ਅਕਾਲ ਪੁਰਖ ਦਾਤਾਰ ਦੀ ਅਪਾਰ ਕਿਰਪਾ ਜਦੋਂ ਸਾਡੇ ਪਰਿਵਾਰ ‘ਤੇ ਹੋਈ, ਤਾਂ ਸਾਨੂੰ ਪਹਿਲੇ ਪੋਤਰੇ ਦੀ ਦਾਤ ਪ੍ਰਾਪਤ ਹੋਈ। ਸਾਡੇ ਸਾਰਿਆਂ ਦੇ ਸਿਰ ਉਸ ਦਾਤੇ ਦੇ ਚਰਨਾਂ ਵਿਚ ਸ਼ੁਕਰਾਨੇ ਵਜੋਂ ਝੁਕ ਗਏ। ਬੱਚੇ ਦੇ ਨੇਕ ਚਲਣ, ਸਿੱਖੀ ਜੀਵਨ ਤੇ ਧਰਮ ਕੌਮ ਦੀ ਸੇਵਾ ਲਈ ਸੱਚੇ ਦਿਲੋਂ ਅਰਦਾਸਾਂ ਕਰਦੇ ਹੋਏ ਸਾਰੀਆਂ ਧਾਰਮਿਕ ਰੀਤਾਂ ਦਾ ਪਾਲਣ ਖੁਸ਼ੀ ਖੁਸ਼ੀ ਕੀਤਾ ਤੇ ਆਪਣੇ ਲੜਕੇ ਨੂੰ ਖ਼ੁਦ ਯੂ.ਕੇ. ਜਾ ਕੇ ਬੱਚੇ ਦਾ ਨਾਮ ਸੰਸਕਾਰ ਦਾ ਪ੍ਰੋਗਰਾਮ ਵੀ ਮੈਂ ਚਾਈਂ ਚਾਈਂ ਲਿਖ ਕੇ ਭੇਜ ਦਿੱਤਾ।
ਯੂ.ਕੇ. ਜਾਣ ਦੀਆਂ ਤਿਆਰੀਆਂ ਦੌਰਾਨ ਮੈਨੂੰ ਮੇਰੇ ਲੜਕੇ ਦਾ ਪੱਤਰ ਮਿਲਿਆ ਕਿ ਉਹਨਾਂ ਨੇ, ਆਪਣੇ ਗੁਆਂਢੀ, ਅੰਗਰੇਜ਼ ਪਤੀ-ਪਤਨੀ ਦੀ ਵਾਰ-ਵਾਰ ਪ੍ਰੇਰਨਾ ‘ਤੇ ਜ਼ੋਰ ਦੇਣ ਤੇ ਮਜਬੂਰ ਹੋ ਕੇ ਬੱਚੇ ਦਾ ਨਾਮ ਰੌਬਨ ਰੱਖ ਦਿੱਤਾ ਹੈ। ਸਾਨੂੰ ਅਫਸੋਸ ਹੈ ਕਿ ਹੁਣ ਅਸੀਂ ਇਹੀ ਨਾਮ ਕਮੇਟੀ ਵਿਚ ਰਜਿਸਟਰ ਕਰਵਾ ਦਿੱਤਾ ਹੈ, ਇਸ ਲਈ ਤੁਸੀਂ ਇਹੀ ਨਾਮ ਹੀ ਹੁਣ ਪ੍ਰਵਾਨ ਕਰੋ ਜੀ।
ਪੱਤਰ ਪੜ੍ਹ ਕੇ ਮੇਰੇ ਮਨ ਦਾ ਅਮਨ ਤੇ ਪੋਤਰੇ ਦੀ ਆਮਦ ਦੀ ਖੁਸ਼ੀ ਦੋਵੇਂ ਤਹਿਸ ਨਹਿਸ ਹੋ ਗਏ। ਕੀ ਗਜ਼ਬ ਹੈ ਕਿ ਇਕ ਸਿੱਖ ਘਰਾਣੇ ਦੇ ਨੌਨਿਹਾਲ ਦਾ ਨਾਮ ਇਕ ਅੰਗਰੇਜ਼ ਈਸਾਈ ਜੋੜਾ ਆਪਣੀ ਮਰਜ਼ੀ ਜਾਂ ਜ਼ਿੱਦ ਕਰਕੇ ਰੱਖ ਦੇਵੇ, ਤੇ ਅਸੀਂ ਉਸ ਈਸਾਈ ਨਾਮ ਨੂੰ ਹਮੇਸ਼ਾ ਹਮੇਸ਼ਾ ਲਈ ਲੜਕੇ ਦੇ ਨਾਮ ਨਾਲ ਨੱਥੀ ਕਰ ਦੇਈਏ। ਇਸ ਤੋਂ ਵੱਡੀ ਗ਼ੱਦਾਰੀ ਸਿੱਖ ਕੌਮ ਨਾਲ ਹੋਰ ਕੀ ਹੋ ਸਕਦੀ ਹੈ, ਇਸ ਕੌਮ ਘਾਤਕ ਅੰਗਰੇਜ਼ ਜੋੜੇ ਤੇ ਆਪਣੇ ਲਾਈਲੱਗ ਪਰਿਵਾਰ ਨਾਲ ਨਿਪਟਣ ਲਈ ਮੇਰਾ ਮਨ ਉਤਾਵਲਾ ਹੋ ਉੱਠਿਆ।
ਦੁਖੀ ਹਿਰਦੇ ਨਾਲ ਮੈਂ ਯੂ.ਕੇ. ਦਾ ਸਫ਼ਰ ਮੁਕਾਇਆ ਤੇ ਹਵਾਈ ਅੱਡੇ ਤੋਂ ਘਰ ਪੁੱਜਾ, ਬੱਚੇ ਨੂੰ ਗੋਦ ‘ਚ ਲੈ ਕੇ ਰੱਜ ਰੱਜ ਪਿਆਰ ਕੀਤਾ।ਬੜਾ ਹੀ ਪਿਆਰਾ ਬੱਚਾ ਪਰ ਬੜਾ ਹੀ ਨਕਾਰਾ ਨਾਮ, ਭਲਾ ਰੌਬਨ, ਲੌਗਨ, ਸੌਗਨ ਜਿਹੇ ਨਾਮ ਵੀ ਸਿੱਖ ਬੱਚਿਆਂ ਲਈ ਸ਼ੋਭਨੀਕ ਹੋ ਸਕਦੇ ਹਨ ? ਬੱਚਿਆਂ ਤੇ ਪਰਿਵਾਰ ਨੂੰ ਮਿਲ ਕੇ ਗੁਆਂਢੀ ਅੰਗਰੇਜ਼ ਜੋੜੇ ਨੂੰ ਮਿਲਣ ਵਾਸਤੇ ਤਿਆਰ ਹੋਇਆ ਤਾਂ ਪਤਾ ਲੱਗਾ ਕਿ ਉਹ ਘਰ ਨਹੀਂ, ਹਸਪਤਾਲ ਵਿਚ ਹਨ। ਉਹਨਾਂ ਦੇ ਘਰ ਵੀ ਲੜਕੇ ਨੇ ਜਨਮ ਲਿਆ ਹੈ।
ਕੁਝ ਦਿਨਾਂ ਬਾਅਦ ਐਤਵਾਰ ਵਾਲੇ ਦਿਨ ਮੈਂ ਸਵੇਰੇ ਸਵੱਖਤੇ ਉੱਠ ਕੇ ਤਿਆਰ ਹੋ ਗਿਆ ਤੇ ਬੱਚਿਆਂ ਨੂੰ ਵੀ ਤਿਆਰ ਹੋਣ ਵਾਸਤੇ ਕਿਹਾ।ਪੁੱਛਣ ‘ਤੇ ਉਹਨਾਂ ਨੂੰ ਦੱਸਿਆ ਕਿ ਗੁਰਦੁਆਰੇ ਜਾ ਕੇ ਬੱਚੇ ਦਾ ਨਾਮ ਸੰਸਕਾਰ ਕਰਨਾ ਹੈ।ਉਹਨਾਂ ਜਵਾਬ ਦਿੱਤਾ ਕਿ ਨਾਮ ਹੁਣ ਰੱਖਿਆ ਜਾ ਚੁੱਕਾ ਹੈ, ਸਰਕਾਰੀ ਰਜਿਸਟਰ ਤੇ ਸੁਸਾਇਟੀ ਵਿਚ ਇਹੋ ਨਾਮ ਹੀ ਪ੍ਰਚੱਲਤ ਹੋ ਚੁੱਕਾ ਹੈ, ਪਿਤਾ ਜੀ! ਨਾਮ ਵਿਚ ਕੀ ਪਿਆ ਹੈ?
