ਲੋਭ ਕੀ ਹੈ ?

16

ਲੋਭ ਕੀ ਹੈ ?

ਅਪ੍ਰਾਪਤ ਵਸਤੂ ਜੋ ਦੂਸਰੇ ਕੋਲ ਹੋਵੇ, ਦੀ ਪ੍ਰਾਪਤੀ ਵਸ ਇੱਛਾ ਕਰਨੀ। ਸੰਤੋਖ ਨਾ ਹੋਣ ਕਰਕੇ ਦੂਸਰਿਆਂ ਦੇ ਧਨ ਪਦਾਰਥ ਤੇ ਹੋਰ ਚੀਜ਼ਾਂ ਨੂੰ ਅਯੋਗ ਢੰਗ ਨਾਲ ਪ੍ਰਾਪਤ ਕਰਨ ਦੀ ਵਧੀ ਹੋਈ ਲਾਲਸਾ ਹੀ ਲੋਭ ਹੈ। ਪਾਵਨ ਗੁਰਬਾਣੀ ਵਿਚ ਲੋਭ ਸੰਬੰਧੀ ਕਿਹਾ ਹੈ :

*ਲੋਭੀ ਕਾ ਵੇਸਾਹੁ ਨ ਕੀਜੈ, ਜੇ ਕਾ ਪਾਰਿ ਵਸਾਇ॥ ਅੰਤਿ ਕਾਲਿ ਤਿਥੈ ਧੁਹੈ, ਜਿਥੈ ਹਥੁ ਨ ਪਾਇ॥ ਮਨਮੁਖ ਸੇਤੀ ਸੰਗੁ ਕਰੇ, ਮੁਹਿ ਕਾਲਖ ਦਾਗੁ ਲਗਾਇ॥ ਮੁਹ ਕਾਲੇ ਤਿਨ੍ ਲੋਭੀਆਂ, ਜਾਸਨਿ ਜਨਮੁ ਗਵਾਇ॥*
(ਸਲੋਕ, ਮ: ੧, ਪੰਨਾ ੧੪੧੭)

*ਲੋਭ ਲਹਰਿ ਸਭੁ ਸੁਆਨੁ ਹਲਕੁ ਹੈ, ਹਲਕਿਓ ਸਭਹਿ ਬਿਗਾਰੇ॥*
(ਨਟ, ਮ: ੪, ਪੰਨਾ ੯੮੩)

ਭਾਵ-ਲੋਭੀ ਹਲਕਾਏ ਕੁੱਤੇ ਦੀ ਤਰ੍ਹਾਂ ਹੈ, ਜੋ ਦੂਸਰਿਆਂ ਨੂੰ ਵੀ ਹਲਕਾਅ ਕਰ ਦਿੰਦਾ ਹੈ। ਪੰਚਮ ਪਾਤਸ਼ਾਹ ਫੁਰਮਾਉਂਦੇ ਹਨ :

*ਹੇ ਲੋਭਾ, ਲੰਪਟ ਸੰਗ ਸਿਰਮੋਰਹ, ਅਨਿਕ ਲਹਰੀ ਕਲੋਲਤੇ॥ ਧਾਵੰਤ ਜੀਆ ਬਹੁ ਪ੍ਰਕਾਰੰ, ਅਨਿਕ ਭਾਂਤਿ ਬਹੁ ਡੋਲਤੇ ॥ ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ, ਨਚ ਮਾਤ ਪਿਤਾ ਤਵ ਲਯਾ॥ ਅਕਰਣੰ ਕਰੋਤਿ, ਅਖਾਦਿ ਖਾਦੰ, ਅਸਾਜੰ ਸਾਜਿ ਸਮਜਯਾ॥ ਤ੍ਰਾਹਿ ਤ੍ਰਾਹਿ ਸਰਣਿ ਸੁਆਮੀ, ਬਿਗਾਪ੍ਰਿ ਨਾਨਕ, ਹਰਿ ਨਰ ਰਹ॥੪੮॥*
(ਸਲੋਕ ਸਹਸਕ੍ਰਿਤੀ ਮਹਲਾ ੫, ਪੰਨਾ ੧੩੫੮)

ਭਾਵ—ਹੇ ਲੋਭ, ਤੂੰ ਬੜੇ ਬੜੇ ਸ਼ਰੋਮਣੀ ਪੁਰਸ਼ਾਂ ਨੂੰ ਫਸਾਇਆ ਹੈ। ਉਹ ਤੇਰੀਆਂ ਲਹਿਰਾਂ ਵਿੱਚ ਰੁੜ੍ਹੇ ਹੋਏ ਪਏ ਕਲੋਲ ਕਰਦੇ ਹਨ। ਸਾਰੇ ਜੀਵ ਦੌੜੇ ਭੱਜੇ ਫਿਰਦੇ ਹਨ। ਨਾ ਕਰਨ ਯੋਗ ਕੰਮ ਤੂੰ ਕਰਾਉਂਦਾ ਹੈ। ਨਾ ਖਾਣ ਯੋਗ ਚੀਜ਼ਾਂ ਤੂੰ ਖੁਆਉਂਦਾ ਹੈਂ। ਹੇ ਵਾਹਿਗੁਰੂ ! ਅਸੀਂ ਤੇਰੀ ਸ਼ਰਨ ਵਿਚ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਲੋਭ ਤੋਂ ਬਚਾ ਲੈ।

ਗਿਆਨ ਅਤੇ ਕਰਮ ਇੰਦੀਆਂ ਵਾਲੇ ਮਨੁੱਖੀ ਸਰੀਰ ਦੇ ਮਨ ਅੰਦਰ ਜਦੋਂ ਕਿਸੇ ਚੀਜ਼ ਦੀ ਪ੍ਰਾਪਤੀ ਲਈ ਕੋਈ ਸੰਕਲਪ ਫੁਰਦਾ ਹੈ ਤਾਂ ਉਸਨੂੰ ‘ਮਨਸਾ’ ਆਖਿਆ ਜਾਂਦਾ ਹੈ ਅਤੇ ਸੰਕਲਪ ਫਿਰ ਕੇ ਜਦੋਂ ਉਸ ਚੀਜ਼ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ ਤਾਂ ਉਸ ਨੂੰ ‘ਆਸਾ’ ਕਿਹਾ ਜਾਂਦਾ ਹੈ। ਇਸ ਆਸਾ ਦੇ ਫੁਰਨ ਨਾਲ ਜਦੋਂ ਕਿਸੇ ਵਸਤੂ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਹੋ ਜਾਂਦੀ ਹੈ ਤਾਂ ਉਸ ਨੂੰ ਤ੍ਰਿਸ਼ਨਾ ਕਹਿੰਦੇ ਹਨ।

ਜੋ ਕੁਝ ਹੈ ਜੈਸਾ ਹੈ, ਔਰ ਜੈਸਾ ਹੋ ਜਾਵੇ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ-ਇਹ ਸੰਤੋਖ ਹੈ। ਪਰ ਅਪ੍ਰਵਾਨ ਕਰਨਾ ਇਹ ਲੋਭ ਹੈ ਜੋ ਤ੍ਰਿਸ਼ਨਾ ਤੋਂ ਜਨਮ ਲੈਂਦਾ ਹੈ। ਲੋਭ ਤੇ ਤ੍ਰਿਸ਼ਨਾ ਇਕ ਭਿਅੰਕਰ ਮਾਨਸਿਕ ਰੋਗ ਹੈ। ਜਿਸ ਨਾਲ ਮਨੁੱਖ ਸਦਾ ਪੀੜਤ ਰਹਿੰਦਾ ਹੈ ਤੇ ਭਖ-ਅਭੁਖ ਤੋਂ ਨਾਵਾਕਿਫ਼ ਰਹਿੰਦਾ ਹੈ :

*ਲੋਭੀ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ॥*
(ਸਿਰੀ ਰਾਗੁ ਮਹਲਾ ੫, ਪੰਨਾ ੫੦)

ਕਈ ਵਿਚਾਰਵਾਨਾਂ ਦਾ ਖਿਆਲ ਹੈ ਕਿ ਲੋਭ ਤੋਂ ਬਿਨਾਂ ਵਿਕਾਸ ਅਸੰਭਵ ਹੈ, ਇਸ ਦਾ ਹੋਣਾ ਅਤੀ ਲਾਜ਼ਮੀ ਹੈ। ਪਰ ਵਿਕਾਸ ਦੀ ਤਰਫ ਤਾਂ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ। ਇਕ ਨਿੱਕਾ ਬੂਟਾ ਵੀ ਵਿਕਾਸ ਦੀ ਤਰਫ਼ ਗਤੀਸ਼ੀਲ ਹੈ। ਉਹ ਵੀ ਫੁੱਲ ਤੇ ਵਲ ਤਕ ਅਪੜਨਾ ਚਾਹੁੰਦਾ ਹੈ। ਬੂਟੇ ਵਿਚ ਗਤੀ ਤਾਂ ਵਿਕਾਸ ਦੀ ਹੈ ਪਰ ਗਤੀ ਵਿੱਚ ਲੋਭ ਨਹੀਂ। ਮਨੁੱਖ ਲੋਭ ਨੂੰ ਮੁੱਖ ਰੱਖ ਕੇ ਗਤੀ-ਸ਼ੀਲ ਹੁੰਦਾ ਹੈ ਤਾਂ ਫਿਰ ਇਸ ਲੋਭ ਸ਼ੀਲ ਗਤੀ ਵਿੱਚ ਮਨੁੱਖ ਦੇ ਆਤਮਿਕ ਜੀਵਨ ਨੂੰ ਬਹੁਤ ਹਾਨੀ ਪੁੱਜਦੀ ਹੈ। ਮਨੁੱਖ ਦਾ ਮਾਨਸਿਕ ਸੰਤੁਲਨ ਇਸ ਤ੍ਰਿਸ਼ਨਾਲੂ ਬਿਰਤੀ ਨੇ ਵਿਗਾੜ ਕੇ ਰੱਖ ਦਿੱਤਾ ਹੈ।

ਐਸਾ ਦੇਖਣ ਵਿਚ ਆਉਂਦਾ ਹੈ ਕਿ ਮਨੁੱਖ ਦਾ ਜੀਵਨ ਥੋੜ੍ਹਾ ਹੈ ਪਰ ਲੋਭ ਬਹੁਤਾ ਹੈ, ਇਸ ਵਾਸਤੇ ਇਸ ਛੋਟੇ ਜਿਹੇ ਜੀਵਨ ਉਤੇ ‘ਲੋੜਾਂ’ ਦਾ ਬੋਝ ਬਹੁਤਾ ਹੈ। ਲੋੜਾਂ ਦੀ ਪੂਰਤੀ ਤਾਂ ਕਿਸੇ ਹੱਦ ਤਕ ਹੋ ਸਕਦੀ ਹੈ, ਪਰ ਲੋਭ ਦੀ ਪੂਰਤੀ ਅੱਜ ਤਕ ਨਹੀਂ ਹੋ ਸਕੀ। ਜਦ ਤ੍ਰਿਸ਼ਨਾ ਵਧਦੀ ਹੈ ਤਾਂ ਕਈ ਵਾਧੂ ਲੋੜਾਂ ਨੂੰ ਆਪੇ ਹੀ ਜਨਮ ਮਿਲ ਜਾਂਦਾ ਹੈ ਤਾਂ ਕਿ ਲੋਭ ਨੂੰ ਟਿਕਣ ਵਾਸਤੇ ਸਹੂਲਤ ਮਿਲ ਸਕੇ, ਅਤੇ ਇਸ ਤਰ੍ਹਾਂ ਸਾਰੀ ਜ਼ਿੰਦਗੀ ਮਨੁੱਖ ਲੋੜਾਂ ਨੂੰ ਵਧਾਉਣ ਤੇ ਉਹਨਾਂ ਨੂੰ ਪੂਰਿਆਂ ਕਰਨ ਦੇ ਆਹਰੇ ਲਗਿਆ ਰਹਿੰਦਾ ਹੈ।

ਮਨੁੱਖ ਬਹਾਨਾ ਤਾਂ ਇਹ ਕਰਦਾ ਹੈ ਕਿ ਮੈਂ ਸਭ ਕੁਛ ਇਸ ਵਾਸਤੇ ਕਰ ਰਿਹਾ ਹਾਂ ਤਾਂ ਕਿ ਆਰਾਮ ਨਾਲ ਰਹਿ ਸਕਾਂ, ਪਰ ਵੇਖਣ ਵਿਚ ਆਇਆ ਹੈ ਕਿ ਸਭ ਕੁਛ ਮਨੁੱਖ ਕੋਲ ਹੈ, ਪਰ ਆਰਾਮ ਨਹੀਂ। ਤ੍ਰਿਸ਼ਨਾਲੂ ਮਨੁੱਖ ਕਦੇ ਰੱਜ ਨਹੀਂ ਸਕਦਾ। ਦੁਨੀਆਂ ਵਿਚਲੇ ਪਦਾਰਥ ਅਕਾਲ ਪੁਰਖ ਨੇ ਜੀਵ ਦੇ ਵਰਤਣ ਵਾਸਤੇ ਹੀ ਬਣਾਏ ਹਨ ਪਰ ਇਹ ਪਦਾਰਥ ਸਾਡੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਸਾਨੂੰ ਮਿਲੇ ਹਨ ਤਾਂ ਕਿ ਅਸੀਂ ਆਪਣੇ ਜੀਵਨ ਦਾ ਨਿਰਬਾਹ ਠੀਕ ਢੰਗ ਨਾਲ ਕਰ ਸਕੀਏ। ਪਰ ਜਦੋਂ ਜੀਵ ਇਹਨਾਂ ਪਦਾਰਥਾਂ ਨੂੰ ਆਪਣੀਆਂ ਲੋੜਾਂ ਪਰੀਆਂ ਕਰਨ ਤੋਂ ਮਗਰੋਂ ਇਕੱਤਰ ਕਰਨ ਦੀ ਰੁਚੀ ਬਣਾ ਲੈਂਦਾ ਹੈ ਤਾਂ ਇਹ ਪਦਾਰਥ ਮਨੁੱਖ ਦੇ ਮਨ ਵਿਚ ਆਪਣਾ ਘਰ ਬਣਾ ਕੇ ਕ੍ਰਿਸ਼ਨਾ ਨੂੰ ਜਨਮ ਦੇਂਦੇ ਹਨ। ਐਸਾ ਮਨੁੱਖ ਤ੍ਰਿਸ਼ਨਾ ਦੀ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਹਰ ਸਮੇਂ ਇਹੀ ਸੋਚਦਾ ਰਹਿੰਦਾ ਹੈ ਕਿ ਮੇਰੇ ਕੋਲ ਇਹ ਵੀ ਨਹੀਂ, ਮੇਰੇ ਕੋਲ ਉਹ ਵੀ ਨਹੀਂ। ਮਨੁੱਖ ਦੀ ਅਜਿਹੀ ਸੋਚਣੀ ਲੋਭ ਦੇ ਅਧੀਨ ਹੋਈ ਸਮਝੀ ਜਾਂਦੀ ਹੈ।

ਮਨੁੱਖ ਦੇ ਜੀਵਨ ਨਿਰਬਾਹ ਵਾਸਤੇ ‘ਧਨ’ ਜ਼ਰੂਰੀ ਹੈ ਤਾਂ ਕਿ ਮਨੁੱਖ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰ ਸਕੇ। ਪਰ ਅਸੀਂ ਕੀ ਦੇਖਦੇ ਹਾਂ ਕਿ ਮਨੁੱਖ ਜਾਇਜ਼ ਤੇ ਨਜਾਇਜ਼ ਢੰਗ ਵਰਤ ਕੇ ਲੱਖਾਂ ਕਰੋੜਾਂ ਰੁਪਏ ਕਮਾਉਂਦਾ ਹੈ। ਲੋੜਾਂ ਪੂਰੀਆਂ ਕਰਨ ਲਈ ਨਹੀਂ, ਸਗੋਂ ਬੈਂਕ ਤੇ ਤਿਜੋਰੀਆਂ ਭਰਨ ਲਈ; ਖਜ਼ਾਨਿਆਂ ਵਿਚ ਇਕੱਤਰ ਕਰਨ ਲਈ। ਪਰ ਐਨਾ ਧਨ ਕਮਾਉਣ ਦੇ ਬਾਵਜੂਦ ਵੀ ਉਸਦਾ ਮਨ ਮਾਇਆ ਵੱਲੋਂ ਤ੍ਰਿਪਤ ਨਹੀਂ ਹੁੰਦਾ, ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ

*ਸਹਸ ਖਟੇ, ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ, ਮਾਇਆ ਪਾਛੈ ਪਾਵੈ॥*
(ਸੁਖਮਨੀ ਸਾਹਿਬ, ਪੰਨਾ ੨੭੮-੭੯)

ਰੋਟੀ, ਕੱਪੜਾ ਤੇ ਮਕਾਨ ਮਨੁੱਖ ਦੇ ਜੀਵਨ ਦੀਆਂ ਮੁੱਢਲੀਆਂ ਲੋੜਾਂ ਹਨ। ਜੀਵਨ ਨਿਰਬਾਹ ਲਈ ਲੋੜ ਅਨੁਸਾਰ ਚੰਗੀ ਤੇ ਸੁਚੱਜੀ ਖ਼ੁਰਾਕ ਖਾਣੀ ਮਨੁੱਖ ਦੀ ਜ਼ਰੂਰੀ ਲੋੜ ਹੈ ਤੇ ਮਨੁੱਖ ਨੂੰ ਜਾਇਜ਼ ਵਸੀਲੇ ਵਰਤ ਕੇ ਉਦਮ ਅਤੇ ਮਿਹਨਤ ਦੁਆਰਾ ਅਜਿਹੀ ਖੁਰਾਕ ਪ੍ਰਾਪਤ ਕਰਨੀ ਚਾਹੀਦੀ ਹੈ। ਪ੍ਰੰਤੂ ਲੋੜ ਤੋਂ ਅਗਾਂਹ ਟੱਪ ਕੇ ਛੱਤੀ ਪ੍ਰਕਾਰ ਦੇ ਸੁਆਦਲੇ ਖਾਣੇ ਖਾਣ ਵਾਲੀ ਬਿਰਤੀ ਬਣਾ ਲੈਣਾ, ਹਰ ਸਮੇਂ ਚਸਕਿਆਂ ਵਿਚ ਫਸੇ ਰਹਿ ਕੇ, ਖਾਣ ਪੀਣ ਦਾ ਇਤਨਾ ਸਾਮਾਨ ਇਕੱਤਰ ਕਰ ਲੈਣਾ ਕਿ ਮਨੁੱਖ ਦੇ ਪੇਟ ਨੂੰ ਅਫਰੇਵਾਂ ਹੀ ਹੋ ਜਾਵੇ ਤਾਂ ਐਸੀ ਬਿਰਤੀ, ਲੋਭੀ ਬਿਰਤੀ ਨੂੰ ਹੀ ਪ੍ਰਗਟ ਕਰਦੀ ਹੈ। ਕਿਉਂਕਿ ਮਨੁੱਖ ਦਾ ਜੀਵਨ ਮਨੋਰਥ ਕੇਵਲ ਖਾਣ ਪੀਣ ਨਹੀਂ ਹੈ।

ਇਸੇ ਤਰ੍ਹਾਂ ਆਪਣੇ ਸਰੀਰ ਨੂੰ ਗਰਮੀ ਸਰਦੀ ਤੋਂ ਬਚਾਉਣ ਲਈ ਤੇ ਨੰਗੇਜ਼ ਢੱਕਣ ਲਈ ਮਨੁੱਖ ਨੂੰ ਕੱਪੜੇ ਪਹਿਨਣ ਦੀ ਲੋੜ ਪੈਂਦੀ ਹੈ ਜੋ ਮਨੁੱਖ ਦੀ ਜਾਇਜ਼ ਲੋੜ ਹੈ। ਜੇਕਰ ਕੋਈ ਮਨੁੱਖ ਕਪੜਿਆਂ ਨਾਲ ਇਤਨੇ ਟਰੰਕ ਭਰ ਲਵੋ ਕਿ ਉਸਨੂੰ ਕਪੜਾ ਪਹਿਨਣ ਦੀ ਵਾਰੀ ਹੀ ਨਾ ਆਵੇ, ਜਾਂ ਮਨੁੱਖ ਨੂੰ ਕੱਪੜੇ ਪਹਿਨਣ ਸਮੇਂ ਹਰ ਰੋਜ਼ ਇਹੀ ਸੋਚਣਾ ਪਵੇ ਕਿ ਕੀ ਪਾਵਾਂ ਤੇ ਕੀ ਨਾ ਪਾਵਾਂ, ਤਾਂ ਅਜਿਹੀ ਇਕੱਤਰ ਕਰਕੇ ਟਰੰਕ ਭਰਨ ਵਾਲੀ ਬ੍ਰਿਤੀ ਮਨੁੱਖ ਦੀ ਤ੍ਰਿਸ਼ਨਾਲੂ ਬਿਰਤੀ ਨੂੰ ਪ੍ਰਗਟ ਕਰਦੀ ਹੈ।

