ਖ਼ਾਲਸੇ ਨੇ ਤਲਵਾਰ ਦੀ ਧਾਰ ਵਿਚੋਂ ਜਨਮ ਲਿਆ, ਖੰਡੇ ਦੀ ਗੁੜ੍ਹਤੀ ਲਈ ਅਤੇ ਨੇਜਿਆਂ-ਢਾਲਾਂ ਦੇ ਝੂਲੇ ਝੂਲ ਕੇ ਜਵਾਨ ਹੋਇਆ। ਉਹ ਸਦਾ ਹੀ ਅਣਖ, ਸ਼ਾਨ, ਆਬਰੂ ਅਤੇ ਇੱਜ਼ਤ ਦਾ ਪਹਿਰੇਦਾਰ ਰਿਹਾ ਹੈ। ਸਮੇਂ ਦੀ ਮੁਗ਼ਲ ਸਰਕਾਰ ਖ਼ਾਲਸੇ ਦਾ ਨਾਮੋ-ਨਿਸ਼ਾਨ ਮਿਟਾਉਣ ‘ਤੇ ਤੁਲੀ ਹੋਈ ਸੀ, ਕਿਉਂਕਿ ਕੇਵਲ ਖ਼ਾਲਸਾ ਹੀ ਉਨ੍ਹਾਂ ਦੇ ਜ਼ੁਲਮ-ਜਬਰ ਦਾ ਵਿਰੋਧ ਕਰਦਾ ਸੀ। ਜ਼ਕਰੀਆ ਖਾਨ ਨੇ ਤਾਂ ਐਲਾਨ ਕਰਵਾ ਦਿੱਤਾ ਸੀ ਕਿ ਸਿੰਘਾਂ ਦਾ ਖੁਰਾ-ਖੋਜ ਮਿਟ ਚੁੱਕਾ ਹੈ। ਬਾਬਾ ਬੋਤਾ ਸਿੰਘ ਸੰਧੂ ਅਤੇ ਬਾਬਾ ਗਰਜਾ ਸਿੰਘ ਰੰਘਰੇਟੇ ਦਾ ਜਨਮ ਅਠਾਰ੍ਹਵੀਂ ਸਦੀ ਦੇ ਸ਼ੁਰੂ ਵਿਚ ਹੋਇਆ। ਇਨ੍ਹਾਂ ਦੇ ਸਮੇਂ ਸਿੰਘਾਂ ਉੱਪਰ ਅਣਕਿਆਸੇ, ਅਣਮਨੁੱਖੀ ਜ਼ੁਲਮ ਹੋਏ। ਸਿੰਘਾਂ ਦਾ ਬੇਤਹਾਸ਼ਾ ਕਤਲੇਆਮ ਕੀਤਾ ਗਿਆ। ਉਨ੍ਹਾਂ ਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣਾ ਬੰਦ ਕਰ ਦਿੱਤਾ ਗਿਆ। ਮੁਗ਼ਲ ਸੋਚਦੇ ਸਨ ਕਿ ਸ੍ਰੀ ਅੰਮ੍ਰਿਤਸਰ ਦਾ ਇਸ਼ਨਾਨ ਸਿੰਘਾਂ ਵਿਚ ਜ਼ਿੰਦਗੀ ਅਤੇ ਸ਼ਕਤੀ ਭਰ ਦਿੰਦਾ ਹੈ। ਫਿਰ ਵੀ ਨਿਧੜਕ ਖ਼ਾਲਸੇ ਰਾਤ-ਬਰਾਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਜਾਂਦੇ ਸਨ। ਇਕ ਦਿਨ ਜ਼ਿਲ੍ਹਾ ਲਾਹੌਰ ਦੇ ਪਿੰਡ ਭੜਾਣਾ ਤੋਂ ਬਾਬਾ ਬੋਤਾ ਸਿੰਘ ਅਤੇ ਉਨ੍ਹਾਂ ਦੇ ਮਿੱਤਰ ਗਰਜਾ ਸਿੰਘ ਸਰੋਵਰ ਵਿਚੋਂ ਇਸ਼ਨਾਨ ਕਰਕੇ ਸ੍ਰੀ ਤਰਨ ਤਾਰਨ ਨੇੜੇ ਆ ਰਹੇ ਸਨ। ਕੁਝ ਰਾਹਗੀਰ ਉਨ੍ਹਾਂ ਨੂੰ ਦੇਖ ਕੇ ਕਹਿਣ ਲੱਗੇ ਕਿ ਸਿੰਘ ਤਾਂ ਜ਼ਕਰੀਏ ਨੇ ਖ਼ਤਮ ਕਰ ਦਿੱਤੇ ਹਨ, ਕਿਉਂਕਿ ਉਸ ਨੇ ਢੰਡੋਰਾ ਪਿਟਵਾ ਦਿੱਤਾ ਹੈ, ਇਹ ਸਿੰਘ ਨਹੀਂ, ਕੋਈ ਬਹਿਰੂਪੀਏ ਹੋਣੇ ਹਨ। ਸ੍ਰੀ ਗੁਰੂ ਪੰਥ ਪ੍ਰਕਾਸ਼ ਵਿਚ ਭਾਈ ਰਤਨ ਸਿੰਘ ਜੀ ਦੀ ਲਿਖਤ ਹੈ-
