ਚੰਡੀਗੜ੍ਹ, 20 ਮਾਰਚ ( ਬਲਦੇਵ ਸਿੰਘ ਭੋਲ਼ੇ ਕੇ ) ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਬਹਾਨਾ ਬਣਾਕੇ, ਪੁਲਿਸ ਨੇ ਦਹਿਸ਼ਤ ਦਾ ਮਾਹੌਲ ਖੜਾ ਕਰਨ ਲਈ ਦੋ ਦਿਨਾਂ ਤੋਂ ਪੰਜਾਬ ਵਿਚ ਥਾਂ-ਥਾਂ ਛਾਪੇ ਮਾਰੇ, ਇੰਟਰਨੈੱਟ ਬੰਦ ਕੀਤਾ ਅਤੇ ਵੱਡੇ ਪੱਧਰ ਉੱਤੇ ਸਿੱਖ ਨੌਜਵਾਨਾਂ ਦੀਆਂ ਤਲਾਸ਼ੀਆਂ ਅਤੇ ਗ੍ਰਿਫਤਾਰੀਆਂ ਕੀਤੀਆਂ ਹਨ।
ਇਹਨਾਂ ਪੁਲਿਸ ਵਧੀਕੀਆਂ ਦੀ ਭਰਪੂਰ ਨਿਖੇਧੀ ਕਰਦਿਆਂ, ਕੇਂਦਰੀ ਸਿੰਘ ਸਭਾ ਅਤੇ ਸਮੂਹ ਸਿੱਖ ਜਥੇਬੰਦੀਆਂ ਅਤੇ ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਵਿਭਾਗ ਦੀਆ ਹਦਾਇਤਾਂ ਉੱਤੇ ਆਮ ਆਦਮੀ ਦੀ ਸਰਕਾਰ ਨੇ ਹਿੰਦੂਤਵ ਦੀ ਸਿਆਸੀ ਇਬਾਰਤ ਉੱਤੇ ਅਮਲ ਕਰਦਿਆਂ, ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਨਾਟਕੀ ਪੱਧਰ ਉੱਤੇ ਉਭਾਰਿਆ ਹੈ। ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਮਨਸ਼ਾ ਨਾਲ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਗੈਰ ਕਾਨੂੰਨੀ ਤੌਰ ਉੱਤੇ ਹਿੰਦੂਤਵ ਸਿਆਸਤ ਦੀ ਸੇਵਾ ਹਿੱਤ ਨਿਜੀ ਚੈਨਲ ਵੱਲੋਂ ਕੀਤੀ ਇੰਟਰਵਿਊ ਪ੍ਰਸਾਰਨ ਹੋਣ ਦਿੱਤੀ ਜਿਸ ਵਿੱਚ ਬਿਸ਼ਨੋਈ ਨੇ ਐਕਟਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦੁਹਰਾਈ ਅਤੇ ਆਪਣੇ ਆਪ ਨੂੰ ਹਿੰਦੂਤਵੀ ਨਾਇਕ ਪੇਸ਼ ਕਰਦਿਆਂ, ਕਾਂਗਰਸ ਪੱਖੀ ਗਾਇਕ ਸਿੱਧੂ-ਮੂਸੇਵਾਲੇ ਦੀ ਦੇਸ਼-ਭਗਤੀ ਉੱਤੇ ਸਵਾਲ ਖ੍ੜ੍ਹੇ ਕੀਤੇ। ਸਿੱਧੂ ਮੂਸੇਵਾਲੇ ਦੀ ਬਰਸੀ ਉੱਤੇ ਜਾਣ ਵਾਲੇ ਲੋਕਾਂ ਨੂੰ ਰੋਕਣ ਲਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਹਾਨੇ ਸੜਕਾਂ ਉੱਤੇ ਬੈਰੀਅਰ ਰੁਕਾਵਟਾਂ ਖੜੀਆ ਕੀਤੀਆਂ।
ਅੰਮ੍ਰਿਤਪਾਲ ਸਿੰਘ ਭਗੌੜਾ ਨਹੀਂ ਸੀ ਉਸਨੂੰ ਘਰ ਤੋਂ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਪਰ ਜਾਣ-ਬੁਝ ਕੇ ਪੁਲਿਸ ਨੇ ਅੰਮ੍ਰਿਤਪਾਲ ਦੀਆਂ ਕਾਰਾਂ ਦੇ ਕਾਫਲੇ ਦਾ ਦਿਨ-ਦਿਹਾੜੇ ਪਿੱਛਾ ਕਰਕੇ, ਉਸਦੀ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਦੀ ਵੱਡਾ ਡਰਾਮਾ ਰਚਿਆ।