ਇਹ ਸੁਣ ਕੇ ਮੈਨੂੰ ਕੁਝ ਖਿੱਚ ਤੇ ਤਲਖੀ ਵੀ ਆਈ, ਕੁਝ ਪਿਆਰ ਤੇ ਕੁਝ ਅਧਿਕਾਰ ਦੇ ਲਹਿਜੇ ਵਿਚ ਮੈਂ ਕਿਹਾ ਕਿ ਬੱਚੇ ਦਾ ਨਾਮ ਤੁਸਾਂ ਸਿੱਖ ਮਰਯਾਦਾ ਅਨੁਸਾਰ ਨਹੀਂ ਰੱਖਿਆ ਬਲਕਿ ਇਕ ਈਸਾਈ ਜੋੜੇ ਦੀ ਖੁਸ਼ੀ ਲਈ ਤੁਸਾਂ ਸਿੱਖ ਮਰਯਾਦਾ ਨੂੰ ਤਿਲਾਂਜਲੀ ਦੇ ਦਿੱਤੀ ਹੈ। ਤੁਹਾਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਪਰ ਮੈਂ ਤਾਂ ਡਾਹਢਾ ਸ਼ਰਮਸਾਰ ਹਾਂ
ਹਫ਼ਤੇ ਬਾਅਦ ਉਹ ਅੰਗਰੇਜ਼ ਜੋੜਾ ਆਪਣੇ ਨਵ-ਬੱਚੇ ਦੇ ਜਨਮ ਦੀ ਖੁਸ਼ੀ ਮਨਾ ਰਿਹਾ ਸੀ, ਬਹੁਤ ਅੰਗਰੇਜ਼ ਜੋੜੇ ਤੇ ਕੁਝ ਕੁ ਭਾਰਤੀ ਵੀ ਇਸ ਪਾਰਟੀ ਵਿਚ ਸ਼ਾਮਿਲ ਹੋ ਕੇ ਤੋਹਫ਼ੇ ਤੇ ਵਧਾਈਆਂ ਭੇਟ ਕਰ ਰਹੇ ਸਨ, ਖਾਣਾ ਤੇ ਫਿਰ ਗਾਣਾ ਵਜਾਉਣਾ ਰਾਤ 11 ਵਜੇ ਤੱਕ ਚੱਲਿਆ।ਅੰਤ ਵਿਚ ਬੱਚੇ ਦਾ ਨਾਮ ਰੱਖਣ ਦੀ ਤਜਵੀਜ਼ ਪੇਸ਼ ਹੋਈ, ਮੈਂ ਫ਼ੌਰਨ ਹੀ ਬੱਚੇ ਦਾ ਨਾਮ ‘ਪਾਲ ਸਿੰਘ’ ਰੱਖਣ ਵਾਸਤੇ ਫ਼ਰਮਾਇਸ਼ ਕੀਤੀ, ਜਿਸ ‘ਤੇ ਸਾਰੇ ਹੀ ਮੇਰੀ ਵੱਲ ਅਸਚਰਜਤਾ ਨਾਲ ਤੱਕਣ ਲੱਗ ਪਏ ਤੇ ਅੰਗਰੇਜ਼ ਜੋੜੇ ਨੇ ਇਸ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਿੱਖਾਂ ਵਾਸਤੇ ਇਹ ਠੀਕ ਤੇ ਸੋਹਣਾ ਨਾਮ ਹੈ, ਪਰ ਅਸੀਂ ਈਸਾਈ ਇਹ ਨਾਮ ਹਰਗਿਜ਼ ਨਹੀਂ ਰੱਖ ਸਕਦੇ ਤੇ ਨਾ ਹੀ ਇਸ ਦੀ ਮਨਜ਼ੂਰੀ ਚਰਚ ਦੇਵੇਗਾ, ਤੁਸੀਂ ਜੌਨ, ਵਿਲੀਅਮ, ਐਲਬਰਟ, ਟੌਮ ਆਦਿ ਕੋਈ ਵੀ ਨਾਮ ਤਜਵੀਜ਼ ਕਰੋ ਪਲੀਜ਼।
