ਸੰਸਾਰ ਦਾ ਇਕ ਬਦਨਾਮ ਲੁਟੇਰਾ ਨਾਦਰ ਸ਼ਾਹ ‘ਅਜੀਂ ਕੌਮ ਬੂਏ ਬਾਦਸ਼ਾਹੀ ਮੇਂ ਆਇਦ’, (ਅਰਥਾਤ ਇਨ੍ਹਾਂ ਪਾਸੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ), ਦੀ ਭਵਿਖਵਾਣੀ ਕਰਨ ਦੇ ਨਾਲ ਹੀ, ‘ਅਜਿਹੀ ਕੌਮ ਨੂੰ ਜਿਤਣਾ ਆਸਾਨ ਨਹੀਂ, ਜਿਸਨੂੰ ਖੁਦਾ ਦਾ ਤਕੀਆ (ਆਸਰਾ) ਹੈ’, ਦੀ ਚਿਤਾਵਨੀ ਦੇ ਕੇ ਆਪ ਤਾਂ ਆਪਣੇ ਦੇਸ਼ ਮੁੜ ਗਿਆ ਪਰ ਇਧਰ ਜ਼ਕਰੀਆ ਖਾਨ ਦੀ ਨੀਂਦਰ ਹਰਾਮ ਹੋ ਗਈ। ਉਸ ਨੂੰ ਦਿਨ-ਰਾਤ ਇਹੀ ਚਿੰਤਾ ਲੱਗੀ ਰਹਿੰਦੀ ਕਿ ਪਤਾ ਨਹੀਂ ਕਦੋਂ ਤੇ ਕਿਸ ਸਮੇਂ ਸਿੱਖ ਉਸ ਪਾਸੋਂ ਹਕੂਮਤ ਖੋਹ ਲੈਣਗੇ। ਨਾਦਰ ਸ਼ਾਹ ਦੇ ਇਹ ਸ਼ਬਦ ਉਸ ਦੇ ਕੰਨਾਂ ਵਿਚ ਦਿਨ-ਰਾਤ ਗੂੰਜਦੇ ਰਹਿੰਦੇ ਕਿ ਇਨ੍ਹਾਂ ਪਾਸੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ। ਅਜਿਹੀ ਕੌਮ ਨੂੰ ਜਿਤਣਾ ਆਸਾਨ ਨਹੀਂ, ਜਿਨ੍ਹਾਂ ਨੂੰ ਖੁਦਾ ਦਾ ਤਕੀਆ ਹੈ।
ਇਸ ਚਿੰਤਾ ਤੋਂ ਛੁਟਕਾਰਾ ਪਾਉਣ ਲਈ, ਉਸ ਫੈਸਲਾ ਕੀਤਾ ਕਿ ਉਹ ਹਰ ਹਾਲਤ ਵਿਚ ਸਿੱਖਾਂ ਦਾ ਖੁਰਾ-ਖੋਜ ਮਿਟਾ ਕੇ ਹੀ ਦਮ ਲਵੇਗਾ। ਉਸ ਨੇ ਆਪਣੇ ਚੌਧਰੀਆਂ, ਮੁਕਦਮਾਂ ਅਤੇ ਫ਼ੌਜਦਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਹੁਕਮ ਭੇਜੇ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉੇਣ ਲਈ ਹਰ ਜਾਇਜ਼-ਨਾਜਾਇਜ਼ ਤਰੀਕਾ ਵਰਤਣ। ਉਨ੍ਹਾਂ ਦਾ ਜਿਊਣਾ ਹਰਾਮ ਕਰ ਦੇਣ। ਉਸ ਨੇ ਮੰਡਿਆਲੀ ਦੇ ਚੌਧਰੀ ਮੱਸੇ ਰੰਘੜ ਨੂੰ ਅੰਮ੍ਰਿਤਸਰ ਪੁਜ, ਅੰਮ੍ਰਿਤ ਸਰੋਵਰ ਨੂੰ ਪੂਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਕੇ, ਸਿੱਖਾਂ ਦੇ ਹੌਂਸਲੇ ਢਾਹੁਣ ਦੀਆਂ ਵਿਸ਼ੇਸ਼ ਹਦਾਇਤਾਂ ਅਤੇ ਅਧਿਕਾਰ ਦਿੱਤੇ।
ਜ਼ਕਰੀਆ ਖਾਨ ਦਾ ਹੁਕਮ ਅਤੇ ਅਧਿਕਾਰ ਪ੍ਰਾਪਤ ਕਰ ਕੇ ਉਸ ਦੀ ਖੁਸ਼ਨੂਦੀ ਹਾਸਲ ਕਰਨ ਲਈ ਚੌਧਰੀਆਂ, ਮੁਕਦਮਾਂ ਅਤੇ ਫੌਜਦਾਰਾਂ ਨੇ ਸਿੱਖਾਂ ‘ਤੇ ਜ਼ੁਲਮ ਢਾਹੁਣ ਦੀ ਇੰਤਹਾ ਕਰ ਦਿੱਤੀ। ਜਿਥੇ-ਕਿਥੇ ਵੀ ਕੋਈ ਸਿੱਖ ਮਿਲਦਾ, ਉਸ ਨੂੰ ਉਥੇ ਹੀ ਕਤਲ ਕਰ ਦਿੱਤਾ ਜਾਂਦਾ। ਸਿੱਖਾਂ ਦੇ ਸਿਰਾਂ ਦਾ ਮੁੱਲ ਵਧਾ ਕੇ ਅੱਸੀ ਰੁਪਏ ਕਰ ਦਿੱਤਾ ਗਿਆ। ਚੌਧਰੀਆਂ, ਮੁਕਦਮਾਂ ਅਤੇ ਫੌਜਦਾਰਾਂ ਵਲੋਂ ਸਿੱਖਾਂ ਦੇ ਸਿਰਾਂ ਦੇ ਗੱਡੇ ਭਰ-ਭਰ ਲਾਹੌਰ ਭੇਜੇ ਜਾਣ ਲੱਗ ਪਏ ਤਾਂ ਜੋ ਜ਼ਕਰੀਆ ਖਾਨ ਨੂੰ ਉਨ੍ਹਾਂ ਵਲੋਂ ਸਿੱਖਾਂ ਨੂੰ ਖ਼ਤਮ ਕੀਤੇ ਜਾਣ ਦੇ ਯਤਨਾਂ ਦਾ ਪਤਾ ਚਲਦਾ ਰਹੇ। ਇਸ ਤਰ੍ਹਾਂ ਹੋ ਰਹੇ ਜ਼ੁਲਮ ਦੇ ਸਮੇਂ ਵਿਚ ਸਮਾਂ ਟਪਾਉਣ ਲਈ ਸਿੱਖ ਕਾਹਨੂੰਵਾਨ ਅਤੇ ਰਾਜਸਥਾਨ ਦੇ ਜੰਗਲਾਂ ਤੇ ਰੇਗਿਸਤਾਨਾਂ ਦੀਆਂ ਛੁਪਣਗਾਹਾਂ ਵਲ ਨਿਕਲ ਗਏ।