ਸਿੰਘ ਨ ਦੀਸਤ ਹੈਂ ਕਹੂੰ, ਤੁਰਕਨ ਦਏ ਖਪਾਇ।
ਦੂਜੇ ਕਹਯੋ ਕੋਈ ਹੋਗਯਹ ਕਾਇਰ ਕੂਰ ਲੁਕਾਇ।
ਬੋਤਾ ਸਿੰਘ ਨੇ ਯੌ ਸੁਨੀ, ਰਹਯੋ ਤਹਾਂ ਹੀ ਖਲੋਇ।
ਜਨੁ ਬਿੱਛੂ ਕੋ ਡੰਕ ਲਗਯੋ, ਲਗੀ ਬੋਲੀ ਸਿੰਘ ਸੋਇ।
ਦੋਵਾਂ ਨੇ ਇਹ ਚੁਣੌਤੀ ਕਬੂਲ ਕਰ ਲਈ। ਦੋਵੇਂ ਸਿੰਘ ਤਰਨ ਤਾਰਨ ਸਾਹਿਬ ਤੋਂ 3 ਕੁ ਮੀਲ ਦੀ ਵਿੱਥ ‘ਤੇ ਸਰਾਏ ਨੂਰਦੀਨ ਕੋਲ ਆਪਣਾ ਚੁੰਗੀ ਨਾਕਾ ਲਗਾ ਕੇ ਬਹਿ ਗਏ। ਉਨ੍ਹਾਂ ਨੇ ਰਾਹੀਆਂ ਤੋਂ ਟੈਕਸ ਵਸੂਲਣਾ ਸ਼ੁਰੂ ਕੀਤਾ ਅਤੇ ਜ਼ਕਰੀਏ ਨੂੰ ਚਿੱਠੀ ਲਿਖੀ ਕਿ ਸਿੱਖ ਰਾਜ ਕਾਇਮ ਹੋ ਚੁੱਕਾ ਹੈ। ਉਸ ਨੇ 101 ਘੋੜਸਵਾਰ ਫੌਜਦਾਰ ਜਲਾਲੁਦੀਨ ਨਾਲ ਭੇਜੇ। ਦੋਵੇਂ ਸਿੰਘ ਨਿਹੱਥੇ ਸਨ। ਉਨ੍ਹਾਂ ਨੇ ਲੱਕੜ ਦੇ ਦੋ ਅਨਘੜਤ ਜਿਹੇ ਸੋਟੇ ਲਏ ਅਤੇ ਪਿੱਠਾਂ ਜੋੜ ਕੇ ਅਜਿਹਾ ਮੁਕਾਬਲਾ ਕੀਤਾ ਕਿ ਸ਼ਸਤਰਧਾਰੀ 80 ਮੁਗ਼ਲ ਜਵਾਨ ਮਾਰ ਦਿੱਤੇ। ਅਨੇਕਾਂ ਜਾਬਰਾਂ ਦਾ ਸਿਰ ਸੋਟੇ ਨਾਲ ਫੇਹ ਕੇ ਅੰਤ ਨੂੰ ਦੋਵੇਂ ਬਹਾਦਰ ਸ਼ਹੀਦ ਹੋ ਗਏ। ਇਹ ਸ਼ਹੀਦੀਆਂ ਸੰਨ 1739 ਈ: ਨੂੰ ਹੋਈਆਂ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਪਿੰਡ ਨੂਰਦੀਨ ਦੇ ਦੱਖਣ ਵਾਲੇ ਪਾਸੇ ਸ਼ਾਨਦਾਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸ਼ਹੀਦਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਇਨ੍ਹਾਂ ਦੀ ਯਾਦਗਾਰ ਕਾਇਮ ਹੈ। ਦੁਨੀਆ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਇਹ ਇਕ ਅਨੋਖੀ ਗਾਥਾ ਹੈ, ਜਿਥੇ ਸਿਰਫ ਦੋ ਖ਼ਾਲਸੇ ਸੈਂਕੜਿਆਂ ਨਾਲ ਜੂਝ ਗਏ।
Author: Gurbhej Singh Anandpuri
ਮੁੱਖ ਸੰਪਾਦਕ