20ਵੀਂ ਸਦੀ ਵਿਚ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਚੱਲੀ। ਇਸ ਗੁਰਦੁਆਰਾ ਸੁਧਾਰ ਲਹਿਰ ਸਮੇਂ ਗੁਰੂ ਲਈ ਆਪਾ ਵਾਰਨ ਵਾਲੇ ਜਿਹੜੇ ਪੰਥਕ ਹੀਰੇ ਪੈਦਾ ਹੋਏ, ਉਨ੍ਹਾਂ ਹੀਰਿਆਂ ਵਿਚੋਂ ਇਕ ਚਮਕਦਾ ਹੀਰਾ ਸੀ ਸਿੰਘ ਸਾਹਿਬ ਜਥੇਦਾਰ ਅੱਛਰ ਸਿੰਘ।
ਸਿੰਘ ਸਾਹਿਬ ਅੱਛਰ ਸਿੰਘ ਦਾ ਜਨਮ 18 ਜਨਵਰੀ, 1892 ਈ: ਨੂੰ ਮਾਤਾ ਗੰਗੀ ਜੀ ਦੀ ਕੁੱਖੋਂ ਸ: ਹਾਕਮ ਸਿੰਘ ਦੇ ਗ੍ਰਹਿ ਪਿੰਡ ਘਣੀਏ ਕੇ ਤਹਿਸੀਲ ਤੇ ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਆਪ ਦਾ ਪਰਿਵਾਰ ਇਕ ਸਾਧਾਰਨ ਕਿਸਾਨ ਪਰਿਵਾਰ ਸੀ। ਆਪ ਦੇ ਭਰਾ ਜੋ ਬਰਮਾ ਮਿਲਟਰੀ ਪੁਲਿਸ ਵਿਚ ਨੌਕਰੀ ਕਰਦੇ ਸਨ, ਬਾਲਕ ਅੱਛਰ ਸਿੰਘ ਨੂੰ ਵੀ ਬਰਮਾ ਲੈ ਗਏ। ਭਾਈ ਅੱਛਰ ਸਿੰਘ ਨੇ ਬਰਮਾ ਜਾ ਕੇ ਸ਼ਬਦ ਕੀਰਤਨ, ਢੋਲਕੀ, ਛੈਣਿਆਂ ਨਾਲ ਕਰਨਾ ਸਿੱਖ ਲਿਆ ਅਤੇ ਉਥੋਂ ਹੀ ਰਜਮੈਂਟ ਦੇ ਗ੍ਰੰਥੀ ਸਿੰਘ ਅਤੇ ਗੁਰਮੁਖ ਸੰਗੀਆਂ ਦੀ ਸਹਾਇਤਾ ਨਾਲ ਪੂਰੀ ਮਿਹਨਤ ਕਰਕੇ ਗੁਰਮੁਖੀ ਤੇ ਗੁਰਬਾਣੀ ਪੜ੍ਹੀ ਤੇ ਯਾਦ ਕੀਤੀ। ਆਪ ਉਰਦੂ, ਅੰਗਰੇਜ਼ੀ, ਫਾਰਸੀ, ਹਿੰਦੀ ਤੇ ਬਰਮੀ ਵੀ ਪੜ੍ਹ ਲਿਖ ਲੈਂਦੇ ਸਨ। ਭਾਈ ਨਿਧਾਨ ਸਿੰਘ ਆਲਮ ਨੇ ਆਪ ਨੂੰ ਹਰਮੋਨੀਅਮ ਨਾਲ ਕੀਰਤਨ ਕਰਨਾ ਸਿਖਾਇਆ। ਆਪ ਦੇ ਭਰਾਵਾਂ ਦੀ ਪਲਟਨ ਦੇ ਇਕ ਮੇਜਰ ਨੇ ਆਪ ਦੀ ਯੋਗਤਾ ਨੂੰ ਭਾਂਪਦਿਆਂ ਛੋਟੀ ਉਮਰ ਹੋਣ ਦੇ ਬਾਵਜੂਦ 12 ਦਸੰਬਰ, 1906 ਈ: ਨੂੰ ਬਰਮਾ ਮਿਲਟਰੀ ਪੁਲਿਸ ਵਿਚ ਨੌਕਰ ਭਰਤੀ ਕਰਵਾ ਦਿੱਤਾ। ਭਾਈ ਅੱਛਰ ਸਿੰਘ ਜਦ ਛੁੱਟੀ ਲੈ ਕੇ ਆਪਣੇ ਪਿੰਡ ਮਿਲਣ ਆਏ ਤਾਂ 21 ਫਰਵਰੀ, 1917 ਈ: ਨੂੰ ਅੰਮ੍ਰਿਤਪਾਨ ਕਰ ਲਿਆ। ਭਾਈ ਸਾਹਿਬ ਦੇ ਚੰਗੇ ਸੁਭਾਅ ਅਤੇ ਭਗਤੀ ਭਾਵ ਦਾ ਅੰਗਰੇਜ਼ ਅਫ਼ਸਰਾਂ ‘ਤੇ ਬਹੁਤ ਅਸਰ ਸੀ। ਆਪ ਨੇ ਪਹਿਲੀ ਵੱਡੀ ਜੰਗ ਸਮੇਂ 14 ਸਿੱਖ ਰਜਮੈਂਟ ਨਾਲ ਮਿਲ ਕੇ ਮਿਸਰ, ਤੁਰਕੀ ਤੇ ਅਰਬ ਦੇ ਮੋਰਿਚਆਂ ਵਿਚ ਭਾਗ ਲਿਆ। ਪਰ 20 ਫਰਵਰੀ, 1921 ਨੂੰ ਵਾਪਰੇ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੀ ਖ਼ਬਰ ਸੁਣ ਕੇ ਅੰਗਰੇਜ਼ ਵਿਰੁੱਧ ਰੋਸ ਜਾਗਿਆ ਅਤੇ ਆਪ ਦੇ ਅਫ਼ਸਰਾਂ ਦੇ ਰੋਕਣ ਦੇ ਬਾਵਜੂਦ ਆਪਣਾ ਨਾਂਅ ਕਟਵਾ ਕੇ ਨੌਕਰੀ ਛੱਡ ਕੇ ਦੇਸ਼ ਆ ਗਏ।
ਭਾਈ ਅੱਛਰ ਸਿੰਘ ਦੇਸ਼ ਆਉਂਦਿਆਂ ਸਾਰ ਹੀ ਸੈਂਟਰਲ ਮਾਝਾ ਖਾਲਸਾ ਦੀਵਾਨ ਦੇ ਧਰਮ ਪ੍ਰਚਾਰ ਕਾਰਜ ਲਈ ਗਰਮਜੋਸ਼ੀ ਨਾਲ ਜੁੱਟ ਗਏ ਅਤੇ ਪੂਰੀ ਸਰਗਰਮੀ ਨਾਲ ਅਕਾਲੀ ਲਹਿਰ ਵਿਚ ਸ਼ਾਮਿਲ ਹੋ ਗਏ। ਜਦ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋਇਆ ਤਾਂ ਆਪ ਨੂੰ ਪਹਿਲੇ ਜਥੇ ਵਿਚ ਗੁਰੂ ਕੇ ਬਾਗ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਨੌਜਵਾਨ ਭਾਈ ਅੱਛਰ ਸਿੰਘ ਨੇ ਜਥੇਬੰਦਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਅਤੇ ਗੁਰਮਤਿ ਪ੍ਰਚਾਰ ਲਈ ਬਹੁਤ ਮਿਹਨਤ ਕੀਤੀ। ਗੁਰਦੁਆਰਾ ਸੁਧਾਰ ਲਹਿਰ ਜ਼ੋਰਾਂ ‘ਤੇ ਸੀ। ਇਸ ਸਮੇਂ ਭਾਈ ਅੱਛਰ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਹੋਇਆਂ 9 ਫਰਵਰੀ, 1924 ਈ: ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਜਥੇਦਾਰ ਅੱਛਰ ਸਿੰਘ ਜੈਤੋ ਜਾਣ ਵਾਲੇ ਸ਼ਹੀਦੀ ਜਥਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਕਰਦੇ ਸਨ। ਇਸੇ ਦੋਸ਼ ਵਿਚ ਆਪ ਦੇ ਵਾਰੰਟ ਜਾਰੀ ਹੋਏ ਅਤੇ ਆਪ ਨੇ 7 ਮਈ, 1924 ਈ: ਨੂੰ ਘੰਟਾ ਘਰ ਵਾਲੇ ਪਾਸੇ ਗ੍ਰਿਫ਼ਤਾਰੀ ਦਿੱਤੀ। ਆਪ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਆਪ ‘ਤੇ ਮੁਕੱਦਮਾ ਚੱਲਿਆ ਅਤੇ ਆਪ ਨੂੰ ਡੇਢ ਸਾਲ ਕੈਦ ਦੀ ਸਜ਼ਾ ਹੋਈ। ਆਪ 1925 ਈ: ਦੇ ਅਖੀਰ ਵਿਚ ਕੇਂਦਰੀ ਜੇਲ੍ਹ ਮੀਆਂਵਾਲੀ ਤੋਂ ਰਿਹਾਅ ਹੋਏ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਸ਼ੇਰ-ਇ-ਅਮਰ ਸਿੰਘ ਜੋ ਲਾਹੌਰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ, ਨੇ ਜਥੇਦਾਰ ਅੱਛਰ ਸਿੰਘ ਨੂੰ 20 ਜਨਵਰੀ, 1927 ਈ: ਨੂੰ ਗੁਰਦੁਆਰਾ ਡੇਹਰਾ ਸਾਹਿਬ ਦਾ ਮੁੱਖ ਗ੍ਰੰਥੀ ਥਾਪ ਕੇ ਸੇਵਾ ਸੌਂਪੀ। ਮਹਾਰਾਜਾ ਰਣਜੀਤ ਸਿੰਘ ਦੀ 100 ਸਾਲਾ ਬਰਸੀ ਸਮੇਂ ਜਥੇਦਾਰ ਅੱਛਰ ਸਿੰਘ ਨੇ ਸ਼ਹਿਰ ਦੇ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਨੂੰ ਇਕ ਸਟੇਜ ‘ਤੇ ਲਿਆ ਖੜ੍ਹਾ ਕੀਤਾ। ਜਥੇਦਾਰ ਅੱਛਰ ਸਿੰਘ ਨੇ 14 ਸਾਲ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸੇਵਾ ਕੀਤੀ।
ਜਥੇਦਾਰ ਅੱਛਰ ਸਿੰਘ 1940 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਥਾਪੇ ਗਏ ਅਤੇ 1962 ਈ: ਤੱਕ ਇਥੇ ਹੀ ਸੇਵਾ ਕਰਦੇ ਰਹੇ। ਜਥੇਦਾਰ ਅੱਛਰ ਸਿੰਘ ਗੁਰਮਤਿ ਦੇ ਪ੍ਰਪੱਕ ਧਾਰਨੀ ਸਨ। ਜਥੇਦਾਰ ਅੱਛਰ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਦੇ ਨਾਲ-ਨਾਲ 23 ਮਈ, 1955 ਈ: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ। ਆਪ ਨੇ ਇਹ ਸੇਵਾ 8 ਨਵੰਬਰ, 1962 ਈ: ਤੱਕ ਨਿਭਾਈ। ਇਸੇ ਦੌਰਾਨ 29 ਨਵੰਬਰ, 1961 ਨੂੰ ਆਪ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨ ਨੇ ਪੰਜ ਪਿਆਰਿਆਂ ਦੇ ਰੂਪ ਵਿਚ ਮਾਸਟਰ ਤਾਰਾ ਸਿੰਘ ਨੂੰ ਅਰਦਾਸ ਵਿਚ ਕੀਤੇ ਪ੍ਰਣ ਨੂੰ ਤੋੜਨ ਦੇ ਦੋਸ਼ ਵਿਚ, ਸੰਤ ਫਤਹਿ ਸਿੰਘ ਨੂੰ ਵਰਤ ਤੁੜਵਾਉਣ ਦੇ ਦੋਸ਼ ਵਿਚ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਹਾਜ਼ਰ ਮੈਂਬਰਾਂ ਨੂੰ ਵਰਤ ਤੋੜਨ ਹਿਤ ਮਤਾ ਕਰਨ ਦੇ ਦੋਸ਼ ਵਿਚ ਤਨਖਾਹ ਲਾਉਣ ਦਾ ਇਤਿਹਾਸਕ ਫ਼ੈਸਲਾ ਸੁਣਾਇਆ। ਜਥੇਦਾਰ ਅੱਛਰ ਸਿੰਘ ਪੂਰਨ ਗੁਰਸਿੱਖ ਰਹਿੰਦੇ ਹੋਏ ਪੰਥਕ ਏਕਤਾ ਦੇ ਹਾਮੀ ਸਨ। ਜਿਸ ਸਮੇਂ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਵਿਚਕਾਰ ਝਗੜੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਤਾਂ ਆਪ ਦਾ ਮਨ ਬਹੁਤ ਦੁਖੀ ਹੋਇਆ। ਜਥੇਦਾਰ ਅੱਛਰ ਸਿੰਘ ਨੇ ਅਕਾਲੀ ਦਲ ਦੇ ਝਗੜੇ ਨੂੰ ਦੇਖਦਿਆਂ ਹੋਇਆਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ। ਮਾਸਟਰ ਤਾਰਾ ਸਿੰਘ ਧੜੇ ਵਾਲੇ ਅਕਾਲੀ ਦਲ ਨੇ 4 ਦਸੰਬਰ, 1962 ਈ: ਨੂੰ ਆਪ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ। ਜਥੇਦਾਰ ਜੀ ਅਕਾਲੀ ਦਲ ਦੀ ਫੁੱਟ ਤੋਂ ਬਹੁਤ ਮਾਯੂਸ ਹੋ ਗਏ ਅਤੇ 22 ਜਨਵਰੀ, 1964 ਈ: ਨੂੰ ਆਪਣਾ ਅਸਤੀਫ਼ਾ ਦੇ ਕੇ ਜ਼ਿੰਦਗੀ ਸਿਮਰਨ ਕਰਕੇ ਬਤੀਤ ਕਰਨ ਲੱਗੇ।
ਸ਼੍ਰੋਮਣੀ ਅਕਾਲੀ ਦਲ ਦੀ ਆਲ ਇੰਡੀਆ 15ਵੀਂ ਕਾਨਫ਼ਰੰਸ 7 ਦਸੰਬਰ, 1963 ਈ: ਨੂੰ ਨਵਾਬ ਕਪੂਰ ਸਿੰਘ ਨਗਰ ਕਰਨਾਲ ਵਿਖੇ ਹੋਈ। ਇਸ ਕਾਨਫ਼ਰੰਸ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ ਸ: ਬੂਟਾ ਸਿੰਘ ਸਾਬਕਾ ਪ੍ਰਧਾਨ ਸਿੱਖ ਗੁਰਦੁਆਰਾ ਜੂਡੀਸ਼ੀਅਲ ਕਮਿਸ਼ਨ ਸਨ। ਇਸ ਕਾਨਫ਼ਰੰਸ ਵਿਚ ਫ਼ੌਜਾਂ ਵਿਚ ਸਿੱਖੀ ਪ੍ਰਚਾਰ ਦੀ ਲੋੜ, ਸਿੱਖ ਧਰਮ ਪ੍ਰਚਾਰ ਦੀ ਲੋੜ ਆਦਿ ਵਿਸ਼ਿਆਂ ‘ਤੇ ਭਾਸ਼ਣ ਦਿੱਤੇ ਗਏ। ਜਥੇਦਾਰ ਅੱਛਰ ਸਿੰਘ ਨੇ ਆਪਣੇ ਭਾਸ਼ਣ ਵਿਚ ਅਕਾਲੀ ਦਲ ਦੇ ਦੋਵਾਂ ਧੜਿਆਂ ਦੀ ਏਕਤਾ ‘ਤੇ ਜ਼ੋਰ ਦਿੱਤਾ।
ਜਥੇਦਾਰ ਅੱਛਰ ਸਿੰਘ ਅਖੀਰ 6 ਅਗਸਤ, 1976 ਈ: ਨੂੰ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅੰਮ੍ਰਿਤਸਰ ਵਿਖੇ ਰਾਤ ਨੂੰ ਸਾਢੇ ਨੌ ਵਜੋਂ ਗੁਰੂ ਚਰਨਾਂ ਵਿਚ ਜਾ ਬਿਰਾਜੇ।
#ਪੰਜਾਬਬੋਲਦਾਂ
Author: Gurbhej Singh Anandpuri
ਮੁੱਖ ਸੰਪਾਦਕ