ਅਮਰ ਗੁਰਸਿੱਖੜਾ! ਭਾਈ ਦਿੱਤ ਸਿੰਘ ਗਿਆਨੀ!

39

ਸਿੰਘ ਸਭਾ ਲਹਿਰ ਦੇ ਇਸ ਮਹਾਨ, ਸਿਰੜੀ, ਸੇਵਕ ਦਾ ਨਾਮ ਸਿੱਖ ਸੁਧਾਰਕਾਂ ਦੇ ਸਮੂੰਹ ‘ਚ ਧਰੂ ਤਾਰੇ ਵਾਂਗ ਚਮਕਦਾ ਹੈ । ਭਾਈ ਸਾਹਿਬ ਦੇ ਸੇਵਾ ਕਾਲ ਬਾਰੇ ਕਿਸੇ ਦਿਨ ਫਿਰ ਗੱਲ ਕਰਾਂਗਾ, ਅੱਜ ਸਿਰਫ ਉਨ੍ਹਾਂ ਦੇ ਅੰਤਮ ਸਮੇਂ ਦੀ ਵਾਰਤਾ ਸਾਂਝੀ ਕਰਾਂਗੇ!

ਗਿਆਨੀ ਜੀ, 1901 ਦੇ ਅੱਧ ਤੋਂ ਸਰੀਰਿਕ ਰੂਪ ‘ਚ ਢਿੱਲੇ ਮੱਠੇ ਚਲ ਰਹੇ ਸਨ,ਪਰ ਪੰਥਕ ਜਨੂੰਨ ਅੰਦਰ ਉਨ੍ਹਾਂ ਦਾ ਬਹੁਤਾ ਆਪਣੇ ਸਰੀਰ ਵੱਲੇ ਧਿਆਨ ਨਹੀ ਸੀ। ਫਰਵਰੀ 1901 ‘ਚ ਸਿੰਘ ਸਭਾ ਭਸੌੜ ਦੇ ਸਲਾਨਾ ਇਕੱਠ ‘ਚ ਸ਼ਾਮਲ ਹੋ ਕੇ ਜਦ ਵਾਪਸ ਲਾਹੌਰ ਪਰਤੇ ਤਾਂ ਉਨ੍ਹਾਂ ਨੂੰ ਕਾਫੀ ਤੇਜ਼ ਤਾਪ ਨੇ ਜਕੜ ਲਿਆ । ਅਜੇ ਸਿਹਤ ਰਵਾਂ ਵੀ ਨਹੀ ਹੋਈ ਸੀ ਕਿ ਗੁਜਰਾਂਵਾਲੇ ਦਾ ਪੰਥਕ ‘ਕੱਠ ਤੇ ਆਪ ਨੂੰ ਜਾਣਾ ਪਿਆ। ਸਰੀਰ ਇਨ੍ਹੀ ਖੇਚਲ ਝੱਲ ਨ ਸਕਿਆ, ਤੇ ਤਾਪ ਨੇ ਫਿਰ ਆਪਣਾ ਅਸਰ ਦਿਖਾਇਆ, ਦੂਸਰਾ ਗਿਆਨੀ ਜੀ ਦਾ ਆਪਣੀ ਧੀ ਨਾਲ ਬਹੁਤ ਪਿਆਰ ਸੀ, ਉਹ ਬੱਚੀ ਦੀ ਬਿਮਾਰੀ ਦੀ ਹਾਲਤ ‘ਚ ਆਪ ਨੂੰ ਸਾਰੀ ਸਾਰੀ ਰਾਤ ਕਈ ਵਾਰ ਜਾਗਣਾ ਪੈਂਦਾ ਸੀ,ਬੱਚੀ ਕਾਫੀ ਕੋਸ਼ਿਸ਼ ਬਾਅਦ ਵੀ ਨ ਬੱਚ ਸਕੀ ਤੇ ਜੂਨ 1901 ‘ਚ ਚੜਾਈ ਕਰ ਗਈ । ਇਸ ਅਸਹਿ ਵਿਛੋੜੇ ਤੇ ਬੇਰਾਮੀ ਨੇ ਸਰੀਰ ਨੂੰ ਕਾਫੀ ਕੰਮਜ਼ੋਰ ਕਰ ਦਿਤਾ । ਤਾਪ ਵੀ ਤਿੰਨ ਚਾਰ ਦਿਨ ਚੜ੍ਹਦਾ ਉਤਰਦਾ ਰਹਿੰਦਾ ਤੇ ਆਪ ਇਸ ਨੂੰ ਆਰਜ਼ੀ ਤਾਪ ਸਮਝ ਕੇ ਅੱਖੋਂ ਪਰੋਖੇ ਕਰਦੇ ਰਹੇ।
15 ਜੁਲਾਈ 1901 ਨੂੰ ਆਪ ਫਿਰੋਜ਼ਪੁਰ ਸਿੰਘ ਸਭਾ ਦੇ ‘ਕੱਠ ‘ਚ ਸ਼ਾਮਲ ਹੋਣ ਲਈ ਲਾਹੌਰ ਤੋਂ ਫਿਰੋਜ਼ਪੁਰ ਆਏ । ਇਥੇ ਆਪ ਦੇ ਕਲੇਜੇ ‘ਚ ਦਰਦ ਉਠਿਆ ਕਾਫੀ । ਜਦ ਲਾਹੌਰ ਵਾਪਸ ਆ ਕੇ ਡਾਕਟਰਾਂ ਨੂੰ ਦਿਖਾਇਆ ਤਾਂ ਇਕ ਦੋ ਦਿਨਾਂ ਬਾਅਦ ਉਨ੍ਹਾਂ ਕਿਹਾ, ਤੁਹਾਡਾ ਜਿਗਰ ਵਧਿਆ ਹੋਇਆ ਹੈ। ਗਿਆਨੀ ਜੀ ਬਹੁਤਾ ਯੂਨਾਨੀ ਇਲਾਜ਼ ਤੇ ਭਰੋਸਾ ਕਰਦੇ ਸਨ ,ਇਸ ਲਈ ਉਹ ਲਾਹੌਰ ਦੇ ਹਕੀਮ ਆਲਮ ਸ਼ਾਹ ਕੋਲ ਗਏ।ਉਸਦੀ ਦਵਾਈ ਨਾਲ ਕਲੇਜੇ ਦਾ ਦਰਦ ਤੇ ਟਿਕ ਗਿਆ, ਪਰ ਤਾਪ ਨੂੰ ਫਰਕ ਨ ਪਿਆ । ਗਿਆਨੀ ਜੀ ਨੂੰ ਲੱਗਾ ਵਈ ਸ਼ਾਇਦ ਪੇਟ ਦੀ ਸਫਾਈ ਚੰਗੀ ਤਰ੍ਹਾਂ ਨਹੀ ਹੋ ਪਾ ਰਹੀ , ਉਨ੍ਹਾਂ ਦੋ ਵਾਰ ਜੁਲਾਬ ਦੀਆਂ ਗੋਲੀਆਂ ਖਾਧੀਆਂ, ਜਿਸ ਕਰਕੇ ਟੱਟੀਆਂ ਵੀ ਲੱਗ ਗਈਆਂ ਸਨ, ਚਾਰ ਪੰਜ ਦਿਨਾਂ ਬਾਅਦ ਇਨ੍ਹਾਂ ਨੂੰ ਬੰਦ ਕਰਨ ਲਈ ਦਵਾਈ ਲਈ।ਇਸੇ ਵਿਚਕਾਰ ਸਰੀਰ ਕਾਫੀ ਨਿਡਾਲ ਜਿਹਾ ਹੋ ਗਿਆ, 7 ਅਗਸਤ ਨੂੰ ਆਪ ਨੂੰ 106 ਦਰਜ਼ੇ ਤਾਪ ਸੀ।
