ਝੋਲੀ ਚੁਕੋ ਹਰਾਮੜੋ ਸੱਚ ਦੱਸਾਂ ,
ਬਬਰ ਵੱਢੂਗਾ ਵਾਂਗ ਗੰਡੇਰੀਆਂ ਦੇ !
ਕਡਿਆਣੇ ਪਿੰਡ ਦਾ ਰਹਿਣ ਵਾਲਾ ਮੀਂਹਾਂ ਸਿੰਘ ਕਾਲਕਟ ਦਾ ਛੋਕਰਾ ਜਗਤ ਸਿੰਘ , ਦਸ ਨੰਬਰੀਆ ਬਦਮਾਸ਼ ਸੀ । ਪੁਲਿਸ ਦੀ ਕੁਟ ਨੇ ਇਸਨੂੰ ਦਸ ਨੰਬਰ ਵਿਚੋਂ ਨਿਕਲਣ ਲਈ ਟਾਊਟ ਬਣਾ ਲਿਆ । ਇਹ ਬੱਬਰਾਂ ਦੀਆਂ ਮੁਖ਼ਬਰੀਆਂ ਕਰਦਾ ਸੀ । ਇਹ ਅਤਿ ਦਰਜੇ ਦਾ ਹਰਾਮੀ ਬੀਅ ਨਿਕਲਿਆ ; ਇਸਨੇ ਬੱਬਰਾਂ ਦੇ ਵਿਰੁਧ ਮੁਕਾਦਮਿਆਂ ‘ਚ ਗਵਾਹੀਆਂ ਵੀ ਦਿੱਤੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਨਜ਼ਾਇਜ਼ ਤੰਗ ਪਰੇਸ਼ਾਨ ਕਰਨਾ ਵੀ ਜਾਰੀ ਰੱਖਿਆ ।ਇਸ ਸਮੇਂ ਤੱਕ ਤਕਰੀਬਨ ਬੱਬਰ ਜਾਂ ਤਾਂ ਮੁਕਾਬਲਿਆਂ ਵਿਚ ਸ਼ਹੀਦ ਹੋ ਚੁਕੇ ਸਨ ਜਾਂ ਫਿਰ ਜੇਲ੍ਹਾਂ ਵਿਚ ਕੈਦ ਸਨ । ਇਸ ਜਗਤੇ ਦੀਆਂ ਕਰਤੂਤਾਂ ਨੇ ਬੱਬਰਾਂ ਦੀ ਅਣਖ ਨੂੰ ਵੰਗਾਰ ਪਾਈ ਸੀ , ਇਸਦੀ ਸ਼ਹਿ ਤੇ ਸ਼ਹੀਦ ਬੰਤਾ ਸਿੰਘ ਧਾਮੀਆਂ ਤੇ ਕੈਦੀ ਸੁਰੈਣ ਸਿੰਘ ਦੀਆਂ ਜਨਾਨੀਆਂ ਨੂੰ ਹੋਰ ਵਿਭਾਚਾਰਣ ਤੀਵੀਆਂ ਨੇ ਵਰਗਲਾ ਕੇ ਹੋਰ ਥਾਂਈ ਵਸਾ ਦਿੱਤਾ ਸੀ ।
ਭਾਈ ਸਾਧੂ ਸਿੰਘ ਸਾਂਧਰੇ ਵਾਲਾ ਜੋ ਬੱਬਰ ਅਕਾਲੀ ਲਹਿਰ ਵਿਚ ਕੈਦ ਹੋ ਗਿਆ ਸੀ । ਅਪੀਲ ਕਰਨ ਤੇ ; ਸੈਂਟਰਲ ਜੇਲ ਲਾਹੌਰ ਵਿਚੋਂ ਰਿਹਾ ਹੋ ਕੇ ਪਿੰਡ ਆ ਗਿਆ ਸੀ । ਇਹ ਬੱਬਰਾਂ ਨਾਲ ਜੇਲ ਵਿਚ ਵਾਅਦਾ ਕਰਕੇ ਟੁਰਿਆ ਸੀ ਕਿ ਇਹ ਜਗਤੇ ਕਡਿਆਣੇ ਅਰਗਿਆਂ ਨੂੰ ਸੋਧਾ ਲਾ ਕੇ ਬੱਬਰਾਂ ਦੀ ਅਣਖ ਦਾ ਸਬੂਤ ਦੇਵੇਗਾ। ਇਹ 28 ਸਾਲ ਦਾ ਭਰ ਜਵਾਨ , ਕੌਲ੍ਹ ਦਾ ਪੱਕਾ ਜੁਆਨ ਸੀ । ਉਧਰ ਰੰਧਾਵਾ ਮੰਸਦਾਂ ਦੇ ਦੋ ਬੱਬਰ ਭਾਈ ਲਾਭ ਸਿੰਘ ਤੇ ਭਾਈ ਭਾਨ ਸਿੰਘ ਵੀ ਲਾਹੌਰ ਜੇਲ ਵਿਚੋਂ ਛੁਟ ਕੇ ਆਏ । ਇਹਨਾਂ ਨੇ ਜਵਾਲੇ ਕਾਠਾ ਅਧਕਾਰੇ ਵਾਲੇ , ਜਗਤ ਕਡਿਆਣੀਏ ਤੇ ਸੁੱਚੇ ਸੰਧਰਾਂ ਵਾਲਿਆਂ ਨੂੰ ਸੁਨੇਹੇ ਭੇਜੇ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੋ ; ਨਹੀਂ ਫਿਰ ਅਸੀਂ ਠੋਕਾਂਗੇ ।ਪਰ ਇਹ ਬਾਜ ਨ ਆਏ ; ਬੱਸ ਫਿਰ ਗੁਰਮਤਾ ਪੈ ਗਿਆ ਇਹਨਾਂ ਦੀ ਸੁਧਾਈ ਦਾ।
ਭਾਈ ਭਾਨ ਸਿੰਘ ਤੇ ਭਾਈ ਲਾਭ ਸਿੰਘ ਰੰਧਾਵੇ ਮੰਸਦਾਂ ਵਾਲੇ ; ਭਾਈ ਸਾਧੂ ਸਿੰਘ ਕੋਲ ਸਾਂਧਰੇ ਪੁਜ ਗਏ । ਅਗਲੀ ਸਵੇਰ ਹੀ ਤਿੰਨਾਂ ਟਾਊਟਾਂ ਦਾ ਫਾਸਤਾ ਵੱਢਣ ਲਈ ਮਿੱਥ ਲਈ। ਭਾਈ ਸਾਧੂ ਸਿੰਘ ਕੋਲ ਭਰਿਆ ਹੋਇਆ ਰਿਵਾਲਵਰ ਸੀ ਤੇ ਬਾਕੀ ਦੋਹਾਂ ਕੋਲ ਛਵੀਆਂ ਸਨ। 16 ਜਨਵਰੀ 1930 ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਕਾਠੇ ਅਧਕਾਰਿਆਂ ਵਾਲੇ ਜਵਾਲਾ ਸਿਓਂ ਨੂੰ ਜਾ ਨਪਿਆ ।ਉਹ ਸਾਧੂ ਸਿੰਘ ਦੇ ਪੈਰੀ ਡਿੱਗ ਪਿਆ। ਜਵਾਲੇ ਨੂੰ ਉਸਦੀ ਪੱਗ ਨਾਲ ਹੀ ਨੂੜ ਕੇ ਸਿਰ ਪਰਨੇ ਕਰ ਲਿਆ ਗਿਆ।ਪਹਿਲਾਂ ਹੀ ਤਿਆਰ ਕਰਕੇ ਲਿਆਂਦਾ ਡੰਡਾ ਇਹਦੇ ਪਿੱਛੇ ਤੁੰਨ ਕੇ , ਅਜਿਹਾ ਝੋਟੀ ਡਾਟ ਪਵਾਇਆ ਕੇ ਪਿੰਡ ਸਾਰਾ ਜਾਗ ਉਠਿਆ ;ਪਰ ਲੱਚੇ ਬੰਦੇ ਦਾ ਸੁਧਾਰ ਹੁੰਦਾ ਦੇਖ ਕੋਈ ਨ ਕੁਸਕਿਆ । ਬੁਰੀ ਤਰ੍ਹਾਂ ਜਵਾਲੇ ਦੇ ਪ੍ਰਾਣ ਕੱਢੇ ਗਏ।ਇਹ ਸਬਕ ਸੀ ;ਉਹਨਾਂ ਲਈ ਜੋ ਬੱਬਰਾਂ ਦੀਆਂ ਅਣਖਾਂ ਵੰਗਾਰਦੇ ਸਨ।
