*
ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਨਰਹਨ ਪਿੰਡ ਵਿਚ ਦਲਿਤ ਨੂੰਹਾਂ ਧੀਆਂ ਉਪਰ ਜਾਤੀਵਾਦੀ ਗੁੰਡਿਆਂ ਦੀ ਦਹਿਸ਼ਤ ਤੋੜੀ
ਇਹ ਅਨੋਖੀ ਕਹਾਣੀ ਉੱਤਰ ਪ੍ਰਦੇਸ਼ ਦੇ ਜਾਲੌਨ ਦੇ ਨਰਹਨ ਪਿੰਡ ਦੀ ਰਹਿਣ ਵਾਲੀ ਜੁਝਾਰੂ ਦਲਿਤ ਬੀਬੀ ਰੀਤਾ ਦੇਵੀ ਦੀ ਹੈ ਜੋ ਦਲਿਤ ਹਿਤਾਂ ਲਈ ਜੂਝ ਰਹੀ ਹੈ। ਇਸ ਦਾ ਪਿੰਡ ਡਾਕੂ ਤੋਂ ਸਿਆਸਤਦਾਨ ਬਣੀ ਫੂਲਨ ਦੇਵੀ ਦੇ ਪਿੰਡ ਦੇ ਬਿਲਕੁਲ ਨੇੜੇ ਹੈ।ਬੀਬੀ ਰੀਤਾ ਦਾ ਕਹਿਣਾ ਹੈ ਕਿ ਨਰਹਨ ਪਿੰਡ ਵਿੱਚ ਉੱਚ ਜਾਤੀਆਂ ਦਾ ਦਬਦਬਾ ਸੀ। ਉਹ ਕਿਸੇ ਵੀ ਦਲਿਤ ਨੂੰ ਸ਼ਾਮ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ। ਦਲਿਤ ਪਰਿਵਾਰਾਂ ਦੀਆਂ ਨੂੰਹਾਂ ਨੂੰ ਅਗਵਾ ਕਰ ਲੈਂਦੇ ਸਨ। ਬਾਪੂ ਪੁਲਿਸ ਵਿੱਚ ਇੰਸਪੈਕਟਰ ਸਨ, ਇੱਕ ਦਿਨ ਉਨ੍ਹਾਂ ਦਾ ਸਵਰਨ ਜਾਤੀ ਦੇ ਗੁੰਡੇ ਦੇ ਨਾਲ ਨਾਲ ਝਗੜਾ ਹੋ ਗਿਆ ਅਤੇ ਗੁੱਸੇ ਵਿੱਚ ਉਹਨਾਂ ਨੇ ਉਸਨੂੰ ਗੋਲੀ ਮਾਰ ਦਿੱਤੀ। ਪਾਪਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਚ ਜਾਤੀ ਦੇ ਗੁੰਡਿਆਂ ਨੇ ਸਾਨੂੰ ਹੋਰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਰੀਤਾ ਦਸਦੀ ਹੈ ਕਿ ਜਦੋਂ ਮੈਂ ਘਰੋਂ ਬਾਹਰ ਜਾਂਦੀ ਸੀ ਤਾਂ ਇੱਕ ਹੱਥ ਵਿੱਚ ਕੁਹਾੜੀ ਅਤੇ ਦੂਜੇ ਵਿੱਚ ਦਾਤਰੀ ਲੈ ਕੇ ਜਾਂਦੀ ਸੀ ਤਾਂ ਕਿ ਕੋਈ ਗੁੰਡਾ ਮੇਰੇ ਉੱਤੇ ਹਮਲਾ ਨਾ ਕਰ ਸਕੇ। ਪੜ੍ਹਨਾ ਚਾਹੁੰਦੀ ਸੀ, ਪਰ ਅੱਠਵੀਂ ਤੋਂ ਬਾਅਦ ਪੜ੍ਹਾਈ ਛੱਡਣੀ ਪਈ। ਜੇਲ ਤੋਂ ਆਉਣ ਤੋਂ ਬਾਅਦ ਮੇਰੇ ਪਿਤਾ ਨੇ ਮੇਰਾ ਜਲਦੀ ਵਿਆਹ ਕਰ ਦਿੱਤਾ ਤਾਂ ਜੋ ਮੈਂ ਆਪਣੇ ਸਹੁਰੇ ਘਰ ਅਮਨ ਸ਼ਾਂਤੀ ਨਾਲ ਰਹਿ ਸਕਾਂ ਪਰ ਉਥੇ ਹਾਲਾਤ ਹੋਰ ਵੀ ਮਾੜੇ ਸਨ।ਰੀਤਾ ਦੱਸਦੀ ਹੈ, ‘ਸਹੁਰੇ ਘਰ ਆਏ ਨੂੰ ਦੋ-ਤਿੰਨ ਸਾਲ ਹੀ ਹੋਏ ਸਨ। ਉੱਚ ਜਾਤੀ ਦੇ ਲੜਕੇ ਨੇ ਦਲਿਤ ਪਰਿਵਾਰ ਦੀ ਧੀ ਨੂੰ ਅਗਵਾ ਕਰ ਲਿਆ। ਅਗਲੇ ਦਿਨ ਪੰਚਾਇਤ ਹੋਈ, ਪਰ ਮੁੰਡੇ ਨੂੰ ਸਜ਼ਾ ਨਾ ਹੋਈ। ਪੀੜਤ ਪਰਿਵਾਰ ਨੂੰ ਪਿੰਡ ਛੱਡਣਾ ਪਿਆ।
ਇਸੇ ਤਰ੍ਹਾਂ ਇਕ ਵਾਰ ਠਾਕੁਰ ਜਾਤੀ ਦੇ ਲੋਕਾਂ ਨੇ ਮੇਰੇ ‘ਤੇ ਚੋਰੀ ਦਾ ਦੋਸ਼ ਲਗਾਇਆ। ਜਦੋਂ ਮੈਂ ਚੋਰੀ ਤੋਂ ਇਨਕਾਰ ਕੀਤਾ ਤਾਂ ਉਹ ਮੇਰੇ ਨਾਲ ਕੁੱਟਮਾਰ ਕਰਨ ਲਈ ਡੰਡੇ ਲੈ ਕੇ ਆਏ। ਮੈਂ ਵੀ ਉਹਨਾਂ ‘ਤੇ ਕੁਹਾੜੇ ਨਾਲ ਹਮਲਾ ਕੀਤਾ।ਉਹ ਦੌੜ ਗਏ।ਬਸ ਉਸੇ ਦਿਨ ਹੀ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਉਹਨਾਂ ਦੇ ਜ਼ੁਲਮ ਦੇ ਖਿਲਾਫ ਜੂਝਾਂਗੀ ਹੈ।ਮੈਂ ਘਰੋਂ ਬਾਹਰ ਜਾਣ ਲੱਗ ਪਈ। ਪਿੰਡ ਤੋਂ 35 ਕਿਲੋਮੀਟਰ ਦੂਰ ਪੈਦਲ ਹੀ ਮੈਂ ਬਜ਼ਾਰ ਜਾਂਦੀ ਸੀ ਤੇ 6 ਮਹੀਨਿਆਂ ਦਾ ਰਾਸ਼ਨ ਲੈ ਕੇ ਵਾਪਸ ਆਉਂਦੀ ਸੀ। ਇਸ ਨਾਲ ਹੋਰ ਔਰਤਾਂ ਨੂੰ ਵੀ ਹਿੰਮਤ ਮਿਲੀ ਅਤੇ ਉਹ ਵੀ ਬਾਹਰ ਜਾਣ ਲੱਗ ਪਈਆਂ।ਰੀਤਾ ਦੱਸਦੀ ਹੈ, ‘ਜਦੋਂ ਪਤੀ 3 ਸਾਲ ਦਾ ਸੀ ਤਾਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੇ ਅਨਾਥ ਦੀ ਜ਼ਿੰਦਗੀ ਬਤੀਤ ਕੀਤੀ। ਉੱਚ ਜਾਤੀ ਦਾ ਵਿਤਕਰਾ ਏਨਾ ਜ਼ਿਆਦਾ ਸੀ ਕਿ ਉਹ ਮਜ਼ਦੂਰੀ ਕਰਵਾਉਣ ਦੇ ਬਾਵਜੂਦ ਪੈਸੇ ਨਹੀਂ ਦਿੰਦੇ ਸਨ। ਕਈ ਵਾਰ ਮਜ਼ਦੂਰੀ ਮੰਗਣ ‘ਤੇ ਜਾਗੀਰਦਾਰ ਗੁੰਡੇ ਉਨ੍ਹਾਂ ਦੀ ਕੁਟਮਾਰ ਕਰਦੇ ਸਨ। ਇਸੇ ਲਈ ਮੇਰੇ ਪਤੀ ਤੇ ਦਲਿਤ ਗੁਆਂਢੀ ਸ਼ਹਿਰ ਜਾ ਕੇ ਕੰਮ ਕਰਨ ਲਗ ਪਏ।ਰੀਤਾ ਦਾ ਕਹਿਣਾ ਹੈ ਕਿ ਪਿੰਡ ਵਿੱਚ ਉੱਚ ਜਾਤੀਆਂ ਨੂੰ ਸਰਕਾਰੀ ਸਹੂਲਤਾਂ ਮਿਲਦੀਆਂ ਹਨ ਪਰ ਅਧਿਕਾਰੀਆਂ ਵੱਲੋਂ ਦਲਿਤਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ।ਰੀਤਾ ਦੱਸਦੀ ਹੈ ਕਿ ਪਹਿਲਾਂ ਇੱਥੇ 5-6 ਦਲਿਤ ਪਰਿਵਾਰ ਸਨ, ਪਰ ਗੁੰਡਿਆਂ ਦੇ ਸ਼ੋਸ਼ਣ ਅਤੇ ਗਰੀਬੀ ਕਾਰਨ ਇਹ ਸਾਰੇ ਦਲਿਤ ਉੱਤਰ ਪ੍ਰਦੇਸ਼ ਦੇ ਓਰਾਈ, ਕਾਲਪੀ, ਕਾਨਪੁਰ ਅਤੇ ਗੁਜਰਾਤ, ਮੁੰਬਈ, ਦਿੱਲੀ ਵਰਗੇ ਸ਼ਹਿਰਾਂ ਵਿੱਚ ਚਲੇ ਗਏ। ਦਰਅਸਲ, ਇਹ ਦਲਿਤ ਉੱਚ ਜਾਤੀ ਦੇ ਲੋਕਾਂ ਤੋਂ ਕਰਜ਼ਾ ਲੈਂਦੇ ਸਨ, ਜਿਸ ਤੋਂ ਬਾਅਦ ਇਹਨਾਂ ਦਲਿਤਾਂ ਕੋਲੋਂ ਅੰਗੂਠੇ ਲਗਵਾ ਕੇ ਉਹਨਾਂ ਦੇ ਘਰ-ਬਾਰ ਉਪਰ ਜਾਗੀਰਦਾਰ ਕਬਜ਼ਾ ਕਰ ਲੈਂਦੇ ਸਨ।
ਰੀਤਾ ਦਸਦੀ ਹੈ ਕਿ ਗੁੰਡਿਆਂ ਨੇ ਮੇਰੀ ਸਾਰੀ ਜ਼ਮੀਨ ‘ਤੇ ਕਬਜ਼ਾ ਕਰ ਲਿਆ। ਜਦੋਂ ਪੰਚਾਇਤ ਹੋਈ ਤਾਂ ਸਾਨੂੰ ਇੱਕ ਸਾਲ ਦਾ ਸਮਾਂ ਮਿਲਿਆ। ਇਸ ਤੋਂ ਬਾਅਦ ਮੈਂ ਆਪਣੇ ਦਮ ‘ਤੇ ਕਮਾਉਣਾ ਸ਼ੁਰੂ ਕਰ ਦਿੱਤਾ। ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਸ਼ੂ ਪਾਲਣ ਲਗ ਪਈ। ਇਸ ਤੋਂ ਬਾਅਦ 26,000 ਰੁਪਏ ਜਮ੍ਹਾਂ ਕਰਵਾ ਕੇ ਮੈਂ ਆਪਣਾ ਸਾਰਾ ਖੇਤ ਜਾਗੀਰਦਾਰ ਤੋਂ ਮੁਕਤ ਕਰਵਾ ਲਿਆ।