ਭਾਈ ਸਾਹਿਬ ਦੀ ਟੀਮ ਵੱਲੋਂ ਐਮ ਪੀ ਅਪਡੇਟਸ ਸੋਸ਼ਲ ਮੀਡੀਆ ਪੇਜ਼ ਤੇ ਕੀਤੀ ਗਈ ਪੁਸ਼ਟੀ
ਸਮਾਣਾ 25 ਸਤੰਬਰ (ਹਰਜਿੰਦਰ ਸਿੰਘ ਜਵੰਦਾ) ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਕਥਾਵਾਚਕ, ਗੁਰਮਤਿ ਪ੍ਰਚਾਰਕ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਭਾਰਤ ਦੇ ਕੈਨੇਡਾ ਵੀਜ਼ਾ ਬੰਦ ਕਰਨ ਦੇ ਸਵਾਗਤ ਬਾਰੇ ਇਕ ਵਾਇਰਲ ਖ਼ਬਰ ਕਾਫੀ ਚਰਚਾ ‘ਚ ਹੈ ਅਤੇ ਇਸ ਖ਼ਬਰ ਦੀ ਅਸਲੀਅਤ ਇਹ ਹੈ ਕਿ ਇਹ ਇੱਕ ਫਰਜ਼ੀ ਖ਼ਬਰ ਬਣਾਈ ਗਈ ਹੈ ਯਾਨੀ ਕਿ ਝੂਠੀ ਹੈ ਅਤੇ ਇਸ ਸਬੰਧੀ ਭਾਈ ਸਾਹਿਬ ਵਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।ਜਿਸ ਦੀ ਪੁਸ਼ਟੀ ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਐਮ ਪੀ ਅਪਡੇਟਸ ਸੋਸ਼ਲ ਮੀਡੀਆ ਪੇਜ਼ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਗਈ ਹੈ। ਜਿਸ ਤੇ ਲਿਖਿਆ ਹੈ ਕਿ ‘ਵੀਰੋ ਧਿਆਨ ਰੱਖਿਆ ਕਰੋ, ਵਿਰੋਧੀ ਸੋਚ ਵਾਲੇ ਵੀਰ ਇਹੋ ਜਿਹੀਆਂ ਨਿਊਜ਼ ਫੇਕ ਬਣਾ ਬਣਾ ਕੇ ਘੁਮਾਉਂਦੇ ਰਹਿੰਦੇ ਨੇ।ਦੱਸ ਦਈਏ ਕਿ ਭਾਈ ਸਾਹਿਬ ਸਿੱਖੀ ਪ੍ਰਚਾਰ ਲਈ ਇਨ੍ਹੀ ਦਿਨੀਂ ਅਮਰੀਕਾ ਦੌਰੇ ਤੇ ਹਨ ਅਤੇ ਉਹ ਪਿਛਲੇ ਦਿਨੀਂ ਆਪਣੀ ਮਾਤਾ ਪਰਵਿੰਦਰ ਕੌਰ ਜੀ ਦੇ ਦੇਹਾਂਤ ਉਪਰੰਤ 11 ਦਿਨਾਂ ਲਈ ਪੰਜਾਬ ਆਏ ਸਨ ਅਤੇ ਦੋ ਕੁ ਦਿਨ ਪਹਿਲਾਂ ਮੁੜ ਅਮਰੀਕਾ ਚਲੇ ਗਏ ਹਨ।