ਆਦਮਪੁਰ 1 ਜੂਨ. ( ਤਰਨਜੋਤ ਸਿੰਘ ) ਅਮਰੀਕਾ ਵਿੱਚ ਭੇਦਭਰੇ ਹਲਾਤਾਂ ਵਿੱਚ ਇਕ ਸਿੱਖ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ । ਪੰਜਾਬ ਵਿੱਚ ਨਕੋਦਰ ਦੇ ਪਿੰਡ ਖੁਰਸ਼ੇਦਪੁਰ ਪੰਡੋਰੀ ਨਾਲ ਸੰਬੰਧਿਤ 23 ਸਾਲ ਨੌਜਵਾਨ ਦੀ ਮੌਤ ਦੀ ਖਬਰ ਪਰਿਵਾਰ ਅਤੇ ਪਿੰਡ ਵਾਸੀਆਂ ਲਈ ਕਹਿਰ ਬਣ ਕੇ ਪਹੁੰਚੀ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਜੀਤ ਸਿੰਘ ਸੰਧੂ (23) ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਖੁਰਸ਼ੇਦਪੁਰ ( ਨਕੋਦਰ ) ਦੇ ਰੂਪ ਵਿਚ ਹੋਈ ਹੈ।ਮ੍ਰਿਤਕ ਦੇ ਚਾਚੇ ਹਰਭਿੰਦਰ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਸੰਧੂ ਕਰੀਬ ਪੌਣੇ 2 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਤੇ ਰੋਜੀ-ਰੋਟੀ ਦੀ ਖਾਤਰ ਵਿਦੇਸ਼ ਅਮਰੀਕਾ ਦੇ ਸ਼ਹਿਰ ( ਕੈਲੀਫੋਰਨੀਆ) ਗਿਆ ਸੀ।ਜਿਸ ਨੂੰ ਕੁਝ ਮਹੀਨੇ ਪਹਿਲਾ ਹੀ ਵਰਕ ਪਰਮਿਟ ਮਿਲਿਆ ਸੀ। ਉਹਨਾਂ ਨੂੰ ਅਮਰੀਕਾ ਤੋ ਫੋਨ ਆਇਆ ਕਿ ਸੁਖਜੀਤ ਸਿੰਘ ਦੀ ਮੌਤ ਹੋ ਗਈ ਹੈ ਪਰ ਪਰਿਵਾਰ ਨੂੰ ਮੌਤ ਹੋਣ ਦੇ ਕਾਰਨਾ ਦਾ ਹਾਲੇ ਤਕ ਕੋਈ ਸਪੱਸ਼ਟ ਪਤਾ ਨਹੀ ਲੱਗਾ ਹੈ।