ਮਨੁੱਖ ਨੂੰ ਰਹਿਣ ਵਾਸਤੇ ਚੰਗਾ ਮਕਾਨ ਚਾਹੀਦਾ ਹੈ, ਜਿਸ ਵਿਚ ਮਨੁੱਖ ਆਪਣੇ ਪਰਵਾਰ ਦਾ ਗਰਮੀ ਸਰਦੀ ਵਿਚ ਸਿਰ ਲੁਕਾ ਸਕੇ। ਇਹ ਵੀ ਮਨੁੱਖ ਦੇ ਜੀਵਨ ਦੀ ਮੁੱਢਲੀ ਲੋੜ ਹੈ। ਪਰ ਜੇ ਮਨੁੱਖ ਜੀਵਨ ਦੀ ਸਾਰੀ ਦੌੜ ਕੋਠੀਆਂ ਬਣਾਉਣ ਉੱਤੇ ਹੀ ਲਗਾ ਦੇਵੇ ਤੇ ਇਤਨੀਆਂ ਕੋਠੀਆਂ ਬਣਾ ਲਵੇ ਕਿ ਕੋਠੀਆਂ ਦੀ ਬਹੁਤਾਤ ਕਾਰਨ ਉਹਨਾਂ ਵਿਚ ਵਸਣਾ ਵੀ ਉਸ ਨੂੰ ਨਸੀਬ ਨਾ ਹੋਵੇ, ਤਾਂ ਐਸਾ ਕਰਨਾ ਮਨੁੱਖ ਦੀ ਤ੍ਰਿਸ਼ਨਾ ਵਾਲੀ ਬਿਰਤੀ ਨੂੰ ਹੀ ਪ੍ਰਗਟ ਕਰਦਾ ਹੈ। ਜਦ ਮਨੁੱਖ ਦੇ ਮਨ ਵਿਚ ਰੋਟੀ, ਕੱਪੜਾ, ਮਕਾਨ ਵਾਸਤੇ ਤ੍ਰਿਸ਼ਨਾ ਵਾਲੀ ਬਿਰਤੀ ਬਣੇਗੀ ਤਾਂ ਮਨੁੱਖ ਹਰ ਜਾਇਜ਼ ਨਜਾਇਜ਼ ਤਰੀਕਾ ਵਰਤੇਗਾ ਕਿ ਇਸ ਤ੍ਰਿਸ਼ਨਾ ਦੀ ਪੂਰਤੀ ਲਈ ਉਹ ਧਨ ਕਮਾ ਸਕੇ। ਧਰਮ ਦੀ ਕਿਰਤ ਕਰਕੇ ਦਸਾਂ ਨਹੁੰਆਂ ਦੀ ਕਮਾਈ ਨਾਲ ਮਨੁੱਖ ਲੋੜਾਂ ਤਾਂ ਪੂਰੀਆਂ ਕਰ ਸਕਦਾ ਹੈ ਪਰ ਧਨ ਦੇ ਅੰਬਾਰ ਨਹੀਂ ਲਗਾ ਸਕਦਾ। ਐਸਾ ਕਰਨ ਲਈ ਉਸ ਨੂੰ ਕਈ ਪਾਪ ਕਰਨੇ ਪੈਣਗੇ ਕਿਉਂਕਿ ਗੁਰੂ ਸਾਹਿਬ ਦਾ ਫੁਰਮਾਨ ਹੈ

*ਪਾਪਾ ਬਾਝਹੁ ਹੋਵੈ ਨਾਹੀਂ, ਮੁਇਆ ਸਾਥਿ ਨ ਜਾਈ॥*
(ਆਸਾ ਮਹਲਾ ੧, ਪੰਨਾ ੪੧੭)

ਤ੍ਰਿਸ਼ਨਾ ਵਾਲੀ ਬਿਰਤੀ ਦੇ ਅਧੀਨ ਸਾਰੇ ਵਿਕਾਰ ਮਨੁੱਖ ਨੂੰ ਘੇਰ ਲੈਂਦੇ ਹਨ :

*ਤ੍ਰਿਸ਼ਨਾ ਅਗਨਿ ਜਲੈ ਸੰਸਾਰਾ॥ ਜਲਿ ਜਲਿ ਖਪੈ ਬਹੁਤੁ ਵਿਕਾਰਾ॥*
(ਮਾਰੂ, ਮਹਲਾ ੩, ਪੰਨਾ ੧੦੪੪)

ਇਸ ਤਰ੍ਹਾਂ ਵਿਕਾਰਾਂ ਦੇ ਵੱਸ ਪਿਆ ਹੋਇਆ ਇਹ ਜੀਵ ਆਵਾਗਵਨ ਦੇ ਚੱਕਰ ਵਿਚੋਂ ਨਿਕਲ ਨਹੀਂ ਸਕਦਾ। ਕਿਉਂਕਿ ਤ੍ਰਿਸ਼ਨਾ ਦੇ ਅਧੀਨ ਹੋਇਆ ਮਨੁੱਖ ਕਰਨਹਾਰ ਕਰਤਾਰ ਨੂੰ ਬਿਲਕੁਲ ਭੁੱਲ ਕੇ ਉਸ ਦੇ ਕੀਤੇ ਪਦਾਰਥਾਂ ਵਿੱਚ ਆਪਣਾ ਚਿੱਤ ਜੋੜ ਲੈਂਦਾ ਹੈ। ਗੁਰੂ ਅਰਜਨ ਸਾਹਿਬ ਐਸੇ ਤ੍ਰਿਸ਼ਨਾਲੂ ਮਨੁੱਖ ਦਾ ਵਰਨਣ ਇਸ ਤਰ੍ਹਾਂ ਕਰਦੇ ਹਨ :

*ਤ੍ਰਿਸਨਾ ਪੰਖੀ ਫਾਸਿਆ, ਨਿਕਸੁ ਨ ਪਾਏ ਮਾਇ॥ ਜਿਨਿ ਕੀਤਾ, ਤਿਸਹਿ ਨ ਜਾਣਈ, ਫਿਰਿ ਫਿਰਿ ਆਵੈ ਜਾਇ॥*
(ਸਿਰੀ ਰਾਗੁ, ਮਹਲਾ ੫, ਪੰਨਾ ੫੦)

ਬਾਂਦਰ ਨੂੰ ਫੜਣ ਵਾਲੇ ਮਨੁੱਖ ਇਕ ਤੰਗ ਮੂੰਹ ਵਾਲੀ ਕੁੱਜੀ ਵਿਚ ਛੋਲੇ ਪਾ ਕੇ ਜ਼ਮੀਨ ਵਿੱਚ ਦੱਬ ਦਿੰਦੇ ਹਨ। ਬਾਂਦਰ ਲੋਭ ਵਸ ਹੋਇਆ, ਕੁੱਜੀ ਵਿਚ ਹੱਥ ਪਾਉਂਦਾ ਹੈ, ਮੁੱਠ ਛੋਲਿਆਂ ਨਾਲ ਭਰੀ ਹੋਣ ਕਾਰਨ ਬਾਹਰ ਨਿਕਲਦੀ ਨਹੀਂ ਤੇ ਬਾਂਦਰ ਛੋਲੇ ਛੱਡਣ ਲਈ ਤਿਆਰ ਨਹੀਂ ਹੁੰਦਾ, ਇਸ ਤਰ੍ਹਾਂ ਕਾਬੂ ਆ ਜਾਂਦਾ ਹੈ ਤੇ ਘਰ ਘਰ ਨਚਾਇਆ ਜਾਂਦਾ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ

*ਮਰਕਟ ਮੁਸਟੀ ਅਨਾਜ ਕੀ, ਮਨ ਬਉਰਾ ਰੇ, ਲੀਨੀ ਹਾਥੁ ਪਸਾਰਿ॥ ਛੂਟਨ ਕੇ ਸਰਸਾ ਪਰਿਆ, ਮਨ ਬਉਰਾ ਰੇ, ਨਾਚਿਓ ਘਰ ਘਰ ਬਾਰਿ॥੨॥*
(ਗਉੜੀ, ਕਬੀਰ ਜੀ, ਪੰਨਾ ੩੩੬)

ਕਈ ਵਾਰ ਮਨੁੱਖ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਰੱਜ ਕੇ ਮਾਇਆ ਇਕੱਠੀ ਕਰ ਲਵਾਂ, ਚਸਕਿਆਂ ਦੇ ਭੋਗ ਭੋਗ ਲਵਾਂ, ਐਸੀ ਪੂਰਤੀ ਕਰਕੇ ਆਪੇ ਤ੍ਰਿਪਤੀ ਹੋ ਜਾਵੇਗੀ ਤੇ ਇਹ ਤ੍ਰਿਸ਼ਨਾ ਦੀ ਅੱਗ ‘ਪੂਰਤੀ’ ਹੋਣ ਕਰਕੇ ਖਤਮ ਹੋ ਜਾਵੇਗੀ, ਪਰ ਇਹ ਤ੍ਰਿਸ਼ਨਾ ਦੀ ਅੱਗ ਐਸੀ ਹੈ ਜਿਵੇਂ ਬਲਦੀ ਅੱਗ ਵਿੱਚ ਲੱਕੜਾਂ ਦੇ ਢੇਰਾਂ ਦੇ ਢੇਰ ਪਾਈ ਜਾਉ, ਲਕੜੀਆਂ ਬਲਦੀਆਂ ਹੀ ਜਾਣਗੀਆਂ। ਅੱਗ ਨੇ ਲੱਕੜਾਂ ਸਾੜਨ ਤੋਂ ਕਦੇ ਨਾਂਹ ਨਹੀਂ ਕਰਨੀ। ਮਨੁੱਖ ਭਾਵੇਂ ਰਾਜਾ ਮਹਾਰਾਜਾ ਕਿਉਂ ਨਾ ਬਣ ਜਾਵੇ, ਉਸ ਦੇ ਖਜਾਨਿਆਂ ਵਿਚ ਧਨ ਦੇ ਅੰਬਾਰ ਕਿਉਂ ਨਾ ਲੱਗ ਜਾਣ, ਮਾਇਆ ਵੱਲ’ ‘ਰੱਜ’ ਹੋਣਾ ਬੜਾ ਔਖਾ ਹੈ। ਜਿਸ ਮਨੁੱਖ ਨੂੰ ਚੰਗੇ ਪਦਾਰਥ ਖਾਣ ਦਾ ਚਸਕਾ ਪੈ ਜਾਏ ਉਸ ਮਨੁੱਖ ਦੀ ਤ੍ਰਿਸ਼ਨਾ ਛੱਤੀ ਪ੍ਰਕਾਰ ਦੇ ਭੋਜਨ ਖਾਣ ਨਾਲ ਵੀ ਖ਼ਤਮ ਨਹੀਂ ਹੋ ਸਕਦੀ। ਜੋ ਮਨੁੱਖ ਕਾਮ ਵਾਸ਼ਨਾ ਦਾ ਸ਼ਿਕਾਰ ਹੋ ਜਾਏ ਅਤੇ ਨਿਤ ਪਰਾਏ ਘਰ ਤੱਕਦਾ ਫਿਰੇ ਉਸ ਮਨੁੱਖ ਦੀ ਇਹ ਵਾਸ਼ਨਾ ਮੁੱਕ ਨਹੀਂ ਸਕਦੀ। ਮਾਇਆ ਦੇ ਜਾਲ ਵਿਚ ਫਸਿਆ ਜੀਵ ਤ੍ਰਿਸ਼ਨਾ ਦੀ ਅੱਗ ਤੋਂ ਬਚ ਨਹੀਂ ਸਕਦਾ। ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ

*ਵਡੇ ਵਡੇ ਰਾਜਨ ਅਰੁ ਭੂਮਨ, ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੈ ਮਾਇਆ ਰੰਗ ਮਾਤੇ, ਲੋਚਨ ਕਛੂ ਨ ਸੂਝੀ॥੧॥ ਬਿਖਿਆ ਮਹਿ, ਕਿਨ ਹੀ ਤ੍ਰਿਪਤਿ ਨ ਪਾਈ॥ ਜਿਉ ਪਾਵਕੁ, ਈਧਨਿ ਨਹੀ ਧ੍ਰਾਪੈ, ਬਿਨੁ ਹਰਿ ਕਹਾ ਅਘਾਈ॥੧॥ਰਹਾਉ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ, ਤਾ ਕੀ ਮਿਟੈ ਨ ਭੂਖਾ॥ ਉਦਮੁ ਕਰੈ ਸੁਆਨ ਕੀ ਨਿਆਈ, ਚਾਰੇ ਕੁੰਟਾ ਘੋਖਾ॥੨॥ ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਿਹ ਜੋਹ ਨ ਚੂਕੈ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ॥੩॥*
(ਧਨਾਸਰੀ, ਮਹਲਾ ੫, ਪੰਨਾ ੬੭੨)

ਜਿਵੇਂ ਜਿਵੇਂ ਮਨੁੱਖ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੈ ਤਿਵੇਂ ਤਿਵੇਂ ਉਸ ਦੇ ਮਨ ਵਿੱਚ ਵਿਸ਼ੇ ਵਿਕਾਰਾਂ ਦੀ ਅੱਗ ਹੋਰ ਭੜਕਦੀ ਹੈ। ਮਨੁੱਖ ਦੇ ਗਿਆਨ ਤੇ ਕਾਮ ਇੰਦਰੇ ਇਨ੍ਹਾਂ ਵਿਸ਼ੇ ਵਿਕਾਰਾਂ ਨੂੰ ਭੋਗਣ ਵਾਸਤੇ ਆਪੋ ਆਪਣੇ ਚਸਕਿਆਂ ਵਿਚ ਖਚਤ ਰਹਿੰਦੇ ਹਨ। ਮਨੁੱਖ ਦਾ ਮੂੰਹ ਗੱਲਾਂ ਕਰਨ ਦੇ ਚਸਕ ਤੋਂ ਰੱਜਦਾ ਨਹੀਂ ਮਨੁੱਖ ਦੇ ਕੰਨ ਪਰਾਈ ਨਿੰਦਿਆ ਸੁਣਨ ਤੋਂ ਨਹੀਂ ਰੱਜਦੇ। ਮਨੁੱਖ ਦੀਆਂ ਅੱਖਾਂ ਦਾ ਚਸਕਾ ਅਨੇਕਾਂ ਰੂਪ ਰੰਗ ਵੇਖ ਵੇਖ ਕੇ ਵੀ ਰੱਜਦਾ ਨਹੀਂ। ਤ੍ਰਿਸ਼ਨਾ ਦੇ ਮਾਰੇ ਹੋਏ ਮਨੁੱਖ ਦੇ ਇਹ ਇੰਦਰੇ ਤਾਂ ਹੀ ਰੱਜਦੇ ਹਨ ਜੇ ਮਨੁੱਖ ਗੁਣਾਂ ਦੇ ਮਾਲਕ, ਅਕਾਲ ਪੁਰਖ ਦੀ ਸਿਫਤ ਸਲਾਹ (ਗੁਣ) ਗਾਇਨ ਕਰਕੇ ਉਸ ਵਿਚ ਲੀਨ ਹੋ ਜਾਵੇ। ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ :

*ਆਖਣੁ ਆਖਿ ਨ ਰਜਿਆ, ਸੁਨਣਿ ਨ ਰਜੇ ਕੰਨ॥ ਅਖੀ ਦੇਖਿ ਨ ਰਜੀਆ, ਗੁਣ ਗਾਹਕ ਇਕ ਵੰਨ॥ ਭੁਖਿਆ ਭੁਖ ਨ ਉਤਰੈ, ਗਲੀ ਭੁਖ ਨ ਜਾਇ। ਨਾਨਕ, ਭੁਖਾ ਤਾ ਰਜੇ, ਜਾ ਗੁਣ ਕਹਿ, ਗੁਣੀ ਸਮਾਇ॥੨॥*
(ਵਾਰ ਮਾਝ, ਪੰਨਾ ੧੪੭)