ਇਸ ਤੋਂ ਇਲਾਵਾ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਡਰਾਮਾ ਉਸ ਸਮੇਂ ਸ਼ੁਰੂ ਕੀਤਾ ਜਦੋਂ ਜੀ-20 ਦੀਆਂ ਮੀਟਿੰਗਾਂ ਦਾ ਸਿਲਸਿਲਾ ਅਜੇ ਅੰਮ੍ਰਿਤਸਰ ਵਿੱਚ ਜਾਰੀ ਸੀ। ਪਹਿਲਾਂ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਸਾਥੀਆਂ ਵੱਲੋਂ ਗੰਨਾਂ-ਬੰਦੂਕਾਂ ਦੀ ਨੁਮਾਇਸ, ਅਜਨਾਲਾ ਦੇ ਪੁਲਿਸ ਸ਼ਟੇਸ਼ਨ ਅੰਦਰ ਜ਼ਬਰੀ ਦਾਖਲਾ ਆਦਿ ਘਟਨਾਵਾਂ ਨੂੰ ਜਾਣ-ਬੁੱਝ ਕੇ ਅੱਖੋਂ-ਪਰੋਖੇ ਕੀਤਾ। ਉਸਦੇ ਸਾਥੀਆਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਦੀ ਥਾਂ ਸਿਰਫ ਲਾਇਸੈਂਸ ਰੱਦ ਕਰਨ ਦੀਆਂ ਮੀਡੀਆਂ ਵਿੱਚ ਖਬਰਾਂ ਹੀ ਲਗਵਾਈਆ ਗਈਆਂ।
ਯਾਦ ਰਹੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ 2 ਮਾਰਚ ਨੂੰ ਮੁਲਾਕਾਤ ਕਰਨ ਪਿੱਛੋਂ ਐਲਾਨ ਕੀਤਾ ਸੀ ਕਿ ਉਹ ਕੇਂਦਰ ਦੀ ਸਹਾਇਤਾ ਨਾਲ ਪੰਜਾਬ ਵਿੱਚਲਾ ਸੁਰੱਖਿਆ ਦਾ ਮਾਹੌਲ “ਮਜ਼ਬੂਤ” ਕਰੇਗਾ। ਸਿੱਖ ਚਿੰਤਕਾਂ ਅਨੁਸਾਰ ਪੰਜਾਬ ਵਿੱਚ ਕੋਈ ਵੀ ਹਿੰਸਕ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਕੋਈ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਹੈ। ਇਸ ਦੇ ਬਾਵਜੂਦ ਵੀ ਹਿੰਦੂਤਵੀ ਸਿਆਸੀ ਹਿੱਤਾ ਦੀ ਪੂਰਤੀ ਲਈ ਅੰਮ੍ਰਿਤਪਾਲ ਸਿੰਘ ਅਤ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਨੂੰ ਉਛਾਲਿਆ ਗਿਆ। ਇਸ ਪ੍ਰਕਿਰਿਆ ਦੇ ਪੜਦੇ ਪਿੱਛੇ ਮਾਸੂਮ, ਬੇਕਸੂਰ ਸੈਕੜੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦਾ ਰੱਜਕੇ ਘਾਣ ਕੀਤਾ ਗਿਆ ਅਤੇ 150 ਤਂ ਵੱਧ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਸਿੱਖ ਚਿੰਤਕਾਂ ਨੇ ਦੁਨੀਆਂ ਭਰ ਦੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਹੋ ਰਹੇ ਸਰਕਾਰੀ ਜ਼ਬਰ ਵਿਰੁੱਧ ਅਵਾਜ ਉਠਾਉਣ।
ਇਹ ਸਾਂਝਾ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਗਿਆਨੀ ਕੇਵਲ ਸਿੰਘ, ਐਡਵੋਕੇਟ ਜਸਵਿੰਦਰ ਸਿੰਘ(ਅਕਾਲ ਪੁਰਖ ਕੀ ਫੌਜ), ਭਾਈ ਅਸੋਕ ਸਿੰਘ ਬਾਗੜੀਆਂ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਰਾਜਵਿੰਦਰ ਸਿੰਘ ਰਾਹੀਂ, ਰਛਪਾਲ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਪਿਆਰਾ ਲਾਲ ਗਰਗ ਅਤੇ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