Home » ਅੰਤਰਰਾਸ਼ਟਰੀ » ਛੜੱਪੇ ਮਾਰ ਮਾਰ ਵਧੀ ਖਨੌਰੀ ਵਾਲੇ ਪਟਵਾਰੀ ਦੀ ਜਾਇਦਾਦ ਨੇ ਵਿਜੀਲੈਂਸ ਨੂੰ ਵੀ ਪਾਇਆ ਅਚੰਭੇ ‘ਚ

ਛੜੱਪੇ ਮਾਰ ਮਾਰ ਵਧੀ ਖਨੌਰੀ ਵਾਲੇ ਪਟਵਾਰੀ ਦੀ ਜਾਇਦਾਦ ਨੇ ਵਿਜੀਲੈਂਸ ਨੂੰ ਵੀ ਪਾਇਆ ਅਚੰਭੇ ‘ਚ

192 Views

ਚੰਡੀਗੜ੍ਹ 4 ਸਤੰਬਰ ( ਤਰਨਜੋਤ ਸਿੰਘ ) ਹਲਕਾ ਖਨੌਰੀ ’ਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਏਨੀ ਛੜੱਪੇ ਮਾਰ ਕੇ ਵਧੀ ਹੈ ਜਿਸ ਨੇ ਵਿਜੀਲੈਂਸ ਨੂੰ ਵੀ ਅਚੰਭੇ ’ਚ ਪਾ ਦਿੱਤਾ ਹੈ। ਵਿਜੀਲੈਂਸ ਰੇਂਜ ਸੰਗਰੂਰ ਨੇ ਇਸ ਪਟਵਾਰੀ ਵੱਲੋਂ ਵਸੀਲਿਆਂ ਤੋਂ ਵੱਧ ਬਣਾਈ ਜਾਇਦਾਦ ਦੀ ਜਾਂਚ ਲਈ ਇਨਕੁਆਰੀ ਦਰਜ ਕੀਤੀ ਸੀ ਜਿਸ ਦੀ ਜਾਂਚ ’ਚ ਨਵੇਂ ਤੱਥ ਉੱਭਰ ਕੇ ਸਾਹਮਣੇ ਆਏ ਹਨ। ਬਲਕਾਰ ਸਿੰਘ ਮਹਿਕਮਾ ਮਾਲ ਵਿਚ 12 ਦਸੰਬਰ 2002 ਨੂੰ ਭਰਤੀ ਹੋਇਆ ਸੀ। ਉਸ ਨੇ ਆਪਣੀ 21 ਸਾਲ ਦੀ ਨੌਕਰੀ ਦੌਰਾਨ ਆਪਣੇ ਨਾਮ, ਪਤਨੀ ਦੇ ਨਾਮ ਅਤੇ ਆਪਣੀ ਮਾਤਾ ਦੇ ਨਾਮ ’ਤੇ ਕਰੀਬ ਚਾਰ ਕਰੋੜ ਦੀ ਪ੍ਰਾਪਰਟੀ ਬਣਾਈ ਹੈ ਜਿਸ ਦੀ ਮਾਰਕੀਟ ਕੀਮਤ ਕਿਤੇ ਜ਼ਿਆਦਾ ਹੋ ਸਕਦੀ ਹੈ। ਵਿਜੀਲੈਂਸ ਦੇ ਹੱਥ 1.24 ਕਰੋੜ ਦੀ ਜ਼ਮੀਨ ਹੋਰ ਖ਼ਰੀਦਣ ਦੇ ਬਿਆਨੇ ਵੀ ਲੱਗੇ ਹਨ।ਚੇਤੇ ਰਹੇ ਕਿ ਵਿਜੀਲੈਂਸ ਨੇ ਖ਼ਾਨਗੀ ਵਸੀਅਤ ਦੇ 2018 ਦੇ ਪੁਰਾਣੇ ਕੇਸ ਵਿਚ ਬਲਕਾਰ ਸਿੰਘ ਪਟਵਾਰੀ ਅਤੇ ਫ਼ੀਲਡ ਕਾਨੂੰਗੋ ਦਰਸ਼ਨ ਸਿੰਘ ਨੂੰ 23 ਅਗਸਤ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ।
