ਚਾਹੁੰਦੇ ਹਨ ਤਾਂ ਸਾਨੂੰ ਪ੍ਰੇਮ ਨਾਲ ਰਸਤਾ ਬਣਾਉਣਾ ਚਾਹੀਦਾ ਹੈ ਕਿ ਉਹ ਇੱਕ ਹੋ ਜਾਣ।
ਸਮੱਸਿਆਵਾਂ ਨੂੰ ਹੱਲ ਕਰਨਾ ਹੋਵੇ ਤਾਂ ਬਹੁਤ ਸੌਖੀ ਗੱਲ ਹੈ ਪਰ ਰਾਜਨੀਤਕ ਜੀਉਂਦਾ ਹੈ ਸਮੱਸਿਆਵਾਂ ਦੇ ਆਸਰੇ। ਸਮੱਸਿਆਵਾਂ ਬਣੀਆਂ ਰਹਿਣ ਤਾਂ ਰਾਜਨੀਤਕ ਦੀ ਕੀਮਤ ਹੈ, ਨਹੀਂ ਤਾ ਇੱਕ ਕੌਡੀ ਵੀ ਉਸਦੀ ਕੀਮਤ ਨਹੀਂ। ਜੇ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣ ਤਾਂ ਸਿਆਸੀ ਲੀਡਰ ਕੀ ਕਰੇਗਾ? ਬੂਟ ਪਾਲਿਸ਼!!!
ਹੋਰ ਤਾਂ ਕੋਈ ਕ਼ਾਬਲੀਅਤ ਹੈ ਨਹੀਂ।
ਦੁਨੀਆਂ ਵਿੱਚ ਅਸਲੀ ਸਮੱਸਿਆਵਾਂ ਨਾਂਹ ਦੇ ਬਰਾਬਰ ਹਨ। ਨਕਲੀ ਸਮੱਸਿਆਵਾਂ ਅਤੇ ਜ਼ਬਰਦਸਤੀ ਪੈਦਾ ਕੀਤੀਆਂ ਹੋਈਆਂ ਸਮੱਸਿਆਵਾਂ 99% ਹਨ। ਮਜ਼ੇ ਦੀ ਗੱਲ ਇਹ ਹੈ ਕਿ ਆਪੇ ਲੀਡਰ ਸਮੱਸਿਆਵਾਂ ਪੈਦਾ ਕਰਦਾ ਹੈ ਫਿਰ ਆਪ ਹੀ ਰੌਲਾ ਪਾਉਂਦਾ ਹੈ ਕਿ ਸਮੱਸਿਆਵਾਂ ਬਹੁਤ ਹਨ, ਪ੍ਰੇਸ਼ਾਨੀਆਂ ਬਹੁਤ ਹਨ। ਇਹਨਾਂ ਨੂੰ ਕਿਵੇਂ ਹੱਲ ਕਰੀਏ? ਹੱਲ ਕਰਨ ਦਾ ਕੋਈ ਰਾਹ ਨਹੀਂ ਦਿਖਦਾ। ਮੈਂ ਸੋਚਦਾ ਹਾਂ ਕਿ ਇੱਥੇ ਹੱਲ ਕਰਨ ਨੂੰ ਹੈ ਵੀ ਕੀ?!!
ਜਿਸ ਨੇ ਵੀ ਆਜ਼ਾਦ ਹੋਣਾ ਹੈ ਇਸ ਦੇਸ਼ ਵਿੱਚ ਉਸ ਨੂੰ ਆਜ਼ਾਦ ਹੋਣ ਦਾ ਹੱਕ ਹੈ। ਜੇ ਅਸੀਂ ਉਸ ਨੂੰ ਪ੍ਰੇਮ ਨਾਲ ਅਲਹਿਦਾ ਕਰਦੇ ਹਾਂ ਤਾਂ ਸਾਡੀ ਮਿੱਤ੍ਰਤਾ ਅਤੇ ਪਿਆਰ ਹੋਰ ਗਹਿਰਾ ਹੋਵੇਗਾ। ਅਸੀਂ ਮਿਲਜੁਲ ਕੇ ਰਹਿ ਸਕਦੇ ਹਾਂ। ਕੋਈ ਜ਼ਰੂਰਤ ਨਹੀਂ ਹੈ ਕਿ ਹਿੰਦੂ ਸਿੱਖਾਂ ਨੂੰ ਮਾਰਨ ਅਤੇ ਸਿੱਖ ਹਿੰਦੂਆਂ ਨੂੰ ਮਾਰਨ। ਇਹ ਕਦੋਂ ਤੱਕ ਚਲੇਗਾ?
