ਕਵੀ ਸਾਹਿਤਕਾਰ ਤੇ ਲਿਖਾਰੀ ਕੌਮ ਦਾ ਸਰਮਾਇਆ ਹੁੰਦੇ ਹਨ । ਜਿੱਥੇ ਸਿੱਖ ਧਰਮ ਦਾ ਵੱਡਮੁੱਲਾ ਸਾਹਿਤ ਕਈ ਸਿਰਕੱਢ ਲਿਖਾਰੀਆਂ ਨੇ ਲਿਖਿਆ ਹੈ ਉੱਨਾਂ ਵਿਚ ਇਕ ਨਾਮ ਅੱਖਾਂ ਅੱਗੇ ਆ ਜਾਂਦਾ ਹੈ ” ਭਾਈ ਕਾਨ੍ਹ ਸਿੰਘ ਜੀ ਨਾਭਾ ਦਾ , ਭਾਈ ਸਾਬ ਉੱਨੀਵੀਂ ਸਦੀ ਦੇ ਇਕ ਮਹਾਨ ਸਿੱਖ ਵਿਦਵਾਨ ਅਤੇ ਲੇਖਕ ਸਨ ਜੋ ਆਪਣੇ ਰਚੇ ਵਿਸ਼ਵ ਗਿਆਨਕੋਸ਼ ਗ੍ਰੰਥ , ਮਹਾਨ ਕੋਸ਼ ਕਰਕੇ ਜਾਣੇ ਜਾਂਦੇ ਹਨ । ਉੱਨਾਂ ਦੇ ਲਿਖੇ ਗ੍ਰੰਥ ਮਹਾਨ ਕੋਸ਼ ( ਗੁਰਸ਼ਬਦ ਰਤਨਾਕਰ ਮਹਾਨ ਕੋਸ਼ ) ਨੂੰ ਸਿੱਖੀ ਜ਼ਬਾਨ ਅਤੇ ਵਿਰਸੇ ਦਾ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਲ ਹੈ ।
— ਭਾਈ ਕਾਨ੍ਹ ਸਿੰਘ ਜੀ ਦਾ ਜਨਮ 30 ਅਗਸਤ 1861 ਈ ਨੂੰ ਪਿੰਡ ਸਬਜ਼ ਬਨੇਰਾ ਰਿਆਸਤ ਪਟਿਆਲਾ ਵਿੱਚ ਹੋਇਆ । ਇੰਨਾ ਦੇ ਪਿਤਾ ਭਾਈ ਨਰਾਇਣ ਸਿੰਘ ,ਗੁਰਦੁਆਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਸਨ ਤੇ ਆਪ ਜੀ ਦੇ ਮਾਤਾ ਹਰਿ ਕੌਰ ਜੀ ਸਨ ।
ਆਪ ਜੀ ਦੇ ਪਿਤਾ ਬਾਬਾ ਨਰਾਇਣ ਸਿੰਘ ਜੀ ਬੜੇ ਨਾਮ ਰਸੀਏ ਤੇ ਸਤਪੁਰਸ਼ ਸਨ । ਸਾਰਾ ਗੁਰੂ ਗ੍ਰੰਥ ਸਾਹਿਬ ਉੱਨਾਂ ਦੇ ਜ਼ੁਬਾਨੀ ਯਾਦ ਸੀ । ਭਾਈ ਕਾਨ੍ਹ ਸਿੰਘ ਜੀ ਜਦ 5 ਸਾਲ ਦੇ ਹੋਏ ਤਾਂ ਪਿਤਾ ਜੀ ਨੇ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ । ਭਾਈ ਕਾਨ੍ਹ ਸਿੰਘ ਜੀ ਜਦ ਵੱਡੇ ਹੋਏ ਤਾਂ ਭਾਈ ਭੂਪ ਸਿੰਘ ਦੇ ਜਥੇ ਤੋਂ ਜੋ ਬੜੇ ਵਿਦਵਾਨ ਤੇ ਸਮਝ ਬੂਝ ਵਾਲੇ ਸਨ , ਇੰਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਗੁਰਮੁਖੀ ਪੜ੍ਹਾਉਣੀ ਸ਼ੁਰੂ ਕੀਤੀ । ਆਪ ਜੀ ਨੇ ਪੰਡਤਾਂ ਤੋਂ ਸੰਸਕ੍ਰਿਤ , ਮੌਲਵੀਆਂ ਅਤੇ ਪ੍ਰੋ ਗੁਰਮੁਖ ਸਿੰਘ ਤੋਂ ਫ਼ਾਰਸੀ ਅਤੇ ਮਹੰਤ ਗੱਜਾ ਸਿੰਘ ਤੋਂ ਸੰਗੀਤ ਦੀ ਸਿੱਖਿਆ ਲਈ । ਆਪ ਜੀ ਦੇ 2 ਛੋਟੇ ਭਰਾ ਭਾਈ ਮੀਹਾਂ ਸਿੰਘ ਤੇ ਭਾਈ ਬਿਸ਼ਨ ਸਿੰਘ ਸਨ , ਆਪ ਜੀ ਦੀ ਇਕ ਭੈਣ ਬੀਬੀ ਕਾਨ੍ਹ ਕੌਰ ਜੋ ਸੰਨ 1867 ਵਿੱਚ ਜਨਮੀ ਅਤੇ ਛੋਟੀ ਉਮਰ ਵਿੱਚ ਹੀ ਗੁਜ਼ਰ ਗਈ । ਆਪ ਜੀ ਦਾ ਵਿਆਹ ਪਿੰਡ ਰਾਮਗੜ੍ਹ ,ਪਟਿਆਲਾ ਵਿੱਚ ਸ ਹਰਚਰਨ ਸਿੰਘ ਦੀ ਸਪੁੱਤਰੀ ਬੀਬੀ ਬਸੰਤ ਕੌਰ ਜੀ ਨਾਲ ਹੋਇਆ ਜਿੰਨ੍ਹਾਂ ਦੀ ਕੁੱਖੋਂ 1892 ਈ. ਵਿੱਚ ਭਾਈ ਭਗਵੰਤ ਸਿੰਘ ਨੇ ਜਨਮ ਲਿਆ ।
ਜਦ ਆਪ ਜੀ 20 ਸਾਲ ਦੇ ਹੋਏ ਤਾਂ ਇਨਾਂ ਦੇ ਸ਼ੌਂਕ ਨੂੰ ਉਤਸ਼ਾਹ ਦਿੰਦਿਆਂ ਇੰਨ੍ਹਾਂ ਦੇ ਕਵਿਤਾ ਤੇ ਸਾਹਿਤ ਦੇ ਉਸਤਾਦ ਭਾਈ ਭਗਵਾਨ ਸਿੰਘ ਦੁਗ ਤੋਂ ਫ਼ਾਰਸੀ ਸ਼ੁਰੂ ਕਰਵਾ ਦਿੱਤੀ । ਸੰਨ 1883 ਵਿੱਚ ਆਪ ਲਹੌਰ ਪਹੁੰਚੇ ਤੇ ਭਾਈ ਸੰਤ ਸਿੰਘ ਗਿਆਨੀ ਡੇਹਰਾ ਸਾਹਿਬ ਵਾਲਿਆਂ ਤੋਂ ਸਿੱਖ ਸਾਹਿਤ ਨਾਲ ਸਬੰਧ ਰੱਖਣ ਵਾਲੀਆਂ , ਜ਼ਫਰਨਾਮਾ , ਦੀਵਾਨ ਗੋਯਾ ਆਦਿ ਫ਼ਾਰਸੀ ਪੁਸਤਕਾਂ ਪੜੀਆਂ ਤੇ ਇਸ ਤਰ੍ਹਾਂ ਆਪ ਜੀ ਨੇ ਛੇਤੀ ਹੀ ਸਿੱਖ ਸਾਹਿਤ ਦਾ ਚੰਗੀ ਤਰ੍ਹਾਂ ਅਧਿਐਨ ਕਰ ਲਿਆ ।
ਓਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਕਿਤਾਬਾਂ ਲਿਖੀਆਂ ਅਤੇ ਅਖ਼ਬਾਰਾਂ ਅਤੇ ਰਸਾਲਿਆਂ ਵਾਸਤੇ ਵੀ ਕੰਮ ਕੀਤਾ। ਰਾਜ ਧਰਮ 1884 ਓਹਨਾਂ ਦੀ ਪਹਿਲੀ ਕਿਤਾਬ ਸੀ ਅਤੇ ਇਸਤੋਂ ਬਾਅਦ 1898 ਵਿੱਚ ਹਮ ਹਿੰਦੂ ਨਹੀਂ ਕਿਤਾਬ ਲਿਖੀ ਜੋ ਕਿ ਸਿੱਖ ਧਰਮ ਅਤੇ ਸਿੱਖ ਦੀ ਅਸਲੀ ਪਛਾਣ ’ਤੇ ਅਧਾਰਿਤ ਹੈ। ਉਸ ਵੇਲ਼ੇ ਜਦੋਂ ਹਿੰਦੂ, ਸਿੱਖ ਧਰਮ ਨੂੰ ਆਪਣਾ ਹਿੱਸਾ ਕਹਿ ਰਹੇ ਸਨ ਤਾਂ ਕਾਨ੍ਹ ਸਿੰਘ ਨੇ ਇਹ ਕਿਤਾਬ ਲਿਖ ਕੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ਼ੋ ਵਖਰਾ ਦੱਸਦਿਆਂ ਇਹਨਾਂ ਦੋਹਾਂ ਧਰਮਾਂ ਵਿਚਲੇ ਵਖਰੇਂਵੇਂ ਤੋਂ ਜਾਣੂ ਕਰਵਾਇਆ। ਇਸ ਵਿੱਚ ਹਿੰਦੂ ਅਤੇ ਸਿੱਖ ਦੇ ਸਵਾਲ ਜਵਾਬ ਅਤੇ ਵੇਦਾਂ, ਪੁਰਾਣਾਂ, ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਅਣਗਿਣਤ ਹਵਾਲੇ ਦਿੱਤੇ ਗਏ ਹਨ।
ਸਿੱਖੀ ਅਤੇ ਪੰਜਾਬੀ ਦੇ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਲ ਕਰਨ ਵਾਲ਼ਾ ਸ਼ਬਦ ਕੋਸ਼ , ਮਹਾਨ ਕੋਸ਼ , 14 ਸਾਲਾਂ ਦੀ ਖੋਜ ਤੋਂ ਬਾਅਦ 1926 ਵਿੱਚ ਮੁਕੰਮਲ ਹੋਇਆ। ਇਸ ਤੋਂ ਬਿਨਾਂ ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਛੰਦ ਦੀਵਾਕਰ, ਗੁਰਸ਼ਬਦ ਆਲੰਕਾਰ, ਗੁਰਮਤ ਮਾਰਤੰਡ,ਸਰਾਬ ਨਿਸ਼ੇਧ, ਰੂਪ ਦੀਪ ਪਿੰਗਲ ਆਦਿ ਕਈ ਕਿਤਾਬਾਂ ਲਿਖੀਆਂ। ਆਪ ਨੇ ਬਚਪਣ ਤੇ ਜਵਾਨੀ ਵਿਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਖ਼ਾਸ ਕਰ ਕੇ ਗੁਰਬਾਣੀ, ਸਿੱਖ ਤਵਾਰੀਖ਼ ਅਤੇ ਫ਼ਿਲਾਸਫ਼ੀ ਦਾ ਬਹੁਤ ਗਿਆਨ ਹਾਸਲ ਕੀਤਾ। 1883 ਵਿਚ ਆਪ ਲਾਹੌਰ ਚਲੇ ਗਏ ਜਿਥੇ ਆਪ ਦਾ ਮੇਲ ਪ੍ਰੋ. ਗੁਰਮੁਖ ਸਿੰਘ ਨਾਲ ਹੋਇਆ। ਇਸ ਨਾਲ ਹੀ ਆਪ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਗਏ। 1884 ਵਿਚ ਆਪ ਨੂੰ ਨਾਭਾ ਦੇ ਰਾਜੇ ਹੀਰਾ ਸਿੰਘ ਨੇ ਦਰਬਾਰ ਵਿਚ ਇਕ ਸੀਨੀਅਰ ਨੌਕਰੀ ‘ਤੇ ਰੱਖ ਲਿਆ। 1888 ਵਿਚ ਆਪ ਨੂੰ ਕੰਵਰ ਰਿਪੁਦਮਨ ਸਿੰਘ ਦਾ ਟਿਊਟਰ ਬਣਾ ਦਿਤਾ ਗਿਆ। 1893 ਵਿਚ ਆਪ ਨਾਭਾ ਦੇ ਰਾਜੇ ਦੇ ਪੀ.ਏ. ਬਣਾਏ ਗਏ। 