ਲੁਧਿਆਣਾ ( ਤਰਨਜੋਤ ਸਿੰਘ )-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਨਸ਼ਾ ਸਮੱਗਲਰਾਂ ਨੂੰ ਡਰੱਗ ਮਨੀ ਟ੍ਰਾਂਸਫਰ ਕਰਨ ਦੇ ਦੋਸ਼ ’ਚ ਫੜੇ ਗਏ ਲੁਧਿਆਣਾ ਦੇ ਐਕਸਪੋਰਟਰ ਮਨੀ ਕਾਲੜਾ ਨੂੰ ਪੁਲਸ ਨੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮੁਲਜ਼ਮ ਅਕਸ਼ੇ ਛਾਬੜਾ ਦੇ ਮਾਮਲੇ ’ਚ ਪੁੱਛਗਿੱਛ ਕਰੇਗੀ, ਜਿਸ ’ਚ ਵਿਭਾਗ ਨੇ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਨਾਰਕੋਟਿਕਸ ਸੈੱਲ ਦੇ ਡੀ. ਐੱਸ. ਪੀ. ਉਦੇ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਲੁਧਿਆਣਾ ਦੀਆਂ ਕੁਝ ਫਰਮਾਂ ਸਬੰਧੀ ਪਤਾ ਲੱਗਾ ਹੈ, ਜਿਨ੍ਹਾਂ ਦੀ ਪੁਲਸ ਅਜੇ ਜਾਂਚ ਕਰ ਰਹੀ ਹੈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ।
ਚੰਦਨ ਨੇ ਕੀਤਾ ਸੀ ਖੁਲਾਸਾ
ਪੁਲਸ ਨੇ ਨਸ਼ਾ ਸਮੱਗਲਿੰਗ ਦੇ ਮਾਮਲੇ ’ਚ 6 ਮੁਲਜ਼ਮਾਂ ਨੂੰ ਫੜਿਆ ਸੀ, ਜਿਸ ’ਚੋਂ ਇਕ ਮੁਲਜ਼ਮ ਚੰਦਨ ਨੇ ਉਕਤ ਮੁਲਜ਼ਮ ਮਨੀ ਕਾਲੜਾ ਅਤੇ ਉਸ ਦੇ ਪਿਤਾ ਸੁਰਿੰਦਰ ਕਾਲੜਾ ਸਬੰਧੀ ਦੱਸਿਆ ਸੀ, ਜਿਸ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਮਨੀ ਕਾਲੜਾ ਨੂੰ ਦਿੱਲੀ ਤੋਂ ਕਾਬੂ ਕੀਤਾ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਗਈ, ਜਦੋਂਕਿ ਸੁਰਿੰਦਰ ਕਾਲੜਾ ਅਤੇ ਮਨੀ ਕਾਲੜਾ ਨੂੰ ਐੱਨ. ਸੀ. ਬੀ. ਨੇ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਹੋਇਆ ਹੈ।
ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਚੰਦਨ ਆਸਟ੍ਰੇਲੀਆ ਦੇ ਮੈਲਬੌਰਨ ਸਿਟੀ ’ਚ ਬੈਠੇ ਨਸ਼ਾ ਸਮੱਗਲਰ ਸਿਮਰਨ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਸਬੰਧ ਪਾਕਿਸਤਾਨ ਦੇ ਸਮੱਗਲਰ ਅਰੀਫ ਡੋਗਰ ਨਾਲ ਹਨ। ਇਨ੍ਹਾਂ ਸਮੱਗਲਰਾਂ ਅਤੇ ਮਨੀ ਕਾਲੜਾ ’ਚ ਮਲਜ਼ਮ ਚੰਦਨ ਇਕ ਕੜੀ ਦਾ ਕੰਮ ਕਰ ਰਿਹਾ ਸੀ। ਮਨੀ ਕਾਲੜਾ ਹੀ ਇਨ੍ਹਾਂ ਦੀ ਡਰੱਗ ਮਨੀ ਨੂੰ ਅੱਗੇ ਭੇਜਦਾ ਸੀ। ਮੁਲਜ਼ਮ ਚੰਦਨ ਨੇ ਹਾਲ ਹੀ ਵਿਚ ਇਸ ਮਾਮਲੇ ’ਚ 6 ਲੱਖ 50 ਹਜ਼ਾਰ ਰੁਪਏ ਮੁਲਜ਼ਮ ਮਨੀ ਕਾਲੜਾ ਨੂੰ ਟ੍ਰਾਂਸਫਰ ਕਰਨ ਲਈ ਦਿੱਤੇ ਸਨ।
3 ਵਾਰ ਮੰਗਵਾ ਚੁੱਕਾ ਹੈ ਵਿਦੇਸ਼ ਤੋਂ ਹੈਰੋਇਨ ਦੀ ਖੇਪ
