ਬਠਿੰਡਾ ਦੇ ਦਰਜਨ ਕਾਂਗਰਸੀ ਕੋਂਸਲਰ ਮਨਪ੍ਰੀਤ ਦੇ ਨਾਲ ਜਲੰਧਰ ‘ਚ ਭਾਜਪਾ ਦੇ ਹੱਕ ‘ਚ ਜੁਟੇ

29

ਬਠਿੰਡਾ, 24 ਅਪ੍ਰੈਲ ( ਅਮਨਦੀਪ ਸਿੰਘ ਭਾਈ ਰੂਪਾ ) ਲੋਕ ਸਭਾ ਹਲਕਾ ਜਲੰਧਰ ‘ਚ ਆਗਾਮੀ 10 ਮਈ ਨੂੰ ਹੋਣ ਜਾ ਰਹੀ ਉਪ ਚੋਣ ਵਿਚ ਬਠਿੰਡਾ ਹਲਕੇ ਦੀ ਮੁੜ ਸਿਆਸੀ ਗਲਿਆਰਿਆਂ ‘ਚ ਚਰਚਾ ਸ਼ੁਰੂ ਹੋ ਗਈ ਹੈ। ਪੰਜ ਸਾਲ ਕਾਂਗਰਸ ਸਰਕਾਰ ‘ਚ ਵਿਤ ਮੰਤਰੀ ਰਹਿਣ ਦੇ ਬਾਅਦ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਦੇ ਹਿਮਾਇਤੀ ਕੋਂਸਲਰਾਂ ਦੇ ਕਾਂਗਰਸ ਪਾਰਟੀ ਵਿਚ ਹੋਣ ਦੇ ਬਾਵਜੂਦ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੀਆਂ ਕੰਨਸੋਆਂ ਤੋਂ ਬਾਅਦ ਬਠਿੰਡਾ ਹਲਕੇ ‘ਚ ਮੁੜ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਹਾਲਾਂਕਿ 22 ਫ਼ਰਵਰੀ ਨੂੰ ਕਾਂਗਰਸ ਪਾਰਟੀ ਨੇ ਸਾਬਕਾ ਵਿਤ ਮੰਤਰੀ ਦੀ ਹਿਮਾਇਤੀ ਮੰਨੀ ਜਾਂਦੀ ਮੇਅਰ ਰਮਨ ਗੋਇਲ ਸਹਿਤ ਪੰਜ ਕਾਂਗਰਸੀ ਕੌਂਸਲਰਾਂ ਸੁਖਰਾਜ ਸਿੰਘ ਔਲਖ, ਆਤਮਾ ਸਿੰਘ, ਰਤਨ ਰਾਹੀ ਤੇ ਇੰਦਰ ਨੂੰ ਬਾਹਰ ਦਾ ਰਾਸਤਾ ਦਾ ਦਿਖਾ ਦਿੱਤਾ ਸੀ ਪ੍ਰੰਤੂ ਪੌਣੀ ਦਰਜਨ ਦੇ ਕਰੀਬ ਕਾਂਗਰਸੀ ਕੋਂਸਲਰ ਹਾਲੇ ਵੀ ਸ: ਬਾਦਲ ਪ੍ਰਤੀ ਸਿਆਸੀ ਹਮਦਰਦੀ ਰੱਖ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਕੱਢੇ ਹੋਏ ਇੰਨ੍ਹਾਂ ਕੋਂਸਲਰਾਂ ਤੋਂ ਇਲਾਵਾ ਪੌਣੀ ਦਰਜ਼ਨ ਕਾਂਗਰਸੀ ਕੋਂਸਲਰ ਮਨਪ੍ਰੀਤ ਬਾਦਲ ਦੇ ਨਾਲ ਸ਼ਾਹਕੋਟ ਹਲਕੇ ‘ਚ ਭਾਜਪਾ ਦੇ ਚੋਣ ਪ੍ਰਚਾਰ ਲਈ ਜੁਟੇ ਹੋਏ ਹਨ। ਇੰਨ੍ਹਾਂ ਵਿਚੋਂ ਕੁੱਝ ਇੱਕ ਕੋਂਸਲਰਾਂ ਤੇ ਕਾਂਗਰਸੀ ਆਗੂਆਂ ਦੀਆਂ ਫ਼ੋਟੋਆਂ ਤਾਂ ਖ਼ੁਦ ਮਨਪ੍ਰੀਤ ਦੇ ਰਿਸ਼ਤੇਦਾਰ ਜੈਜੀਤ ਜੌਹਲ ਵਲੋਂ ਪਿਛਲੇ ਦਿਨੀਂ ਫ਼ੇਸਬੁੱਕ ‘ਤੇ ਪਾਈ ਇੱਕ ਪੋਸਟ ਵਿਚ ਦਿਖ਼ਾਈ ਦੇ ਰਹੀਆਂ ਹਨ ਜਦੋਂਕਿ ਕੁੱਝ ਬਚ-ਬਚਾਅ ਕੇ ਚੱਲ ਰਹੇ ਹਨ। ਇੰਨ੍ਹਾਂ ਵਿਚ ਮਾਡਲ ਟਾਊਨ ਤੇ ਭਾਗੂ ਰੋਡ ਨਾਲ ਸਬੰਧਤ ਕੋਂਸਲਰਾਂ ਤੋਂ ਇਲਾਵਾ ਹਰ ਚੋਣ ਵਿਚ ਦਲ-ਬਦਲੀਆਂ ਦਾ ਮਾਹਰ ਇੱਕ ਪ੍ਰਾਪਟੀ ਡੀਲਰ ਕੋਂਸਲਰ, ਸ਼ਹਿਰ ਦੇ ਵਿਚਕਾਰਲੇ ਇਲਾਕੇ ਦਾ ਇੱਕ ਕੋਂਸਲਰ, ਸ਼ਹਿਰ ਦੇ ਆਈਲੇਟਸ ਇੰਸਟੀਚਿਊਟ ਖੇਤਰ ਦੇ ਹੱਬ ਨਾਲ ਸਬੰਧਤ ਕੋਂਸਲਰ, ਇੱਕ ਧਾਰਮਿਕ ਸੰਸਥਾ ਦੇ ਆਗੂ ਰਹੇ ਕੋਂਸਲਰ ਤੋਂ ਇਲਾਵਾ ਬਰਨਾਲਾ ਬਾਈਪਾਸ ਖੇਤਰ ਦੇ ਇੱਕ ਜਮੀਨਾਂ-ਜਾਇਦਾਦਾਂ ਦੀ ਖਰੀਦੋ-ਫ਼ਰੌਖਤ ਦੇ ਮਾਹਰ ਕੋਂਸਲਰ ਅਤੇ ਸ਼ਹਿਰ ਦੇ ਇੱਕ ਮਹਰੂਮ ਟਕਸਾਲੀ ਕਾਂਗਰਸੀ ਦੇ ਪੁੱਤਰ ਸਹਿਤ ਇੱਕ ਸਾਬਕਾ ਚੇਅਰਮੈਨ ਆਦਿ ਕਾਂਗਰਸੀ ਆਗੂਆਂ ਵਲੋਂ ਸ਼ਾਹਕੋਟ ਖੇਤਰ ਵਿਚ ਭਾਜਪਾ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਦੀਆਂ ਸੂਚਨਾਵਾਂ ਹਨ। ਦਸਣਾ ਬਣਦਾ ਹੈ ਕਿ ਭਾਜਪਾ ਨੇ ਇਸ ਉਪ ਚੋਣ ਲਈ ਮਨਪ੍ਰੀਤ ਬਾਦਲ ਨੂੰ ਸ਼ਾਹਕੋਟ ਹਲਕੇ ਦੀ ਜਿੰਮੇਵਾਰੀ ਦਿੱਤੀ ਹੋਈ ਹੈ, ਜਿੱਥੇ ਇਹ ਕਾਂਗਰਸੀ ਕੋਂਸਲਰ ਤੇ ਆਗੂ ਅਪਣੀ ਹੀ ਪਾਰਟੀ ਦੇ ਉਲਟ ਝੰਡੇ ਗੱਡ ਰਹੇ ਹਨ। ਹਾਲਾਂਕਿ ਜਦ ਇੰਨ੍ਹਾਂ ਵਿਚੋਂ ਕੁੱਝ ਕਾਂਗਰਸੀ ਕੋਂਸਲਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਉਹ ਸਾਬਕਾ ਵਿਤ ਮੰਤਰੀ ਨਾਲ ਨਿੱਜੀ ਸਬੰਧਾਂ ਦੇ ਚੱਲਦੇ ਕਿਸੇ ਕੰਮਕਾਜ਼ ਦੇ ਸਿਲਸਿਲੇ ਵਿਚ ਉਨ੍ਹਾਂ ਨੂੰ ਮਿਲਣ ਗਏ ਹੋਏ ਸਨ। ਗੌਰਤਲਬ ਹੈ ਕਿ ਫ਼ਰਵਰੀ 2021 ਵਿਚ ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ 43 ਕੋਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਇੰਨ੍ਹਾਂ ਕੋਂਸਲਰਾਂ ਵਿਚੋਂ ਟਕਸਾਲੀਆਂ ਕਾਂਗਰਸੀਆਂ ਨੂੰ ਪਹਿਲਾਂ ਹੀ ਇੱਕ ਯੋਜਨਾ ਦੇ ਤਹਿਤ ਨਜ਼ਰਅੰਦਾਜ਼ ਕਰਕੇ ਜਿਆਦਾਤਰਾਂ ਅਕਾਲੀ ਤੇ ਗੈਰ-ਕਾਂਗਰਸੀ ਪਿਛੋਕੜ ਵਾਲਿਆਂ ਨੂੰ ਟਿਕਟ ਦੇਣ ਦੀ ਚਰਚਾ ਉਸ ਸਮੇਂ ਸਿਆਸੀ ਹਲਕਿਆਂ ਵਿਚ ਚੱਲੀ ਸੀ। ਇਸਤੋਂ ਇਲਾਵਾ ਮੇਅਰਸ਼ਿਪ ਦਾ ਤਾਜ਼ ਵੀ ਪਹਿਲੀ ਵਾਰ ਜਿੱਤੀ ਇੱਕ ਮਹਿਲਾ ਰਮਨ ਗੋਇਲ ਦੇ ਸਿਰ ਸਜ਼ਾਇਆ ਗਿਆ ਸੀ, ਜਿਸਦੀ ਚੋਣ ਜਿੱਤਣ ਤੋਂ ਪਹਿਲਾਂ ਕਦੇ ਕਾਂਗਰਸ ਵਿਚ ਕੋਈ ਭੂਮਿਕਾ ਦੇਖਣ ਨੂੰ ਨਹੀਂ ਮਿਲੀ ਸੀ। ਹਾਲਾਂਕਿ ਉਸ ਸਮੇਂ ਕਾਂਗਰਸ ਵਿਚ ਮੇਅਰਸ਼ਿਪ ਲਈ ਪ੍ਰਮੁੱਖ ਦਾਅਵੇਦਾਰਾਂ ਵਿਚੋਂ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਸਹਿਤ ਕਾਂਗਰਸ ਦੇ ‘ਤੱਪੜ’ ਵਿਛਾਉਣ ਵਾਲੇ ਅਸੋਕ ਪ੍ਰਧਾਨ ਤੇ ਪਵਨ ਮਾਨੀ, ਲਹਿਰੇ ਵਾਲੇ ਵਾਰ, ਠੇਕੇਦਾਰ ਜੰਗੀਰ ਸਿੰਘ ਦੇ ਪੁੱਤਰ ਬਲਜਿੰਦਰ ਠੇਕੇਦਾਰ, ਦਲਿਤ ਆਗੂ ਹਰਵਿੰਦਰ ਲੱਡੂ ਸਹਿਤ ਅੱਧੀ ਦਰਜਨ ਕੋਂਸਲਰਾਂ ਨੂੰ ਅੱਖੋ-ਪਰੋਖੇ ਕਰ ਦਿੱਤਾ ਗਿਆ ਸੀ। ਵੱਡੀ ਗੱਲ ਇਹ ਵੀ ਹੈ ਕਿ ਮੌਜੂਦਾ ਸਮੇਂ ਸ਼ਹਿਰ ‘ਚ ਵੱਡੀ ਵਸੋ ਰੱਖਣ ਵਾਲੇ ਦਲਿਤ ਭਾਈਚਾਰੇ ਦੇ ਕਿਸੇ ਵੀ ਕੋਸਲਰ ਨੂੰ ਮੇਅਰ ਦੇ ਤਿੰਨਾਂ ਛੋਟੇ- ਵੱਡੇ ਅਹੁੱਦਿਆਂ ਵਿਚੋਂ ਕਿਸੇ ਇੱਕ ‘ਤੇ ਵੀ ਨੁਮਾਇੰਦਗੀ ਨਹੀਂ ਦਿੱਤੀ ਗਈ ਸੀ। ਬੇਸ਼ੱਕ ਇਸ ਨੀਤੀਆਂ ਕਾਰਨ ਅਤੇ ਸ਼ਹਿਰ ਵਿਚ ਕੀਤੀਆਂ ਕਥਿਤ ਧੱਕੇਸ਼ਾਹੀਆਂ ਦੇ ਚੱਲਦੇ ਮਨਪ੍ਰੀਤ ਬਾਦਲ ਨੂੰ ਬਠਿੰਡਾ ਦੇ ਲੋਕਾਂ ਨੇ ਸਿਆਸੀ ਤੌਰ ਉਪਰ ‘ਹਾਸ਼ੀਏ ’ਤੇ ਧੱਕ ਦਿੱਤਾ ਸੀ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਦੇ ‘ਲਾਡਲੇ’ ਭਤੀਜ਼ੇ ਵਲੋਂ ਨਿਗਮ ਚੋਣਾਂ ਸਮੇਂ ਕੀਤੀ ਟਿਕਟਾਂ ਦੀ ਵੰਡ ਹਾਲੇ ਤੱਕ ਕਾਂਗਰਸ ਲਈ ਸਿਰਦਰਦੀ ਪੈਦਾ ਕਰ ਰਹੀ ਹੈ, ਜਿਸਦੇ ਇਲਾਜ਼ ਲਈ ਕਿਸੇ ‘ਵੈਦ’ ਦੀਆਂ ਦਵਾਈਆਂ ਕੰਮ ਨਹੀਂ ਆ ਰਹੀਆਂ ਹਨ। ਉਂਜ ਕਾਂਗਰਸ ਪਾਰਟੀ ਵਲੋਂ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰਨ ਦੀ ਕੋਸ਼ਿਸ਼ ਅੰਦਰਖ਼ਾਤੇ ਜਾਰੀ ਰੱਖੀ ਹੋਈ ਹੈ ਪ੍ਰੰਤੂ ਸਿਆਸੀ ਮਾਹਰਾਂ ਮੁਤਾਬਕ ਇੱਕ ਦਰਜਨ ਤੋਂ ਵੱਧ ਕਾਂਗਰਸੀ ਕੋਂਸਲਰਾਂ ਦੀ ਮਨਪ੍ਰੀਤ ਪ੍ਰਤੀ ਹਮਦਰਦੀ ਤੇ ਸੁਖਬੀਰ ਬਾਦਲ ਵਲੋਂ ਕੀਤੀ ਮੀਟਿੰਗ ਤੋਂ ਬਾਅਦ ਸ਼ਹਿਰ ਦੇ ਅਕਾਲੀ ਕੋਂਸਲਰਾਂ ਦੇ ਬਦਲੇ ਹੋਏ ਰੁੱਖ ਦੇ ਚੱਲਦੇ ਕਾਂਗਰਸ ਦੀ ਇਹ ਕੋਸ਼ਿਸ਼ ਦੂਰ ਦੀ ‘ਕੋਡੀ’ ਦਿਖ਼ਾਈ ਦੇ ਰਹੀ ਹੈ।

ਪਾਰਟੀ ਦੇ ਉਲਟ ਚੱਲਣ ਵਾਲਿਆਂ ਨੂੰ ਜਲਦੀ ਦਿਖਾਂਵਾਗੇ ਬਾਹਰ ਦਾ ਰਾਸਤਾ: ਰਾਜਨ ਗਰਗ

ਬਠਿੰਡਾ: ਉਧਰ ਇਸ ਮਾਮਲੇ ‘ਤੇ ਟਿੱਪਣੀ ਕਰਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ “ ਕੁੱਝ ਕਾਂਗਰਸੀ ਕੋਂਸਲਰਾਂ ਤੇ ਆਗੂਆਂ ਦੀਆਂ ਗਤੀਵਿਧੀਆਂ ਉਨ੍ਹਾਂ ਅਤੇ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਹੈ ਤੇ ਜਲਦੀ ਹੀ ਦੋ ਪਾਸੇ ਪੈਰ ਧਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ” ਸ਼੍ਰੀ ਗਰਗ ਨੇ ਮਨਪ੍ਰੀਤ ਦੀ ਹਿਮਾਇਤ ‘ਚ ਖੜ੍ਹੇ ਕਾਂਗਰਸੀ ਕੋਂਸਲਰਾਂ ਨੂੰ ਖੁਦ ਹੀ ਪਾਰਟੀ ਛੱਡ ਜਾਣ ਦੀ ਸਲਾਹ ਵੀ ਦਿੱਤੀ ਹੈ। ਦੂਜੇ ਪਾਸੇ ਕਾਂਗਰਸ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ ਨੇ ਕਿਹਾ ਕਿ ਕਈਆਂ ਨੂੰ ਇਹ ਲੱਗਦਾ ਹੈ ਕਿ ਉਹ ਚੁੱਪ- ਚਪੀਤੇ ਮਨਪ੍ਰੀਤ ਦੀ ਹਿਮਾਇਤ ਵੀ ਕਰਦੇ ਰਹਿਣਗੇ ਤੇ ਕਾਂਗਰਸ ‘ਚ ਵੀ ਬਣੇ ਰਹਿਣਗੇ ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?