1895 ਵਿਚ ਆਪ ਨੂੰ ਮੈਜਿਸਟਰੇਟ ਲਾ ਦਿਤਾ ਗਿਆ। 1896 ਵਿਚ ਆਪ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਏ ਗਏ। 1875 ਵਿਚ ਇਕ ਹਿੰਦੂ ਸਾਧੂ ਦਯਾਨੰਦ ਨੇ ਬੰਬਈ (ਹੁਣ ਮੁੰਬਈ) ਵਿਚ ਆਰੀਆ ਸਮਾਜ ਦੀ ਨੀਂਹ ਰਖੀ। ਉਹ ਅਪ੍ਰੈਲ 1877 ਵਿਚ ਪੰਜਾਬ ਵੀ ਆਇਆ। ਜੂਨ ਵਿਚ ਲਾਹੌਰ ਵਿਚ ਵੀ ਦਯਾਨੰਦ ਦੀ ਬ੍ਰਾਂਚ ਬਣ ਗਈ। ਕੁੱਝ ਚਿਰ ਬਾਅਦ ਸਾਧੂ ਦਯਾ ਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ਕ ਵੀ ਛਪ ਕੇ ਆ ਗਈ। ਇਸ ਕਿਤਾਬ ਵਿਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ, ਆਗੂਆਂ ਤੇ ਪ੍ਰਚਾਰਕਾਂ ਵਿਰੁਧ ਘਟੀਆ ਲਫ਼ਜ਼ ਲਿਖੇ ਹੋਏ ਸਨ। ਜਦੋਂ ਸਿੱਖਾਂ ਹੀ ਨਹੀਂ ਬਲਕਿ ਕੁੱਝ ਸਿਆਣੇ ਹਿੰਦੂਆਂ ਨੇ ਵੀ ਉਸ ਦਾ ਧਿਆਨ ਇਸ ਪਾਸੇ ਵਲ ਦਿਵਾਇਆ ਤਾਂ ਉਸ ਨੇ ਵਾਅਦਾ ਕੀਤਾ ਕਿ ਅਗਲੀ ਐਡੀਸ਼ਨ ਸੋਧ ਕੇ ਛਾਪੀ ਜਾਵੇਗੀ। ਪਰ ਦਯਾ ਨੰਦ 1883 ਵਿਚ ਮਰ ਗਿਆ। ਉਸ ਮਗਰੋਂ ਤਾਂ ਕੱਟੜ ਫ਼ਿਰਕੂ ਆਰੀਆ ਸਮਾਜੀ ਅੰਸਰ ਨੇ ਇਸ ਵਿਚ ਸੋਧ ਕਰਨ ਤੋਂ ਨਾਂਹ ਕਰ ਦਿਤੀ। ਜੂਨ 2006 ਵਿਚ ਫਿਰ ਇਸ ਦੇ ਇਕ ਮੁਖੀ ਨੇ ਇਹ ਸੋਧ ਕਰਨ ਬਾਰੇ ਵਾਅਦਾ ਕੀਤਾ ਪਰ ‘ਪਰਨਾਲਾ ਉਥੇ ਦਾ ਉਥੇ’ ਹੀ ਰਿਹਾ। ਮਗਰੋਂ 1897 ਵਿਚ ਆਰੀਆ ਸਮਾਜ ਦੇ ਇਕ ਗਰੁੱਪ ਨੇ ਫਿਰ ਸਿੱਖਾਂ ਨੂੰ ਅਪਣੇ ਵਲ ਖਿੱਚਣ ਵਾਸਤੇ ਲਿਖਿਆ ਕਿ ਦਯਾ ਨੰਦ ਨੂੰ ਗੁਰਮੁਖੀ ਦੀ ਜਾਣਕਾਰੀ ਨਹੀਂ ਸੀ ਤੇ ਉਸ ਦੇ ਸਿੱਖ ਗੁਰੂਆਂ ਬਾਰੇ ਲਫ਼ਜ਼ ਦੂਜੇ ਦਰਜੇ ਦੀ ਜਾਣਕਾਰੀ ‘ਤੇ ਆਧਾਰਤ ਸਨ। ਇਸ ਸਫ਼ਾਈ ਮਗਰੋਂ ਫਿਰ ਕੁੱਝ ਸਿੱਖ ਇਨ੍ਹਾਂ ਨਾਲ ਜੁੜ ਗਏ। ਇਨ੍ਹਾਂ ਵਿਚੋਂ ਮੁੱਖ ਸਨ: ਜਗਤ ਸਿੰਘ ਤੇ ਬਾਵਾ ਨਾਰਾਇਣ ਸਿੰਘ। ਬਾਵਾ ਨਾਰਾਇਣ ਸਿੰਘ ਗ਼ਰੀਬ ਹੋਣ ਕਰ ਕੇ ਪੈਸੇ ਦਾ ਮੁਹਤਾਜ ਸੀ; ਆਰੀਆ ਸਮਾਜੀਆਂ ਨੇ ਇਹ ਤਾੜ ਲਿਆ ਅਤੇ ਉਸ ਦੀ ਬਹੁਤ ਮਾਲੀ ਮਦਦ ਕੀਤੀ। ਇਸ ਮਗਰੋਂ ਉਸ ਨੇ ਤਾਂ ਇਥੋਂ ਤਕ ਲਿਖ ਮਾਰਿਆ ਕਿ ਸਿੱਖ ਧਰਮ ਆਰੀਆ ਸਮਾਜ ਦਾ ਮੁਢਲਾ ਪੜਾਅ ਸੀ। ਇਸ ਮਗਰੋਂ 1899 ਵਿਚ ਲਾਲਾ ਠਾਕਰ ਦਾਸ ਅਤੇ ਭਾਈ ਨਾਰਾਇਣ ਸਿੰਘ ਨੇ ਸਿੱਖ ਹਿੰਦੂ ਹੈਨ ਕਿਤਾਬਚੀ ਲਿਖ ਕੇ ਨਵੀਂ ਚਰਚਾ ਛੇੜ ਦਿਤੀ। ਭਾਈ ਕਾਨ੍ਹ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖ ਕੇ ਇਸ ਦਾ ਮੂੰਹ ਤੋੜ ਜਵਾਬ ਦਿਤਾ। ਭਾਈ ਕਾਨ੍ਹ ਸਿੰਘ ਦੀ ਕਿਤਾਬ ਨੇ ਹਿੰਦੂਆਂ ਦੀ ਸਿੱਖਾਂ ਨੂੰ ਜਜ਼ਬ ਕਰਨ ਦੀ ਸਾਜ਼ਸ਼ ਨੂੰ ਫ਼ੇਲ ਕਰ ਦਿਤਾ। ਇਸ ਇਸ ਕਿਤਾਬ ਤੋਂ ਫ਼ਿਰਕੂ ਹਿੰਦੂ ਏਨੇ ਔਖੇ ਹੋਏ ਕਿ ਉਨ੍ਹਾਂ ਨੇ ਭਾਈ ਕਾਨ੍ਹ ਸਿੰਘ ਨਾਭਾ ਵਿਰੁਧ ‘ਜਹਾਦ’ ਸ਼ੁਰੂ ਕਰ ਦਿਤਾ। ਉਦੋਂ ਨਾਭੇ ਦਾ ਰਾਜਾ ਹੀਰਾ ਸਿੰਘ ਹਿੰਦੂਆਂ ਦਾ ਪਿਛਲੱਗ ਬਣਿਆ ਹੋਇਆ ਸੀ ਤੇ ਉਹ ਅਪਣੀ ਧੀ ਰਿਪੁਦਮਨ ਕੌਰ ਦਾ ਵਿਆਹ ਧੌਲਪੁਰ ਦੇ ਹਿੰਦੂ ਰਾਜੇ ਨਾਲ ਕਰਨਾ ਚਾਹੁੰਦਾ ਸੀ। ਜਦ ਭਾਈ ਕਾਨ੍ਹ ਸਿੰਘ ਨੇ ਵੇਖਿਆ ਕਿ ਹੁਣ ਰਾਜਾ ਹਿੰਦੂਆਂ ਨੂੰ ਖ਼ੁਸ਼ ਕਰਨ ਵਾਸਤੇ ਔਖਾ ਹੋਇਆ ਫਿਰਦਾ ਹੈ ਤਾਂ ਉਸ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਇਸ ਮਗਰੋਂ ਭਾਈ ਕਾਨ੍ਹ ਸਿੰਘ ਨਾਭਾ ਨੇ ਸਿੱਖ ਫ਼ਲਸਫ਼ੇ ਬਾਰੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ‘ਗੁਰਮਤਿ ਪ੍ਰਭਾਕਰ’ ਤੇ ‘ਗੁਰਮਤਿ ਸੁਧਾਕਰ’ ਲਿਖੀਆਂ। ਕੁੱਝ ਚਿਰ ਪਹਿਲਾਂ ਆਪ ਦਾ ਮੇਲ ਆਇਰਲੈਂਡ ਦੇ ਇਕ ਸੀਨੀਅਰ ਅਫ਼ਸਰ ਮੈਕਸ ਆਰਥਰ ਮੈਕਾਲਿਫ਼ ਨਾਲ ਹੋਇਆ। ਮੈਕਾਲਿਫ਼ ਨੇ ਭਾਈ ਜੀ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਹੁਤ ਕੁੱਝ ਲਿਖਿਆ। ਇਹ ਸਾਰਾ ਕੁੱਝ 1905 ਵਿਚ ‘ਸਿੱਖ ਰਿਲੀਜਨ’ ਨਾਂ ਦੀ ਕਿਤਾਬ ਦੇ ਰੂਪ ਵਿਚ ਛੇ ਜਿਲਦਾਂ ਵਿਚ ਛਪਿਆ। ਕਿਉਂਕਿ ਭਾਈ ਜੀ ਨੇ ਮੈਕਾਲਿਫ਼ ਦੀ ਬਹੁਤ ਮਦਦ ਕੀਤੀ ਸੀ ਇਸ ਕਰ ਕੇ ਉਹ ਇਸ ਕਿਤਾਬ ਦਾ ਕਾਪੀ ਰਾਈਟ ਭਾਈ ਜੀ ਨੂੰ ਦੇ ਗਏ ਸਨ। 6 ਫ਼ਰਵਰੀ, 1926 ਦੇ ਦਿਨ, ਸਾਢੇ 13 ਸਾਲ ਦੀ ਮਿਹਨਤ ਮਗਰੋਂ, ਮਹਾਨ ਕੋਸ਼ ਮੁਕੰਮਲ ਹੋ ਗਿਆ। ਇਸ ਦੀ ਛਪਾਈ ਪਟਿਆਲਾ ਦੇ ਰਾਜੇ ਭੁਪਿੰਦਰ ਸਿੰਘ ਨੇ ਅਪਣੇ ਖ਼ਰਚੇ ‘ਤੇ ਕਰਵਾਈ। ਦੁਨੀਆਂ ਦੇ ਹਰ ਇਕ ਸਿੱਖ ਲੇਖਕ ਅਤੇ ਸਿੱਖ ਧਰਮ ਤੇ ਤਵਾਰੀਖ਼ ਦੇ ਹਰ ਸਿੱਖ ਤੇ ਗ਼ੈਰ-ਸਿੱਖ ਲੇਖਕ ਨੇ ਅਪਣੀਆਂ ਰਚਨਾਵਾਂ ਵਾਸਤੇ ਮਹਾਨ ਕੋਸ਼ ਦੀ ਮਦਦ ਜ਼ਰੂਰ ਲਈ ਹੈ। ਭਾਈ ਕਾਨ੍ਹ ਸਿੰਘ ਨੇ ਇਸ ਤੋਂ ਇਲਾਵਾ ਗੁਰਮਤਿ ਮਾਰਤੰਡ, ਗੁਰੂ ਛੰਦ ਅਲੰਕਾਰ, ਗੁਰੂ ਗਿਰਾ ਕਸੌਟੀ, ਸ਼ਬਦ ਅਲੰਕਾਰ, ਰਾਜ ਧਰਮ ਕਿਤਾਬਾਂ ਅਤੇ ਬਹੁਤ ਸਾਰੇ ਲੇਖ ਵੀ ਲਿਖੇ ਸਨ। ਭਾਈ ਕਾਨ੍ਹ ਸਿੰਘ ਸਹੀ ਮਾਇਨਿਆਂ ਵਿਚ ਪੰਥ ਰਤਨ ਸਨ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ।
ਸੰਨ 1905 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪ੍ਰਕਰਮਾਂ ਵਿੱਚੋਂ ਬੁੱਤ ਪ੍ਰਸਤੀ ਸਿੰਘ ਸਭਾ ਲਹਿਰ ਵਾਲੇ ਉਠਾਉਣਾ ਚਾਹੁੰਦੇ ਸਨ ਤੇ ਸਨਾਤਨੀ ਖਿਆਲਾਂ ਦੇ ਭਰਮੀ ਸਿੱਖ ਉੱਨਾਂ ਦੇ ਇਸ ਖਿਆਲ ਦੇ ਉਲਟ ਸਨ । ਆਖਰ ਸਵਾਲ ਮਿਸਟਰ ਕਿੰਗ ਡਿਪਟੀ ਕਮਿਸ਼ਨਰ ਕੋਲ ਗਿਆ ਤੇ ਭਾਈ ਸਾਹਿਬ ਦੀ ਬੁੱਤ ਪ੍ਰਸਤੀ ਤੋਂ ਵਿਰੁੱਧ ਦਿੱਤੀ ਗਈ ਵਿਚਾਰ ਕਰਕੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚੋਂ ਸਭ ਹਿੰਦੂ ਦੇਵੀ ਦੇਵਤਿਆਂ ਦੀ ਮੂਰਤਾਂ ,ਬੁੱਤ ਹਟਾਏ ਗਏ ।
