~ਛੋਟਾ ਘੱਲੂਘਾਰਾ 17 ਮਈ, 1746ਈ:~
ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ, ਜੋ ਖਾਲਸੇ ਦੀ ਲੜਾਈ ਕਾਹਨੂੰਵਾਨ ਦੇ ਛੰਭ ਵਿਚ ਹੋਈ, ਉਹ ‘ਛੋਟਾ ਘੱਲੂਘਾਰਾ’ ਦੇ ਨਾਂ ਨਾਲ ਪ੍ਰਸਿੱਧ ਹੈ।”ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਨਿਰਦੋਸ਼ ਭਾਈ ਤਾਰੂ ਸਿੰਘ ਜੀ ਨੂੰ ਅਸਹਿ ਕਸ਼ਟ ਦਿੱਤੇ ਪਰ ਇਸ ਪਾਪੀ ਦਾ ਅੰਤ ਵੀ ਬਹੁਤ ਹੀ ਬੁਰੀ ਤਰ੍ਹਾਂ ਹੋਇਆ,ਉਸ ਦਾ ਪੁੱਤਰ ਯਹੀਆ ਖ਼ਾਨ ਵੀ ਪਿਤਾ ਦੇ ਪੂਰਨਿਆਂ ‘ਤੇ ਚੱਲਦਾ ਹੋਇਆ ਸਿੰਘਾਂ ‘ਤੇ ਅੱਤਿਆਚਾਰ ਕਰਨ ਲੱਗਾ,ਯਹੀਆ ਖ਼ਾਨ ਲਾਹੌਰ ਦਾ ਗਵਰਨਰ ਸੀ ਤੇ ਉਸ ਦਾ ਸੂਬੇਦਾਰ ਸੀ ਲਖਪਤ ਰਾਏ,ਇਸ ਸੂਬੇਦਾਰ (ਦੀਵਾਨ) ਲਖਪਤ ਰਾਏ ਦਾ ਭਰਾ ਜਸਪਤ ਰਾਏ ਵੀ ਫ਼ੌਜ ਦਾ ਸੈਨਾਪਤੀ ਸੀ। ਇਹ ਸਾਰੀ ਟੁਕੜੀ ਅੰਦਰਖਾਤੇ ਸਿੱਖਾਂ ਨੂੰ ਖਤਮ ਕਰਨ ‘ਤੇ ਤੁਲੀ ਹੋਈ ਸੀ,1746 ਈ. ਵਿਚ ਵਿਸਾਖੀ ਦੇ ਪਾਵਨ ਪੁਰਬ ‘ਤੇ ਸਿੱਖ-ਸੰਗਤਾਂ ਦਾ ਇਕੱਠ ਜੋੜ ਏਮਨਾਬਾਦ ਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਹੋਇਆ,ਜਸਪਤ ਰਾਏ ਨੂੰ ਸਿੰਘਾਂ ਦਾ ਏਡਾ ਵੱਡਾ ਇਕੱਠ ਜੋੜ ਚੰਗਾ ਨਾ ਲੱਗਿਆ। ਉਸ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ”ਉਹ ਗੁਰਦੁਆਰਾ ਛੱਡ ਜਾਣ ਤੇ ਇਥੋਂ ਚਲੇ ਜਾਣ।” ਪਰ ਸਿੰਘਾਂ ਨੇ ਕਿਹਾ ਕਿ ਉਹ ਦੂਰੋਂ-ਨੇੜਿਓਂ ਆਏ ਹਨ, ਅੱਜ ਦੀ ਰਾਤ ਕੱਟ ਕੇ ਕੱਲ ਨੂੰ ਚਲੇ ਜਾਵਾਂਗੇ। ਜਸਪਤ ਰਾਏ ਨੂੰ ਬਸ ਕੋਈ ਨਾ ਕੋਈ ਬਹਾਨਾ ਹੀ ਚਾਹੀਦਾ ਸੀ। ਉਸ ਨੇ ਬਹੁਤ ਸਾਰੀ ਫ਼ੌਜ ਲੈ ਕੇ ਸ਼ਾਂਤਮਈ ਸਿੰਘਾਂ ‘ਤੇ ਹੱਲਾ ਬੋਲ ਦਿੱਤਾ। ਸਿੰਘਾਂ ਨੇ ਵੀ ਡਟ ਕੇ ਮੁਕਾਬਲਾ ਕੀਤਾ, ਜਿਸ ਵਿਚ ਭਾਈ ਮਨੀ ਸਿੰਘ ਜੀ ਦੇ ਭਰਾ ਸ. ਅੱਘੜ ਸਿੰਘ ਦੇ ਵਾਰ ਨਾਲ ਜਸਪਤ ਰਾਏ ਮਾਰਿਆ ਗਿਆ। ਲਖਪਤ ਰਾਏ ਨੂੰ ਜਦੋਂ ਆਪਣੇ ਭਰਾ ਦੇ ਮਰਨ ਦੀ ਖ਼ਬਰ ਮਿਲੀ, ਉਸ ਨੇ ਸਿੱਖਾਂ ‘ਤੇ ਅੱਤਿਆਚਾਰ ਤਿੱਖੇ ਕਰ ਦਿੱਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ-ਚੁੱਕ ਕੇ ਖੂਹਾਂ ਵਿਚ ਸੁੱਟ ਦਿੱਤੇ ਗਏ। ਗੁਰਦੁਆਰੇ ਢਾਹ ਸੁੱਟ,ਸਖ਼ਤ ਹੁਕਮ ਕਰ ਦਿੱਤਾ ਕਿ ਜਿਹੜਾ ਸਿੰਘਾਂ ਨੂੰ ਪਨਾਹ ਦੇਵੇਗਾ, ਰਾਜ ਦਰਬਾਰ ਦਾ ਬਾਗ਼ੀ ਹੋਵੇਗਾ ਤੇ ਸਖ਼ਤ ਸਜ਼ਾ ਮਿਲੇਗੀ। ਉਸ ਨੇ ‘ਗੁਰੂ’ ਦਾ ਨਾਮ ਲੈਣ ‘ਤੇ ਵੀ ਸਖ਼ਤ ਪਾਬੰਦੀ ਲਗਾ ਦਿੱਤੀ। ਜ਼ਿਲਾ ਗੁਰਦਾਸਪੁਰ ਵਿਚ ਕਾਹਨੂੰਵਾਨ ਦੇ ਇਲਾਕੇ ਵਿਚ ਪਾਣੀ ਦੀ ਵੱਡੀ ਝੀਲ ਵੀ ਸੀ ਤੇ ਇਸ ਇਲਾਕੇ ਵਿਚ ਸੰਘਣੇ ਜੰਗਲ ਹੋਣ ਕਾਰਨ ਸਿੱਖ ਯੋਧੇ ਅਕਸਰ ਇਸ ਸੁਰੱਖਿਅਤ ਸਥਾਨ ‘ਤੇ ਠਹਿਰ ਜਾਇਆ ਕਰਦੇ ਸਨ। ਇਸ ਵਾਰ ਵੀ ਲੱਗਭਗ 15-16 ਹਜ਼ਾਰ ਸਿੱਖ ਇਸ ਅਸਥਾਨ ‘ਤੇ ਪਹੁੰਚੇ ਹੋਏ ਸਨ। ਲਖਪਤ ਰਾਏ ਦੀਆਂ ਭਾਰੀ ਫ਼ੌਜਾਂ ਨੇ ਇਸ ਜੰਗਲ ਨੂੰ ਚੁਫੇਰਿਓਂ ਘੇਰ ਲਿਆ। ਤਿੰਨ ਮਹੀਨੇ ਸਿੰਘ ਇਸ ਘੇਰੇ ਵਿਚ ਰਹੇ। ਸਿੰਘਾਂ ਦਾ ਰਾਸ਼ਨ ਖਤਮ ਹੋ ਚੁੱਕਾ ਸੀ ਪਰ ਹੌਸਲੇ ਬੁਲੰਦ ਸਨ। ਮੁਗ਼ਲ ਫ਼ੌਜਾਂ ਨੇ ਹੋਰ ਕੋਈ ਚਾਰਾ ਨਾ ਵੇਖ ਕੇ ਅੰਤ ਵਿਚ ਕਾਹਨੂੰਵਾਨ ਦੇ ਇਸ ਸੰਘਣੇ ਜੰਗਲ ਨੂੰ ਅੱਗ ਲਗਾ ਦਿੱਤੀ। ਸਿੰਘਾਂ ਨੇ ਆਪਣੇ-ਆਪ ਨੂੰ ਤਿੰਨਾਂ ਪਾਸਿਆਂ ਤੋਂ ਬੁਰੀ ਤਰ੍ਹਾਂ ਘਿਰੇ ਹੋਏ ਵੇਖ ਕੇ ਚੌਥੇ ਪਾਸੇ ਵੱਲ ਕੂਚ ਕੀਤਾ ਪਰ ਏਧਰ ਵੀ ਬਿਆਸ ਦਰਿਆ ਭਰਿਆ, ਠਾਠਾਂ ਮਾਰਦਾ ਵਗ ਰਿਹਾ ਸੀ। ਸਿੰਘ ਪਹਾੜਾਂ ਦੀ ਦਿਸ਼ਾ ਵੱਲ ਚੱਲ ਪਏ। ਲਖਪਤ ਰਾਏ ਨੇ ਫ਼ੌਜਾਂ ਸਮੇਤ ਸਿੰਘਾਂ ਉਤੇ ਕਹਿਰੀ ਹੱਲਾ ਬੋਲ ਦਿੱਤਾ। ਸਾਰੇ ਸਿੰਘ ਬਹੁਤ ਬਹਾਦਰੀ ਨਾਲ ਲੜੇ। ਬਹੁਤ ਸਾਰੇ ਸਿੰਘ ਸ਼ਹੀਦ ਅਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ ਸਨ। ਫਿਰ ਵੀ ਸਿੰਘਾਂ ਨੇ ਡਟ ਕੇ ਮੁਕਾਬਲਾ ਕਰਨਾ ਨਾ ਛੱਡਿਆ। ਸ਼ਾਮ ਤੋਂ ਬਾਅਦ ਲੜਦਿਆਂ ਹੋਇਆਂ ਹਨੇਰਾ ਹੋ ਗਿਆ। ਹਨੇਰੇ ਦੀ ਆੜ ‘ਚ ਸਿੰਘਾਂ ਨੇ ਮੁਗ਼ਲ ਫੌਜਾਂ ‘ਤੇ ਜ਼ਬਰਦਸਤ ਹੱਲਾ ਬੋਲ ਦਿੱਤਾ ਤੇ ਕੁਝ ਸਿੰਘ ਮੁਗਲ ਫ਼ੌਜ ਦੇ ਘੇਰੇ ‘ਚੋਂ ਦੀ ਬਾਹਰ ਨਿਕਲ ਗਏ। ਰਾਤ ਦੇ ਸਮੇਂ 8 ਕੁ ਮੀਲ ਅੱਗੇ ਜਾ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਅਤੇ ਨਵਾਬ ਕਪੂਰ ਸਿੰਘ ਆਦਿ ਆਗੂ ਸਿੰਘਾਂ ਦੀ ਅਗਵਾਈ ਵਿਚ ਮੁਗਲ ਫ਼ੌਜਾਂ ‘ਤੇ ਫਿਰ ਸਿੰਘਾਂ ਨੇ ਕਹਿਰੀ ਹੱਲਾ ਰਾਤ ਸਮੇਂ ਕਰ ਦਿੱਤਾ। ਮੁਗ਼ਲ ਫ਼ੌਜਾਂ ਅਜੇ ਸੰਭਲੀਆਂ ਵੀ ਨਹੀਂ ਸਨ ਕਿ ਸਿੰਘ ਵੱਢ-ਟੁੱਕ ਕਰਕੇ ਫਿਰ ਘੋੜਿਆਂ ਸਮੇਤ ਵਾਪਿਸ ਆ ਗਏ। ਬਹੁਤ ਸਾਰੇ ਸਿੰਘ ਸ਼ਹੀਦ ਹੋਏ ਤੇ ਭਾਰੀ ਗਿਣਤੀ ਵਿਚ ਮੁਗਲਾਂ ਨੇ ਕੈਦੀ ਬਣਾ ਕੇ ਲਾਹੌਰ ਲੈ ਆਂਦੇ। ਉਨ੍ਹਾਂ ਦੇ ਕੇਸ ਕਤਲ ਕਰ ਦਿੱਤੇ ਗਏ ਅਤੇ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਖੁੱਲ੍ਹੇ ਸਥਾਨ ‘ਤੇ ਸਭ ਨੂੰ ਤਲਵਾਰ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਸਥਾਨ ਦਾ ਨਾਂ ਹੁਣ ‘ਸ਼ਹੀਦ ਗੰਜ’ ਹੈ।
ਛੋਟੇ ਘੱਲੂਘਾਰੇ ਦੇ ਇਸ ਯੁੱਧ ਵਿਚ ਲੱਗਭਗ 11000 ਸਿੰਘ ਸ਼ਹੀਦ ਹੋਏ। ਇਹ ਯੁੱਧ 1746 ਈ. ਨੂੰ ਹੋਇਆ। ਤੁਰਕ ਸੈਨਾ ਨੇ ਢਿੰਡੋਰਾ ਪਿਟਵਾ ਦਿੱਤਾ ਕਿ ਅਸੀਂ ਸਾਰੇ ਸਿੰਘਾਂ ਨੂੰ ਖਤਮ ਕਰ ਦਿੱਤਾ ਹੈ ਪਰ ਸਿੰਘਾਂ ਦੇ ਹੌਸਲੇ ਮੱਧਮ ਨਾ ਹੋਏ। ਉਨ੍ਹਾਂ ਨੇ ਜਾਲਮਾਂ ਵਿਰੁੱਧ ਸੰਘਰਸ਼ ਜਾਰੀ ਰੱਖਿਆ। ਇਸ ਤੋਂ 2 ਸਾਲ ਬਾਅਦ 1748 ਈ. ਦੀ ਵਿਸਾਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਿੰਘਾਂ ਦਾ ਭਾਰੀ ਇਕੱਠ ਜੋੜ ਹੋਇਆ,
ਜਿਸ ਤੋਂ ਮਿਸਲਾਂ ਹੋਂਦ ਵਿਚ ਆਈਆਂ ਅਤੇ ਸੰਯੁਕਤ ਕਮਾਂਡ ‘ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ’ ਨੂੰ ਸੌਂਪੀ ਗਈ। ਸਿੱਖ ਇਤਿਹਾਸ ਵਿਚ ‘ਛੋਟਾ ਘੱਲੂਘਾਰਾ’ ਦਾ ਨਾਂ ਸਦਾ ਅਮਰ ਹੈ।
ਇਹਨਾਂ ਮਹਾਨ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਾਨ-ਕੋਟ ਪ੍ਰਣਾਮ ।।
Author: Gurbhej Singh Anandpuri
ਮੁੱਖ ਸੰਪਾਦਕ