8 ਅਗਸਤ ਨੂੰ ਆਪ ਦਾ ਇਲਾਜ ਡਾ.ਰਹੀਮ ਖਾਂ ਹੁਣਾਂ ਨੇ ਸ਼ੁਰੂ ਕੀਤਾ। ਦਰੁਸਤ ਪ੍ਰਹੇਜਗਾਰੀ, ਅਰਾਮ, ਤੇ ਸੇਵਾ ਕਰਕੇ ਆਪ ਦੇ ਤਾਪ ਨੂੰ ਹੌਲੀ ਹੌਲੀ ਮੋੜਾ ਪੈਣਾ ਸ਼ੁਰੂ ਹੋ ਗਿਆ । ਇਸ ਸਮੇਂ ਆਪ ਖਾਲਸਾ ਪ੍ਰੈਸ ਵਿਚਲੇ ਮਕਾਨ ਨੂੰ ਛੱਡ ਕੇ “ਗੁਰੂ ਗੋਬਿੰਦ ਸਿੰਘ ਬੋਰਡਿੰਗ ਹਾਊਸ” ਚਲੇ ਗਏ । 17-18 ਅਗਸਤ ਨੂੰ ਬਿਲਕੁਲ ਵੀ ਤਾਪ ਨਹੀ ਚੜ੍ਹਿਆ । 18 ਅਗਸਤ ਨੂੰ ਖਾਲਸਾ ਪ੍ਰੈਸ ਦੀ ਕਮੇਟੀ ਦੀ ਮੀਟਿੰਗ ਸੀ। ਜਿਸ ‘ਚ ਸ਼ਾਮਲ ਹੋਣ ਲਈ ਗਿਆਨੀ ਜੀ ਬੋਰਡਿੰਗ ਹਾਊਸ ਤੋਂ ਖਾਲਸਾ ਪ੍ਰੈਸ ਦੇ ਦਫਤਰ ਵਿਚ ਆਏ । ਇਥੇ ਆਪ 12 ਵਜੇ ਤੋਂ ਲੈ ਕੇ 4 ਵਜੇ ਤਕ ਰਹੇ। ਇਸ ਖੇਚਲ ਕਰਕੇ ਤਾਪ ਨੇ ਆਪ ਨੂੰ ਫਿਰ ਜਕੜ ਲਿਆ। 18 ਅਗਸਤ ਸ਼ਾਮ ਨੂੰ ਤਾਪ ਤਕਰੀਬਨ 104-5 ਦਰਜੇ ਸੀ। ਆਪ ਬਰੋਡਿੰਗ ਹਾਊਸ ਵਾਪਸ ਪਹੁੰਚੇ।ਡਾਕਟਰਾਂ ਨੇ ਆਪ ਨੂੰ ਪਹਾੜਾਂ ਵੱਲੇ ਜਾਣ ਦੀ ਸਲਾਹ ਦਿੱਤੀ, ਪਰ ਸਿਹਤ ਦੀ ਕੰਮਜੋਰੀ ਨੇ ਕੋਈ ਪੇਸ਼ ਨ ਜਾਣ ਦਿੱਤੀ । 24 ਅਗਸਤ ਨੂੰ ਬੋਰਡਿੰਗ ਛੱਡ ਗਿਆਨੀ ਜੀ ਅਨਾਰਕਲੀ ਬਜ਼ਾਰ ‘ਚ ਇਕ ਮਕਾਨ ਅੰਦਰ ਰਹਿਣ ਲੱਗੇ । ਡਾ.ਰਹੀਮ ਜੀ ਰੋਜ਼ ਦੇਖਣ ਲਈ ਆਉਂਦੇ, ਇਕ ਦੋ ਸੇਵਕ ਪ੍ਰੇਮੀ ਆਪ ਦੀ ਖਿਦਮਤ ਚ ਹਾਜ਼ਰ ਰਹਿੰਦੇ । ਆਖੀਰ ਮੌਤ ਰਾਣੀ ਨੇ ਆ ਦਸਤਕ ਦਿਤੀ ਤੇ ਗੁਰੂ ਬਾਬੇ ਦੀ ਫੁਲਵਾੜੀ ਦਾ ਇਹ ਕੀਮਤੀ ਫੁਲ ਆਪਣੀ ਖੁਸ਼ਬੂ ਵੰਡ 6 ਸਤੰਬਰ 1901 ਈਸਵੀ ਨੂੰ ਦਸ ਵਜੇ ਦੇ ਕਰੀਬ ਸਦਾ ਦੀ ਨੀਂਦਰ ਸੌਂ ਗਿਆ । ਜੰਗਲ ਦੀ ਅੱਗ ਵਾਂਗ ਭਾਈ ਸਾਹਿਬ ਦੇ ਪ੍ਰਲੋਕ ਗਮਨ ਦੀ ਗੱਲ ਫੈਲ ਗਈ ਤੇ ਪੰਥ ਅੰਦਰ ਕਾਫੀ ਪੀੜ੍ਹਾ ਇਸ ਅਸਹਿ ਵਿਛੋੜੇ ਦੀ ਮਹਿਸੂਸ ਕੀਤੀ ਗਈ।