ਇਸ ਕੇਸ ਵਿਚ ਕੁੱਝ ਤਕਨੀਕੀ ਨੁਕਤਿਆਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਪਟਵਾਰੀਆਂ ਨੇ ਰੋਸ ਵਜੋਂ ਪਹਿਲੀ ਸਤੰਬਰ ਤੋਂ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹੜਤਾਲ ਨਾਲ ਸਖ਼ਤੀ ਨਜਿੱਠਣ ਦਾ ਰਾਹ ਅਖ਼ਤਿਆਰ ਕੀਤਾ ਹੈ। ਇਸੇ ਦੌਰਾਨ ਹੁਣ ਵਿਜੀਲੈਂਸ ਨੇ ਪਟਵਾਰੀ ਬਲਕਾਰ ਸਿੰਘ ਦੀ ਆਮਦਨ ਦੇ ਵਸੀਲਿਆਂ ਦੀ ਜਾਂਚ ਰਿਪੋਰਟ ਤਿਆਰ ਕੀਤੀ ਹੈ। ਵਿਜੀਲੈਂਸ ਰਿਪੋਰਟ ਅਨੁਸਾਰ ਪਟਵਾਰੀ ਬਲਕਾਰ ਸਿੰਘ ਨੇ ਆਪਣੀ ਸਰਵਿਸ ਦੌਰਾਨ ਖੇਤੀਬਾੜੀ ਵਾਲੀ 55 ਏਕੜ ਜ਼ਮੀਨ 21 ਵਰਿ੍ਹਆਂ ਵਿਚ ਖ਼ਰੀਦ ਕੀਤੀ ਹੈ। ਇਸ ਤੋਂ ਇਲਾਵਾ ਪਟਿਆਲਾ ਦੀ ਨਿਊ ਅਫ਼ਸਰ ਕਾਲੋਨੀ ਵਿਚ 400 ਗਜ ਦਾ ਰਿਹਾਇਸ਼ੀ ਪਲਾਟ, ਮਹਿੰਦਰਾ ਕੰਪਲੈਕਸ ਪਟਿਆਲਾ ਵਿਖੇ 2 ਕਮਰਸ਼ੀਅਲ ਪਲਾਟਾਂ ਦੀ ਖ਼ਰੀਦ ਵੀ ਕੀਤੀ ਹੈ। ਕੋਠੀ ਦੀ ਉਸਾਰੀ ’ਤੇ ਪੰਜ ਲੱਖ ਖ਼ਰਚ ਕੀਤੇ ਗਏ ਹਨ। ਇਨ੍ਹਾਂ ਸੰਪਤੀਆਂ ਦੀ ਸਰਕਾਰੀ ਕੀਮਤ ਕਰੀਬ 4 ਕਰੋੜ ਦੱਸੀ ਗਈ ਹੈ। ਮਾਰਕੀਟ ਕੀਮਤ ਦੇਖੀ ਜਾਵੇ ਤਾਂ ਕਈ ਇਹ ਸੰਪਤੀ ਕਈ ਗੁਣਾ ਜ਼ਿਆਦਾ ਦੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਪਟਵਾਰੀ ਬਲਕਾਰ ਸਿੰਘ ਨੇ ਕਿਸਾਨ ਹਰਵਿੰਦਰ ਸਿੰਘ ਵਾਸੀ ਢੀਂਡਸਾ ਨਾਲ 16 ਕਨਾਲ 17 ਮਰਲੇ ਦਾ 33.60 ਲੱਖ ਵਿਚ ਖ਼ਰੀਦ ਕਰਨ ਦਾ 11 ਅਗਸਤ 2023 ਨੂੰ ਬਿਆਨਾ ਕੀਤਾ ਹੋਇਆ ਹੈ।