ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਮੂਲ ਕਾਰਣ – ਹਰਜਿੰਦਰ ਸਿੰਘ ‘ਸਭਰਾਅ’

19

ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਸਾਕਾ ਇਤਿਹਾਸ ਦੀ ਇੱਕ ਮਹਾਨ ਅਤੇ ਲਾਸਾਨੀ ਘਟਨਾ ਹੈ। ਹੱਕ, ਸੱਚ ਦੀ ਆਵਾਜ਼ ਬੁਲੰਦ ਕਰਕੇ ਜ਼ੁਲਮ, ਜਬਰ, ਅਨਿਆਂ, ਬੇਇਨਸਾਫ਼ੀ ਵਿਰੁੱਧ ਐਲਾਨੀਆਂ ਸੰਘਰਸ਼ ਕਰਨ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਣਾ, ਸੀਸ ਵਿੱਚ ਸੜਦੀ ਬਲਦੀ ਰੇਤ ਪਵਾਉਣੀ, ਅਤੇ ਉਬਲਦੇ ਪਾਣੀ ਦੀ ਦੇਗ ਵਿੱਚ ਬੈਠਣ ਜਿਹੇ ਭਿਆਨਕ ਤਸੀਹੇ ਸਹਿਣ ਕਰਨੇ ਪਏ। ਪਰ ਅਜਿਹਾ ਸਾਰਾ ਕੁੱਝ ਬਰਦਾਸ਼ਤ ਕਰਕੇ ਵੀ ਉਨਾਂ ਨੇ ਮਨੁੱਖੀ ਹੱਕਾਂ ਦਾ ਝੰਡਾ ਉੱਚਾ ਕਰੀ ਰੱਖਿਆ ਅਤੇ ਆਪਣੇ ਸਬਰ ਸਿਦਕ ਨਾਲ ਜਬਰ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ। ਗੁਰੂ ਸਾਹਿਬ ਜੀ ਦੀ ਮਹਾਨ ਵਿਚਾਰਧਾਰਾ ਅਤੇ ਉਨਾਂ ਦੁਆਰਾ ਮਨੁੱਖੀ ਹੱਕਾਂ ਲਈ ਘਾਲੀਆਂ ਗਈਆਂ ਘਲਨਾਵਾਂ ਨੂੰ ਨਾਪਸੰਦ ਕਰਨ ਵਾਲੀਆਂ ਧਿਰਾਂ ਨੇ ਉਨਾਂ ਨੂੰ ਹਰ ਹੀਲੇ ਰੋਕਣ ਅਤੇ ਠੱਲਣ ਦਾ ਯਤਨ ਕੀਤਾ ਪਰ ਕੋਈ ਵੀ ਅਜਿਹੀ ਸਾਜਿਸ਼ ਇਸ ਮਹਾਨ ਇਨਕਲਾਬ ਨੂੰ ਖ਼ਤਮ ਨਾ ਕਰ ਸਕੀ। ਮਹਾਨ ਗੁਰਮਤਿ ਇਨਕਲਾਬ ਦੀ ਸੁਚੱਜੀ ਅਗਵਾਈ ਕਰਦਿਆਂ ਗੁਰੂ ਸਾਹਿਬ ਦੀ 30 ਮਈ (ਜੂਲੀਅਨ ਕੈਲੰਡਰ) 1606 (ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ੧੬ ਜੂਨ) ਨੂੰ ਸ਼ਹਾਦਤ ਹੋਈ। ਇਸ ਸ਼ਹਾਦਤ ਪਿੱਛੇ ਕਈ ਮੂਲ ਕਾਰਣ ਸਨ ਜਿਨਾਂ ਵਿਚੋਂ ਕੁੱਝ ਕੁ ਦੀ ਵੀਚਾਰ ਅਸੀਂ ਇਥੇ ਕਰਦੇ ਹਾਂ।

ਗੁਰਮਤਿ ਵਿਚਾਰਧਾਰਾ ਜ਼ਾਤ-ਪਾਤ, ਛੂਆ-ਛਾਤ, ਵਰਣ ਵੰਡ, ਆਦਿ ਮਨੁੱਖੀ ਵੰਡੀਆਂ ਨੂੰ ਮੂਲੋਂ ਹੀ ਰੱਦ ਕਰਦਿਆਂ ਹੋਇਆਂ ਮਨੱਖੀ ਬਰਾਬਰਤਾ ਤੇ ਜ਼ੋਰ ਦਿੰਦੀ ਹੈ। ਮੰਨੂਵਾਦੀ ਵਿਚਾਰਧਾਰਾ ਦੇ ਪੱਕੇ ਹਾਮੀ ਬ੍ਰਾਹਮਣ ਆਦਿਕ ਉੱਚ ਜ਼ਾਤੀਏ ਲੋਕਾਂ ਵਲੋਂ ਗੁਰੂ ਗਰ ਦੀ ਸਾਂਝੀਵਾਲਤਾ ਦੀ ਵਿਚਾਰਧਾਰਾ ਨੂੰ ਸਹਿਣ ਨਾ ਕਰਦਿਆ ਹੋਇਆਂ ਗੁਰੂ ਘਰ ਦੇ ਵਿਰੋਧ ਵਿੱਚ ਸਰਕਾਰੇ ਦਰਬਾਰੇ ਸ਼ਿਕਾਇਤਾਂ ਦਰਜ਼ ਕਰਵਾਈਆਂ ਜਾਂਦੀਆਂ ਰਹੀਆਂ ਅਤੇ ਹੋਰ ਕਈ ਢੰਗਾਂ ਨਾਲ ਵਿਰੋਧ ਜਾਰੀ ਰੱਖਿਆ ਗਿਆ ਜਿਸ ਕਾਰਨ ਇਨਾਂ ਨੂੰ ਸਰਕਾਰੀ ਪਹੁੰਚ ਵਾਲੇ ਮਨੁੱਖੀ ਵੰਡ ਦੇ ਹਾਮੀ ਲੋਕਾਂ ਦੀ ਹਿਮਾਇਤ ਪ੍ਰਾਪਤ ਹੋਈ।

ਅਕਬਰ ਦੇ ਖ਼ਾਸ ਦਰਬਾਰੀ ਬੀਰਬਲ (ਮਹੇਸ਼ਦਾਸ) ਦਾ ਬ੍ਰਾਹਮਣ ਜ਼ਾਤ ਨਾਲ ਸੰਬੰਧਤ ਹੋਣ ਕਰਕੇ ਉਸਨੇ ਉੱਚ ਜ਼ਾਤੀਏ ਲੋਕਾਂ ਦੀਆਂ ਗੁਰੂ ਘਰ ਵਿਰੁੱਧ ਕੀਤੀਆਂ ਸ਼ਿਕਾਇਤਾਂ ਨੂੰ ਸਰਕਾਰੀ ਕਾਰਵਾਈ ਤੱਕ ਪਹੁੰਚਾਇਆ ਅਤੇ ਕੱਟੜ ਪੰਥੀਆਂ ਦੀ ਹਰ ਸੰਭਵ ਮਦਦ ਕਰਕੇ ਆਪਣੇ ਮਰਨ ਤੱਕ ਗੁਰੂ ਸਾਹਿਬ ਵਿਰੁੱਧ ਫ਼ਿਰਕੂ ਮਾਹੌਲ ਸਿਰਜਣ ਵਿੱਚ ਹਰ ਯਤਨ ਕੀਤਾ।

ਪੰਜਾਬ ਵਿੱਚ ਸਖੀ ਸਰਵਰੀਏ ਫ਼ਿਰਕੇ ਦਾ ਬੇਹੱਦ ਜ਼ੋਰ ਹੋਣ ਕਰਕੇ ਵੱਡੇ ਪੱਧਰ ਤੇ ਆਮ ਜਨਤਾ ਇਸ ਫ਼ਿਰਕੇ ਦੀ ਪੁਜਾਰੀ ਸੀ। ਜਿਸ ਕਾਰਨ ਬੁੱਤਖ਼ਾਨੇ, ਅਤੇ ਹੋਰ ਕਰਮਕਾਂਡ ਦੀ ਭਰਮਾਰ ਸੀ। ਗੁਰਮਤਿ ਦੀ ਸਪੱਸ਼ਟ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਇਸ ਫ਼ਿਰਕੇ ਦੇ ਪੈਰ ਪੰਜਾਬ ਵਿਚੋਂ ਬੁਰੀ ਤਰਾਂ ਉਖੜ ਚੁਕੇ ਸਨ ਅਤੇ ਬਹੁਗਿਣਤੀ ਲੋਕਾਂ ਵਲੋਂ ਸਿਖ ਧਰਮ ਨੂੰ ਬੜੀ ਤੇਜ਼ੀ ਨਾਲ ਧਾਰਨ ਕੀਤਾ ਜਾ ਰਿਹਾ ਸੀ। ਇਸ ਕਾਰਨ ਬੁਖ਼ਲਾਹਟ ਵਿੱਚ ਆਏ ਹੋਏ ਸਖ਼ੀ ਸਰਵਰ ਫ਼ਿਰਕੇ ਦੇ ਕੱਟੜਪੰਥੀ ਆਗੂਆਂ ਵਲੋਂ ਈਰਖਾ ਵੱਸ ਸਿਖ ਵਿਚਾਰਧਾਰਾ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਫ਼ਿਰਕੇ ਦਾ ਮੂਲ ਇਸਲਾਮੀ ਹੋਣ ਕਾਰਨ ਕੱਟੜਪੰਥੀ ਇਸਲਾਮੀ ਆਗੂਆਂ ਦੀ ਇਨਾਂ ਨੂੰ ਭਾਰੀ ਮਦਦ ਪ੍ਰਾਪਤ ਹੋਈ।