ਰਾਜਾ ਭਰਥਰੀ ਘਰ ਬਾਰ ਤਿਆਗ ਰਾਜ ਭਾਗ ਛੱਡ ਜਾ ਰਿਹਾ ਸੀ ਕਿ ਰਸਤੇ ਵਿਚ ਪਾਨ ਦੀ ਥੁੱਕ ਨੂੰ ‘ਲਾਲ’ ਸਮਝ ਬੈਠਾ।‘ਲਾਲ’ ਦੇ ਲਾਲਚ ਵਿਚ ਝੁਕ ਕੇ ਹੱਥ ਲਾ ਲਿਆ ਤੇ ਹੱਥ ਥੁੱਕ ਨਾਲ ਲਿਬੜ ਗਿਆ। ਰਾਜ ਭਾਗ ਛੱਡ ਕੇ ਜਾ ਰਹੇ ਰਾਜੇ ਨੂੰ ਇਹ ਖੁਆਰੀ ਲੋਭ ਕਾਰਨ ਹੀ ਹੋਈ ਸੀ।
ਭਗਤ ਕਬੀਰ ਜੀ ਨੇ ਆਪਣੇ ਇਕ ਸ਼ਬਦ-“ਸੁਰਹ ਕੀ ਜੈਸੀ ਤੇਰੀ ਚਾਲ।” ਵਿਚ ਲੋਭ ਦੇ ਅਧੀਨ ਹੋਏ ਮਨੁੱਖ ਦੀ, ‘ਕੁੱਤੇ’ ਦੇ ਨਾਲ ਤੁਲਨਾ ਕੀਤੀ ਹੈ ਕਿ ਕੁੱਤਾ ਰੋਟੀ ਦੇ ਟੁਕੜੇ ਦੀ ਖਾਤਰ ਘਰ ਘਰ ਜਾਂਦਾ ਹੈ। ਕਦੇ ਕਿਸੇ ਘਰ ਦਾ ਬੂਹਾ ਖੁੱਲਾ ਪਿਆ ਹੋਵੇ, ਮਾਲਕ ਘਰ ਨਾ ਹੋਵੋ, ਕੁੱਤਾ ਅੰਦਰ ਲੰਘ ਕੇ ਚੱਕੀ ਨੂੰ ਹੀ ਚੱਟਣ ਲੱਗ ਪੈਂਦਾ ਹੈ। ਆਟਾ ਚੱਟ ਕੇ ਭੀ ਕੁੱਤੇ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਜਾਂਦਾ ਹੋਇਆ ਕੁੱਤਾ, ਚੱਕੀ ਦਾ ਪਰੋਲਾ ਭੀ ਮੂੰਹ ਵਿੱਚ ਫੜ ਕੇ ਲੈ ਦੌੜਦਾ ਹੈ। ਠੀਕ ਇਹੀ ਹਾਲ ਤ੍ਰਿਸ਼ਨਾ ਮਾਰੇ ਮਨੁੱਖ ਦਾ ਹੁੰਦਾ ਹੈ। ਐਸਾ ਮਨੁੱਖ ਵੇਖਣ ਨੂੰ ਭਾਵੇਂ ਬੜਾ ਸਾਊ ਜਾਪੇ ਪਰ ਮਨ ਦੀ ਦਸ਼ਾ ਕੁੱਤੇ ਵਰਗੀ ਹੀ ਹੁੰਦੀ ਹੈ। ਮਨੁੱਖ ਦੀ ਤ੍ਰਿਸ਼ਨਾਲੂ ਬਿਰਤੀ ਕੇਵਲ ‘ਸੰਤੋਖ’ ਨਾਲ ਹੀ ਰੱਜ ਸਕਦੀ ਹੈ :

*ਬਿਨਾ ਸੰਤੋਖ ਨਹੀਂ ਕੋਊ ਰਾਜੈ॥*
(ਸੁਖਮਨੀ ਸਾਹਿਬ, ਪੰਨਾ ੨੭੯)

ਲੋਭੀ ਮਨੁੱਖ ਫੁੱਲਾਂ ਦੀ ਸੇਜ ਤੇ ਵੀ ਤੜਫਦਾ ਰਹਿੰਦਾ ਹੈ, ਪਰ ਸੰਤੋਖੀ ਮਨੁੱਖ ਕੰਡਿਆਂ ਦੀ ਸੇਜ ਤੇ ਵੀ ਮੁਸਕਰਾਉਂਦਾ ਹੈ। ਤ੍ਰਿਸ਼ਨਾ ਦੇ ਖ਼ਤਮ ਕਰਨ ਦਾ ਇਕੋ ਵਸੀਲਾ ਹੈ ਕਿ ਮਨੁੱਖ ਨਾਮ ਨਾਲ ਪ੍ਰੀਤ ਪਾਵੇ। ਗੁਰੂ ਸਾਹਿਬ ਫੁਰਮਾਉਂਦੇ ਹਨ :

*ਤ੍ਰਿਸਨਾ ਬੁਝੈ, ਹਰਿ ਕੈ ਨਾਮਿ।। ਮਹਾ ਸੰਤੋਖੁ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨੁ॥੧॥*
(ਧਨਾਸਰੀ, ਮਹਲਾ ੫, ਪੰਨਾ ੬੮੨)

*ਅਗਿਆਨੁ ਤ੍ਰਿਸਨਾ, ਇਸੁ ਤਨਹਿ ਜਲਾਏ॥ ਤਿਸ ਦੀ ਬੂਝੇ, ਜਿ ਗੁਰ ਸਬਦੁ ਕਮਾਏ॥*
(ਮਾਰੂ, ਮਹਲਾ ੩, ਪੰਨਾ ੧੦੬੭-੬੮)

*ਤਨ ਮਹਿ ਤ੍ਰਿਸਨਾ ਅਗਿ, ਸਬਦਿ ਬੁਝਾਈਐ।*
(ਵਾਰ ਮਾਝ, ਮਹਲਾ ੧, ਪੰਨਾ ੧੪੭)

ਸਿੱਖੀ ਵਿਚ ਲੋਭ ਤੋਂ ਰੋਕਿਆ ਹੈ ਪਰ ਧਰਮ ਦੀ ਕਿਰਤ ਕਰਨੀ, ਸੰਤੋਖ ਕਰਕੇ ਵੰਡ ਕੇ ਛਕਣਾ ਦੱਸਿਆ ਹੈ। ਜੋ ਪੁਰਸ਼ ਕਿਰਪਣ ਬਣ ਕੇ ਧਨ ਨੂੰ ਜੋੜਦੇ ਹਨ, ਉਹ ਧਨ ਨੂੰ ਨਸ਼ਟ ਕਰਦੇ ਹਨ। ਸਿੱਖੀ ਵਿਚ ਲੋਭ ਦਾ ਤਿਆਗ ਦੱਸਿਆ ਹੈ। ਕਿਰਤ ਕਰਕੇ ਨਿਰਬਾਹ ਕਰਨਾ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨਾ ਮੁੱਖ ਮੰਨਿਆ ਹੈ। ਗੁਰਵਾਕ ਹੈ :

*ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ, ਰਾਹੁ ਪਛਾਣਹਿ ਸੇਇ॥੧॥*
(ਸਲੋਕ, ਮ: ੧, ਪੰਨਾ ੧੨੪੫)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

Verified by MonsterInsights