ਜਦੋਂ ਤੱਕ ਇੱਕ ਵੀ ਸਿੱਖ ਜ਼ਿੰਦਾ ਹੈ ਉਦੋਂ ਤੱਕ ਇਹ ਸਮੱਸਿਆ ਕਾਇਮ ਰਹੇਗੀ। ਜੇ ਸਾਰੇ ਸਿੱਖਾਂ ਨੂੰ ਮਾਰ ਕੇ ਤੁਸੀਂ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਵੀ ਬਣਾਈ ਰੱਖਿਆ ਤਾਂ ਤੁਸੀਂ ਖੱਟਿਆ ਕੀ? ਪਰ ਖੋ ਬਹੁਤ ਕੁਝ ਦਿੱਤਾ। ਤੁਸੀਂ ਦੇਸ਼ ਦੀ ਸਭ ਤੋਂ ਬਹਾਦਰ ਕੌਮ ਖੋਈ, ਦੇਸ਼ ਦੇ ਸਿਪਾਹੀ ਖੋਏ, ਦੇਸ਼ ਦੀ ਤਲਵਾਰ ਖੋਈ। ਲੱਖਾਂ ਲੋਕਾਂ ਦੀਆਂ ਲਾਸ਼ਾਂ ਉੱਤੇ ਜਿੱਤ ਦੇ ਝੰਡੇ ਝੁਲਾਉਣ ਦੇ ਕੀ ਮਾਯਨੇ?
ਜੇ ਅਸੀਂ ਭਾਰਤ ਦੇ ਵਿਕਾਸ ਨੂੰ ਠੀਕ ਤਰ੍ਹਾਂ ਸਮਝੀਏ ਤਾਂ ਭਾਰਤ ਵਿੱਚ ਇਕ ਅਧਿਆਤਮਕ ਏਕਤਾ ਤਾਂ ਰਹੀ ਹੈ ਪਰ ਰਾਜਨੀਤਕ ਏਕਤਾ ਕਦੇ ਵੀ ਨਹੀਂ ਰਹੀ। ਸਵਾਏ ਗੁਲਾਮੀ ਦੇ ਦਿਨਾਂ ਦੇ। ਗੁਲਾਮੀ ਨੇ ਜ਼ਬਰਦਸਤੀ ਸਾਡੇ ਲੋਕਾਂ ਨੂੰ ਆਪਸ ਵਿੱਚ ਬੰਨ੍ਹੀ ਰੱਖਿਆ। ਗੁਲਾਮੀ ਹੱਟਣ ਦੇ ਨਾਲ-ਨਾਲ ਉਹ ਏਕਤਾ ਵੀ ਹੱਟ ਰਹੀ ਹੈ। ਜਗ੍ਹਾ ਜਗ੍ਹਾ ਹਟ ਰਹੀ ਹੈ।
ਇਸ ਤੋਂ ਪਹਿਲਾ ਕਿ ਸਾਰਾ ਦੇਸ਼ ਇਕ ਦੂਜੇ ਪ੍ਰਤੀ ਦੁਸ਼ਮਣੀ ਨਾਲ ਭਰ ਜਾਵੇ ਲੋਕ ਛੋਟੀਆਂ-ਛੋਟੀਆਂ ਗੱਲਾਂ ਉੱਤੇ ਇਕ ਦੂਜੇ ਦਾ ਕਤਲ ਕਰਨ ਲੱਗ ਜਾਣ ਸਾਨੂੰ ਇਨ੍ਹਾਂ ਆਪੂੰ ਖੜ੍ਹੀਆ ਕੀਤੀਆਂ ਸਮੱਸਿਆਵਾਂ ਦਾ ਹੱਲ ਕਰਨ ਦੇਣਾ ਚਾਹੀਦਾ ਹੈ। ਰਾਜਨੀਤਿਕਾਂ ਦਾ ਕੰਮ ਸਮੱਸਿਆਵਾਂ ਦਾ ਹੱਲ ਕਰਨਾ ਨਹੀਂ ਹੈ, ਸਮੱਸਿਆਵਾਂ ਨੁੰ ਖੜ੍ਹੀਆ ਕਰਨਾ ਹੈ। ਇਹ ਉਨ੍ਹਾਂ ਦਾ ਪੇਸ਼ਾ ਹੈ, ਨਹੀਂ ਤਾ ਮੈਂ ਨਹੀਂ ਸਮਝਦਾ ਕਿ ਕੋਈ ਵੀ ਅਜਿਹੀ ਸਮੱਸਿਆ ਹੈ ਜੋ ਹੱਲ ਨਾ ਕੀਤੀ ਜਾ ਸਕੇ।
ਹਾਂ, ਪੰਜਾਬ ਦੀ ਸਮੱਸਿਆ ਤਾਂ ਅਸਲੋਂ ਕੋਈ ਸਮੱਸਿਆ ਨਹੀਂ ਹੈ। ਪਰ ਜਿਸ ਢੰਗ ਨਾਲ ਵਰਤਾਉ ਕੀਤਾ ਜਾ ਰਿਹਾ ਹੈ ਪੰਜਾਬੀਆਂ ਨਾਲ, ਇਸ ਤਰ੍ਹਾਂ ਇਹ ਸਮੱਸਿਆ ਵਧਦੀ ਹੀ ਚਲੀ ਜਾਏਗੀ। ਅੱਜ ਜੋ ਪੰਜਾਬੀਆਂ ਨਾਲ ਹੋ ਰਿਹਾ ਹੈ ਕੱਲ੍ਹ ਨੂੰ ਅਸਾਮੀਆਂ ਜਾਂ ਬੰਗਾਲੀਆਂ ਨਾਲ ਵੀ ਇਹੀ ਹੋਵੇਗਾ।
ਮੇਰੀ ਮਾਨਤਾ ਇਹ ਹੈ ਕਿ ਉਹ ਦੇਸ਼ ਧੰਨਭਾਗੀ ਹੈ ਜਿਥੇ ਕਈ ਕਿਸਮ ਦੇ ਲੋਕ ਹਨ, ਕਈ ਕਿਸਮ ਦੇ ਸੰਸਕਾਰ ਹਨ ਅਤੇ ਕਈ ਕਿਸਮ ਦਾ ਰਹਿਣ ਸਹਿਣ ਹੈ। ਤੁਹਾਡੀ ਇਹ ਮੰਸ਼ਾ ਕਿ ਭਾਂਤ-ਭਾਂਤ ਦੇ ਫੁੱਲਾਂ ਵਾਲੇ ਸੁੰਦਰਤਾ ਦੇ ਇਸ ਬਗੀਚੇ ਵਿੱਚ ਬਸ ਇੱਕ-ਸਮਾਨ ਘਾਹ ਪੈਦਾ ਹੋਵੇ ਡੰਗਰ ਜਿੱਥੇ ਚਰ ਸਕਣ ਤਾਂ ਕਿਤੇ ਜਾ ਕੇ ਹੀ ਇਹ ਸਮੱਸਿਆ ਹੱਲ ਹੋਵੇਗੀ ਤਾਂ ਤੁਸੀਂ ਲੋਕ ਇਸ ਬਗੀਚੇ ਨੂੰ ਛੇਤੀ ਹੀ ਨਸ਼ਟ ਕਰ ਦੇਵੋਗੇ।
( ਪੰਜਾਬੀ ਰੂਪ: ਦਲਵੀਰ ਗਿੱਲ )
Author: Gurbhej Singh Anandpuri
ਮੁੱਖ ਸੰਪਾਦਕ