1604 ਈ: ਵਿੱਚ ਜਦੋਂ ਗੁਰੂ ਅਰਜਨ ਸਾਹਿਬ ਜੀ ਗੁਰਬਾਣੀ ਸੰਪਾਦਨ ਦਾ ਕਾਰਜ ਚਲਾ ਰਹੇ ਸਨ ਤਾਂ ਉਸ ਸਮੇਂ ਚਾਰ ਅਖੌਤੀ ਭਗਤ ਕਾਨਾਂ, ਪੀਲੂ, ਛੱਜੂ, ਸ਼ਾਹ ਹੁਸੈਨ, ਗੁਰੂ ਜੀ ਕੋਲ ਆਪਣੀ-ਆਪਣੀ ਕਵਿਤਾ ਗੁਰਬਾਣੀ ਦੇ ਨਾਲ ਹੀ ਦਰਜ ਕਰਵਾਉਣ ਦੇ ਮਨਸ਼ੇ ਨਾਲ ਆਏ ਸਨ ਪਰ ਗੁਰੂ ਅਰਜਨ ਸਾਹਿਬ ਜੀ ਨੇ ਉਨਾਂ ਦੀ ਕੱਚਘਰੜ ਕਵਿਤਾ ਨੂੰ ਗੁਰਬਾਣੀ ਨਾਲ ਦਰਜ਼ ਕਰਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ ਸੀ। ਜਿਸ ਕਾਰਨ ਗੁਰੂ ਘਰ ਨਾਲ ਉਨਾਂ ਦੀ ਪੁਰਾਣੀ ਈਰਖਾ ਨੇ ਹੋਰ ਪ੍ਰਚੰਡ ਰੂਪ ਧਾਰਨ ਕਰ ਲਿਆ। ਉਨਾਂ ਦੁਆਰਾ ਗੁਰੂ ਘਰ ਨਾਲ ਆਰੰਭ ਤੋਂ ਹੀ ਈਰਖਾ ਅਤੇ ਨਫ਼ਰਤ ਕੀਤੀ ਜਾ ਰਹੀ ਸੀ। ਜਿਸ ਦਾ ਮੂਲ ਕਾਰਣ ਸੀ ਗੁਰੂ ਸਾਹਿਬ ਵਲੋਂ ਅਜਿਹੇ ਢੌਂਗੀ, ਕਰਮਕਾਂਡੀ, ਅਤੇ ਪੂਜਾ ਪ੍ਰਤਿਸ਼ਟਾ ਲਈ ਆਪਣੇ ਆਪ ਨੂੰ ਖ਼ਾਸ ਧਰਮੀ ਦੱਸਣ ਵਾਲੇ ਲੋਕਾਂ ਵਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਜ਼ੋਰਦਾਰ ਢੰਗ ਨਾਲ ਆਰੰਭੀ ਹੋਈ ਮੁਹਿੰਮ, ਜਿਸ ਕਾਰਣ ਅਜਿਹੇ ਪਾਖੰਡੀ ਲੋਕਾਂ ਦੀਆਂ ਝੂਠ ਦੀਆਂ ਦੁਕਾਨਾਂ ਨੂੰ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ। ਇਹੀ ਕਾਰਣ ਸੀ ਕਿ ਇਹ ਚਾਰੇ ਅਖੌਤੀ ਭਗਤ ਆਪਣੀ ਕਵਿਤਾ ਗੁਰਬਾਣੀ ਨਾਲ ਦਰਜ ਕਰਵਾ ਕੇ ਖ਼ੁਦ ਨੂੰ ਮਾਨਤਾ ਪ੍ਰਾਪਤ ਸਿਧ ਕਰਨਾ ਚਾਹੁੰਦੇ ਸਨ। ਪਰ ਗੁਰੂ ਜੀ ਵਲੋਂ ਸਾਫ਼ ਨਾਂਹ ਕਰ ਦੇਣ ਤੋਂ ਬਾਅਦ ਇਨਾਂ ਵਲੋਂ ਗੁਰੂ ਸਾਹਿਬ ਦਾ ਸਿੱਧਾ ਵਿਰੋਧ ਕੀਤਾ ਜਾਣ ਲੱਗ ਪਿਆ। ਪੀਲੂ ਦਾ ਰਾਬਤਾ ਚੰਦੂ ਨਾਲ ਹੋਣ ਕਰਕੇ ਇਨਾਂ ਵਲੋਂ ਕੀਤੀ ਜਾਂਦੀ ਵਿਰੋਧਤਾ ਨੂੰ ਕਾਫ਼ੀ ਬਲ ਮਿਲਿਆ।

ਸਰਕਾਰੀ ਮੁਲਾਜ਼ਮ ਚੰਦੂ ਸ਼ਾਹ ਨੇ ਜਿਸਦੀ ਲੜਕੀ ਦਾ ਰਿਸ਼ਤਾ ਕਈ ਕਾਰਨਾਂ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜੀ ਲਈ ਲੈਣੋਂ ਨਾਂਹ ਕਰ ਦਿੱਤੀ ਸੀ ਆਪਣੇ ਵਲੋਂ ਗੁਰੂ ਘਰ ਵਿਰੁੱਧ ਹਰ ਤਰਾਂ ਦੀ ਸਾਜ਼ਿਸ਼ ਦੀ ਹਿਮਾਇਤ ਕੀਤੀ। ਜ਼ਾਤ ਅਭਿਮਾਨੀ ਹੋਣ ਕਰਕੇ ਉਸਨੇ ਗੁਰੂ ਸ਼ਾਨ ਵਿਰੁੱਧ ਕੁਬੋਲ ਬੋਲ ਕੇ ਭਾਰੀ ਗੁਸਤਾਖ਼ੀ ਵੀ ਕੀਤੀ ਸੀ। ਭਾਵੇਂ ਕਿ ਚੰਦੂ ਕੋਈ ਬਹੁਤੀ ਸਿਰਕੱਢ ਹਸਤੀ ਨਹੀਂ ਸੀ ਪਰ ਸਿਖ ਧਰਮ ਵਿਰੋਧੀ ਤਾਕਤਾਂ ਦਾ ਵੱਡਾ ਮੋਹਰਾ ਅਤੇ ਹਰ ਤਰਾਂ ਦੀ ਸਾਜਿਸ਼ ਦਾ ਅਹਿਮ ਹਿੱਸਾ ਸੀ।

ਜਿਵੇਂ ਕਿ ਹਰ ਇੱਕ ਲਹਿਰ ਨੂੰ ਕਮਜ਼ੋਰ ਅਤੇ ਖ਼ਤਮ ਕਰਨ ਲਈ ਅਜਿਹੇ ਮੋਹਰੇ ਲੱਭੇ ਜਾਂਦੇ ਹਨ ਜਿਨਾਂ ਦਾ ਉਸ ਲਹਿਰ ਨਾਲ ਗੂੜਾ ਸੰਬੰਧ ਹੋਵੇ। ਅਜਿਹੇ ਮੋਹਰੇ ਦੀ ਵਰਤੋਂ ਕਰਕੇ ਉਸੇ ਲਹਿਰ ਵਿੱਚ ਇੱਕ ਹੋਰ ਫ਼ਰਜ਼ੀ ਧਿਰ ਖੜੀ ਕਰਕੇ ਅਸਲ ਲਹਿਰ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾਂਦਾ ਹੈ। ਅਜਿਹਾ ਕੁੱਝ ਹੀ ਉਸ ਸਮੇਂ ਦੇ ਕੱਟੜਪੰਥੀ ਅਤੇ ਰਾਜਸੀ ਤਾਕਤਾਂ ਵਲੋਂ ਕੀਤਾ ਗਿਆ। ਬਾਬਾ ਪ੍ਰਿਥੀ ਚੰਦ ਹੀ ਉਹ ਅਹਿਮ ਮੋਹਰਾ ਸੀ ਜਿਸ ਦੀ ਵਰਤੋਂ ਵਿਰੋਧੀ ਲਾਬੀ ਨੇ ਬੜੀ ਆਸਾਨੀ ਨਾਲ ਕੀਤੀ। ਉਸ ਵਲੋਂ ਗੁਰੂ ਸਾਹਿਬ ਦੀ ਤਰਜ਼ ਤੇ ਹੇਹਰ ਪਿੰਡ ਵਿੱਚ ਆਪਣਾ ਵੱਖਰਾ ਦਰਬਾਰ ਬਣਾਉਣਾ, ਮਸੰਦ ਰੱਖਣੇ, ਬਾਣੀ ਰਚਾਉਣੀ, ਉਸੇ ਦਾ ਕੀਰਤਨ ਕਰਨਾ ਆਦਿ ਅਜਿਹੀਆਂ ਕੁੱਝ ਉਦਾਹਰਣਾਂ ਹਨ। ਸਿਖ ਇਨਕਲਾਬ ਨੂੰ ਖੇਰੂੰ-ਖੇਰੂੰ ਕਰਨ ਲਈ ਹਰ ਤਰਾਂ ਦੀ ਮਦਦ ਪ੍ਰਿਥੀ ਚੰਦ ਨੂੰ ਦਿੱਤੀ ਗਈ। ਸੁਲਹੀ ਖ਼ਾਨ ਨਾਲ ਉਸ ਦੀਆਂ ਮੁਲਾਕਾਤਾਂ ਇਸੇ ਕੜੀ ਦੀਆਂ ਅਹਿਮ ਹਿਸਾ ਹਨ।