ਪਟਵਾਰੀ ਨੇ ਆਪਣੀ ਮਾਤਾ ਦੇ ਨਾਮ ਪਿੰਡ ਬਰਸਟ ਵਿਚਲੇ 19 ਬਿਘੇ ਰਕਬੇ ਦਾ 90.70 ਲੱਖ ਵਿਚ ਖ਼ਰੀਦ ਕਰਨ ਸਬੰਧੀ 16 ਅਪਰੈਲ 2018 ਨੂੰ ਬਿਆਨਾ ਕੀਤਾ ਹੋਇਆ ਹੈ। ਵਿਜੀਲੈਂਸ ਨੂੰ ਜੋ ਵਸੀਕੇ ਅਤੇ ਹੋਰ ਦਸਤਾਵੇਜ਼ ਪ੍ਰਾਪਤ ਹੋਏ ਹਨ, ਉਨ੍ਹਾਂ ਅਨੁਸਾਰ ਪਟਵਾਰੀ ਬਲਕਾਰ ਨੇ ਆਪਣੀ ਸਰਵਿਸ ਦੌਰਾਨ 11 ਪਿੰਡਾਂ ਵਿਚ ਜ਼ਮੀਨਾਂ ਖ਼ਰੀਦ ਕੀਤੀਆਂ ਹਨ। ਇਸ ਪਟਵਾਰੀ ਨੇ 54 ਰਜਿਸਟਰੀਆਂ ਜ਼ਰੀਏ ਪਿੰਡ ਰੋੜੇਵਾਲ, ਘੋੜੇਨਾਬ, ਭੁਟਾਲ ਖੁਰਦ,ਮਕੋਰੜ ਸਾਹਿਬ, ਗੁਜਰਾਂ, ਢੀਂਡਸਾ, ਹਮੀਰਗੜ੍ਹ, ਜਲੂਰ,ਬਲਰਾਂ,ਭੁਟਾਲ ਕਲਾਂ ਅਤੇ ਕਲੀਪੁਰ ਵਿਚ ਜ਼ਮੀਨਾਂ ਦੀ ਖ਼ਰੀਦ ਕੀਤੀ ਹੈ। ਪੜਤਾਲ ਰਿਪੋਰਟ ਅਨੁਸਾਰ ਇਸ ਪਟਵਾਰੀ ਨੇ ਸਰਵਿਸ ਵਿਚ ਆਉਣ ਤੋਂ ਤਿੰਨ ਸਾਲ ਬਾਅਦ ਹੀ ਪਹਿਲੀ ਖ਼ਰੀਦ 17 ਜੂਨ 2005 ਨੂੰ ਪਿੰਡ ਢੀਂਡਸਾ ਵਿਚ ਕੀਤੀ ਸੀ। ਫਿਰ ਭੁਟਾਲ ਕਲਾਂ ਅਤੇ ਉਸ ਮਗਰੋਂ ਪਿੰਡ ਕਲੀਪੁਰ ’ਚ ਜ਼ਮੀਨ ਖ਼ਰੀਦ ਕੀਤੀ।
ਫਿਰ ਚੱਲ ਸੋ ਚੱਲ, ਕੋਈ ਟਾਂਵਾਂ ਵਰ੍ਹਾ ਹੋਵੇਗਾ ਜੋ ਜ਼ਮੀਨ ਖ਼ਰੀਦ ਕੀਤੇ ਬਿਨਾਂ ਸੁੱਕਾ ਨਿਕਲਿਆ ਹੋਵੇਗਾ। ਵਿਜੀਲੈਂਸ ਨੇ ਜਾਇਦਾਦਾਂ ਦੇ ਦੋ ਵੇਰਵੇ ਤਿਆਰ ਕੀਤੇ ਹਨ। 