ਜਲੰਧਰ 10 ਮਾਰਚ ( ਨਜ਼ਰਾਨਾ ਨਿਊਜ ਨੈੱਟਵਰਕ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕਰ ਦੀਆਂ ਉਪਰੋਂ-ਥੱਲੀ ਹੋਈਆਂ ਜਲੰਧਰ ਦੀਆਂ ਫੋਰੀਆਂ ਨੇ ਪੰਥਕ ਸਿਆਸਤ ਵਿੱਚ ਜ਼ਬਰਦਸਤ ਹਲਚਲ ਪੈਦਾ ਕਰ ਦਿੱਤੀ ਹੈ। ਪਿੱਛਲੇ ਕਈ ਦਿਨਾਂ ਤੋਂ ਜਲੰਧਰ ਦੇ ਵੱਖ-ਵੱਖ ਪੰਥਕ ਆਗੂਆਂ ਵੱਲੋਂ ਕੀਤੀਆਂ ਮੀਟਿੰਗਾਂ ਵਿੱਚ ਬੀਬੀ ਜਗੀਰ ਕੌਰ ਦੀ ਹਾਜ਼ਰੀ ਨੇ ਵੱਡੀਆਂ ਤਬਦੀਲੀਆਂ ਲਿਆਉਣ ਦੇ ਸੰਕੇਤ ਦਿੱਤੇ ਹਨ । ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ 19 ਮਾਰਚ ਨੂੰ ਸਮਾਗਮ ਰੱਖਿਆ ਗਿਆ ਹੈ। ਅੱਜ ਫੋਲੜੀਵਾਲ ਇਲਾਕੇ ਵਿੱਚ ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਯਾਦ ਵਿੱਚ ਬਣੇ ਗੁਰੂ ਘਰ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਸਿੱਖਾਂ ਪਾਰਲੀਮੈਂਟ ਕਹੀ ਜਾਂਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਵਿੱਚ ਬੁਰੀ ਤਰਾਂ ਫੇਲ ਹੋਏ ਹਨ । ਉਹਨਾਂ ਕਿਹਾ ਕਿ ਹਰਿਆਣਾ ਤੋਂ ਪਹਿਲਾਂ ਵੀ ਹਰਿਆਣੇ ਦੇ ਸਿੱਖ ਆਗੂ ਹੀ ਨੁਮਾਇੰਦਗੀ ਕਰਦੇ ਸਨ , ਕਾਂਗਰਸ ਅਤੇ ਭਾਜਪਾ ਸਰਕਾਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਸਿੱਖ ਕੌਮ ਦੀ ਏਕਤਾ ਖਤਮ ਕਰਕੇ ਕੌਮੀ ਤਾਕਤ ਨੂੰ ਘਟਾਉਣ ਦੇ ਲਈ ਜੋ ਕੋਝੀਆਂ ਚਾਲਾਂ ਚੱਲੀਆਂ , ਉਹਨਾਂ ਦਾ ਮੁਕਾਬਲਾ ਸ. ਸੁਖਬੀਰ ਸਿੰਘ ਬਾਦਲ ਨੂੰ ਡੱਟ ਕੇ ਕਰਨਾਂ ਚਾਹੀਦਾ ਸੀ । ਪਰ ਉਹਨਾਂ ਸੁਹਿਰਦਤਾ ਨਾਲ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ । । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਰਗੀ ਜੁਝਾਰੂ ਜਥੇਬੰਦੀ ਦੇ ਰਾਜਨੀਤੀ ਵਿੱਚ ਹੁੰਦਿਆਂ ਸਿੱਖ ਕੌਮ ਇਹ ਲੜਾਈ ਹਾਰ ਗਈ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਪਹੁੰਚਿਆ ਹੈ ।ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਇੱਕ ਪਰਿਵਾਰ ਜਾਂ ਇੱਕ ਸਿਆਸੀ ਪਾਰਟੀ ਦੀ ਜਗੀਰ ਨਹੀਂ ਸਗੋਂ ਸਮੁੱਚੇ ਸੰਸਾਰ ਵਿੱਚ ਵੱਸਦੇ ਨਾਨਕ ਨਾਮ ਲੇਵਾ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਇਸ ਲਈ ਇਸ ਨੂੰ ਬਚਾਉਣ ਦੇ ਲਈ ਹਰ ਇੱਕ ਪੰਥ ਦਰਦੀ ਨੂੰ ਸੁਹਿਰਦਤਾ ਨਾਲ ਜਥੇਬੰਦ ਹੋ ਕੇ ਯਤਨ ਕਰਨੇ ਚਾਹੀਦੇ ਹਨ । ਹੋਲੇ ਮਹੱਲੇ ਦੇ ਮੌਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਦੇ ਬਾਰੇ ਕੀਤੀ ਸਖ਼ਤ ਟਿੱਪਣੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਹਮੇਸ਼ਾਂ ਕਿਸਾਨਾਂ ,ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀ ਲੜਾਈ ਲੜਦਾ ਰਿਹਾ ਹੈ , ਪਰ ਹੁਣ ਅਕਾਲੀ ਦਲ ਆਪਣੇ ਪੈਂਤੜੇ ਤੋਂ ਥਿੜਕ ਗਿਆ ਗਿਆ ਹੈ ਜੋ ਕਿ ਪੰਥ ਲਈ ਬਹੁਤ ਹੀ ਮੰਦਭਾਗਾ ਹੈ ।ਇਸ ਨੂੰ ਪੰਥਕ ਰਵਾਇਤਾਂ ਵਾਲੀ ਪਾਰਟੀ ਮੁੜ ਤੋਂ ਬਣਾ ਕੇ ਹੀ ਸਿੱਖਾਂ ਦੇ ਰਾਜਨੀਤਿਕ ਅਤੇ ਧਾਰਮਿਕ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ । ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਿਰਾਸ਼ ਨਾ ਹੋਣ ਕਿਉਂਕਿ ਪੰਜਾਬ ਵਿੱਚ ਇੱਕ ਵਾਰ ਫਿਰ ਪੰਥਕ ਜਜ਼ਬਾ ਪੈਦਾ ਹੋਵੇਗਾ ਅਤੇ ਪੰਥ ਦੀ ਚੜਦੀ ਕਲਾ ਹੋਵੇਗੀ । ਬੀਬੀ ਜਗੀਰ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਆਏ ਦਿਨ ਹੁੰਦੀ ਕਤਲੋਗਾਰਤ ਨੇ ਲੋਕਾਂ ਵਿੱਚ ਸਹਿਮ ਪੈਦਾ ਕਰਕੇ ਰੱਖ ਦਿੱਤਾ ਹੈ। ਹੋਲੇ-ਮਹੱਲੇ ‘ਤੇ 24 ਸਾਲ ਇੱਕ ਨਿਹੰਗ ਸਿੰਘ ਦਾ ਬੇਰਹਿਮ ਨਾਲ ਕਤਲ ਹੋਣ ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਚਿੰਤਤ ਹੋ ਗਏ ਹਨ ਕਿ ਪੰਜਾਬ ਵਿੱਚ ਅਮਨ-ਕਾਨੂੰਨ ਕਿਧਰੋਂ ਨਜ਼ਰ ਨਹੀਂ ਆ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਪਹਿਲਾਂ ਵਾਂਗ ਖੁਦਮੁਖਤਿਆਰ ਬਣਾਵਾਂਗੇ । ਇਸ ਮੌਕੇ ਹਾਜਰ ਸਿੱਖ ਆਗੂਆਂ ਅਤੇ ਸੰਗਤਾਂ ਨੇ ਭਾਵੁਕ ਹੁੰਦਿਆਂ ਬੀਬੀ ਜਗੀਰ ਕੌਰ ਹਰ ਮੁਹਾਜ਼ ਤੇ ਡੱਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ । ਇਸ ਤਰਾਂ ਚੜਦੀ ਕਲਾ ਦੇ ਨਾਲ ਇਹ ਮੀਟਿੰਗ ਸੰਪੰਨ ਹੋਈ ।
Author: Gurbhej Singh Anandpuri
ਮੁੱਖ ਸੰਪਾਦਕ