ਜਗਤੇ ਕਡਿਆਣੇ ਨੇ ਉਮਰ ਕੈਦ ਭੁਗਤ ਰਹੇ ਬੱਬਰ ਸੁਰੈਣ ਸਿੰਘ ਪਿੰਡ ਦੌਲਤਪੁਰ ਦੀ ਪਤਨੀ ਮਹਾਂ ਕੌਰ ਨੂੰ ਉਧਾਲ ਕੇ ਘਰ ਵਸਾ ਲਿਆ ਸੀ। ਜਵਾਲੇ ਵੱਲੋਂ ਵਹਿਲੇ ਹੋ ਕੇ ਸਾਧੂ ਸਿੰਘ ਹੁਣਾਂ ਨੇ ਇਸਨੂੰ ਆਣ ਦੱਬਿਆ। ਇਸਨੂੰ ਨੂੰ ਨਰਕੀ ਸੋਧਾ ਲਾਇਆ ਗਿਆ। ਇਸਦੀ ਲਾਸ਼ ਦਾ ਕੀਮਾ ਕੀਮਾ ਕੀਤਾ ਗਿਆ ।ਲਾਸ਼ ਦੇ ਟੁੱਕੜਿਆਂ ਦੁਆਲੇ ਸੋਹਣ ਸਿੰਘ ਗ੍ਰੰਥੀ ਨੇ ਧਮਾਲ ਪਾਉਂਦਿਆਂ ਗਾਇਆ ਸੀ: ਦੀਵਾ ਬੁੱਝ ਜਾਵੇ ਫੂਕ ਮਾਰਿਆਂ ’ਤੇ, ਮਚੀ ਅੱਗ ਨੂੰ ਕੌਣ ਬੁਝਾਉਣ ਵਾਲਾ। ਪੰਜਰੇ ਪਾ ਕੇ ਦੇਸ਼ ਦੇ ਆਸ਼ਕਾਂ ਨੂੰ, ਸਾਡੇ ਜੋਸ਼ ਨੂੰ ਕੌਣ ਮਿਟਾਉਣ ਵਾਲਾ।ਇਸਦੇ ਨਾਲ ਹੀ ਮਹਾਂ ਕੌਰ , ਪਿੰਡ ਦੇ ਲੰਬਰਦਾਰ ਜੀਵਨ ਸਿੰਘ ਤੇ ਜਗਤ ਸਿੰਘ ਦੇ ਭਤੀਜੇ ਭਾਗ ਸਿੰਘ ਦਾ ਵੀ ਸੋਧਾ ਲਾਇਆ ਗਿਆ।
ਜਗਤੇ ਵੱਲੋਂ ਸੁਰਖਰੂ ਹੋ ਕੇ ਇਹਨਾਂ ਨੇ ਸੰਧਰਾਂ ਦੇ ਛਟੇ ਹੋਏ ਬਦਮਾਸ਼ ਸੁੱਚੇ ਵੱਲ ਮੂੰਹ ਕੀਤਾ । ਸ਼ਹੀਦ ਬੰਤਾ ਸਿੰਘ ਧਾਮੀਆਂ ਦੀ ਤੀਵੀਂ ਨੂੰ ਉਧਾਲ ਕੇ ਇਸਨੇ ਆਪਣੇ ਘਰ ਵਸਾ ਲਿਆ ਸੀ। ਇਹ ਖੂਹ ਨੇ ਨਹਾ ਰਿਹਾ ਸੀ । ਸਾਧੂ ਸਿੰਘ ਨੂੰ ਵੇਖ ਕੇ ਇਸ ਦਾ ਰੰਗ ਉਡ ਗਿਆ ।