33 ਰਜਿਸਟਰੀਆਂ ਦਾ ਵੇਰਵਾ ਵੱਖਰਾ ਤਿਆਰ ਕੀਤਾ ਹੈ ਜਿਨ੍ਹਾਂ ਦੇ ਵਸੀਕੇ ਪੜਤਾਲ ਦੌਰਾਨ ਪ੍ਰਾਪਤ ਹੋਏ ਹਨ। ਦੂਸਰੀ 21 ਵਸੀਕਿਆਂ ਅਤੇ ਦਸਤਾਵੇਜ਼ਾਂ ਦੀ ਵੱਖਰੀ ਸੂਚੀ ਹੈ ਜੋ ਪਟਵਾਰੀ ਬਲਕਾਰ ਸਿੰਘ ਦੀ ਗੱਡੀ ਚੋਂ ਬਰਾਮਦ ਹੋਈ ਹੈ। ਇਸ ਪਟਵਾਰੀ ਨੇ ਮਰਲਿਆਂ, ਕਨਾਲ਼ਾਂ ਅਤੇ ਏਕੜਾਂ ਵਿਚ ਜਿੱਥੇ ਮਿਲੀ, ਜ਼ਮੀਨ ਖ਼ਰੀਦ ਲਈ। ਇਸ ਪੜਤਾਲ ਦਾ ਵੱਖਰਾ ਮੁਕੱਦਮਾ ਦਰਜ ਕੀਤੇ ਜਾਣ ਦੀ ਤਿਆਰੀ ਹੈ। ਦੂਸਰੇ ਪਾਸੇ ਪੰਜਾਬ ਵਿਚ ਪਟਵਾਰੀ ਕਲਮ ਛੋੜ ਹੜਤਾਲ ਤੇ ਹਨ ਅਤੇ ਉਨ੍ਹਾਂ ਨੇ ਵਾਧੂ ਸਰਕਲਾਂ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਐਸਮਾ ਲਗਾਏ ਜਾਣ ਤੋਂ ਪੰਜਾਬ ਦਾ ਮੁਲਾਜ਼ਮ ਤਬਕਾ ਕਾਫ਼ੀ ਔਖ ਹੈ ਅਤੇ ਵਿਰੋਧੀ ਧਿਰਾਂ ਨੇ ਵੀ ਸਰਕਾਰ ਦੇ ਇਸ ਐਕਸ਼ਨ ਨੂੰ ਲੈ ਕੇ ਕਾਫ਼ੀ ਵਿਰੋਧ ਦਰਜ ਕਰਾਇਆ ਹੈ।
ਸਮਰੱਥ ਅਥਾਰਿਟੀ ਤੋਂ ਪ੍ਰਵਾਨਗੀ ਨਹੀਂ ਲਈ
ਪਟਵਾਰੀ ਅਤੇ ਕਾਨੂੰਗੋਜ ਦੀ ਯੂਨੀਅਨ ਦਾ ਕਹਿਣਾ ਹੈ ਕਿ ਕਿਸੇ ਵੀ ਪਟਵਾਰੀ ਜਾਂ ਕਾਨੂੰਗੋ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਮਰੱਥ ਅਥਾਰਿਟੀ ਤੋਂ ਪ੍ਰੋਵੈਨਸ਼ਨ ਆਫ਼ ਕੁਰੱਪਸ਼ਨ ਐਕਟ 1988 ਦੀ ਧਾਰਾ 17(ਏ) ਤੋਂ ਪ੍ਰਵਾਨਗੀ ਲੈਣ ਦੀ ਜ਼ਰੂਰਤ ਹੈ ਪ੍ਰੰਤੂ ਵਿਜੀਲੈਂਸ ਬਿਊਰੋ ਨੇ ਪ੍ਰਕਿਰਿਆ ਨੂੰ ਅਖ਼ਤਿਆਰ ਨਹੀਂ ਕੀਤਾ ਹੈ। ਪਟਵਾਰ ਯੂਨੀਅਨ ਆਖਦੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਅਤੇ ਲੋਕਾਂ ਦਾ ਧਿਆਨ ਹੋਰ ਪਾਸੇ ਕੇਂਦਰਿਤ ਕਰ ਰਹੀ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?