ਗੁਰੂ ਸਾਹਿਬ ਦੁਆਰਾ ਪ੍ਰਚਾਰੀ ਜਾਂਦੀ ਧਰਮ ਵਿਚਾਰਧਾਰਾ ਵਿੱਚ ਹਰ ਤਰਾਂ ਦੇ ਲੋਕ ਹਿੱਤਾਂ ਨੂੰ ਬੇਹੱਦ ਪ੍ਰਮੁਖਤਾ ਦਿੱਤੀ ਗਈ ਹੈ। ਧਰਮ, ਜ਼ਾਤ, ਫੋਕਟ ਰਸਮਾਂ ਰੀਤਾਂ, ਸ਼ਰ੍ਹਾ ਅਤੇ ਸਿੰਮ੍ਰਤੀਆਂ ਦੀਆਂ ਪਾਬੰਦੀਆਂ ਅਤੇ ਵੰਡੀਆਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਗਈ। ਲੋਕ ਹਿੱਤਾਂ ਦੀ ਜਾਮਨੀ ਕਰਦੀਆਂ ਉਨਾਂ ਦੀਆਂ ਨੀਤੀਆਂ ਕੱਟੜਪੰਥੀ ਜਮਾਤਾਂ ਨੂੰ ਮੂਲੋਂ ਹੀ ਨਹੀ ਭਾਈਆਂ। ਮਨੱਖੀ ਜੀਵਨ ਦੇ ਹਰ ਪੱਖ ਦੀ ਗੂੜੀ ਤਰਜ਼ਮਾਨੀ ਕਰਦੀ ਗੁਰਮਤਿ ਵਿਚਾਰਧਾਰਾ ਵੱਲ ਆਮ ਲੋਕਾਂ ਦਾ ਝੁਕਾਅ ਹੋਣਾ ਸੁਭਾਵਕ ਸੀ ਜਿਸਨੂੰ ਕੱਟੜਪੰਥੀ ਲੋਕਾਂ ਵਲੋਂ ਬਰਦਾਸ਼ਤ ਕਰਨਾ ਔਖਾ ਸੀ। ਭੇਦ-ਭਾਵ, ਵੰਡ, ਫੋਕਟ ਕਰਮਕਾਂਡ, ਅਤੇ ਹਰ ਤਰਾਂ ਦੀ ਤੰਗਦਿਲੀ ਤੋਂ ਉਭਰ ਕੇ ਇੱਕ ਆਜਾਦ ਅਤੇ ਸੱਚਾਈ ਭਰਪੁਰ ਜੀਵਨ ਜਿਊਣ ਦਾ ਨੁਕਤਾ ਸੁਭਾਵਕ ਹੀ ਹਰ ਇੱਕ ਲਈ ਚਾਨਣ ਮੁਨਾਰਾ ਸੀ। ਭਾਵੇਂ ਕਿ ਸਿਖ ਵਿਰੋਧੀ ਧਿਰਾਂ ਦਾ ਆਪਸ ਵਿੱਚ ਕੋਈ ਸਿਧਾਂਤਕ ਮੇਲ ਨਹੀ ਸੀ ਪਰ ਇਸ ਸਥਿਤੀ ਵਿੱਚ ਉਨਾਂ ਦਾ ਨਿਸ਼ਾਨਾ ਇੱਕ ਸੀ। ਇਸ ਨਿਸ਼ਾਨੇ ਦੀ ਪੂਰਤੀ ਲਈ ਆਪਣੀ-ਆਪਣੀ ਥਾਂ ਸਾਰੀਆਂ ਹੀ ਵਿਰੋਧੀ ਧਿਰਾਂ ਪੂਰਾ-ਪੂਰਾ ਤਾਣ ਲਾ ਰਹੀਆਂ ਸਨ।

ਸਿਖ ਧਰਮ ਦੀ ਅਸਲ ਨੀਂਹ ਮਹਾਨ ਪੁਰਖਾਂ ਦੁਆਰਾ ਬਖ਼ਸ਼ੀ ਹੋਈ ਵਿਚਾਰਧਾਰਾ ਹੈ ਜੋ ਗੁਰਬਾਣੀ ਵਿਚੋਂ ਜ਼ਾਹਰ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਨਾਲ ਭਗਤ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਇੱਕ ਮਹਾਨ ਪਰਉਪਕਾਰ ਕੀਤਾ ਸੀ। ਗੁਰੂ ਅਰਜਨ ਸਾਹਿਬ ਜੀ ਨੇ ਵੱਡੇ ਸਤਿਗੁਰਾਂ ਅਤੇ ਬਾਕੀ ਮਹਾਨਪੁਰਖਾਂ ਦੀ ਬਾਣੀ ਦਾ ਇੱਕ ਥਾਵੇਂ ਸੰਪਾਦਨ ਕਰਕੇ ਇੱਕ ਲਾਸਾਨੀ ਅਤੇ ਮਹਾਨ ਕਾਰਜ ਕੀਤਾ। ਅਜਿਹਾ ਕਰਨ ਨਾਲ ਸਿਖ ਵਿਚਾਰਧਾਰਾ ਪੱਕੇ ਪੈਰੀਂ ਸਥਾਪਤ ਹੋ ਗਈ ਅਤੇ ਇਸ ਨੂੰ ਗ੍ਰੰਥ ਦਾ ਰੂਪ ਮਿਲਣ ਕਰਕੇ ਸਿਖ ਵਿਚਾਰਧਾਰਾ ਨੂੰ ਮੰਨਣ ਵਾਲੇ ਸਾਰੇ ਲੋਕਾਂ ਨੇ ਇਸ ਨੂੰ ਰੱਬੀ ਗਿਆਨ ਸਮਝ ਕੇ ਸਤਿਕਾਰ ਕੀਤਾ। ਬਾਕੀ ਗ੍ਰੰਥਾਂ ਦੀ ਵਿਚਾਰਧਾਰਾ ਨੂੰ ਲੈ ਕੇ ਆਪਸੀ ਵਾਦ ਵਿਵਾਦ, ਕਲੇਸ਼ ਆਮ ਜਿਹੀ ਗੱਲ ਸੀ। ਪਰ ਅਜਿਹੀਆਂ ਸਾਰੀਆਂ ਰੂੜੀਵਾਦੀ ਵਿਚਾਰਧਾਰਾਵਾਂ ਦਾ ਖੰਡਨ ਕਰਦੀ ਗੁਰਬਾਣੀ ਦਾ ਸੰਪਾਦਨ ਹੋ ਕੇ ਇੱਕ ਗ੍ਰੰਥ ਦਾ ਰੂਪ ਧਾਰਨ ਕਰਨਾ ਰੂੜੀਵਾਦੀਆਂ ਲਈ ਅਸਹਿ ਸੀ। ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ-ਬਾਣੀ ਵਿਰੁੱਧ ਅਕਬਰ ਕੋਲ ਹੋਈਆਂ ਸ਼ਿਕਾਇਤਾਂ ਇਸ ਵਿਰੋਧ ਦਾ ਆਧਾਰ ਬਣੀਆਂ।

ਤੁਲਸੀ ਦੀ ਲਿਖੀ ਹੋਈ ਰਾਮਾਇਣ ਵਿੱਚ ਬਿਨਾਂ ਕੋਈ ਠੋਸ ਵਿਚਾਰਧਾਰਾ ਦਿਤਿਆਂ ਕੇਵਲ ਸ੍ਰੀ ਰਾਮ ਚੰਦਰ ਜੀ ਦੇ ਗੁਣ ਹੀ ਗਾਏ ਅਤੇ ਨਾਲ ਹੀ “ਕਵਨ ਨ੍ਰਿਪ ਹੋਇ ਹਮੇਂ ਕਿਆ ਹਾਨੀ” ਆਦਿਕ ਲਿਖ ਕੇ ਆਪਣੇ ਆਪ ਨੂੰ ਬਾਕੀ ਸਾਰਿਆ ਮੁੱਦਿਆਂ ਤੋਂ ਬੜੀ ਸਫ਼ਾਈ ਨਾਲ ਪਾਸੇ ਕਰ ਲਿਆ। ਹਿੰਦੂ ਜਨਤਾ ਤੇ ਹੋ ਰਹੇ ਸਰਕਾਰੀ ਜਬਰ ਬਾਰੇ ਇੱਕ ਵੀ ਲਫ਼ਜ ਤੱਕ ਨਾ ਲਿਖਿਆ ਭਾਵੇਂ ਕਿ ਉਹ ਆਪ ਵੀ ਬ੍ਰਾਹਮਣ ਸੀ ਅਤੇ ਹਰ ਗੱਲ ਤੋਂ ਚੰਗੀ ਤਰਾਂ ਵਾਕਿਫ਼ ਸੀ। ਯਾਦ ਰਹੇ ਇਹ ਰਾਮਾਇਣ ਅਕਬਰ ਬਾਦਸਾਹ ਦੇ ਸਮੇਂ ਰਚੀ ਗਈ ਸੀ ਅਤੇ ਇਸ ਲਈ ਸਰਕਾਰੀ ਤੌਰ ਤੇ ਵਜ਼ੀਫ਼ਾ ਵੀ ਲੇਖਕ ਨੂੰ ਦਿੱਤਾ ਗਿਆ ਸੀ। ਪਰ ਗੁਰਬਾਣੀ ਅੰਦਰ ਹਰ ਤਰਾਂ ਦੇ ਪੱਖਾਂ ਨੂੰ ਬੜੀ ਸੰਜੀਦਗੀ ਨਾਲ ਛੋਹਿਆ ਗਿਆ ਹੈ ਹਰ ਪੱਖ ਦੇ ਵਰਤਾਰੇ ਦੀ ਪੂਰੀ ਤਸਵੀਰ ਦਿਖਾਈ ਗਈ ਹੈ। ਜਿਵੇਂ- “ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥” (722)

“ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥” (145)

ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਬਾਦਸਾਹ ਜਹਾਂਗੀਰ ਜੋ ਕਿ ਇੱਕ ਤੁਅਸਬੀ ਇਨਸਾਨ ਸੀ ਕੱਟੜਪੰਥੀ, ਤੁਅੱਸਬੀ, ਅਤੇ ਫ਼ਿਰਕੂ ਤਾਕਤਾਂ ਦੇ ਪੂਰੀ ਤਰਾਂ ਅਧੀਨ ਸੀ। ਨਕਸ਼ਬੰਦੀ ਫ਼ਿਰਕੇ ਦੇ ਆਗੂ ਸ਼ੇਖ਼ ਅਹਿਮਦ ਸਰਹੰਦੀ ਦੀਆਂ ਨੀਤੀਆਂ ਅਨੁਸਾਰ ਹਰ ਤਰਾਂ ਨਾਲ ਇਸਲਾਮ ਦਾ ਵਾਧਾ ਕਰਨਾ ਚਾਹੀਦਾ ਹੈ ਭਾਵੇਂ ਇਸ ਲਈ ਕੋਈ ਵੀ ਰਾਹ ਅਪਣਾਇਆ ਜਾਵੇ। ਉਹ ਇਸਲਾਮ ਤੋਂ ਬਿਨਾਂ ਹੋਰ ਕਿਸੇ ਵੀ ਧਰਮ, ਫ਼ਿਰਕੇ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਗੁਰੂ ਅਰਜਨ ਸਾਹਿਬ ਉਸ ਸਮੇਂ ਪੰਜਾਬ ਵਿੱਚ ਸਭ ਤੋਂ ਵੱਡੀ ਧਿਰ ਸਨ ਜਿਨਾਂ ਦੇ ਪ੍ਰਭਾਵ ਨੂੰ ਢਾਹ ਲਾਉਣੀ ਪੂਰੀ ਤਰਾਂ ਅਸੰਭਵ ਸੀ। ਅਜਿਹੀ ਸਥਿਤੀ ਵਿੱਚ ਸ਼ੇਖ਼ ਅਹਿਮਦ ਸਰਹੰਦੀ ਜਿਸ ਦਾ ਕਈ ਕਾਰਨਾਂ ਕਰਕੇ ਜਹਾਂਗੀਰ ਤੇ ਕਾਫ਼ੀ ਅਸਰ ਰਸੂਖ਼ ਸੀ ਨੇ ਗੁਰੂ ਘਰ ਦੇ ਖ਼ਿਲਾਫ਼ ਮੁਹਿੰਮ ਪੂਰੀ ਤਰਾਂ ਜਾਰੀ ਰੱਖੀ। ਉਸ ਦੀ ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਸ਼ੇਖ਼ ਫ਼ਰੀਦ ਬੁਖਾਰੀ ਨੇ ਜੋ ਕਿ ਪ੍ਰਭਾਵਸ਼ਾਲੀ ਸਰਕਾਰੀ ਨੁਮਾਇੰਦਾ ਸੀ ਹਰ ਤਰਾਂ ਦੀ ਮਦਦ ਕੀਤੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਸ ਵਲੋਂ ਆਪਣੇ ਨਜ਼ਦੀਕੀ ਅਤੇ ਸੇਵਕ ਸ਼ੇਖ਼ ਫ਼ਰੀਦ ਬੁਖਾਰੀ (ਮੁਰਤਜ਼ਾ ਖ਼ਾਨ) ਨੂੰ ਵਧਾਈ ਵੀ ਭੇਜੀ ਗਈ।

-ਸਿਖ ਕੌਮ ਦਾ ਆਜ਼ਾਦ ਹਸਤੀ ਤਹਿਤ ਵਿਚਰਨਾ ਸਮੇਂ ਦੀ ਸਰਕਾਰ ਨੂੰ ਨਾਪਸੰਦ ਸੀ। ਸਿਖਾਂ ਵਲੋਂ ਆਪਣੀ ਹੀ ਕਿਸਮ ਦਾ ਸੱਭਿਆਚਾਰ ਅਤੇ ਸਿਸਟਮ ਬਣਾਇਆ ਹੋਇਆ ਸੀ। ਆਪਣਾ ਕੋਈ ਵੀ ਮਸਲਾ ਸਿਖ ਸੰਗਤ ਜਾਂ ਗੁਰੂ ਸਾਹਿਬ ਕੋਲੋਂ ਹੱਲ ਕਰਵਾਉਣਾ, ਦਸਵੰਧ ਦੇਣਾ, ਨਗਰਾਂ ਦੀ ਉਸਾਰੀ ਅਤੇ ਵਿਕਾਸ, ਆਪਣੀ ਤਾਕਤ ਦਾ ਹਰ ਤਰਾਂ ਨਾਲ ਵਾਧਾ, ਅਜਿਹੀਆਂ ਸਾਰੀਆਂ ਚੀਜ਼ਾਂ ਸਰਕਾਰ ਦਾ ਰਵੱਈਆ ਸਿਖਾਂ ਪ੍ਰਤੀ ਸਖ਼ਤ ਕਰਦੀਆਂ ਸਨ। ਸਰਕਾਰੀ ਤੰਤਰ ਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਰਾਜ ਵਿੱਚ ਰਾਜ ਬਣ ਰਿਹਾ ਹੈ। ਆਮ ਲੋਕਾਂ ਦੀ ਆਤਮਨਿਰਭਰਤਾ ਹੰਕਾਰੀ ਅਤੇ ਹਾਕਮਤਾਈ ਵਾਲੀ ਸੋਚ ਨੂੰ ਮੂਲੋਂ ਹੀ ਨਹੀਂ ਸੀ ਭਾਉਂਦੀ।

ਗੁਰਮਤਿ ਸਿਧਾਂਤਾਂ ਦਾ ਹਰ ਇੱਕ ਮਜ਼ਹਬ, ਧਰਮ ਨਾਲੋਂ ਨਿਵੇਕਲੇ ਹੋਣਾ ਵੀ ਇੱਕ ਅਜਿਹਾ ਕਾਰਨ ਸੀ ਜਿਹੜਾ ਕਾਜ਼ੀ, ਮੁੱਲਾਂ, ਬ੍ਰਾਹਮਣ, ਪੰਡਿਤ, ਜੋਗੀ ਅਤੇ ਹੋਰ ਧਾਰਮਿਕਤਾ ਦੇ ਠੇਕੇਦਾਰਾਂ ਨੂੰ ਨਾਗਵਾਰ ਗੁਜ਼ਰਿਆ। ਅਕਬਰ ਕੋਲ ਇਨਾਂ ਸਾਰਿਆਂ ਦੀਆਂ ਗੁਰੂ ਘਰ ਵਿਰੁੱਧ ਕੀਤੀਆ ਸ਼ਿਕਾਇਤਾਂ ਜਿਸ ਲਈ ਭਾਈ ਜੇਠਾ ਜੀ (ਗੁਰੂ ਰਾਮਦਾਸ ਜੀ) ਨੇ ਅਕਬਰ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਰੱਖ ਕੇ ਝੂਠ ਸੱਚ ਦਾ ਨਿਤਾਰਾ ਕੀਤਾ ਸੀ ਇਸ ਗੱਲ ਦਾ ਸਬੂਤ ਹਨ ਕਿ ਸਿਖ ਧਰਮ ਦੀ ਵੱਖਰਤਾ ਤੋਂ ਇਹ ਧਿਰਾਂ ਪੂਰੀ ਤਰਾਂ ਤਿਲਮਿਲਾਈਆਂ ਹੋਈਆਂ ਸਨ।

ਭਾਵੇਂ ਇਨਾਂ ਵਿਚੋਂ ਪਹਿਲੇ ਗੁਰੂ ਸਾਹਿਬਾਂ ਵੇਲੇ ਵੀ ਕਈ ਕਾਰਨ ਜਿਉਂ ਦੇ ਤਿਉਂ ਸਨ ਪਰ ਰਾਜਨੀਤਕ ਹਾਲਾਤਾਂ ਕਾਰਨ ਗੁਰੂ ਘਰ ਦੀ ਹੁੰਦੀ ਵਿਰੋਧਤਾ ਨੇ ਇਹੋ ਜਿਹਾ ਰੂਪ ਨਹੀਂ ਧਾਰਿਆ ਸੀ ਜਿਹੜਾ ਗੁਰੂ ਅਰਜਨ ਸਾਹਿਬ ਵੇਲੇ। ਗੁਰੂ ਅਰਜਨ ਸਾਹਿਬ ਭਾਰਤ ਦੇ ਪਹਿਲੇ ਸ਼ਹੀਦ ਹਨ ਜਿਨਾਂ ਨੇ ਮਨੁੱਖੀ ਹੱਕਾਂ ਲਈ ਕੁਰਬਾਨੀ ਦਿੱਤੀ।

ਹਰਜਿੰਦਰ ਸਿੰਘ ‘ਸਭਰਾਅ’

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?