ਆਪ ਜੀ ਦੀ ਵਿੱਦਿਅਕ ਸੋਝੀ ਬੂਝ ਨੂੰ ਮੁੱਖ ਰੱਖਦੇ ਹੋਏ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਭਾਈ ਕਾਨ੍ਹ ਸਿੰਘ ਜੀ ਨੂੰ 3 ਅਪ੍ਰੈਲ 1931 ਨੂੰ ਅੰਮ੍ਰਿਤਸਰ ਹੋ ਰਹੀ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਪ੍ਰਧਾਨ ਥਾਪਿਆ ਗਿਆ । ਇਸ ਕਾਨਫਰੰਸ ਸਮੇਂ ਆਪ ਜੀ ਦਾ ਪ੍ਰਧਾਨਗੀ ਭਾਸ਼ਣ ਬਹੁਤ ਵਿਦਵਤਾ ਭਰਪੂਰ ਸੀ ।
ਆਪ ਜੀ ਦੀ ਸ਼ਖ਼ਸੀਅਤ ਬਹੁਤ ਵੱਡੀ ਸੀ । ਆਪ ਜੀ ਦਾ ਜੀਵਨ ਬਹੁਤ ਗੁਣਕਾਰੀ ਤੇ ਸਮਾਜ ਨੂੰ ਸੇਧ ਦੇਣ ਵਾਲਾ ਹੈ । ਆਪ ਸੰਗੀਤ ਦੇ ਚੰਗੇ ਵਿਦਵਾਨ ਹੋਣ ਕਰਕੇ ਆਪ ਕਈ ਵੱਡੇ ਵੱਡੇ ਸੰਗੀਤ ਦਰਬਾਰਾਂ ਦੇ ਪ੍ਰਧਾਨ ਵੀ ਰਹੇ ਸਨ । ਰਾਜਨੀਤੀ ਦੇ ਆਪ ਬਹੁਤ ਮਾਹਰ ਸਨ , ਇਸ ਲਈ ਮਹਾਰਾਜਾ ਨਾਭਾ ਨੇ ਆਪ ਦਾ ਉਪਨਾਮ ” ਨੀਤੀ ਜੀ ” ਰੱਖਿਆ ਹੋਇਆ ਸੀ ।
ਅਖੀਰ 77 ਸਾਲ ਦੀ ਉਮਰ ਵਿੱਚ ਆਪ 23 ਨਵੰਬਰ 1938 ਈ. ਨੂੰ ਅਕਾਲ ਚਲਾਣਾ ਕਰ ਗਏ ।
ਓਹਨਾਂ ਦੀ ਯਾਦ ਵਿਚ ਪਿੰਡ ਕਾਲਖ਼ ਦੇ NRI ਵੀਰਾਂ ,ਉੱਦਮੀ ਨੌਜਵਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਾਲਖ ਵਿਖੇ ਪਿਛਲੇ ਦੋ ਸਾਲ ਤੋਂ “ਪਬਲਿਕ ਲਾਇਬ੍ਰੇਰੀ” ਖੁੱਲ੍ਹੀ ਹੋਈ ਹੈ ।
ਰੁਪਿੰਦਰ ਸਿੰਘ
ਸੰਸਥਾ – ਭਾਈ ਕਾਨ੍ਹ ਸਿੰਘ ਨਾਭਾ
ਪਬਲਿਕ ਲਾਇਬ੍ਰੇਰੀ ਪਿੰਡ ਕਾਲਖ
( ਲੁਧਿਆਣਾ )
ਮੋ : 98556-27927
Author: Gurbhej Singh Anandpuri
ਮੁੱਖ ਸੰਪਾਦਕ