ਜਦੋਂ ਮੁਗ਼ਲ ਹਾਕਮਾਂ ਨੇ ਸਿੱਖਾਂ ਵਲੋਂ ਆਪਣੇ ਜ਼ੁਲਮਾਂ ਦਾ ਕੋਈ ਵੱਡਾ ਵਿਰੋਧ ਹੁੰਦਾ ਨਾ ਵੇਖਿਆ ਤਾਂ ਉਨ੍ਹਾਂ ਦੇ ਹੌਸਲੇ ਹੋਰ ਵੀ ਵੱਧ ਗਏ। ਮੱਸਾ ਰੰਘੜ ਦਨਦਨਾਉਂਦਾ ਹੋਇਆ, ਸ੍ਰੀ ਅੰਮ੍ਰਿਤਸਰ ਜਾ ਪੁਜਾ। ਉਸ ਨੇ ਅੰਮ੍ਰਿਤ ਸਰੋਵਰ ਪੂਰ ਦਿੱਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਚ ਆਪਣਾ ਦਰਬਾਰ ਲਾ ਲਿਆ। ਉਸ ਨੇ ਇਸ ਪਵਿਤਰ ਅਸਥਾਨ ‘ਤੇ ਸ਼ਰਾਬ ਦੇ ਦੌਰ ਚਲਾਉਣੇ ਅਤੇ ਕੰਜਰੀਆਂ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ।
ਨੇੜੇ-ਤੇੜੇ ਸੂਹ ਲੈਂਦੇ ਸਿੰਘਾਂ ਨੂੰ ਜਦੋਂ ਇਹ ਦੁਖਦਾਈ ਖ਼ਬਰ ਮਿਲੀ ਤਾਂ ਉਹ ਬਹੁਤ ਹੀ ਦੁਖੀ ਹੋਏ। ਭਾਈ ਬਲਾਕਾ ਸਿੰਘ ਨਾਂ ਦੇ ਇਕ ਸਿੰਘ ਨੇ ਫ਼ੈਸਲਾ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਰਾਜਸਥਾਨ ਦੇ ਰੇਗਿਸਤਾਨਾਂ ਵਿਚ ਟਿਕੇ ਸਿੰਘਾਂ ਤਕ ਇਹ ਦੁਖਦਾਈ ਖ਼ਬਰ ਜ਼ਰੂਰ ਪਹੁੰਚਾਏਗਾ। ਸੋ ਉਸ ਨੇ ਹਿੰਮਤ ਕੀਤੀ ਅਤੇ ਜੈਪੁਰ ਦੇ ਰੇਗਿਸਤਾਨਾਂ ਵਿਚਲੀਆਂ ਸਿੱਖਾਂ ਦੀਆਂ ਛੁਪਣਗਾਹਾਂ ਵਿਚ ਟਿਕੇ ਜਥੇਦਾਰ ਬੁੱਢਾ ਸਿੰਘ ਦੇ ਜਥੇ ਵਿਚ ਜਾ ਪੁੱਜਾ।
ਸਵੇਰੇ ਲੱਗੇ ਦੀਵਾਨ ਵਿਚ ਕਥਾ-ਕੀਰਤਨ ਦੀ ਸਮਾਪਤੀ ਤੋਂ ਬਾਅਦ ਜਥੇ ਦੇ ਇੱਕ ਮੁਖੀ ਭਾਈ ਮਹਿਤਾਬ ਸਿੰਘ ਨੇ ਪੰਜਾਬ ਤੋਂ ਆਏ ਸਿੱਖ ਭਾਈ ਬਲਾਕਾ ਸਿੰਘ ਪਾਸੋਂ ਪੰਜਾਬ ਦੇ ਹਾਲਾਤ ਪੁੱਛੇ ਤਾਂ ਉਸ ਦਾ ਦਿਲ ਭਰ ਆਇਆ, ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦੀ ਨਦੀ ਵਹਿ ਤੁਰੀ। ਕੁਝ ਦੇਰ ਤਕ ਉਸ ਦੇ ਮੂੰਹ ਵਿਚੋਂ ਕੋਈ ਗੱਲ ਨਾ ਨਿਕਲੀ। ਭਾਈ ਮਹਿਤਾਬ ਸਿੰਘ ਵਲੋਂ ਹੌਂਸਲਾ ਅਤੇ ਦਿਲਾਸਾ ਦਿੱਤੇ ਜਾਣ ‘ਤੇ ਕਿਸੇ ਤਰ੍ਹਾਂ ਭਾਈ ਬਲਾਕਾ ਸਿੰਘ ਸੰਭਲਿਆ ਤੇ ਬੋਲਿਆ, ਸਿੰਘ ਜੀ, ਕੁਝ ਨਾ ਪੁਛੋ ਕਿ ਪੰਜਾਬ ਦੀ ਕੀ ਹਾਲਤ ਹੈ, ਦਸਦਿਆਂ ਦਿੱਲ ਫੱਟਦਾ ਹੈ। ‘ਗਿਆਨੀ ਗਿਆਨ ਸਿੰਘ’ ਅਨੁਸਾਰ ਭਾਈ ਬਲਾਕਾ ਸਿੰਘ ਨੇ ਦਸਿਆ, ‘ਮੱਸਾ ਨਾਮ ਰੰਘੜ ਗੁਰੂ ਕੇ ਹਰਿਮੰਦਰ ਮੇਂ ਬੈਠਤ ਪਲੰਘ ਪਰ ਸਭਾ ਨਿਜ ਲਾਇ ਹੈ। ਦਿਨ ਕੋ ਤੋ ਕਰਾਵੈ ਤਹਾਂ ਕੰਚਨੀ ਕੋ ਨਾਚ ਨਿਤ, ਸੋਵਤ ਨਿਸਾ ਕੋ ਸੰਗ ਬੇਸਵਾ ਰਖਾਇ ਹੈ। ਉਡਤ ਸ਼ਰਾਬ ਤੈ ਕਬਾਬ ਸਭਾ ਤੁਰਕਨ ਮੇਂ ਪੀਵਤ ਹੁੱਕੇ ਵਹਿ ਥੁਕੈ ਮਨ ਭਾਇ ਹੈ।’
ਇਹ ਸੁਣ ਭਾਈ ਮਹਿਤਾਬ ਸਿੰਘ ਸਹਿਤ ਦੀਵਾਨ ਵਿਚ ਬੈਠੇ ਸਾਰੇ ਸਿੰਘਾਂ ਦਾ ਹਿਰਦਾ ਤੜਪ ਉਠਿਆ। ਭਾਈ ਮਹਿਤਾਬ ਸਿੰਘ ਗੁੱਸੇ ਵਿਚ ਆ ਗਿਆ ਤੇ ਉਸ ਨੇ ਭਾਈ ਬਲਾਕਾ ਸਿੰਘ ਨੂੰ ਤਾਅਨਾ ਮਾਰਦਿਆਂ ਆਖਿਆ ਕਿ ਇਹ ਸਾਰਾ ਅਪਮਾਨ ਤੇ ਦੁਰਦਸ਼ਾ ਵੇਖ ਤੂੰ ਇਥੇ ਨੱਸ ਆਇਆ ਹੈਂ, ਕਿਉਂ ਨਾ ਤੂੰ ਉਥੇ ਹੀ ਮਰ-ਖੱਪ ਗਿਉਂ?
ਇਹ ਤਾਅਨਾ ਸੁਣ ਭਾਈ ਬਲਾਕਾ ਸਿੰਘ ਤੜਪ ਉਠਿਆ। ਉਸ ਨੇ ਵੀ ਅਗੋਂ ਵਿਅੰਗ ਕਰਦਿਆਂ ਆਖਿਆ,
ਤੁਮ ਮਰਨੇ ਤੇ ਨਠ ਨਹ ਆਏ।
ਉਨ ਕੋ ਦੇਤ ਉਲਾਂਭਾ ਕਾਹੇ।
ਤੁਮ ਤਜ ਤੁਰਕਨ ਖਾਨ ਬਚ ਏ।
ਤੁਮਰੇ ਜੈਸੇ ਸਭ ਉਠਿ ਭਏ। …
ਜਾਨ ਬਚਾਇ ਜਿਮ ਦੇਸ ਤਜ ਆਯੋ ਧਾਈ।
ਤੈਸੇ ਹਮ ਤੁਮ ਸਮ ਔਰ ਨ ਰਹਾਏ ਹੈਂ।