ਇਸ ‘ਤੇ ਮੈਂ ਜੋਸ਼ ਵਿਚ ਭਰ ਕੇ ਆਪਣੀ ਹੋਸ਼ ਗੁਆ ਬੈਠਾ ਤੇ ਪੂਰੇ ਤਾਣ ਨਾਲ ਜਵਾਬ ਦਿੱਤਾ ਕਿ ਜੇ ਇਕ ਈਸਾਈ ਬੱਚੇ ਵਾਸਤੇ ‘ਪਾਲ ਸਿੰਘ’ ਨਾਮ ਵਾਜਬ ਤੇ ਦਰੁਸਤ ਨਹੀਂ ਤੇ ਈਸਾਈ ਜਗਤ ਨੂੰ ਵੀ ਪ੍ਰਵਾਨ ਨਹੀਂ ਤਾਂ ਫਿਰ ਇਕ ਸਿੱਖ ਬੱਚੇ ਦਾ ਨਾਮ ‘ਰੌਬਨ’ ਕਿਸ ਤਰ੍ਹਾਂ ਠੀਕ ਤੇ ਵਾਜਬ ਹੋ ਸਕਦਾ ਹੈ ? ਇਸ ਨੂੰ ਸਿੱਖ ਜਗਤ ਕਿਸ ਤਰ੍ਹਾਂ ਪ੍ਰਵਾਨਗੀ ਬਖ਼ਸ਼ੇਗਾ।
ਇਸ ਪਾਰਟੀ ਦੇ ਭਾਵਪੂਰਤ ਵਾਰਤਾਲਾਪ ਨੇ ਸਾਡੇ ਪਰਿਵਾਰ ਦੇ ਮਨਾਂ ਵਿਚ ਕ੍ਰਿਸਚੀਅਨ ਮਤ ਦਾ ਅੰਧਕਾਰ ਦੂਰ ਕਰ ਦਿੱਤਾ ਤੇ ਸੱਚੀ ਗੁਰਮਤਿ ਦਾ ਪ੍ਰਕਾਸ਼ ਭਰ ਦਿੱਤਾ।ਦੂਸਰੇ ਦਿਨ ਸਾਰਾ ਪਰਿਵਾਰ ਗੁਰਦੁਆਰੇ ਮਹਾਰਾਜ ਦੀ ਹਜ਼ੂਰੀ ਵਿਚ ਜੁੜ ਕੇ ਪੂਰਨ ਗੁਰ-ਮਰਯਾਦਾ ਅਨੁਸਾਰ ਰੌਬਨ ਦੀ ਬਜਾਇ ਸੁਰਿੰਦਰ ਪਾਲ ਸਿੰਘ, ਨਾਮ ਸੰਗਤ ਪਾਸੋਂ ਮਨਜ਼ੂਰ ਕਰਾ ਕੇ ਚਾਈਂ ਚਾਈਂ ਘਰ ਮੁੜ ਰਿਹਾ ਸੀ।
-ਸ: ਸੰਤਾ ਸਿੰਘ ਅਜ਼ੀਜ਼
ਪੁਸਤਕ: ਤੇਰੀ ਦੁਨੀਆ ਮੇਰੀ ਦੁਨੀਆ
ਪ੍ਰਕਾਸ਼ਕ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ
Author: Gurbhej Singh Anandpuri
ਮੁੱਖ ਸੰਪਾਦਕ