4:30 ਵਜੇ ਗਿਆਨੀ ਜੀ ਦੇ ਸਰੀਰ ਨੂੰ ਇਸ਼ਨਾਨ ਕਰਵਾਕੇ, ਬਸਤਰ ਪਵਾ,ਕੇ ਤਖਤੇ ਤੇ ਪਾਇਆ ਗਿਆ । 5 ਵਜੇ ਗਿਆਨੀ ਜੀ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਸੰਗਤਾਂ ਤੁਰੀਆਂ, ਲਾਹੌਰੀ ਦਰਵਾਜ਼ੇ ਦੇ ਅੰਦਰ ਦੀ, ਲਾਹੌਰੀ ਮੰਡੀ, ਮੈਦ ਮਿੱਠੇ ਬਾਜ਼ਾਰ ਤੋਂ ਹੀਰਾ ਮੰਡੀ ਵਲ ਦੀ ਡੇਹਰਾ ਸਾਹਿਬ ਵਿਖੇ ਨਤਮਸਤਕ ਹੋ ਸ਼ਮਸ਼ਾਨ ਭੂਮੀ ਲੈ ਕੇ ਪਹੁੰਚੀਆਂ। ਰਸਤੇ ਵਿਚ ਸੰਗਤਾਂ ਜੋਟੀਆਂ ਬਣਾ ਕੇ ਸ਼ਬਦ ਪੜ੍ਹਦੀਆਂ ਸਨ। ਗਿਆਨੀ ਜੀ ਦੇ ਤਖਤੇ ਨਾਲ ਰਬਾਬੀ ਸਿੰਘ ਵੈਰਾਗ ਮਈ ਸ਼ਬਦ ਪੜ੍ਹਦੇ ਜਾ ਰਹੇ ਸਨ। ਰਸਤੇ ‘ਚ ਗਿਆਨੀ ਜੀ ਦੀ ਲੋਥ ਉਪਰ ਫੁੱਲਾਂ ਦੀ ਵਰਖਾਂ, ਗੁਲਾਬ ਜਲ ਦੀ ਵਰਖਾਂ ਵੀ ਹੋ ਰਹੀ ਸੀ। ਸ਼ਮਸ਼ਾਨ ਭੂਮੀ ‘ਚ ਲਾਂਬੂ ਲੌਣ ਦਾ ਅਰਦਾਸਾ ਸੋਧਣ ਉਪਰੰਤ ਭਾਈ ਬਲਦੇਵ ਸਿੰਘ ਹੁਣਾਂ ਗਿਆਨੀ ਜੀ ਦੀ ਚਿਖਾ ਨੂੰ ਅਗਨ ਭੇਟ ਕਰਨ ਦੀ ਰਸਮ ਨਿਭਾਈ । ਸੰਗਤਾਂ ਨੇ ਵਾਪਸ ਗੁਰੂ ਘਰ ਆ ਕੇ ਸੋਹਿਲਾ ਸਾਹਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ‘ਚ ਸ੍ਰਵਣ ਕੀਤਾ ਤੇ ਉਥੋਂ ਹੀ ਆਪੋ ਆਪਣੇ ਘਰਾਂ ਨੂੰ ਵਾਪਸੀ ਕੀਤੀ।ਅੰਗੀਠੇ ਦੀ ਸੰਭਾਲ ਲਈ 9 ਸੰਤਬਰ ਦਾ ਦਿਨ ਨਿਸਚਿਤ ਕੀਤਾ ਗਿਆ!