ਲੋਕੀ ਆਖਦੇ ਹਨ ਕਿ ਉਹ ਸਿੱਖ ਖਤਮ ਹੋ ਗਏ ਹਨ, ‘ਜੰਗ ਜੋ ਮਚਾਵਤੇ ਥੇ ਲੂਟ ਕੂਟ ਖਾਵਤੇ ਥੇ। ਤੁਰਕਨ ਕੋ ਘਾਵਤੇ ਥੇ। ਨਿਤ ਪ੍ਰਤਿ ਧਾਇ ਕੇ। ਜਤੀ ਸਤੀ ਹਠੀ ਤਪੀ ਅਗੇ ਹਤੇ ਸਿੰਘ ਜੋਊ, ਬਸੈ ਸੋਊ ਅਬ ਸਭਿ ਗੁਰ ਪਰਿ ਜਾਇ ਕੈ।’ ਉਹ ਸਿੰਘ ਵੀ ਚਲੇ ਗਏ, ‘ਸਿੰਘ ਜੋ ਸਿਧਾਵਤੇ ਹੈ, ਜਪਤੇ ਅਕਾਲ ਕੋ ਅਕਾਲ ਸਿੰਘ ਸੂਰੇ ਪੂਰੇ, ਹਠੀ ਤਪੀ, ਜਪੀ, ਸਤੀ , ਜੰਗ ਖੁਸ਼ ਵੈ ਪਚਾਵਤੇ ਲੇਵਤੇ। ਸ਼ਹੀਦੀ ਜਾਮ ਜਾਲਤੇ ਰਸੀਲ ਜੇਊ, ਕਰਨੀ ਕੋ ਸਯਾਰ, ਨਾਮ ਸਿੰਘ ਹੈ ਕਹਾਵਤੇ।’ ਹੁਣ ਤਾਂ ਅਜਿਹੇ ਸਿੱਖ ਰਹਿ ਗਏ ਹਨ, ‘ਸੁਧਾ ਛਕ ਕੀਓ ਖਵਾਰੇ ਆਏ ਤਜ ਗੁਰਦੁਆਰੇ ਫਿਰਤ ਲੁਕਤ ਸਾਰੇ ਜਾਨ ਕੋ ਬਚਾਵਤੇ।’
ਜਦੋਂ ਇਹ ਗੱਲ ਸੁਣੀ ਤਾਂ ਭਾਈ ਮਹਿਤਾਬ ਸਿੰਘ ਦਾ ਹਿਰਦਾ ਹੋਰ ਵੀ ਤੜਪ ਉਠਿਆ,
ਯਹ ਸੁਨ ਸਿੰਘ ਜੀ ਚਿਪ ਲਗੀ
ਜਨ ਕਰ ਬਿਛੂ ਡਾਂਕ।
ਤਨ ਮਨ ਅਚਬੀ ਬਹੁ ਲਗੀ
ਚਿਤ ਧਾਰਯੋ ਮਨ ਨਿਧਾਂਕ।
ਉਸ ਦੇ ਅੰਦਰਲੇ ਨੇ ਉਸ ਨੂੰ ਲਾਅਨਤ ਪਾਈ, ‘ਓ ਮਹਿਤਾਬ ਸਿੰਘਾ, ਤੂੰ ਵੀ ਤਾਂ ਗੁਰੂ ਕਾ ਸਿੰਘ ਅਖਵਾਉਂਦਾ ਹੈਂ, ਤੇਰੀ ਸਿੱਖੀ ਦੀ ਅਣਖ ਕਿੱਥੇ ਹੈ? ਤੇਰੇ ਪਵਿੱਤਰ ਗੁਰਧਾਮਾਂ ਦਾ ਅਪਮਾਨ ਹੋ ਰਿਹਾ ਹੈ ਤੇ ਤੂੰ ਆਪਣੀ ਜਾਨ ਬਚਾਉਣ ਖਾਤਰ, ਇਨ੍ਹਾਂ ਜੰਗਲਾਂ-ਰੇਗਿਸਤਾਨਾਂ ਵਿਚ ਛੁਪਿਆ ਬੈਠਾ ਹੈਂ। ਕੀ ਤੇਰਾ ਦਿੱਲ, ਤੇਰੀ ਆਤਮਾ ਤੈਨੂੰ ਵੰਗਾਰਦੀ ਨਹੀਂ? ਕੀ ਤੂੰ ਪਵਿੱਤਰ ਗੁਰਧਾਮਾਂ ਦੇ ਅਪਮਾਨ ਨੂੰ ਦੁੱਧ ਵਾਂਗ ਪੀ ਜਾਏਂਗਾ?
ਅੰਦਰਲੇ ਦੀ ਲਾਅਨਤ ਸੁਣ, ਉਸ ਦੇ ਡੋਲੇ ਫਰਕਣ ਲੱਗੇ ਅਤੇ ਉਸ ਦੀਆਂ ਅੱਖਾਂ ਵਿਚ ਲਾਲੀ ਉਤਰ ਆਈ। ਉਸ ਨੇ ਉਸੇ ਵੇਲੇ ਮਿਆਨ ਵਿਚੋਂ ਕਿਰਪਾਨ ਧੂਹ ਕੇ ਪ੍ਰਣ ਕੀਤਾ ਕਿ ਜਦੋਂ ਤਕ ਸ੍ਰੀ ਹਰਿਮੰਦਰ ਸਹਿਬ ਦਾ ਅਪਮਾਨ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਖਾਲਸਾ ਪੰਥ ਦੇ ਚਰਨਾਂ ਵਿਚ ਲਿਆ ਕੇ ਨਾ ਸੁਟੇਗਾ, ਤਦ ਤਕ ਅੰਨ੍ਹ-ਜਲ ਗ੍ਰਹਿਣ ਨਹੀਂ ਕਰੇਗਾ। ਭਾਈ ਮਹਿਤਾਬ ਸਿੰਘ ਨੇ ਇਹ ਪ੍ਰਣ ਕਰ ਜ਼ੋਰ ਦਾ ਜੈਕਾਰਾ ਗਜਾਇਆ ਅਤੇ ਦੀਵਾਨ ‘ਚ ਜੁੜੇ ਖਾਲਸਾ-ਪੰਥ ਪਾਸੋਂ ਆਗਿਆ ਮੰਗੀ। ਭਾਈ ਮਹਿਤਾਬ ਸਿੰਘ ਦਾ ਜੋਸ਼ ਵੇਖ, ਭਾਈ ਸੁੱਖਾ ਸਿੰਘ ਵੀ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋ ਗਿਆ। ਖਾਲਸਾ-ਪੰਥ ਦਾ ਥਾਪੜਾ ਲੈ ਦੋਵੇਂ ਪੰਜਾਬ ਵਲ ਟੁਰ ਪਏ।
ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਨੇ ਭੇਸ ਬਦਲ ਲਿਆ ਤੇ ਹੱਥਾਂ ਵਿਚ ਠੀਕਰੀਆਂ ਭਰੀਆਂ ਥੈਲੀਆਂ ਫੜ ਲਈਆਂ ਜਿਨ੍ਹਾਂ ਵਿਚ ਠੀਕਰੀਆਂ ਦੇ ਉਪਰ ਕੁਝ ਸਿੱਕੇ ਪਾ ਲਏ ਤਾਂ ਜੋ ਉਨ੍ਹਾਂ ਦੀ ਛਣਕਾਟ ਨਾਲ ਥੈਲੀਆਂ ਦੇ ਸਿੱਕਿਆਂ ਨਾਲ ਭਰੇ ਹੋਣ ਦਾ ਭੁਲੇਖਾ ਪੈਂਦਾ ਰਹੇ। ਇਉਂ ਜਾਪੈ, ਜਿਵੇਂ ਕਿਸੇ ਪਿੰਡ ਦੇ ਚੌਧਰੀ ਮਾਮਲਾ ਤਾਰਨ ਆਏ ਹਨ। ਸ੍ਰੀ ਅੰਮ੍ਰਿਤਸਰ ਪੁਜ ਉਨ੍ਹਾਂ ਅਰਦਾਸ ਕੀਤੀ ਕਿ ਹੇ, ਸੱਚੇ ਪਾਤਸ਼ਾਹ! ਤੇਰੇ ਸਿੰਘ ਗੁਰਧਾਮਾਂ ਦੀ ਪਵਿੱਤਰਤਾ ਭੰਗ ਕਰਨ ਵਾਲੇ ਦਾ ਸਿਰ ਲਾਹੁਣ ਦਾ ਪ੍ਰਣ ਕਰ ਕੇ ਆਏ ਹਨ। ਤੂੰ ਬਲ ਬਖ਼ਸ਼ੀਂ ‘ਤੇ ਸਿਰ ਤੇ ਹੱਥ ਰੱਖੀਂ, ਜਿਸ ਨਾਲ ਤੇਰੇ ਇਹ ਨਾਚੀਜ਼ ਸਿੱਖ ਆਪਣਾ ਪ੍ਰਣ ਪੂਰਾ ਕਰ ਸਕਣ। ਅਰਦਾਸ ਤੋਂ ਬਾਅਦ ਉਨ੍ਹਾਂ ਨੂੰ ਇਉਂ ਜਾਪਿਆ, ਜਿਵੇਂ ਉਨ੍ਹਾਂ ਵਿਚ ਅੰਤਾਂ ਦੀ ਸ਼ਕਤੀ ਆ ਗਈ ਹੋਵੇ ਅਤੇ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਉਨ੍ਹਾਂ ਦੇ ਰਾਹ ਵਿਚ ਰੁਕਾਵਟ ਬਣ, ਖੜੀ ਨਹੀਂ ਹੋ ਸਕਦੀ। ਇਸੇ ਸਮੇਂ ਅਚਾਨਕ ਤੇਜ਼ੀ ਨਾਲ ਹਨੇਰੀ ਚਲ ਪਈ: ‘ਸੋਈ ਸਤਿਗੁਰ ਬਿਧ ਬਨਾਈ। ਸਿਖਰ ਦੁਪਹਿਰੀ ਮੈ ਬਣ ਆਈ। ਵਗੀ ਪਵਨ ਬਹੁ ਘਟਾ ਉਡਾਨਾ। ਇਮਕਰ ਕੀਨੋ ਮੁੱਖ ਛਪਾਨਾ।’ ਉਨ੍ਹਾਂ ਮੂੰਹ ਢਕ ਲਏ, ਜਿਵੇਂ ਉਨ੍ਹਾਂ ਹਨੇਰੀ ਦੇ ਮਿਟੀ-ਘਟੇ ਤੋਂ ਬਚਣ ਲਈ ਮੂੰਹ ਢਕੇ ਹੋਣ। ਉਹ ਘੋੜੇ ਦੜਾਉਂਦੇ ਸ੍ਰੀ ਹਰਿਮੰਦਰ ਸਾਹਿਬ ਜਾ ਪੁਜੇ।
ਦੋਵੇਂ ਨਿਡਰਤਾ ਨਾਲ ਮੁਸਲਮਾਨੀ ਭੇਸ ਬਣਾਈ, ਗੱਲ ਵਿਚ ਕਿਰਪਾਨ ਤੇ ਮੋਢੇ ਤੇ ਨੇਜਾ ਲਟਕਾਈ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਪੁਜੇ। ਮੱਸਾ ਰੰਗੜ ਸ੍ਰੀ ਹਰਿਮੰਦਰ ਸਾਹਿਬ ਦੇ ਵਿਚਕਾਰ ਬੈਠਾ ਹੁੱਕਾ ਗੁੜਗੁੜਾ ਰਿਹਾ ਸੀ ਤੇ ਉਸ ਦੇ ਆਸ-ਪਾਸ ਬੈਠੇ ਦਰਬਾਰੀ ਨਸ਼ੇ ਵਿਚ ਗੜੁੱਚ ਝੂਮ ਰਹੇ ਸਨ ਅਤੇ ਨਾਚੀਆਂ ਨੱਚ ਰਹੀਆਂ ਸਨ।
ਦੋਹਾਂ ਬਹਾਦਰਾਂ ਨੇ ਅੱਗੇ ਹੋ, ਥੈਲੀਆਂ ਮੱਸੇ ਰੰਘੜ ਦੇ ਅੱਗੇ ਸੁਟੀਆਂ। ਜਿਉਂ ਹੀ ਉਸ ਨੇ ਉਨ੍ਹਾਂ ਥੈਲੀਆਂ ਨੂੰ ਚੁੱਕਣ ਲਈ ਸਿਰ ਝੁਕਇਆ, ਤਿਉਂ ਹੀ ਭਾਈ ਮਹਿਤਾਬ ਸਿੰਘ ਨੇ ਬਿਜਲੀ ਦੀ ਫੁਰਤੀ ਨਾਲ ਕਿਰਪਾਨ ਕੱਢ, ਉਸ ਦੀ ਗਰਦਨ ‘ਤੇ ਮਾਰੀ ਜਿਸ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਦੂਰ ਜਾ ਡਿੱਗਿਆ। ਭਾਈ ਸੁੱਖਾ ਸਿੰਘ ਨੇ ਫੁਰਤੀ ਨਾਲ ਨੇਜਾ ਮਾਰ, ਉਸ ਵਿਚ ਮੱਸੇ ਰੰਘੜ ਦਾ ਸਿਰ ਟੰਗ ਲਿਆ ਅਤੇ ਤੇਜ਼ੀ ਨਾਲ ਦੋਵੇਂ ਸਿੰਘ ਜੈਕਾਰੇ ਗਜਾਉਂਦੇ ਬਾਹਰ ਵਲ ਦੌੜ ਪਏ। ਅਚਾਨਕ ਹੋਏ ਹਮਲੇ ਨੇ ਦਰਬਾਰੀਆਂ ਦੇ ਹੋਸ਼ ਉਡਾ ਦਿੱਤੇ। ਜਦੋਂ ਤਕ ਉਨ੍ਹਾਂ ਨੂੰ ਕੁਝ ਸਮਝ ਆਉਂਦਾ ਤੇ ਉਹ ਸੰਭਲਦੇ ਤਦ ਤਕ ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਉਹ ਗਏ, ਉਹ ਗਏ ਹੋ ਗਏ।
ਅੰਮ੍ਰਿਤਸਰ ਤੋਂ ਵਾਹੋਦਾਹੀ ਘੋੜੇ ਦੁੜਾ ਉਹ ਰਾਜਸਥਾਨ ਦੇ ਉਨ੍ਹਾਂ ਰੇਗਿਸਤਾਨਾਂ ਵਿਚ ਜਾ ਪੁਜੇ, ਜਿਥੇ ਖ਼ਾਲਸੇ ਨੇ ਡੇਰੇ ਲਾਏ ਹੋਏ ਸਨ। ਜੈਕਾਰੇ ਗਜਾਉਂਦਿਆਂ, ਉਨ੍ਹਾਂ ਮੱਸੇ ਰੰਘੜ ਦਾ ਸਿਰ ਖ਼ਾਲਸਾ-ਪੰਥ ਦੇ ਚਰਨਾਂ ਵਿਚ ਜਾ ਰਖਿਆ। ਭਾਈ ਮਹਿਤਾਬ ਸਿੰਘ ਨੇ ਆਪਣਾ ਪ੍ਰਣ ਪੂਰਾ ਕਰ ਅੰਨ-ਜਲ ਗ੍ਰਹਿਣ ਕੀਤਾ।
ਜਿਸ ਬਹਾਦਰੀ ਨਾਲ ਸਿੰਘ ਮੱਸੇ ਰੰਘੜ ਦਾ ਸਿਰ ਵੱਢ ਕੇ ਲੈ ਗਏ, ਉਸ ਨਾਲ ਮੁਗ਼ਲ ਫੌਜੀਆਂ ਵਿਚ ਹਫੜਾ-ਦਫੜੀ ਦੇ ਨਾਲ ਹੀ ਸਹਿਮ ਵੀ ਫੈਲ ਗਿਆ। ਉਹ ਸੁੱਤੇ-ਸੁੱਤੇ ਹੀ ‘ਸਿੱਖ ਆ ਪਏ, ਸਿੱਖ ਆ ਪਏ’ ਬੁੜਬੁੜਾਉਂਦੇ ਨਸ ਉਠਦੇ। ਇਧਰ ਇਸ ਸ਼ਾਨਦਾਰ ਸਫਲਤਾ ਨੇ ਸਿੱਖਾਂ ਵਿਚ ਨਵਾਂ ਜੋਸ਼ ਭਰਿਆ ਅਤੇ ਉਨ੍ਹਾਂ ਨੂੰ ਨਵਾਂ ਉਤਸ਼ਾਹ ਮਿਲਿਆ। ਉਨ੍ਹਾਂ ਇਕ ਵਾਰ ਫਿਰ ਜ਼ਾਲਮਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਸੀ।
Author: Gurbhej Singh Anandpuri
ਮੁੱਖ ਸੰਪਾਦਕ