ਇਸਨੇ ਹੱਥ ਮਿਲਾਉਣ ਲਈ ਜਿਉਂ ਹੀ ਅੱਗੇ ਕੱਢਿਆ , ਸਾਧੂ ਸਿੰਘ ਨੇ ਇਸਦੀ ਛਾਤੀ ਵਿਚ ਗੋਲੀ ਜੜ੍ਹ ਦਿੱਤੀ ; ਇਹ ਮੂੰਹ ਪਰਨੇ ਸਾਧੂ ਸਿੰਘ ਦੇ ਪੈਰਾਂ ਵਿਚ ਡਿੱਗਿਆ। ਦੂਜੇ ਸਿੰਘ ਨੇ ਛਵੀਆਂ ਨਾਲ ਇਹਦਾ ਕੀਮਾ ਕੀਤਾ। ਇਸਦੇ ਨਾਲ ਸ਼ੈਂਕਰੀ ਤੇ ਕਰਮੋ ਨੂੰ ਵੀ ਸੋਧਿਆ।
ਇਕੋ ਦਿਨ ਵਿਚ ਅੰਗਰੇਜ਼ਾਂ ਦੇ ਤਿੰਨ ਵੱਡੇ ਟਾਊਟ ਸੋਧ ਦੇਣ ਨਾਲ ਜਿਥੇ ਸਰਕਾਰੇ ਦਰਬਾਰੇ ਹਿਲ ਜੁਲ ਮੱਚ ਗਈ।ਉਥੇ ਹੀ ਟਾਊਟਾਂ ਦੇ ਮਾਪੇ ਵੀ ਮਰ ਗਏ। ਤਿੰਨਾਂ ਬੱਬਰਾਂ ਨੇ ਇਹਨਾਂ ਕਤਲਾਂ ਦੀ ਜਿੰਮੇਵਾਰੀ ਆਪਣਾ ਨਾਮ ਦਸ ਕੇ ਲਈ ਤੇ ਨਾਲ ਹੀ ਐਲਾਨ ਕਰ ਦਿੱਤਾ ਕਿ ; ਬੱਬਰ ਲਹਿਰ ਅਜੇ ਵੀ ਜਿੰਦਾ ਹੈ , ਟਾਊਟ ਸੁਧਰ ਜਾਣ ਨਹੀਂ ਤਾਂ ਅੰਜਾਮ ਇਹੋ ਹੋਣਾ।ਕੁਦਰਤ ਸ਼ਾਇਦ ਹੋਰ ਘਾੜਤਾਂ ਘੜ ਕੇ ਬੈਠੀ ਹੋਈ ਸੀ ।ਰੂਪੋਸ਼ੀ ਵਿੱਚ ਰਾਤ ਵੇਲੇ ਸਫ਼ਰ ਕਰਦਿਆਂ ਸਾਧੂ ਸਿੰਘ ਦੇ ਪੈਰ ’ਤੇ ਸੱਪ ਲੜ ਗਿਆ ਤਾਂ ਦਲੇਰੀ ਨਾਲ ਸਾਧੂ ਸਿੰਘ ਨੇ ਆਪਣੇ ਚਾਕੂ ਨਾਲ ਡੰਗ ਵਾਲੀ ਜਗ੍ਹਾ ਤੋਂ ਮਾਸ ਦੀ ਚਾਕਲੀ ਕੱਟ ਕੇ ਜ਼ਹਿਰ ਚੜ੍ਹਨੋਂ ਰੋਕ ਤਾਂ ਲਿਆ ਪਰ ਪੈਰ ਦਾ ਜ਼ਖ਼ਮ ਭਰ ਗਿਆ ਸੀ। ਉਧਰ ਇਨ੍ਹਾਂ ਦੀ ਗ੍ਰਿਫ਼ਤਾਰੀ ਦਾ ਐਲਾਨ ਕਰਕੇ ਪੁਲੀਸ ਹਰਲ ਹਰਲ ਕਰਦੀ ਪਿੱਛਾ ਕਰ ਰਹੀ ਸੀ। ਬਚਾਅ ਲਈ ਤਿੰਨੋਂ ਭਾਨ ਸਿੰਘ ਦੇ ਭਣੋਈਏ ਭੋਲਾ ਸਿੰਘ ਕੋਲ ਮਿੰਟਗੁੰਮਰੀ ਚਲੇ ਗਏ। ਉਹ ਸੱਪ ਦੇ ਡੰਗੇ ਦਾ ਇਲਾਜ ਵੀ ਜਾਣਦਾ ਸੀ। ਸਾਧੂ ਸਿੰਘ ਦੀ ਗ੍ਰਿਫ਼ਤਾਰੀ ਲਈ ਸਰਕਾਰ ਵੱਲੋਂ ਮੁਰੱਬਾ ਤੇ ਪੰਦਰਾਂ ਸੌ ਰੁਪਏ ਦੇ ਇਨਾਮ ਦੇ ਕੀਤੇ ਗਏ ਐਲਾਨ ਨੂੰ ਸੁਣ ਕੇ ਭੋਲਾ ਸਿੰਘ ਬੇਈਮਾਨ ਹੋ ਗਿਆ ਤੇ ਉਸ ਨੇ ਸਾਧੂ ਸਿੰਘ ਨੂੰ ਗ੍ਰਿਫ਼ਤਾਰ ਕਰਾਉਣ ਦੀ ਜੁਗਤ ਬਣਾਈ। 