9 ਸਤੰਬਰ ਨੂੰ ਸਵੇਰੇ ਅੰਗੀਠੇ ਦੀ ਸੰਭਾਲ ਕਰਕੇ, ਅਸਥੀਆਂ ਸਮੇਤ ਰਾਖ ਦੇ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦ ਗੰਜ ਵਿਚ ਰੱਖੀਆਂ ਗਈਆਂ ਤੇ 11 ਸੰਤਬਰ ਨੂੰ ਜਦ ਇਹ ਅੰਗੀਠਾ ਜਲ ਪਰਵਾਹ ਕਰਨਾ ਸੀ ਤਾਂ ਸੰਗਤਾਂ ਦੂਰੋਂ ਨੇੜਿਓਂ ਉਚੇਚ ਨਾਲ ਪਹੁੰਚੀਆਂ ਹੋਈਆਂ ਸਨ । ਮੀਆਂ ਵਾਲੀ ਛਾਉਣੀ ਤੋਂ ਆਏ ਹੋਏ ਫੌਜੀ ਆਪਣੇ ਨਾਲ ਬੈਂਡ ਲੈ ਕੇ ਆਏ ਸਨ,ਜੋ ਕਾਫਲੇ ਦੇ ਅੱਗੇ ਅੱਗੇ ਸ਼ੋਕ ਭਰੀ ਧੁਨ ਬਜਾ ਰਿਹਾ ਸੀ। ਸੰਗਤਾਂ ਦਾ ਇਹ ਕਾਫਲਾ ਲਾਹੌਰ ਸ਼ਹਿਰ ਵਿਚੋਂ ਦੀ ਲੰਘਿਆ । ਸੰਗਤਾਂ ਵੈਰਾਗਮਈ ਸ਼ਬਦ ਵੀ ਪੜ੍ਹ ਰਹੀਆਂ ਸਨ।
11 ਵਜੇ ਸਾਰੀ ਸੰਗਤ, ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਅਸਥਾਨ ਤੇ ਜੁੜੀ। ਕਈ ਸਿੰਘਾਂ ਨੇ ਕੀਰਤਨ ਦੀ ਸੇਵਾ ਕੀਤੀ । ਬਾਣੀ ਤਕਰੀਬਨ ਨੌਵੀਂ ਪਾਤਸ਼ਾਹੀ ਦੀ ਪੜ੍ਹੀ ਗਈ। ਇਕ ਕਵਿਤਾ ਵੀ ਇਥੇ ਗਾਈ ਗਈ ਰਲ ਮਿਲ ਕੇ, ਜਿਸਦਾ ਸਿਰਲੇਖ ਸੀ ” ਭਾਈ ਦਿੱਤ ਸਿੰਘ ਗਯਾਨੀ ਜੀ ਦੀ ਆਖ਼ਰੀ ਨੀਂਦ”,ਇਸ ਕਵਿਤਾ ਨੂੰ ਸੁਣਦਿਆਂ ਸਭ ਸੰਗਤਾਂ ਦਾ ਗੱਚ ਭਰ ਆਇਆ । ਦੁਪਹਿਰੇ ਦੀਵਾਨ ਦੀ ਸਮਾਪਤੀ ਹੋਈ।