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਮਨੀ ਕਾਲੜਾ ਨੇ ਹਵਾਲਾ ਦਾ ਕੰਮ ਕਰਨ ਲਈ ਕਈ ਬੋਗਸ ਫਰਮਾਂ ਖੋਲ੍ਹੀਆਂ ਹੋਈਆਂ ਸਨ, ਜੋ ਉਸ ਦਾ ਪਿਤਾ ਅਤੇ ਭਰਾ ਦੁਬਈ ’ਚ ਬੈਠ ਕੇ ਆਪਰੇਟ ਕਰ ਰਹੇ ਸਨ। ਇੰਨਾ ਹੀ ਨਹੀਂ, ਡਰੱਗ ਮਨੀ ਦੇ ਨਾਲ-ਨਾਲ ਇਨ੍ਹਾਂ ਮੁਲਜ਼ਮਾਂ ਨੇ ਵਿਦੇਸ਼ ਤੋਂ ਸਾਮਾਨ ਨਿਰਯਾਤ ਕਰਨ ਦੀ ਆੜ ’ਚ ਹੈਰੋਇਨ ਦੀ 3 ਵਾਰ ਖੇਪ ਵੀ ਮੰਗਵਾਈ ਸੀ, ਜਿਸ ਨੂੰ ਲੈ ਕੇ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਖੇਪ ਇਨ੍ਹਾਂ ਮੁਲਜ਼ਮਾਂ ਨੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਸਪਲਾਈ ਕੀਤੀ ਹੈ, ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਅਤੇ ਨਾਲ ਹੀ ਮੁਲਜ਼ਮਾਂ ਦੇ ਆਸਟ੍ਰੇਲੀਆ ਅਤੇ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਨਾਲ ਸਬੰਧਾਂ ਅਤੇ ਉਨ੍ਹਾਂ ਨੂੰ ਕਿੰਨੀ ਡਰੰਗ ਮਨੀ ਭੇਜੀ ਗਈ, ਦੀ ਜਾਂਚ ਵੀ ਕੀਤੀ ਜਾਵੇਗੀ। ਮੁਲਜ਼ਮ ਦੇ ਪੰਜਾਬ, ਦਿੱਲੀ ਅਤੇ ਹੋਰਨਾਂ ਸ਼ਹਿਰਾਂ ’ਚ ਹੈਰੋਇਨ ਸਮੱਗਲਿੰਗ ’ਚ ਸ਼ਾਮਲ ਸਮੱਗਲਰਾਂ ਨੂੰ ਲੈ ਕੇ ਵੀ ਪਤਾ ਲਗਾਇਆ ਜਾ ਰਿਹਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਜਾਂਚ ਦੌਰਾਨ ਮਨੀ ਕਾਲੜਾ ਤੋਂ ਇਕ ਡਾਇਰੀ ਵੀ ਮਿਲੀ ਹੈ, ਜਿਸ ਵਿਚ ਮੁਲਜ਼ਮ ਦੀਆਂ ਬੋਗਸ ਫਰਮਾਂ ਅਤੇ ਉਸ ਦੇ ਸਮੱਗਲਿੰਗ ਦੇ ਸੰਪਰਕਾਂ ਬਾਰੇ ਪਤਾ ਲੱਗਾ ਹੈ। ਇਨ੍ਹਾਂ ਕੰਪਨੀਆਂ ਦੇ ਜ਼ਰੀਏ ਹੀ ਮਨੀ, ਉਸ ਦਾ ਭਰਾ ਅਤੇ ਪਿਤਾ ਡਰੱਗ ਮਨੀ ਟ੍ਰਾਂਸਫਰ ਕਰਦੇ ਸਨ।
ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਨੇ ਕਿਨ੍ਹਾਂ ਲੋਕਾਂ ਦੇ ਨਾਂ ਨਾਲ ਕੰਪਨੀਆਂ ਖੋਲ੍ਹੀਆਂ ਸਨ ਅਤੇ ਇਨ੍ਹਾਂ ਲੋਕਾਂ ਦੇ ਮੁਲਜ਼ਮਾਂ ਨਾਲ ਕੀ ਸਬੰਧ ਹਨ। ਹਾਲ ਦੀ ਘੜੀ ਮੁਲਜ਼ਮ ਮਨੀ ਕਾਲੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੁਧਿਆਣਾ ਦੇ ਕੁਝ ਹਵਾਲਾ ਕਾਰੋਬਾਰੀ ਅੰਡਰਗਰਾਊਂਡ ਹੋ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਕਈ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
Author: Gurbhej Singh Anandpuri
ਮੁੱਖ ਸੰਪਾਦਕ