23 ਜੂਨ, 1930 ਨੂੰ ਪੁਲੀਸ ਨੇ ਗਿਆਨੀ ਸੋਹਣ ਸਿੰਘ ਨੂੰ ਕਡਿਆਣੇ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੇ ਭੇਤ ਪੁਲੀਸ ਨੂੰ ਦੇ ਦਿੱਤਾ। ਲਾਭ ਸਿੰਘ ਤੇ ਭਾਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੋਲਾ ਸਿੰਘ ਦੀ ਬੇਈਮਾਨੀ ਨੇ ਸਾਧੂ ਸਿੰਘ ਸਾਂਧਰਾ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ‘ਸਾਧੂ ਸਿੰਘ ਬਨਾਮ ਕਿੰਗ ਐਂਪਰਰ’ ਦੇ ਨਾਂ ਹੇਠ 1930 ਨੂੰ ਹੁਸ਼ਿਆਰਪੁਰ ਦੀ ਸੈਸ਼ਨ ਕੋਰਟ ਵਿਚ ਮੁਕੱਦਮਾ ਸ਼ੁਰੂ ਹੋਇਆ ਅਤੇ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ। 16 ਮਈ1930 ਈਸਵੀ ਨੂੰ ਜਲੰਧਰ ਜੇਲ ਵਿਚ ਤਿੰਨਾਂ ਨੇ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆਂ। ਤਿੰਨਾਂ ਦੀਆਂ ਲਾਸ਼ਾਂ ਗੱਡਿਆਂ ਤੇ ਲੱਦ ਕੇ ਰੰਧਾਵੇ ਮੰਸਦਾਂ ‘ਕੱਠਿਆਂ ਦਾ ਸਸਕਾਰ ਕੀਤਾ ਗਿਆ।
ਬਲਦੀਪ ਸਿੰਘ ਰਾਮੂੰਵਾਲੀਆ
ਤਸਵੀਰ ਵਿਚ ਸਸਕਾਰ ਤੋਂ ਪਹਿਲਾਂ ਕੁਰਸੀਆਂ ਤੇ ਸ਼ਹੀਦ ਭਾਈ ਲਾਭ ਸਿੰਘ , ਸ਼ਹੀਦ ਭਾਈ ਸਾਧੂ ਸਿੰਘ , ਸ਼ਹੀਦ ਭਾਈ ਭਾਨ ਸਿੰਘ।
Author: Gurbhej Singh Anandpuri
ਮੁੱਖ ਸੰਪਾਦਕ