ਸ਼ਾਮ ਨੂੰ ਇਕ ਉਚੇਚਾ ਜਲਸਾ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸਿੰਘ ਸਭਾਵਾਂ ਵਲੋਂ ਹੋਇਆ । ਇਥੇ ਵੀ ਕੀਰਤਨ ਦੀ ਸੇਵਾ ਫੌਜੀ ਸਿੰਘਾਂ ਵੱਲੋਂ ਕੀਤੀ ਗਈ। ਗਿਆਨੀ ਦਿੱਤ ਸਿੰਘ ਜੀ ਜੋ ਖਾਲਸਾ ਅਖਬਾਰ ਦੇ ਐਡੀਟਰ,ਖਾਲਸਾ ਕਾਲਜ ਕੌਂਸਲ ਦੇ ਮੈਂਬਰ, ਔਰੀਐਂਟਲ ਕਾਲਜ ਦੇ ਪ੍ਰੋ.,ਖਾਲਸਾ ਦੀਵਾਨ ਲਾਹੌਰ ਦੇ ਮੈਂਬਰ ਸਨ ਉਨ੍ਹਾਂ ਦੇ ਪ੍ਰਥਾਇ ਤਿੰਨ ਰੈਜ਼ੋਲਯੂਸ਼ਨ ਪਾਸ ਕੀਤੇ ਗਏ।ਪਹਿਲਾ ਮਤਾ ਭਾਈ ਜਵਾਰ ਸਿੰਘ ਕਪੂਰ ਜੋ ਗਿਆਨੀ ਜੀ ਦੇ ਸਭ ਤੋਂ ਪੁਰਾਣੇ ਸਾਥੀਆਂ ਵਿਚੋਂ ਸਨ, ਵਲੋਂ ਪੇਸ਼ ਹੋਇਆ । ਉਨ੍ਹਾਂ ਸੰਖੇਪ ਵਿਚ ਪਹਿਲਾ ਗਿਆਨੀ ਜੀ ਦੀ ਜ਼ਿੰਦਗੀ ਤੇ ਰੋਸ਼ਨੀ ਪਾਈ ਤੇ ਇਸ ਮਹਾਨ ਸੱਜਣ ਦੀ ਬੇਵਕਤੀ ਮੌਤ ਤੇ ਅਫਸੋਸ ਜ਼ਾਹਰ ਕੀਤਾ ।
ਦੂਜਾ ਮਤਾ ਸ.ਮਿਹਰ ਸਿੰਘ ਕਮਿਸ਼ਨਰ ਮਿਯੂਨਸੀਪਲ ਕਮੇਟੀ ਲਾਹੌਰ, ਵਲੋਂ ਸੀ। ਸ.ਸਾਹਬ ਨੇ ਪਹਿਲ੍ਹਾਂ ਗਿਆਨੀ ਜੀ ਦੀ ਕਰਣੀ ਨੂੰ ਸਿਜਦਾ ਕਰਦਿਆਂ ਕਿਹਾ ਕਿ ਇਸ ਮਹਾਨ ਪੰਥ ਦਰਦੀ ਨੇ ਤਨ, ਮਨ,ਧਨ ਕਰਕੇ ਸੁੱਤੀ ਹੋਈ ਕੌਮ ਨੂੰ ਜਗਾਉਣ ਵਿਚ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾ ਸੁਚੱਜੀ ਅਗਵਾਈ ਕਰਦੀਆਂ ਰਹਿਣਗੀਆਂ । ਸਾਨੂੰ ਇਸ ਲਾਸਾਨੀ ਯੋਧੇ ਦੀ ਸਦੀਵੀ ਯਾਦਗਰ ਬਣਾਉਣੀ ਚਾਹੀਦੀ ਹੈ,ਜਿਸ ਲਈ ਫੰਡ ਇਕੱਠਾ ਕੀਤਾ ਜਾਵੇ। ਉਸ ਫੰਡ ਵਿਚੋਂ, ਜਿਵੇਂ ਕਿ ਗਿਆਨੀ ਜੀ ਦੀ ਚਾਹਤ ਸੀ ਕੇ ਉਨ੍ਹਾਂ ਦਾ ਪੁਤਰ ਡਾਕਟਰ ਬਣੇ, ਸੋ ਕਾਕਾ ਬਲਦੇਵ ਸਿੰਘ ਦਾ ਮੈਡੀਕਲ ਕਾਲਜ ਲਾਹੌਰ ਦਾ ਪੰਜ ਸਾਲ ਦਾ ਖਰਚ ਵੀ ਦਿੱਤਾ ਜਾਵੇ ਤੇ ਨਾਲ ਹੀ ਬਾਕੀ ਰਕਮ ਨਾਲ ਇਕ ਬੋਰਡਿੰਗ ਹਾਊਸ ਬਣਾਇਆ ਜਾਵੇ ਜਾਂ ਹੋਰ ਪੰਥਕ ਉਨਤੀ ਦਾ ਕਾਰਜ ਕੀਤਾ ਜਾਵੇ।
ਤੀਜਾ ਮਤਾ ਭਾਈ ਮਈਆ ਸਿੰਘ ਜੀ (ਐਡੀਟਰ ਖਾਲਸਾ ਅਖਬਾਰ) ਵਲੋਂ ਸੀ ਕਿ ਸਾਨੂੰ ਦੀਵਾਨ ਵਲੋਂ ਇਕ ਖ਼ਤ ਹਮਦਰਦੀ ਤੇ ਹੌਂਸਲੇ ਦਾ ਗਯਾਨੀ ਜੀ ਦੇ ਪਰਿਵਾਰ ਵਲ ਭੇਜਣਾ ਚਾਹੀਦਾ ਨਾਲ ਹੀ ਸਾਨੂੰ ਇਹ ਸਾਰੀ ਕਾਰਵਾਈ ਅਖ਼ਬਾਰਾਂ ਤੇ ਰਸਾਲਿਆ ਲਈ ਭੇਜਣੀ ਚਾਹੀਦੀ ਹੈ।ਇਹ ਸਾਰੇ ਮਤੇ ਸਰਵ ਸੰਮਤੀ ਨਾਲ ਪਾਸ ਹੋਏ।
ਇਸ ਤੋਂ ਬਾਅਦ ਸ.ਸੁਰਜਨ ਸਿੰਘ ਹੁਣਾ ਨੇ ਸਮੁਚੇ ਕਾਰਜ ਦੀ ਪੂਰਨਤਾ ਲਈ “ਭਾਈ ਦਿਤ ਸਿੰਘ ਫੰਡ ਕਮੇਟੀ ” ਲਈ 15 ਨਾਵਾਂ ਦੀ ਤਜਵੀਜ਼ ਰੱਖੀ ਜੋ ਸਰਵ ਸੰਮਤੀ ਨਾਲ ਪਾਸ ਹੋਈ । ਇਸ ਕਮੇਟੀ ਵਿਚ ਸ.ਅਰਜਨ ਸਿੰਘ ਰਾਈਸ ਬਾਗੜੀਆਂ, ਸ.ਗੁਰਦਿਤ ਸਿੰਘ ਰਾਈਸ, ਸ.ਮਿਹਰ ਸਿੰਘ ਕਮਿਸ਼ਨਰ, ਸ.ਜਵਾਹਰ ਸਿੰਘ ਕਪੂਰ, ਭਾਈ ਪਰਤਾਪ ਸਿੰਘ ਤਹਿਸੀਲ ਦਾਰ ,ਭਾਈ ਬਾਘ ਸਿੰਘ , ਸੋਢੀ ਸੁਜਾਨ ਸਿੰਘ ਪ੍ਰੋਫੈਸਰ, ਸ.ਸੁੰਦ੍ਰ ਸਿੰਘ ਮਜੀਠਾ, ਸ.ਨਰਾਯਣ ਸਿੰਘ ਐਮ.ਏ.ਐਲ.ਐਲ.