21 ਸਤੰਬਰ 1960 ਦੇ ਦਿਨ, ਕਰਨਾਲ ਚ, ਕੁੱਝ ਨਿੱਕੇ-੨ ਬੱਚੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਹਰੇ ਲਾਉਦੇ ਘੁੰਮ ਰਹੇ ਸਨ। ਇਹਨਾਂ ਚ ਭੁਪਿੰਦਰਾ ਹਾਈ ਸਕੂਲ, ਮੋਗਾ ਦਾ ਪੰਜਵੀਂ ਜਮਾਤ ਦਾ ਬੱਚਾ ਕਾਕਾ ਇੰਦਰਜੀਤ ਸਿੰਘ ਵੀਂ ਸੀ ਜੋ ਕਰਨਾਲ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਕਾਕਾ ਇੰਦਰਜੀਤ ਸਿੰਘ ਪੂਰੇ ਜੋਸ਼ ਨਾਲ, ਹੋਰਨਾਂ ਬੱਚਿਆ ਨਾਲ, ‘ਪੰਜਾਬੀ ਸੂਬਾ ਜਿੰਦਾਬਾਦ’, ‘ਵਾਹਿਗੁਰੂੂ ਜੀ ਕਾ ਖ਼ਾਲਸਾ, ਵਾਹਿਗੁਰੂੂ ਜੀ ਕੀ ਫ਼ਤਿਹ’, ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਹਰੇ ਲਗਾ ਰਿਹਾ ਸੀ ਕਿ ਪੁਲਿਸ ਨੇ ਆ ਕੇ ਇਹਨਾਂ ਨੂੰ ਘੇਰ ਲਿਆ ਤੇ ਨਾਹਰੇ ਬੰਦ ਕਰਨ ਲਈ ਦਬਾਅ ਪਾਉਣ ਲੱਗੇ। ਇਸ ‘ਤੇ ਕਾਕਾ ਇੰਦਰਜੀਤ ਸਿੰਘ ਨੇ ਅੱਗੇ ਆਕੇ ਕਿਹਾ ਕਿ ‘ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਅਸੀ ਡਰਨ ਵਾਲਿਆ ਚੋਂ ਨਹੀਂ ਹਾਂ, ਕਿਉਂਕਿ ਵਾਹਿਗੁਰੂ ਹਮੇਸਾ ਸਾਡੇ ਅੰਗ ਸੰਗ ਹੈਂ। ਏਸ ਕਰਾਰੇ ਜੁਆਬ ਤੇ ਪੁਲਿਸ ਵਾਲੇ ਭੜਕ ਉੱਠੇ ਤੇ ਦਰਿੰਦਗੀ ਤੇ ਉਤਰ ਆਏ ਤੇ ਬੱਚੇ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਤੇ ਤਾਅਨੇ ਮਾਰਦੇ ਹੋਏ ਕਹਿਣ ਲੱਗੇ ਕਿ ਆਪਣੇ ਗੁਰੂ ਨੂੰ ਬੁਲਾ ਕਿ ਉਹ ਤੈਨੂੰ ਬਚਾ ਲਏ ਕਿਉਂਕਿ ਹੁਣ ਤੂੰ ਮਰਨ ਜਾ ਰਿਹਾ।
ਬਹਾਦਰ ਭੁਝੰਗੀ ਸਿੰਘ ਗਰਜਿਆ ਕਿ ‘ਸਿੰਘਾਂ ਦੀ ਕਿਸਮਤ ਚ ਸ਼ਹੀਦ ਹੋਣਾ ਹੀ ਲਿਖਿਆ ਹੈਂ’ ਤੇ ਜੈਕਾਰੇ ਲਗਾਉੁਦੇ ਹੋਏ ਕਹਿਣ ਲੱਗਾ ਕਿ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇ ਛੋਟੀ ਉਮਰੇ ਸ਼ਹੀਦ ਹੋ ਸਕਦੇ ਹਨ ਤਾਂ ਮੈਂ ਵੀਂ ਓਸੇ ਸਰਬੰਸਦਾਨੀ ਦਾ ਸਿੰਘ ਹੋਕੇ ਸ਼ਹੀਦ ਕਿਉਂ ਨਹੀਂ ਹੋ ਸਕਦਾ?’
ਏਸ ਤੋਂ ਬਾਅਦ , ਜੋ ਕਹਿਰ ਇਸ ਬੱਚੇ ਤੇ ਵਾਪਰਿਆ ਉਹ ਦਿਲ ਨੂੰ ਹਿਲਾ ਦੇਣ ਵਾਲਾ ਸਾਕਾ ਸੀ। ਇਸ ਬੱਚੇ ਨੂੰ ਬਹੁਤ ਕੁਟਿਆ ਗਿਆ, ਫੇਰ ਲੱਤਾਂ ਗੋਲੀਆ ਨਾਲ ਭੁੰਨ ਸੁੱਟੀਆ ਤੇ ਫੇਰ ਇਸ ਮਾਸੂਮ ਦੀ ਪਹਿਲਾਂ ਤੋਂ ਹੀ ਜਖ਼ਮੀ ਬਾਂਹ ਨੂੰ ਤਸੀਹੇ ਦੇਕੇ ਵੱਢ ਦਿੱਤੀ, ਬੱਚਾ ਲਗਾਤਾਰ ਜੈਕਾਰੇ ਗਜਾ ਰਿਹਾ ਸੀ। ਪੁਲਿਸ ਵਾਲਿਆ ਦੀ ਦਰਿੰਦਗੀ ਦੀ ਇੱਥੇ ਹੀ ਬਸ ਨਹੀਂ, ਅੰਤ ਜਖਮੀ ਹਾਲਤ ਵਿੱਚ ਖੂਹ ਵਿੱਚ ਸੁੱਟ ਦਿੱਤਾ ਗਿਆ।
ਸਾਡਾ ਵੀਰ ਭਾਈ ਇੰਦਰਜੀਤ ਸਿੰਘ ਖੂਹ ਵਿੱਚ ਹੀ ਸਹਾਦਤ ਪਾ ਗਿਆ। ਇਸ ਵੀਰ ਦੀ ਉਮਰ ਉਸ ਵੇਲੇ 10 ਕੁ ਸਾਲ ਦੀ ਹੋਵੇਗੀ।
ਏਸ ਭੁਝੰਗੀ ਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਲੱਗੀ ਹੋਈ ਹੈਂ।
ਅੰਤ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦ ਵੀਂ ਦਰਬਾਰ ਸਾਹਿਬ ਜਾਓ, ਉੱਥੇ ਦੇ ਅਜਾਇਬ ਘਰ ਜਰੂਰ ਜਾਇਆ ਕਰੋ, ਖਾਸ ਕਰਕੇ ਜਦੋਂ ਬੱਚੇ ਸਾਥ ਹੋਣ,ਤਾਂ ਕਿ ਉਨਾ ਨੂੰ ਵੀ ਪਤਾ ਲੱਗੇ ਕਿ ਸਾਡੇ ਬਜਰੁਗਾ, ਕੌਮ ਲਈ ਕੀ-2 ਘਾਲਣਾ ਘਾਲੀਆ ਹਨ।
ਗੁਰਸ਼ਰਨ ਸਿੰਘ ਸੋਹਲ
#GursharnSinghSohal
#sikhsovereignty #Punjabisobhamorcha
Author: Gurbhej Singh Anandpuri
ਮੁੱਖ ਸੰਪਾਦਕ