Home » ਖੇਤੀਬਾੜੀ » ਆਸਵੰਦੀ ਖਬਰ – ਪੰਜਾਬ ਚ ਇਸ ਵਾਰ ਝੋਨੇ ਹੇਠਲਾ ਰਕਬਾ 2,05,000 ਏਕੜ ਘਟਿਆ

ਆਸਵੰਦੀ ਖਬਰ – ਪੰਜਾਬ ਚ ਇਸ ਵਾਰ ਝੋਨੇ ਹੇਠਲਾ ਰਕਬਾ 2,05,000 ਏਕੜ ਘਟਿਆ

59 Views

ਜ਼ਮੀਨੀ ਪਾਣੀ ਦੇ ਗੰਭੀਰ ਸੰਕਟ ਵਿੱਚ ਘਿਰੇ ਦੇਸ ਪੰਜਾਬ ਲਈ ਇਹ ਆਸਵੰਦੀ ਖਬਰ ਹੈ ਕਿ ਪੰਜਾਬ ਵਿੱਚ ਇਸ ਵਾਰ ਝੋਨੇ ਹੇਠਲਾ ਰਕਬਾ 2,05,000 ਏਕੜ (83 ਹਜ਼ਾਰ ਹੈਕਟੇਅਰ) ਘਟਿਆ ਹੈ। ਲੰਘੇ ਸਾਲ ਪੰਜਾਬ ਵਿੱਚ 77.81 ਲੱਖ ਏਕੜ (32.49 ਲੱਖ ਹੈਕਟੇਅਰ) ਵਿੱਚ ਝੋਨਾ ਸੀ ਪਰ ਇਸ ਵਾਰ ਪੰਜਾਬ ਵਿੱਚ 75.76 ਲੱਖ ਏਕੜ (30.66 ਲੱਖ ਹੈਕਟੇਅਰ) ਵਿੱਚ ਝੋਨਾ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਮਹਿਕਮੇਂ ਅਤੇ ਪੰਜਾਬ ਦੇ ਆਮਦਨੀ ਮਹਿਕਮੇ ਵੱਲੋਂ ਇਸ ਵਾਰ ਦੀ ਕਰਵਾਈ ਗਈ ਗਰਦਾਵਰੀ ਵਿੱਚ ਸਾਹਮਣੇ ਆਈ ਹੈ। ਇਸ ਜਾਣਕਾਰੀ ਮੁਤਾਬਿਕ ਇਸ ਵਾਰ ਪੰਜਾਬ ਵਿੱਚ 1.28 ਲੱਖ ਏਕੜ ਰਕਬਾ ਝੋਨੇ ਹੇਠੋਂ ਨਿੱਕਲ ਕੇ ਕਪਾਹ ਹੇਠ ਗਿਆ ਹੈ। ਇਸੇ ਤਰ੍ਹਾਂ 44.5 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿੱਕਲ ਕੇ ਮੱਕੀ ਹੇਠ ਅਤੇ 32 ਹਜ਼ਾਰ ਏਕੜ ਰਕਬਾ ਹੋਰਨਾਂ ਫਸਲਾ ਹੇਠ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲਾਂ ਤੋਂ ਝੋਨੇ ਹੇਠ ਰਕਬਾ ਲਗਾਤਾਰ ਵਧਦਾ ਆ ਰਿਹਾ ਸੀ। ਸਾਲ 2016 ਵਿੱਚ 75.26 ਲੱਖ ਏਕੜ, ਸਾਲ 2017 ਵਿੱਚ 75.73 ਲੱਖ ਏਕੜ, ਸਾਲ 2018 ਵਿੱਚ 76.67 ਲੱਖ ਏਕੜ, ਸਾਲ 2019 ਵਿੱਚ 77.64 ਲੱਖ ਏਕੜ, ਸਾਲ 2020 ਵਿੱਚ 77.81 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਫਸਲ ਸੀ ਪਰ ਇਸ ਵਾਰ ਪੰਜਾਬ ਵਿੱਚ ਝੋਨੇ ਹੇਠਲਾ ਰਕਬਾ 2.05 ਲੱਖ ਏਕੜ ਘਟ ਕੇ 75.76 ਲੱਖ ਏਕੜ ਹੋਇਆ ਹੈ। ਪੰਜਾਬ ਨੂੰ ਆਪਣੀ ਜ਼ਮੀਨੀ ਪਾਣੀ ਦੀ ਵਰਤੋਂ ਹੰਢਣਸਾਰ ਬਣਾਉਣ ਲਈ ਝੋਨੇ ਹੇਠਲਾ ਰਕਬਾ ਘਟਾ ਕੇ 40 ਲੱਖ ਏਕੜ ਤੱਕ ਲਿਆਉਣ ਦੀ ਲੋੜ ਹੈ ਨਹੀਂ ਤਾਂ ਪੰਜਾਬ ਦੇ ਜ਼ਮੀਨੀ ਪਾਣੀ ਦਾ ਸੰਕਟ ਗੰਭੀਰ ਹੀ ਹੁੰਦਾ ਜਾਵੇਗਾ। ਇਸ ਵਾਰ ਝੋਨੇ ਹੇਠ ਰਕਬਾ ਘਟਣਾ ਇੱਕ ਚੰਗੀ ਸ਼ੁਰੂਆਤ ਹੈ ਪਰ ਇਹ ਹਾਲੀ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਂ ਮੋੜ ਕੇ ਖੁਸ਼ਹਾਲੀ ਦੇ ਰਾਹ ਉੱਤੇ ਪਾਉਣ ਦੇ ਅਤਿ ਲੋੜੀਂਦੇ ਪੈਂਡੇ ਦੇ ਸ਼ੁਰੂਆਤੀ ਕਦਮ ਹੀ ਕਹੇ ਜਾ ਸਕਦੇ ਹਨ। ਇਸ ਦਿਸ਼ਾ ਵਿੱਚ ਸਾਬਿਤ ਕਦਮੀ ਲਗਾਤਾਰ ਅੱਗੇ ਵਧਣ ਦੀ ਲੋੜ ਹੈ। ਪੰਜਾਬ ਦੇ ਜਿਹਨਾਂ ਵੀ ਜੀਆਂ ਨੇ ਇਸ ਪਾਸੇ ਕਦਮ ਪੁੱਟੇ ਹਨ ਅਤੇ ਆਪਣੀ ਪੈਲੀ ਵਿੱਚੋਂ ਝੋਨਾਂ ਘਟਾਇਆ ਹੈ, ਉਹ ਸਾਰੇ ਵਧਾਈ ਦੇ ਪਾਤਰ ਹਨ ਅਤੇ ਨਾਲ ਹੀ ਉਹਨਾਂ ਦੀ ਇਸ ਪਹਿਲਕਦਮੀ ਲਈ ਉਹਨਾਂ ਦਾ ਧੰਨਵਾਦ ਵੀ ਕਰਨਾ ਬਣਦਾ ਹੈ। ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਦੀ ਮੁਹਿੰਮ #ਝੋਨਾ_ਘਟਾਓ_ਪੰਜਾਬ_ਬਚਾਓ ਅਤੇ ਇਸ ਮੁਹਿੰਮ ਤਹਿਤ ਕੀਤੀ ਗਈ #ਜਲ_ਚੇਤਨਾ_ਯਾਤਰਾ ਦੌਰਾਨ ਸਾਨੂੰ ਵੀ ਪੰਜਾਬ ਦੇ ਕਈ ਪਰਵਾਸੀ ਜੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾ ਆਪਣੀ ਜ਼ਮੀਨ ਦਾ ਠੇਕਾ ਘਟਾ ਕੇ ਆਪਣੀ ਪੈਲੀ ਝੋਨਾ ਮੁਕਤ ਕਰਵਾਈ ਹੈ। ਕਈ ਨੌਕਰੀਪੇਸ਼ਾ ਜੀਆਂ, ਜੋ ਖੇਤੀ ਵੀ ਕਰਦੇ ਹਨ, ਨੇ ਵੀ ਆਪਣੀ ਜ਼ਮੀਨ ਵਿੱਚੋਂ ਇਸ ਵਾਰ ਝੋਨਾ ਘਟਾਉਣ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੀ। ਆਸ ਹੈ ਕਿ ਅਗਲੇ ਸਾਲਾਂ ਵਿੱਚ ਇਹ ਰਕਬਾ ਹੋਰ ਘਟੇਗਾ ਅਤੇ ਪੰਜਾਬ ਦੇ ਸਮਰੱਥ ਹਿੱਸੇ- ਜੋ ਕਿ ਖੇਤੀਬਾੜੀ ਉੱਤੇ ਨਿਰਭਰ ਨਹੀਂ ਹਨ (ਜਿਵੇਂ ਕਿ ਪਰਵਾਸੀ, ਨੌਕਰੀਪੇਸ਼ਾ ਅਤੇ ਪੇਸ਼ਾਵਰ ਵਰਗ) ਆਪਣੀ ਜ਼ਮੀਨ ਝੋਨਾ ਮੁਕਤ ਕਰਨ ਲਈ ਪਹਿਲਕਦਮੀ ਕਰਨਗੇ ਤਾਂ ਕਿ ਅਸੀਂ ਆਪਣੇ ਦੇਸ ਪੰਜਾਬ ਨੂੰ ਬੇਆਬ ਹੋਣ ਤੋਂ ਬਚਾ ਸਕੀਏ।

ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇੰਦਰ ਦੇ ਫੇਸਬੁੱਕ ਪੇਜ਼ ਤੋਂ ਧੰਨਵਾਦ ਸਹਿਤ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?