ਬੀ ਗੁਜਰਾਂਵਾਲਾ, ਭਾਈ ਮੰਨਾ ਸਿੰਘ ਹਕੀਮ, ਸ.ਸੋਹਣ ਸਿੰਘ ਜੀ ਬੀ.ਏ,ਸ.ਬਿਸ਼ਨ ਸਿੰਘ ਵਕੀਲ, ਸ.ਸਾਧੂ ਸਿੰਘ ਈ.ਏ.ਸੀ ਆਦਿ । ਭਾਈ ਪ੍ਰਤਾਪ ਸਿੰਘ ਤਹਿਸੀਲਦਾਰ ਨੂੰ ਸਕੱਤਰ ਤੇ ਭਾਈ ਬਾਘ ਸਿੰਘ ਹੁਣਾ ਨੂੰ ਜਾਇੰਟ ਸਕੱਤਰ ਬਣਾਇਆ ਗਿਆ ।
ਗਿਆਨੀ ਜੀ ਦੀ ਯਾਦ ਅੰਦਰ ਮੁਲਕ ਦੇ ਕੋਨੇ ਕੋਨੇ ‘ਚ ਸਮਾਗਮ ਹੋਏ ਤੇ ਉਨ੍ਹਾਂ ਦੀ ਕਰਣੀ ਤੇ ਵਿਖਿਆਨ ਕਰ, ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਪੰਥਕ ਘੋਲ ‘ਚ ਸ਼ਾਮਲ ਹੋਣ ਦੇ ਅਰਦਾਸੇ ਸੋਧੇ ਗਏ।

ਪੰਥ ਨੇ 1905 ‘ਚ ਗਿਆਨੀ ਜੀ ਦੇ ਪੁਤਰ ਨੂੰ ਮੈਡੀਕਲ ਦੀ ਪੜਾਈ ਅਗੇ ਪੜ੍ਹਨ ਲਈ ਨਾਭੇ ਦੇ ਮਹਾਰਾਜੇ ਦੇ ਸਹਿਯੋਗ ਨਾਲ ਇੰਗਲੈਂਡ ਭੇਜਿਆ । ਉਥੋਂ ਜਦ ਭਾਈ ਬਲਦੇਵ ਸਿੰਘ ਜੀ ਨੇ ਆਪਣੀ ਤਾਲੀਮ ਮੁਕਮਲ ਕੀਤੀ ਤਾਂ ਉਹ ਲਾਹੌਰ ਵਾਪਸ ਆਏ। ਆਪ ਨੇ ਗਿਆਨੀ ਜੀ ਦੀਆਂ ਕੁਝ ਰਚਨਾਵਾਂ ਜੋ ਅਣਛੱਪੀਆਂ ਸਨ ਭੂਮਿਕਾ ਲਿਖ ਕੇ ਛਾਪੀਆ । ਮਹਾਰਾਜਾ ਨਾਭਾ ਨੇ ਨਾਭੇ ਵਿਚ ਆਪ ਨੂੰ ਹੈਲਥ ਅਫਸਰ ਨਿਯੁਕਤ ਕੀਤਾ!

ਉਪਰੋਕਤ ਜਾਣਕਾਰੀਆਂ ਖਾਲਸਾ ਅਖਬਾਰ ਦੇ ਪੁਰਾਣੇ ਪਰਚਿਆਂ ਚੋਂ ਲਈਆਂ ਗਈਆਂ ਹਨ!ਧਨਵਾਦ ਸਹਿਤ

ਬਲਦੀਪ ਸਿੰਘ ਰਾਮੂੰਵਾਲੀਆ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?