ਰੀਤਾ ਦੀ ਦਲਿਤ ਬਸਤੀ ਦੇ ਆਲੇ-ਦੁਆਲੇ ਉੱਚ ਜਾਤੀ ਦੇ ਲੋਕਾਂ ਦੇ ਘਰ ਹਨ। ਉਹ ਦੱਸਦੀ ਹੈ, ‘ਜਦੋਂ ਉਹ ਵਿਆਹ ਕੇ ਆਈ ਤਾਂ ਇਥੇ ਬਸਤੀ ‘ਤੇ ਉੱਚ ਜਾਤੀਆਂ ਦਾ ਏਨਾ ਦਬਦਬਾ ਸੀ ਕਿ ਉਹ ਘਰ ਦੇ ਨਾਲੇ ਦਾ ਪਾਣੀ ਵੀ ਬਾਹਰ ਨਹੀਂ ਨਿਕਲਣ ਦਿੰਦੇ ਸਨ। ਅਸੀਂ ਉਨ੍ਹਾਂ ਦੇ ਦਰਵਾਜ਼ੇ ਦੇ ਅੱਗੋਂ ਨਹੀਂ ਲੰਘ ਸਕਦੇ ਸਾਂ।ਉੱਚ ਜਾਤੀ ਦੇ ਲੋਕ ਆਪਣੇ ਘਰਾਂ ਦੇ ਬਾਹਰ ਮੰਜਿਆਂ ‘ਤੇ ਸੌਂਦੇ ਸਨ। ਜੇਕਰ ਅਸੀਂ ਸਵੇਰੇ 4 ਵਜੇ ਜੰਗਲ ਪਾਣੀ ਲਈ ਜਾਂਦੀਆਂ ਸਾਂ ਤਾਂ ਰਸਤੇ ਵਿਚ ਜੇਕਰ ਸਾਡੀ ਸਾੜ੍ਹੀ ਵੀ ਉਨ੍ਹਾਂ ਦੇ ਮੰਜੇ ਨੂੰ ਛੂਹ ਜਾਂਦੀ ਸੀ ਤਾਂ ਪੰਚਾਇਤ ਬੁਲਾ ਕੇ ਸਾਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਹੁਣ ਉਚ ਜਾਤੀਆਂ ਦੀ ਧੱਕੇਸ਼ਾਹੀ ਵਿਰੁੱਧ ਮੁਹਿੰਮ ਛੇੜਨੀ ਪਵੇਗੀ।ਮੈਂ ਦਲਿਤਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਘਰ-ਘਰ ਜਾ ਕੇ ਉਨ੍ਹਾਂ ਨੂੰ ਕਾਨੂੰਨ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿਤੀ। ਉਸਨੇ ਦਸਿਆ ਕਿ ਜਿਨ੍ਹਾਂ ਸਕੂਲਾਂ ਵਿੱਚ ਦਲਿਤਾਂ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ, ਉਨ੍ਹਾਂ ਨੂੰ ਮੈਂ ਉਥੇ ਦਾਖ਼ਲਾ ਦਿਵਾਇਆ। ਅੱਜ ਮੈਂ 15 ਪਿੰਡਾਂ ਵਿੱਚ 800 ਤੋਂ ਵੱਧ ਦਲਿਤ ਬੱਚਿਆਂ ਨੂੰ ਸਿੱਖਿਆ ਨਾਲ ਜੋੜ ਚੁਕੀ ਹਾਂ। ਪ੍ਰਸ਼ਾਸਨ ਦੀ ਮਦਦ ਨਾਲ ਪਿੰਡਾਂ ਵਿੱਚ ਲਾਇਬ੍ਰੇਰੀਆਂ ਉਸਾਰੀਆਂ ਹਨ ਤਾਂ ਜੋ ਦਲਿਤ ਬਚੇ ਗਿਆਨ ਹਾਸਲ ਕਰ ਸਕਣ। 2015 ਵਿੱਚ, ਰੀਤਾ ‘ਬੁੰਦੇਲਖੰਡ ਦਲਿਤ ਅਧਿਕਾਰ ਮੰਚ’ ਵਿੱਚ ਸ਼ਾਮਲ ਹੋ ਗਈ।ਉਹ ਕਹਿੰਦੀ ਹੈ, ‘ਦਲਿਤ ਬੱਚਿਆਂ ਨੂੰ ਸਕੂਲ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਕਾਰਨ ਦਰਜਨਾਂ ਬੱਚਿਆਂ ਦਾ ਸਕੂਲ ਜਾਣਾ ਛਡ ਦਿੱਤਾ।ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਨ੍ਹਾਂ ਦਲਿਤ ਬੱਚਿਆਂ ਨੂੰ ਪਿੱਛੇ ਬੈਠਾਇਆ ਜਾਂਦਾ ਸੀ। ਮਿਡ-ਡੇ-ਮੀਲ ਸਮੇਂ ਵੱਖਰੀ ਥਾਲੀ ਦਿੱਤੀ ਜਾਂਦੀ ਸੀ।ਅਸੀਂ ਇਨ੍ਹਾਂ ਬੱਚਿਆਂ ਦੀ ਕੌਂਸਲਿੰਗ ਕੀਤੀ। ਪਿ੍ੰਸੀਪਲ ਅਤੇ ਬਲਾਕ ਸਿੱਖਿਆ ਅਫ਼ਸਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਾਪਸ ਸਕੂਲ ਦਾਖਲ ਕਰਵਾਇਆ | ਇਸ ਦੇ ਨਾਲ ਹੀ ਮੈਂ ਪਿੰਡਾਂ ਵਿੱਚ ਲਾਇਬ੍ਰੇਰੀਆਂ ਸ਼ੁਰੂ ਕਰ ਦਿੱਤੀਆਂ। ਹੁਣ ਤੱਕ ਸਾਡੀ ਟੀਮ ਨੇ ਚਾਰ-ਚਾਰ ਡਾਕਟਰ ਅੰਬੇਡਕਰ ਦੇ ਨਾਮ ਲਾਇਬ੍ਰੇਰੀਆਂ ਸ਼ੁਰੂ ਕੀਤੀਆਂ ਹਨ। ਇੱਥੇ ਸਾਡੇ ਵਲੰਟੀਅਰ 200 ਤੋਂ ਵੱਧ ਬੱਚਿਆਂ ਨੂੰ ਪੜ੍ਹਾਉਂਦੇ ਹਨ।ਉਹ ਦਸਦੀ ਹੈ ਕਿ ਉਸਨੇ 15 ਪਿੰਡਾਂ ਵਿੱਚ 800 ਤੋਂ ਵੱਧ ਦਲਿਤ ਬੱਚਿਆਂ ਨੂੰ ਸਿੱਖਿਆ ਨਾਲ ਜੋੜਿਆ , ਅਣਗਿਣਤ ਦਲਿਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਅਤੇ ਉਚ ਜਾਤੀ ਦੇ ਗੁੰਡਿਆਂ ਤੋਂ ਦਲਿਤਾਂ ਦੀਆਂ ਜ਼ਮੀਨਾਂ ਆਜ਼ਾਦ ਕਰਾਕੇ ਦਿਤੀਆਂ ਹਨ।
ਅਸੀਂ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਲਗਭਗ 400 ਲੋਕਾਂ ਨੂੰ ਘਰ, ਬੁਢਾਪਾ ਪੈਨਸ਼ਨ, ਪਖਾਨੇ ਮੁਹੱਈਆ ਕਰਵਾਏ ਹਨ।
ਜਿਹੜੇ ਉੱਚ ਜਾਤੀ ਦੇ ਲੋਕ ਦਲਿਤਾਂ ਉਪਰ ਤਸ਼ੱਦਦ ਕਰਦੇ ਹਨ, ਉਨ੍ਹਾਂ ਵਿਰੁੱਧ ਕਾਨੂੰਨੀ ਲੜਾਈ ਲੜਨ ਲਈ ਪੀੜਤ ਦਲਿਤਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਸਾਡੀ ਟੀਮ ਵਿੱਚ ਵਕੀਲ ਵੀ ਹਨ, ਜੋ ਐਫਆਈਆਰ ਦਰਜ ਕਰਨ ਤੋਂ ਲੈ ਕੇ ਅਦਾਲਤ ਤੱਕ ਸਭ ਕੁਝ ਸਮਝਾਉਂਦੇ ਹਨ।ਪਿੰਡ ਦੇ ਦਰਦ ਨੂੰ ਬਿਆਨ ਕਰਦਿਆਂ ਰੀਤਾ ਕਹਿੰਦੀ ਹੈ, ‘ਨਾਰਹਾਨ ਪਿੰਡ ਦੇ ਲੋਕਾਂ ਲਈ ਵਿਕਾਸ ਅਜੇ ਵੀ ਮਹਿਜ਼ ਸੁਪਨਾ ਹੈ। ਸਾਡੇ ਕੋਲ ਖੇਤ ਹਨ, ਪਰ ਉਸ ਵਿੱਚ ਕੋਈ ਫ਼ਸਲ ਨਹੀਂ ਹੈ। ਜ਼ਮੀਨ ਬੰਜਰ ਹੈ। ਇੱਥੇ ਮਿੱਟੀ ਦੇ ਪਹਾੜ ਹਨ, ਯਾਨੀ ਕਿ ਜੰਗਲਾਂ ਵਾਲੀਆਂ ਜ਼ਮੀਨਾਂ ਹਨ।ਅੱਜ ਵੀ ਪਿੰਡ ਤੋਂ 35 ਕਿਲੋਮੀਟਰ ਦੂਰ ਸ਼ਹਿਰ ਵਿੱਚ ਜਾਣ ਦਾ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਨੂੰ ਟਰੈਕਟਰ ਜਾਂ ਆਪਣੇ ਵਾਹਨ ਰਾਹੀਂ ਜਾਣਾ ਪੈਂਦਾ ਹੈ। ਇਹੀ ਕਾਰਨ ਹੈ ਕਿ ਸਾਰਾ ਪਿੰਡ ਲਗਭਗ ਖਾਲੀ ਪਿਆ ਹੈ, ਪਰ ਮੈਂ ਪ੍ਰਣ ਲਿਆ ਹੈ ਕਿ ਮੈਂ ਪਿੰਡ ਵਿਚ ਰਹਿਕੇ ਲੋਕਾਂ ਦੇ ਹੱਕਾਂ ਲਈ ਜੂਝਾਂਗੀ।ਹੁਣ ਉਚ ਜਾਤੀ ਦੇ ਲੋਕ ਵੀ ਆਪਣੀਆਂ ਸਮੱਸਿਆਵਾਂ ਲੈ ਕੇ ਮੇਰੇ ਕੋਲ ਆਉਂਦੇ ਹਨ। ਸਰਕਾਰੀ ਅਫਸਰ ਪਿੰਡ ਦੇ ਮੁਖੀ ਦਾ ਵੀ ਕੋਈ ਕੰਮ ਨਹੀਂ ਕਰਦੇ, ਇਸ ਲਈ ਉਹ ਹੁਣ ਮੇਰੇ ਕੋਲ ਆਉਂਦੇ ਹਨ,ਕਿਉਂਕਿ ਲੋਕ ਮੇਰੇ ਨਾਲ ਖਲੋਤੇ ਹਨ।
Author: Gurbhej Singh Anandpuri
ਮੁੱਖ ਸੰਪਾਦਕ